ਜਗਰਾਉਂ ਦੀ ਮੰਡੀ ਵਿੱਚ ਲੱਗੇ ਝੋਨੇ ਦੇ ਅੰਬਾਰ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 17 ਅਕਤੂਬਰ
ਝੋਨੇ ਦੀ ਖਰੀਦ ਨਾ ਹੋਣ ਅਤੇ ਚੁਕਾਈ ਦੀ ਸਮੱਸਿਆ ਉਸ ਤੋਂ ਵੀ ਵੱਡੀ ਤੇ ਗੰਭੀਰ ਹੋਣ ਦਾ ਅੰਦਾਜ਼ਾ ਇਕੱਲੀ ਜਗਰਾਉਂ ਮੰਡੀ ਨੂੰ ਦੇਖ ਕੇ ਲੱਗ ਜਾਂਦਾ ਹੈ। ਏਸ਼ੀਆ ਦੀ ਇਸ ਦੂਜੀ ਵੱਡੀ ਮੰਡੀ ’ਚ ਇਸ ਸਮੇਂ ਪੌਣੇ ਦੋ ਲੱਖ ਬੋਰੀ ਖੁੱਲ੍ਹੇ ਅਸਮਾਨ ਹੇਠ ਪਈ ਹੈ। ਇੱਕ ਪਾਸੇ ਝੋਨੇ ਦੀ ਕਟਾਈ ਦਾ ਕੰਮ ਪੂਰੀ ਤੇਜ਼ੀ ’ਤੇ ਹੈ ਅਤੇ ਦੂਜੇ ਪਾਸੇ ਮੰਡੀਆਂ ਵਿੱਚ ਝੋਨਾ ਸੁੱਟਣ ਲਈ ਥਾਂ ਨਹੀਂ ਬਚੀ ਹੈ। ਇਸੇ ਲਈ ਆੜ੍ਹਤੀਆਂ ਨੇ ਅੱਜ ਖਰੀਦ ਬੰਦ ਕਰ ਦਿੱਤੀ। ਇਸ ਸਬੰਧੀ ਆੜ੍ਹਤੀਆਂ ਦਾ ਕਹਿਣਾ ਹੈ ਕਿ ਜਦੋਂ ਮੰਡੀਆਂ ਵਿੱਚ ਝੋਨਾ ਰੱਖਣ ਲਈ ਥਾਂ ਹੀ ਨਹੀਂ ਬਚੀ ਤਾਂ ਉਹ ਖਰੀਦ ਕਿਵੇਂ ਕਰ ਸਕਦੇ ਹਨ। ਇਸ ਸਾਰੇ ਚੱਕਰ ਵਿੱਚ ਕਿਸਾਨ ਸਭ ਤੋਂ ਵਧੇਰੇ ਪ੍ਰਭਾਵਿਤ ਹੋ ਰਿਹਾ ਹੈ। ਨਾ ਤਾਂ ਝੋਨਾ ਖੇਤਾਂ ਵਿੱਚ ਛੱਡਿਆ ਜਾ ਸਕਦਾ ਹੈ ਅਤੇ ਨਾ ਹੀ ਕਟਾਈ ਕਰਵਾ ਕੇ ਕਣਕ ਵਾਂਗ ਇਹ ਫ਼ਸਲ ਕਿਧਰੇ ਹੋ ਸਾਂਭੀ ਜਾ ਸਕਦੀ ਹੈ। ਜਗਰਾਉਂ ਮੰਡੀ ਦਾ ਦੌਰਾ ਕਰਨ ’ਤੇ ਮੰਡੀਆਂ ਵਿੱਚ ਚੁਫੇਰੇ ਝੋਨਾ ਹੀ ਝੋਨਾ ਦਿਖਾਈ ਦੇ ਰਿਹਾ ਸੀ। ਇਸ ਤਰ੍ਹਾਂ ਵੱਡੀ ਮੰਡੀ ਹੋਣ ਦੇ ਬਾਵਜੂਦ ਮੰਡੀ ਵਿੱਚ ਝੋਨਾ ਸੁੱਟਣ ਲਈ ਥਾਂ ਨਹੀਂ ਸੀ ਬਚੀ। ਪੱਤਰਕਾਰਾਂ ਦੀ ਟੀਮ ਜਦੋਂ ਮੰਡੀ ਪਹੁੰਚੀ ਤਾਂ ਉਸੇ ਵਕਤ ਆੜ੍ਹਤੀ ਵੀ ਇਕੱਠੇ ਹੋ ਕੇ ਮੀਟਿੰਗ ਕਰ ਰਹੇ ਸਨ। ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ ਅਤੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਇਸ ਸਮੇਂ ਦੱਸਿਆ ਕਿ ਆੜ੍ਹਤੀ ਐਸੋਸੀਏਸ਼ਨ ਬਾਕਾਇਦਾ ਅਧਿਕਾਰੀਆਂ ਨੂੰ ਦੋ ਦਿਨ ਪਹਿਲਾਂ ਪੱਤਰ ਭੇਜ ਚੁੱਕੀ ਹੈ। ਇਸ ਵਿੱਚ ਜਗਰਾਉਂ ਸਮੇਤ ਪੇਂਡੂ ਖੇਤਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਬਿਲਕੁਲ ਨਾ ਹੋਣ ਦੀ ਸਮੱਸਿਆ ਨੂੰ ਉਜਾਗਰ ਕਰਦਿਆਂ ਹੱਲ ਮੰਗਿਆ ਸੀ, ਪਰ ਦੋ ਦਿਨ ਬਾਅਦ ਵੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਪਾਸੇ ਧਿਆਨ ਨਾ ਦੇਣ ਦੇ ਰੋਸ ਵਿੱਚ ਅੱਜ ਉਨ੍ਹਾਂ ਖਰੀਦ ਹੀ ਬੰਦ ਕਰਨ ਦੇਣ ਦਾ ਫ਼ੈਸਲਾ ਲਿਆ ਹੈ। ਆੜ੍ਹਤੀਆਂ ਦਾ ਤਰਕ ਹੈ ਕਿ ਜਦੋਂ ਮੰਡੀਆਂ ਵਿੱਚ ਝੋਨੇ ਲਈ ਥਾਂ ਹੀ ਨਹੀਂ ਬਚੀ ਤਾਂ ਖਰੀਦ ਦਾ ਕੰਮ ਕਿਵੇਂ ਚੱਲੇਗਾ? ਇਹ ਸਮੱਸਿਆ ਅਗਲੇ ਦਿਨਾਂ ਵਿੱਚ ਹੋਰ ਗੰਭੀਰ ਹੋਣ ਦੇ ਆਸਾਰ ਹਨ। ਇਸ ਦਾ ਕਾਰਨ ਅਗਲੇ ਦਿਨਾਂ ਵਿੱਚ ਝੋਨੇ ਦੀ ਆਮਦ ਤੇਜ਼ ਹੋਣਾ ਹੈ। ਇਸ ਵਕਤ ਝੋਨੇ ਦੀ ਕਟਾਈ ਤੇਜ਼ੀ ਨਾਲ ਚੱਲ ਰਹੀ ਹੈ। ਪੰਚਾਇਤੀ ਚੋਣਾਂ ਤੋਂ ਵਿਹਲੇ ਹੋਣ ਮਗਰੋਂ ਇਸ ਨੇ ਹੋਰ ਤੇਜ਼ੀ ਫੜ ਲਈ ਹੈ।