ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਣੀ ਦਾ ਨਿਕਾਸ ਨਾ ਹੋਣ ਕਾਰਨ ਝੋਨੇ ਦੀ ਫ਼ਸਲ ਡੁੱਬੀ

06:35 AM Jul 22, 2024 IST
ਖੇਤਾਂ ਵਿੱਚ ਭਰਿਆ ਹੋਇਆ ਪਾਣੀ ਦਿਖਾਉਂਦੇ ਹੋਏ ਪਿੰਡ ਹੰਸਾਲਾ ਅਤੇ ਮਨੌਲੀ ਸੂਰਤ ਦੇ ਕਿਸਾਨ।

ਕਰਮਜੀਤ ਸਿੰਘ ਚਿੱਲਾ
ਬਨੂੜ, 21 ਜੁਲਾਈ
ਪਿੰਡ ਹੰਸਾਲਾ ਅਤੇ ਮਨੌਲੀ ਸੂਰਤ ਦੇ ਦਰਜਨਾਂ ਏਕੜ ਰਕਬੇ ਨੇ ਝੀਲ ਦਾ ਰੂਪ ਧਾਰ ਲਿਆ ਹੈ। ਇਸ ਰਕਬੇ ਵਿੱਚ ਲੱਗੀ ਹੋਈ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬਣ ਕਾਰਨ ਖ਼ਰਾਬ ਹੋ ਗਈ ਹੈ। ਝੋਨੇ ਤੋਂ ਬਿਨਾਂ ਰਹਿੰਦੇ ਰਕਬੇ ਵਿੱਚ ਭਰੇ ਹੋਏ ਪਾਣੀ ਕਾਰਨ ਝੋਨਾ ਲਾਉਣਾ ਔਖਾ ਹੋ ਗਿਆ ਹੈ। ਪੀੜਤ ਕਿਸਾਨਾਂ ਨੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਤੋਂ ਸਾਰੇ ਮਾਮਲੇ ਵਿੱਚ ਦਖ਼ਲ ਦੀ ਮੰਗ ਕਰਦਿਆਂ ਤੁਰੰਤ ਮੌਕਾ ਦੇਖ ਕੇ ਪਾਣੀ ਦਾ ਨਿਕਾਸ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ।
ਦੋਵਾਂ ਪਿੰਡਾਂ ਦੇ ਪ੍ਰਭਾਵਿਤ ਕਿਸਾਨਾਂ ਜਾਗੀਰ ਸਿੰਘ ਢਿੱਲੋਂ, ਜਾਗੀਰ ਸਿੰਘ ਧਾਲੀਵਾਲ, ਕਰਨੈਲ ਸਿੰਘ, ਗੁਰਮੁਖ ਸਿੰਘ, ਸਰਦਾਰਾ ਸਿੰਘ, ਜਗਤਾਰ ਸਿੰਘ, ਹਜ਼ਾਰਾ ਸਿੰਘ ਨੰਬਰਦਾਰ, ਮਹਿੰਦਰ ਸਿੰਘ, ਅਮਰਜੀਤ ਸਿੰਘ, ਗੁਰਜੰਟ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ, ਰਣਧੀਰ ਸਿੰਘ, ਪ੍ਰਵੀਨ ਕੁਮਾਰ ਆਦਿ ਨੇ ਦੱਸਿਆ ਕਿ ਮਨੌਲੀ ਸੂਰਤ ਤੋਂ ਰਾਜੋਮਾਜਰਾ ਨੂੰ ਦੋ ਵਰ੍ਹੇ ਪਹਿਲਾਂ ਨਵੀਂ ਸੜਕ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸੜਕ ਵਿੱਚ ਪਾਣੀ ਦੇ ਨਿਕਾਸ ਲਈ ਕੋਈ ਵੀ ਪੁਲੀ ਨਹੀਂ ਲਗਾਈ ਗਈ।
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਵਰ੍ਹੇ ਵੀ ਪਾਣੀ ਦਾ ਨਿਕਾਸ ਰੁਕਣ ਕਾਰਨ ਹੰਸਾਲਾ ਪਿੰਡ ਦੇ ਘਰਾਂ ਵਿਚ ਪਾਣੀ ਵੜਨ ਲੱਗ ਗਿਆ ਸੀ ਤੇ ਫ਼ਸਲਾਂ ਡੁੱਬ ਗਈਆਂ ਸਨ। ਉਨ੍ਹਾਂ ਕਿਹਾ ਕਿ ਉਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੜਕ ਵਿਚ ਕੱਟ ਲਗਾ ਕੇ ਪਾਣੀ ਕਢਵਾਇਆ ਸੀ। ਉਨ੍ਹਾਂ ਕਿਹਾ ਕਿ ਦੁਬਾਰਾ ਉਸ ਕੱਟ ਵਾਲੀ ਥਾਂ ਉੱਤੇ ਪਾਈਪ ਪਾ ਕੇ ਪੁਲੀ ਲਗਾਉਣ ਦੀ ਥਾਂ ਮਿੱਟੀ ਭਰ ਦਿੱਤੀ ਗਈ। ਇਸ ਸਾਲ ਪਏ ਪਹਿਲੇ ਭਰਵੇਂ ਮੀਂਹ ਕਾਰਨ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਸਮੁੱਚਾ ਖੇਤਰ ਝੀਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਭਰੇ ਹੋਏ ਪਾਣੀ ਕਾਰਨ ਕਿਸਾਨਾਂ ਨੂੰ ਖੇਤਾਂ ਵਿੱਚੋਂ ਹਰਾ ਚਾਰਾ ਲਿਆਉਣਾ ਵੀ ਔਖਾ ਹੋ ਗਿਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਬਿਨਾਂ ਦੇਰੀ ਤੋਂ ਪਾਣੀ ਦਾ ਨਿਕਾਸ ਯਕੀਨੀ ਬਣਾਇਆ ਜਾਵੇ ਅਤੇ ਸੜਕ ਵਿੱਚ ਪੱਕੇ ਤੌਰ ’ਤੇ ਪੁਲੀ ਬਣਾਈ ਜਾਵੇ।

Advertisement

Advertisement