For the best experience, open
https://m.punjabitribuneonline.com
on your mobile browser.
Advertisement

ਮਾਲਵੇ ਦੀਆਂ ਅਨਾਜ ਮੰਡੀਆਂ ’ਚ ਲੱਗੇ ਝੋਨੇ ਦੇ ਅੰਬਾਰ

07:20 AM Oct 17, 2024 IST
ਮਾਲਵੇ ਦੀਆਂ ਅਨਾਜ ਮੰਡੀਆਂ ’ਚ ਲੱਗੇ ਝੋਨੇ ਦੇ ਅੰਬਾਰ
ਮੋਗਾ ਦੀ ਅਨਾਜ ਮੰਡੀ ’ਚ ਖਰੀਦ ਨਾ ਹੋਣ ਕਾਰਨ ਲੱਗੇ ਝੋਨੇ ਦੇ ਅੰਬਾਰ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਝੋਨੇ ਦੀ ਸੁਸਤ ਖਰੀਦ

Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 16 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਵਿੱਚ ਝੋਨੇ ਦੀ ਖਰੀਦ ਸਬੰਧੀ ਦਰਪੇਸ਼ ਮੁਸ਼ਕਲਾਂ ਬਾਰੇ ਭਾਵੇਂ ਦੋ ਦਿਨ ਪਹਿਲਾਂ ਕੇਂਦਰੀ ਖਪਤਕਾਰ ਖੁਰਾਕ ਅਤੇ ਜਨਤਕ ਵੰਡ ਮੰਡੀ ਪ੍ਰਲਿਹਦ ਜੋਸ਼ੀ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕੱਢਣ ਲਈ, ਜੋ ਪਹਿਲਕਦਮੀ ਕੀਤੀ ਹੈ, ਉਸ ਦਾ ਮਾਲਵਾ ਖੇਤਰ ਦੀਆਂ ਅਨਾਜ ਮੰਡੀਆਂ ਵਿੱਚ ਅਜੇ ਤੱਕ ਕਿਧਰੇ ਵੀ ਹਾਂ ਪੱਖੀ ਹੁੰਗਾਰਾ ਵੇਖਣ ਨੂੰ ਨਹੀਂ ਮਿਲਿਆ ਹੈ। ਸ਼ਹਿਰੀ ਮੰਡੀਆਂ ਅਤੇ ਪੇਂਡੂ ਖਰੀਦ ਕੇਂਦਰਾਂ ਵਿੱਚ ਵਿਕਣ ਲਈ ਲਗਾਤਾਰ ਝੋਨਾ ਪੁੱਜਣ ਲੱਗਿਆ ਹੈ ਪਰ ਅਜੇ ਤੱਕ ਖਰੀਦ ਦਾ ਕੋਈ ਮੂੰਹ-ਸਿਰ ਨਹੀਂ ਬਣ ਸਕਿਆ ਹੈ।
ਹਕੀਕਤ ਇਹ ਹੈ ਕਿ ਮੰਡੀਆਂ ਵਿੱਚ 12 ਤੋਂ 15 ਫੀਸਦੀ ਨਮੀ ਵਾਲੇ ਝੋਨਾ ਖਰੀਦਣ ਤੋਂ ਵੀ ਟਾਲਾ ਵੱਟਿਆ ਜਾ ਰਿਹਾ ਹੈ। ਅਜੇ ਤੱਕ ਸ਼ੈੰਲਰਾਂ ਵਾਲੇ, ਜਿਨ੍ਹਾਂ ਵਿੱਚ ਬਹੁਤੇ ਆੜ੍ਹਤੀਏ ਵੀ ਹਨ, ਝੋਨਾ ਖਰੀਦ ਲਈ ਰਾਜ਼ੀ ਹੀ ਨਹੀਂ ਹੋਏ ਹਨ। ਮਾਨਸਾ ਵਿਚ ਅੱਜ ਸ਼ੈੱਲਰ ਮਾਲਕਾਂ ਨਾਲ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਅਫਸਰ ਦੀ ਮੀਟਿੰਗ ਹੋਈ, ਜਿਸ ਵਿੱਚ ਹਾਈਬ੍ਰਿਡ ਝੋਨੇ ਦਾ ਰੇੜਕਾ ਲਗਾਤਾਰ ਵੱਡਾ ਮੁੱਦਾ ਬਣਿਆ ਰਿਹਾ।
ਉਧਰ ਪੰਚਾਇਤੀ ਚੋਣਾਂ ਦੀ ਸਮਾਪਤੀ ਤੋਂ ਬਾਅਦ ਅਤੇ ਝੋਨੇ ਦੇ ਪੱਕਣ ਵਾਲੇ ਪਾਸੇ ਵੱਧਣ ਕਾਰਨ ਹੁਣ ਵਾਢੀ ਦਾ ਯਕਦਮ ਜ਼ੋਰ ਪੈ ਜਾਣਾ ਹੈ, ਪਰ ਮੰਡੀਆਂ ਵਿਚਲੀ ਆੜਤੀਆਂ ਅਤੇ ਸ਼ੈਲਰ ਮਾਲਕਾਂ ਦੇ ਵਰਗ ਨੇ ਕਿਸਾਨਾਂ ਦੇ ਫ਼ਸਲ ਵਿਕਣ ਲਈ ਪੈਰ ਨਹੀਂ ਲੱਗਣ ਦੇਣੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਹਾਈਬ੍ਰਿਡ ਝੋਨੇ ਦਾ ਟਰਾਇਲ ਹੋਇਆ ਸੀ ਤਾਂ ਉਦੋਂ ਕਿਸੇ ਨੇ 67 ਫੀਸਦੀ ਕਸ ਵਾਲੇ ਝੋਨੇ ਨੂੰ ਪੂਰੇ ਰੇਟ ਉਤੇ ਖਰੀਦਣ ਦੇ ਮਾਮਲੇ ਦਾ ਮਸਲਾ ਕਿਉਂ ਹੱਲ ਨਹੀਂ ਕੀਤਾ।
ਉਧਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ 18 ਅਕਤੂਬਰ ਤੋਂ ਆਪ ਦੇ ਵਿਧਾਇਕਾਂ, ਸੰਸਦਾਂ ਮੈਂਬਰਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਾਉਣ ਦੇ ਕੀਤੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਇਸ ਖਰੀਦ ਲਈ ਬੇਸ਼ੱਕ ਹੋਰ ਗੰਭੀਰ ਹੋਈ ਹੈ, ਪਰ ਅਜੇ ਤੱਕ ਮੰਡੀਆਂ ਵਿੱਚ ਸ਼ੈਲਰਾਂ ਮਾਲਕਾਂ ਅਤੇ ਆੜਤੀਆਂ ਦਾ ਦਬਦਬਾ ਲਗਾਤਾਰ ਜਾਰੀ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਝੋਨੇ ਦੀ ਖਰੀਦ ਦਾ ਅੜਿਆ ਹੋਇਆ ਮਸਲਾ ਛੇਤੀ ਹੱਲ ਕਰਨਾ ਚਾਹੀਦਾ ਹੈ, ਜਿਸ ਨਾਲ ਕਿਸਾਨ ਅਤੇ ਆੜਤੀਆਂ ਦੀ ਸਿਰਦਰਦੀ ਲਗਾਤਾਰ ਵੱਧਣ ਲੱਗੀ ਹੈ। ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਪੂਰੀ ਹਮਦਰਦੀ ਕਿਸਾਨਾਂ ਅਤੇ ਆੜ੍ਹਤੀਏ ਵਰਗ ਨਾਲ ਹੈ ਅਤੇ ਇਸ ਸਮੱਸਿਆ ਦੇ ਹੱਲ ਲਈ ਹਰ ਸੰਭਵ ਉਪਰਾਲਾ ਕੀਤਾ ਾ ਰਿਹਾ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਸੂਬਾ ਪ੍ਰਧਾਨ ਵਿਜੇ ਕਾਲੜਾ ਨਾਲ ਮਖੂ ਵਿੱਚ ਪੁਲੀਸ ਵੱਲੋਂ ਦੁਰਵਿਵਹਾਰ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਆੜ੍ਹਤੀਆਂ ਨੇ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਅਤੇ ਆੜ੍ਹਤੀ ਐਸੋਸੀਏਸ਼ਨ ਭੁੱਚੋ ਮੰਡੀ ਦੇ ਪ੍ਰਧਾਨ ਸੁਨੀਲ ਗਰਗ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ। ਸੁਨੀਲ ਗਰਗ ਨੇ ਪੁਲੀਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾਈ ਆਗੂ ਨਾਲ ਬਦਸਲੂਕੀ ਕਰਨਾ ਬੇਹੱਦ ਮੰਦਭਾਗਾ ਹੈ। ਇਸ ਪੁਲੀਸ ਮੁਲਾਜ਼ਮ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਂਦੀ ਹੈ। ਇਸ ਮੌਕੇ ਐਸੋਸੀਏਸ਼ਨ ਦੇ ਆਗੂ ਰਾਜੀਵ ਕਾਂਤ, ਭੂਸ਼ਨ ਜਿੰਦਲ, ਤੇਜਾ ਸਿੰਘ ਦੰਦੀਵਾਲ, ਠਾਕਰ ਦਾਸ, ਲਾਲਾ ਮਨੋਹਰ ਲਾਲ, ਨਵੀਨ ਸਿੰਗਲਾ, ਯਸ਼ਪਾਲ, ਪੰਕਜ ਅਰੋੜਾ ਆਦਿ ਹਾਜ਼ਰ ਸਨ।

Advertisement

ਐੱਮਐੱਸਪੀ ਤੋਂ ਹੇਠਾਂ ਝੋਨਾ ਵੇਚ ਰਹੇ ਹਨ ਕਿਸਾਨ: ਕੋਕਰੀ

ਮੋਗਾ (ਮਹਿੰਦਰ ਸਿੰਘ ਰੱਤੀਆਂ): ਅਨਾਜ ਮੰਡੀਆਂ ’ਚ ਹਫਤੇ ਤੋਂ ਵੱਧ ਦਿਨਾਂ ਤੋਂ ਬੈਠ ਕਿਸਾਨ ਝੋਨੇ ਦੀ ਖਰੀਦ ਨਾ ਹੋਣ ਕਾਰਨ ਪਰੇਸ਼ਾਨ ਹਨ। ਇੰਸਪੈਕਟੋਰੇਟ ਫੂਡ ਸਪਲਾਈਜ਼ ਯੂਨੀਅਨ ਨੇ ਖਰੀਦ ’ਚ ਆ ਰਹੀਆਂ ਔਕੜਾਂ ਤੋਂ ਜਾਣੂੰ ਕਰਵਾਉਂਦੇ ਸਖ਼ਤ ਚਿਤਾਵਨੀ ਦਿੱਤੀ ਹੈ। ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਗੀਤਾ ਬਿਸ਼ੰਭੂ ਨੇ ਸੰਪਰਕ ਕਰਨ ਉੱਤੇ ਕਿਹਾ ਕਿ ਸਟਾਫ਼ ਤੇ ਅਧਿਕਾਰੀਆਂ ਦੀ ਪੰਚਾਇਤੀ ਚੋਣਾਂ ’ਚ ਡਿਊਟੀ ਹੋਣ ਕਾਰਨ ਖਰੀਦ ਦਾ ਕੰਮ ਪ੍ਰਭਾਵਿਤ ਹੋਇਆ ਹੈ। ਬੀਕੇਯੂ ਏਕਤਾ ਉਗਰਾਹਾਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਤੇ ਬਲੌਰ ਸਿੰਘ ਘਾਲੀ ਨੇ ਮੀਟਿੰਗ ਕਰਕੇ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਸਰਕਾਰ ਦੀ ਸਖ਼ਤ ਆਲੋਚਨਾ ਕਰਦੇ ਆਖਿਆ ਕਿ ਕਿਸਾਨ ਐੱਮਐੱਸਪੀ ਤੋਂ ਘੱਟ ਝੋਨਾ ਵੇਚਣ ਲਈ ਮਜਬੂਰ ਹਨ। ਇੰਸਪੈਕਟੋਰੇਟ ਫੂਡ ਸਪਲਾਈਜ਼ ਯੂਨੀਅਨ(ਆਈਐੱਫਐੱਸਯੂ) ਪ੍ਰਧਾਨ ਹਰਮਨਦੀਪ ਸਿੰਘ ਤੇ ਜਨਰਲ ਸਕੱਤਰ ਰਾਜਵੰਤ ਸਿੰਘ ਵਾਲੀਆ ਨੇ ਵੀ ਖਰੀਦ ’ਚ ਆ ਰਹੀਆਂ ਔਕੜਾਂ ਤੋਂ ਜਾਣੂੰ ਕਰਵਾਉਂਦੇ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਭਵਿੱਖ ’ਚ ਬੇਲੋੜਾ ਦਬਾਅ ਪਾਉਣ ਜਾਂ ਚੁਕਾਈ ਦਾ ਮਸਲਾ ਹੱਲ ਨਾਂ ਕੀਤਾ ਗਿਆ ਤਾਂ ਖੇਤਰੀ ਅਮਲਾ ਝੋਨੇ ਦੀ ਖਰੀਦ ਦਾ ਬਾਈਕਾਟ ਕਰਨ ਲਈ ਮਜ਼ਬੂਰ ਹੋਵੇਗਾ।

ਉਗਰਾਹਾਂ ਵੱਲੋਂ ਅੱਜ ਟੌਲ ਮੁਕਤ ਕੀਤੇ ਜਾਣਗੇ ਪਲਾਜ਼ੇ

ਬਠਿੰਡਾ (ਸ਼ਗਨ ਕਟਾਰੀਆ): ਝੋਨੇ ਦੀ ਖ਼ਰੀਦ ਅਤੇ ਮੰਡੀਆਂ ’ਚੋਂ ਚੁਕਵਾਈ ਦੀ ਸੁਸਤ ਰਫ਼ਤਾਰ ਨੂੰ ਤੇਜ਼ ਕਰਨ ਦੀ ਮੰਗ ਲੈ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਭਲਕ ਤੋਂ ਸ਼ੁਰੂ ਹੋਣ ਵਾਲੇ ਆਪਣੇ ਐਕਸ਼ਨ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਅੱਜ ਹੀ ਪੱਬਾਂ ਭਾਰ ਹੋਈ ਦਿਸੀ। ਜਥੇਬੰਦੀ ਵੱਲੋਂ ਪਿੰਡਾਂ ਦੀਆਂ ਇਕਾਈਆਂ ਦੀਆਂ ਹੰਗਾਮੀ ਮੀਟਿੰਗਾਂ ਕਰਨ ਤੋਂ ਇਲਾਵਾ ਮੁਨਾਦੀ ਰਾਹੀਂ ਲੋਕਾਂ ਨੂੰ ਐਕਸ਼ਨ ਵਿੱਚ ਭਾਗੀਦਾਰੀ ਕਰਨ ਦਾ ਸੱਦਾ ਦਿੱਤਾ ਗਿਆ। ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਇਸ ਬਾਬਤ ਦੱਸਿਆ ਕਿ ਭਲਕੇ 17 ਅਕਤੂਬਰ ਨੂੰ ਬਠਿੰਡਾ ਜ਼ਿਲ੍ਹੇ ਵਿਚਲੇ ਚਾਰ ਟੌਲ ਪਲਾਜ਼ਿਆਂ ਨੂੰ ਵਸੂਲੀ ਮੁਕਤ ਕਰਨ ਲਈ ਉਥੇ ਧਰਨੇ ਲਾਏ ਜਾਣਗੇ। ਇਨ੍ਹਾਂ ਪਲਾਜ਼ਿਆਂ ’ਚ ਬਠਿੰਡਾ-ਮਲੋਟ ਰੋਡ ’ਤੇ ਬੱਲੂਆਣਾ, ਬਠਿੰਡਾ-ਅੰਮ੍ਰਿਤਸਰ ਰੋਡ ’ਤੇ ਜੀਦਾ, ਬਠਿੰਡਾ-ਬਰਨਾਲਾ ਰੋਡ ’ਤੇ ਲਹਿਰਾ ਬੇਗਾ ਅਤੇ ਰਾਮਾ-ਰਾਮਪੁਰਾ ਰੋਡ ’ਤੇ ਸੇਖ਼ਪੁਰਾ ਟੋਲ ਪਲਾਜ਼ੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 18 ਅਕਤੂਬਰ ਤੋਂ ‘ਆਪ’ ਵਿਧਾਇਕਾਂ ਦੇ ਘਰਾਂ ਅੱਗੇ ਮੰਗਾਂ ਮੰਨੇ ਜਾਣ ਤੱਕ ਪੱਕੇ ਮੋਰਚਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ। ਆਗੂਆਂ ਨੇ ਸਮੂਹ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪਰਿਵਾਰਾਂ ਸਮੇਤ ਪੱਕੇ ਮੋਰਚਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਅੱਜ ਇਸ ਦੀ ਤਿਆਰੀ ਵਜੋਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ ਭਰ ’ਚ ਗੱਡੀਆਂ ’ਤੇ ਸਪੀਕਰ ਲਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਮੋਰਚਿਆਂ ਵਿੱਚ ਪਹੁੰਚਣ।

Advertisement
Author Image

Advertisement