ਝੋਨਾ ਸੰਕਟ: ਚੌਲ ਮਿੱਲ ਮਾਲਕਾਂ ਨੇ ‘ਸਮਝੌਤੇ’ ਦਾ ਅੱਕ ਚੱਬਿਆ
ਚਰਨਜੀਤ ਭੁੱਲਰ
ਚੰਡੀਗੜ੍ਹ, 28 ਅਕਤੂਬਰ
ਪੰਜਾਬ ’ਚ ਝੋਨੇ ਦੀ ਚੁਕਾਈ ਨੇ ਰਫ਼ਤਾਰ ਫੜ ਲਈ ਹੈ ਪਰ ਕਿਸਾਨਾਂ ਦੇ ਫਿਕਰ ਹਾਲੇ ਘਟੇ ਨਹੀਂ। ਸ਼ੈਲਰ ਮਾਲਕ ਹੁਣ ਐਗਰੀਮੈਂਟ (ਸਮਝੌਤਾ) ਕਰਨ ਲਈ ਅੱਗੇ ਆਉਣ ਲੱਗੇ ਹਨ। ਹਾਲਾਂਕਿ ਕੇਂਦਰ ਸਰਕਾਰ ਨੇ ਸ਼ੈਲਰ ਮਾਲਕਾਂ ਨੂੰ ਕੋਈ ਹੱਥ ਪੱਲਾ ਨਹੀਂ ਫੜਾਇਆ ਹੈ ਪਰ ਉਹ ਆਪਣੇ ਵਿੱਤੀ ਘਾਟਿਆਂ ਦੇ ਡਰੋਂ ਫ਼ਸਲ ਚੁੱਕਣ ਲਈ ਤਿਆਰ ਹੋਏ ਹਨ। ਬਠਿੰਡਾ ਜ਼ਿਲ੍ਹੇ ’ਚ ਰੋਜ਼ਾਨਾ 50 ਸਮਝੌਤੇ ਚੌਲ ਮਿੱਲ ਮਾਲਕ ਕਰ ਰਹੇ ਹਨ। ਕਰੀਬ ਪੰਜਾਹ ਫ਼ੀਸਦੀ ਮਿੱਲਰਾਂ ਨੇ ਚੁਕਾਈ ਲਈ ਹੱਥ ਵਧਾ ਲਏ ਹਨ। ਇਸ ਵੇਲੇ 2288 ਚੌਲ ਮਿੱਲਾਂ ਨੇ ਲਿਫ਼ਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ੈਲਰ ਮਾਲਕਾਂ ਦੀ ਮੰਗ ਸੀ ਕਿ ਪੀਆਰ 126 ਅਤੇ ਹਾਈਬ੍ਰਿਡ ਕਿਸਮਾਂ ’ਚੋਂ ਚੌਲ 67 ਕਿੱਲੋ ਦੀ ਥਾਂ 63 ਕਿੱਲੋ ਨਿਕਲ ਰਿਹਾ ਹੈ ਜਿਸ ਕਰ ਕੇ ਕੇਂਦਰ ਸਰਕਾਰ ਮਾਪਦੰਡਾਂ ’ਚ ਛੋਟ ਦੇਵੇ। ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਮੰਤਰੀ ਨੇ ਸ਼ੈਲਰ ਮਾਲਕਾਂ ਨਾਲ ਦਿੱਲੀ ’ਚ ਕਈ ਦਿਨ ਪਹਿਲਾਂ ਕੀਤੀ ਮੀਟਿੰਗ ’ਚ ਚਾਰ ਦਿਨਾਂ ਦੀ ਮੋਹਲਤ ਮੰਗੀ ਸੀ। ਕੁੱਝ ਦਿਨ ਤਾਂ ਸ਼ੈਲਰ ਮਾਲਕ ਝਾਕ ਵਿਚ ਰਹੇ ਅਤੇ ਆਖ਼ਰ ਕੇਂਦਰੀ ਮੰਤਰੀ ਜੋਸ਼ੀ ਨੇ ਸਿਰਫ਼ ਭਰੋਸਾ ਦਿੱਤਾ ਕਿ ਪੰਜਾਬ ’ਚ ਝੋਨੇ ਦਾ ਇੱਕ-ਇੱਕ ਦਾਣਾ ਖ਼ਰੀਦ ਕੀਤਾ ਜਾਵੇਗਾ।
ਸ਼ੈਲਰ ਮਾਲਕ ਆਖਦੇ ਹਨ ਕਿ ਉਨ੍ਹਾਂ ਨੇ ਸ਼ੈਲਰ ਚਲਾਉਣ ਵਾਸਤੇ ਪਹਿਲਾਂ ਹੀ ਫੋਰਮੈਨ ਅਤੇ ਲੇਬਰ ਵਗੈਰਾ ਬੁਲਾ ਰੱਖੀ ਸੀ ਅਤੇ ਜੇ ਉਹ ਸ਼ੈਲਰ ਨਹੀਂ ਚਲਾਉਂਦੇ ਤਾਂ ਸੀਜ਼ਨ ਵਿਚ 20 ਲੱਖ ਰੁਪਏ ਤੱਕ ਦਾ ਘਾਟਾ ਪੈ ਜਾਣਾ ਸੀ।
ਪੰਜਾਬ ਵਿਚ 5500 ਦੇ ਕਰੀਬ ਸ਼ੈਲਰ ਹਨ ਅਤੇ ਹੁਣ ਤਕਰੀਬਨ ਚੌਲ ਮਿੱਲ ਮਾਲਕ ਦਫ਼ਤਰਾਂ ਵਿਚ ਐਗਰੀਮੈਂਟ ਕਰਨ ਲਈ ਪੁੱਜਣ ਲੱਗੇ ਹਨ। ਇਸੇ ਦੀ ਬਦੌਲਤ ਮੰਡੀਆਂ ’ਚੋਂ ਝੋਨੇ ਦੀ ਲਿਫ਼ਟਿੰਗ ਤੇਜ਼ ਹੋਣ ਲੱਗੀ ਹੈ। ਇਸੇ ਤਰ੍ਹਾਂ ਕੇਂਦਰ ਨੇ ਆੜ੍ਹਤੀਆਂ ਦਾ ਮਾਮਲਾ ਨਜਿੱਠਿਆ ਤੇ ਪੰਜਾਬ ’ਚੋਂ ਚੌਲਾਂ ਦੀ ਮੂਵਮੈਂਟ ਕਰਨ ਦਾ ਭਰੋਸਾ ਹੀ ਦਿੱਤਾ ਹੈ। ਤਾਜ਼ਾ ਸਥਿਤੀ ਇਹ ਹੈ ਕਿ ਪੰਜਾਬ ਦੀਆਂ ਮੰਡੀਆਂ ’ਚੋਂ ਝੋਨੇ ਦੀ ਲਿਫ਼ਟਿੰਗ ਵਧ ਗਈ ਹੈ। 17 ਅਕਤੂਬਰ ਤੱਕ ਮੰਡੀਆਂ ’ਚੋਂ 14.43 ਲੱਖ ਟਨ ਝੋਨੇ ਦੀ ਖ਼ਰੀਦ ਹੋਈ ਅਤੇ 1.83 ਲੱਖ ਟਨ ਦੀ ਚੁਕਾਈ ਹੋਈ ਜਦੋਂ ਕਿ 22 ਅਕਤੂਬਰ ਨੂੰ ਕੁੱਲ ਖ਼ਰੀਦ 32.29 ਲੱਖ ਐੱਮਟੀ ਹੋਈ ਅਤੇ 6.66 ਲੱਖ ਐੱਮਟੀ ਲਿਫ਼ਟਿੰਗ ਹੋਈ ਸੀ। 27 ਅਕਤੂਬਰ ਨੂੰ ਚੁਕਾਈ ਦਾ ਅੰਕੜਾ 4.13 ਲੱਖ ਟਨ ’ਤੇ ਪੁੱਜ ਗਿਆ। ਅੱਜ ਸ਼ਾਮ ਪੰਜ ਵਜੇ ਤੱਕ ਮੰਡੀਆਂ ’ਚ ਕੁੱਲ 69.63 ਲੱਖ ਟਨ ਫ਼ਸਲ ਪੁੱਜੀ ਹੈ ਜਿਸ ’ਚੋਂ 64.22 ਲੱਖ ਟਨ ਫ਼ਸਲ ਖ਼ਰੀਦ ਕੀਤੀ ਗਈ ਹੈ। ਖ਼ਰੀਦ ਕੀਤੀ ਫ਼ਸਲ ’ਚੋਂ 23.99 ਲੱਖ ਮੀਟਰਿਕ ਟਨ ਫ਼ਸਲ ਦੀ ਲਿਫ਼ਟਿੰਗ ਹੋ ਚੁੱਕੀ ਹੈ ਜਿਸ ਦਾ ਮਤਲਬ ਹੈ ਕਿ ਹੁਣ ਤੱਕ 37 ਫ਼ੀਸਦੀ ਫ਼ਸਲ ਦੀ ਚੁਕਾਈ ਹੋਈ ਹੈ। ਅੱਜ ਮੰਡੀਆਂ ’ਚ ਨਵੀਂ ਫ਼ਸਲ 5.88 ਲੱਖ ਟਨ ਆਈ ਹੈ ਜਦੋਂ ਕਿ ਅੱਜ 4.05 ਲੱਖ ਟਨ ਫ਼ਸਲ ਦੀ ਲਿਫ਼ਟਿੰਗ ਹੋਈ ਹੈ।
ਮਜਬੂਰੀ ਵਿੱਚ ਐਗਰੀਮੈਂਟ ਕਰ ਰਹੇ ਹਾਂ: ਬਿੰਟਾ
ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਦਾ ਕਹਿਣਾ ਸੀ ਕਿ ਪਿਛਲੇ ਵਰ੍ਹਿਆਂ ਵਿਚ ਸੀਜ਼ਨ ਦੌਰਾਨ ਕੇਂਦਰ ਕੁੱਝ ਨਾ ਕੁੱਝ ਪੱਲੇ ਪੈਂਦਾ ਰਿਹਾ ਪਰ ਐਤਕੀਂ ਸਿਰਫ਼ ਭਰੋਸਾ ਹੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕੋਈ ਚਾਰਾ ਨਹੀਂ ਬਚਿਆ ਅਤੇ ਮਿੱਲਰਾਂ ਨੂੰ ਖ਼ਰਚੇ ਪੈ ਰਹੇ ਹਨ ਜਿਸ ਕਰਕੇ ਚੌਲ ਮਿੱਲ ਮਾਲਕ ਮਜਬੂਰੀ ਵਿਚ ਐਗਰੀਮੈਂਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਮਰੱਥਾ ਤੋਂ ਘੱਟ ਮਾਤਰਾ ਵਿੱਚ ਝੋਨਾ ਚੁੱਕਣਗੇ।