ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਝੋਨੇ ਤੇ ਮੱਕੀ ਦੀ ਫਸਲ ਨੁਕਸਾਨੀ
ਬੀਰਬਲ ਰਿਸ਼ੀ
ਸ਼ੇਰਪੁਰ, 6 ਜੁਲਾਈ
ਮੀਂਹ ਪੈਣ ਦੌਰਾਨ ਘਨੌਰ ਕਲਾਂ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਕਿਸਾਨਾਂ ਦੀ ਝੋਨੇ ਤੇ ਮੱਕੀ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਿਆ। ਇਸ ਸਬੰਧੀ ਕਿਸਾਨਾਂ ਨੇ ਪੰਚਾਇਤੀ ਰਾਜ ਦੇ ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ’ਤੇ ਨਜ਼ਲਾ ਝਾੜਿਆ ਜਿਨ੍ਹਾਂ ਨੇ ਘਨੌਰ ਕਲਾਂ-ਕਲੇਰਾਂ ਸੜਕ ਬਣਾਏ ਜਾਣ ਮੌਕੇ ਲੋਕਾਂ ਦੀਆਂ ਦਲੀਲਾਂ ਅਪੀਲਾਂ ਨੂੰ ਦਰ-ਕਿਨਾਰ ਕਰਦਿਆਂ ਪਾਣੀ ਦੀ ਨਿਕਾਸੀ ਲਈ ਇੱਕ ਭੜੋਲੀ ਪਾਏ ਜਾਣ ਤੋਂ ਕਥਿਤ ਤੌਰ ਤੇ ਪਾਸਾ ਵੱਟ ਲਿਆ ਸੀ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਘਨੌਰ ਨੇ ਮੀਂਹ ਨਾਲ ਨੁਕਸਾਨੀਆਂ ਫਸਲਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪਿੰਡ ਘਨੌਰ ਕਲਾਂ ਦੇ ਬਲਵੀਰ ਸਿੰਘ ਦਾ 17 ਵਿੱਘੇ ਝੋਨਾ, ਮੇਘ ਸਿੰਘ ਦਾ 21 ਵਿੱਘੇ, ਗੁਰਤੇਜ ਸਿੰਘ 15 , ਨੈਬੀ ਸਿੰਘ ਦੇ 12 ਵਿੱਘੇ ਮੱਕੀ ਤੇ 18 ਵਿੱਘੇ ਝੋਨਾ, ਬਚਨ ਸਿੰਘ 30 ਵਿੱਘੇ, ਬਹਾਦਰ ਸਿੰਘ ਪੰਜ ਵਿੱਘੇ ਤੋਂ ਇਲਾਵਾ ਡੇਢ ਦਰਜਨ ਪਰਿਵਾਰਾਂ ਦੀ 30 ਏਕੜ ਤੋਂ ਵੱਧ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ। ਕਿਸਾਨ ਆਗੂ ਘਨੌਰ ਨੇ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਪੰਚਾਇਤੀ ਰਾਜ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਘਨੌਰ ਕਲਾਂ-ਕਲੇਰਾਂ ਸੜਕ ਬਣਾਏ ਜਾਣ ਮੌਕੇ ਸੜਕ ਹੇਠਾਂ ਦੋ ਭੜੋਲੀਆਂ ਪਾ ਦਿੱਤੀਆਂ ਅਤੇ ਇੱਕ ਭੜੌਲੀ ਪਾਉਣ ਤੋਂ ਇਨਕਾਰ ਕੀਤਾ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਮਾਮਲਾ ਮੁੱਖ ਮੰਤਰੀ ਦਫ਼ਤਰ ਤੋਂ ਇਲਾਵਾ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ ਤੇ ਜਾਂਚ ਦੀ ਮੰਗ ਕਰਨਗੇ ਕਿਉਂਕਿ ਪੰਚਾਇਤੀ ਰਾਜ ਦੀ ਇਸ ਕਾਰਵਾਈ ਕਾਰਨ ਪਿੰਡ ਵਿੱਚ ਲੜਾਈ ਝਗੜੇ ਵਾਲਾ ਮਾਹੌਲ ਬਣ ਜਾਂਦਾ ਹੈ। ਇਸ ਕਾਰਨ ਕਈ ਵਾਰ ਕਈ ਧਿਰਾਂ ਵਿੱਚ ਤਣਾਅ ਵੀ ਦੇਖਿਆ ਗਿਆ। ਉਨ੍ਹਾਂ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ। ਆਗੂ ਨੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਮਾਮਲਾ ਧਿਆਨ ਵਿੱਚ ਲਿਆਉਣ ਦਾ ਵੀ ਦਾਅਵਾ ਕੀਤਾ। ਪਟਵਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਫਸਲਾਂ ਵਿੱਚੋਂ ਪਾਣੀ ਕਢਵਾਉਣ ਲਈ ਸੀ ਜਿਸ ਤਹਿਤ ਪਹਿਲਾਂ ਘਨੌਰ ਕਲਾਂ ਤੇ ਫਿਰ ਕਲੇਰਾਂ ਵਿੱਚ ਸਾਈਫਨਾਂ ਤੋਂ ਪਾਣੀ ਕਢਵਾਇਆ। ਹਾਲੇ ਗਿਰਦਾਵਰੀ ਦੇ ਹੁਕਮ ਨਹੀਂ ਆਏ।
ਘਨੌਰੀ ਕਲਾਂ ਸਕੂਲ ਅੱਗੇ ਪਾਣੀ ਤੋਂ ਵਿਦਿਆਰਥੀ ਤੇ ਅਧਿਆਪਕ ਰਹੇ ਪ੍ਰੇਸ਼ਾਨ
ਸ਼ੇਰਪੁਰ: ਸਕੂਲ ਆਫ਼ ਐਮੀਨੈਂਸ ਘਨੌਰੀ ਕਲਾਂ ਅੱਗੇ ਸੜਕ ਨੀਵੀਂ ਹੋਣ ਕਾਰਨ ਭਰੇ ਮੀਂਹ ਦੇ ਪਾਣੀ ਤੋਂ ਅਧਿਆਪਕ ਤੇ ਸਕੂਲ ਵਿਦਿਆਰਥੀ ਵਿਦਿਆਰਥਣਾਂ ਨੂੰ ਪ੍ਰਸ਼ਾਨੀ ਝੱਲਣੀ ਪਈ। ਸਰਕਾਰੀ ਸਕੂਲ ਦੀਆਂ ਦੋ ਇਮਾਰਤਾਂ ਇੱਕ ਸੜਕ ਦੇ ਇੱਕ ਪਾਸੇ ਤੇ ਦੂਜੀ ਦੂਜੇ ਪਾਸੇ ਹੋਣ ਕਾਰਨ ਚਾਰ ਜਮਾਤਾਂ ਦੇ ਵਿਦਿਆਰਥੀਆਂ ਨੁੰ ਕੰਪਿਊਟਰ ਲੈਬ, ਸਾਇੰਸ ਲੈਬ, ਆਈਟੀ ਲੈਬ, ਟਿਕਟਿੰਗ ਲੈਬ ਜਾਣ ਤੇ ਅਧਿਆਪਕਾਂ ਨੂੰ ਵੱਖ-ਵੱਖ ਜਮਾਤਾਂ ਲੈਣ ਮੌਕੇ ਦਿੱਕਤਾਂ ਆਈਆਂ। ਮੀਂਹ ਦੇ ਪਾਣੀ ਕਾਰਨ ਅੱਜ ਸਕੂਲੀ ਵਿਦਿਆਰਥੀਆਂ ਨੂੰ ਸਕੂਲ ਕਾਲਾਬੂਲਾ ਸੜਕ ’ਤੇ ਪੈਂਦੇ ਪਿਛਲੇ ਗੇਟ ਤੋਂ ਦੀ ਆਉਣ ਜਾਣ ਦਾ ਰਸਤਾ ਵਰਤਣਾ ਪਿਆ। ਇਸ ਦੀ ਪੁਸ਼ਟੀ ਮਾਸਟਰ ਸੁਖਵਿੰਦਰ ਸਿੰਘ ਜਹਾਂਗੀਰ ਕੀਤੀ।
ਬਾਰਸ਼ ਤੋਂ ਬਾਅਦ ਫੇਰ ਹੁੰਮਸ ਭਰੀ ਗਰਮੀ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਤੇ ਇਸ ਦੇ ਆਲ਼ੇ ਦੁਆਲੇ ਦੇ ਖੇਤਰਾਂ ਵਿਚ ਅੱਜ ਸਵੇਰੇ ਹੀ ਬਾਰਸ਼ ਪੈਣੀ ਸ਼ੁਰੂ ਹੋ ਗਈ, ਜਿਸ ਨਾਲ ਪਟਿਆਲਾ ਵਾਸੀਆਂ ਨੇ ਇਕ ਵਾਰ ਸੁੱਖ ਦਾ ਸਾਹ ਲਿਆ। ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਬਾਰਸ਼ ਦੇ ਪਾਣੀ ਦੇ ਮਿਲਣ ਨਾਲ ਖ਼ੁਸ਼ੀ ਹੋਈ। ਉਨ੍ਹਾਂ ਦਾ ਚਿਹਰੇ ਵੀ ਖਿੜ੍ਹ ਗਏ। ਅੱਜ ਪਟਿਆਲਾ ਵਿਚ ਹੋਈ ਬਾਰਸ਼ ਕਰਕੇ ਪਟਿਆਲਾ ਦੀਆਂ ਗਲੀਆਂ ਵਿਚ ਪਾਣੀ ਭਰ ਗਿਆ, ਜਿਸ ਕਰਕੇ ਰਾਹਗੀਰਾਂ ਨੂੰ ਲੰਘਣਾ ਔਖਾ ਹੋਇਆ। ਕਈ ਥਾਈਂ ਸੀਵਰੇਜ ਪ੍ਰਣਾਲੀ ਇਕ ਵਾਰ ਪੂਰੀ ਤਰ੍ਹਾਂ ਜਵਾਬ ਦੇ ਗਈ। ਤ੍ਰਿਪੜੀ ਪਟਿਆਲਾ ਤੋਂ ਇਲਾਵਾ ਮਾਡਲ ਟਾਊਨ, ਕੜਾਹ ਵਾਲਾ ਚੌਕ, ਸਨੌਰੀ ਅੱਡਾ, ਭਾਦਸੋਂ ਰੋਡ, ਅਨਾਰਦਾਣਾ ਚੌਕ, ਅਰਨਾ ਬਰਨਾ ਚੌਕ ਕਿਤਾਬਾਂ ਵਾਲਾ ਬਾਜ਼ਾਰ ਇਕ ਵਾਰ ਪੂਰੀ ਤਰ੍ਹਾਂ ਜਲ ਥਲ ਹੋ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਨਾਲ ਲੱਗਦੇ ਖੇਤਰਾਂ ਜਿਵੇਂ ਸਨੌਰ, ਲੰਗ ਸੰਗਰੂਰ ਰੋਡ, ਨਾਭਾ ਰੋਡ ਸਮਾਣਾ ਰੋਡ, ਗੂਹਲਾ ਚੀਕਾ ਰੋਡ , ਦੇਵੀਗੜ੍ਹ ਰੋਡ ’ਤੇ ਵੀ ਸਵੇਰੇ ਕਾਫ਼ੀ ਬਾਰਸ਼ ਹੋਈ। ਇਸ ਕਾਰਨ ਕਿਸਾਨਾਂ ਨੂੰ ਕਾਫ਼ੀ ਲਾਭ ਹੋਇਆ। ਬਿਜਲੀ ਦੀ ਮੰਗ ਇਕ ਵਾਰ ਘਟੀ ਤੇ ਦੁਪਹਿਰ ਤੱਕ ਬਿਜਲੀ ਦੀ ਮੰਗ ਫੇਰ ਵਧ ਗਈ।
ਬਰਸਾਤ ਕਾਰਨ ਘੱਗਰ ਨੇੜਲੇ ’ਚ ਖੌਫ਼
ਡਕਾਲਾ (ਮਾਨਵਜੋਤ ਭਿੰਡਰ): ਮੌਨਸੂਨ ਦੀ ਬਰਸਾਤ ਤੋਂ ਭਾਵੇਂ ਕਿਸਾਨ ਖੁਸ਼ ਹਨ, ਪਰ ਸਥਾਨਕ ਇਲਾਕੇ ਦੇ ਲੋਕਾਂ ਵਿੱਚ ਹੜ੍ਹਾਂ ਦਾ ਖੌਫ਼ ਬਣਿਆ ਹੋਇਆ ਹੈ| ਜ਼ਿਕਰਯੋਗ ਹੈ ਕਿ ਇਸ ਖੇਤਰ ਵਿੱਚੋਂ ਗੁਜ਼ਰਦੀ ਘੱਗਰ ਨਦੀ ਦੇ ਪਿਛਲੇ ਸਾਲ ਦੇ ਹੜ੍ਹਾਂ ਤੋਂ ਲੋਕ ਹਾਲੇ ਵੀ ਡਰੇ ਹੋਏ ਹਨ| ਭਾਵੇਂ ਲੰਘੇ ਕੱਲ੍ਹ ਡੀਸੀ ਪਟਿਆਲਾ ਨੇ ਡਰੇਨੇਜ ਵਿਭਾਗ ਦੀ ਟੀਮ ਸਣੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਸੀ ਪਰ ਹੜ੍ਹਾਂ ਤੋਂ ਪ੍ਰਭਾਵਿਤ ਹੋਣ ਵਾਲੇ ਵੱਖ-ਵੱਖ ਕਿਸਾਨਾਂ ਦਾ ਗਿਲਾ ਹੈ ਕਿ ਘੱਗਰ ਤੇ ਹੋਰ ਵਹਿੰਦੇ ਛੋਟੇ-ਮੋਟੇ ਬਰਸਾਤੀ ਨਾਲਿਆਂ ਦੀ ਉਸ ਕਦਰ ਹਾਲੇ ਤੱਕ ਸਫਾਈ ਨਹੀ ਹੋਈ ਕਿ ਹੜ੍ਹਾਂ ਤੋਂ ਬਚਣ ਦੀ ਪੂਰੀ ਉਮੀਦ ਲਗਾਈ ਜਾ ਸਕੇ| ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਥਾਨਕ ਆਗੂਆਂ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਤੁੱਲੇਵਾਲ, ਕਰਮ ਸਿੰਘ ਤੇ ਹਾਕਮ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੜ੍ਹ ਰੋਕੂ ਪ੍ਰਬੰਧਾਂ ਨੂੰ ਬਿਨਾਂ ਦੇਰੀ ਚੁਸਤ ਦਰੁਸਤ ਬਣਾਇਆ ਜਾਵੇ| ਕਿਸਾਨਾਂ ਨੇ ਇਹ ਵੀ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਇਜ਼ਾ ਲੈਣ ਦੀ ਥਾਂ ਅਮਲੀ ਪ੍ਰਬੰਧਾਂ ਵੱਲ ਜ਼ੋਰ ਦੇਣ ਦੀ ਲੋੜ ਹੈ, ਜਦੋਂ ਕਿ ਹਾਲੇ ਤੱਕ ਢੁੱਕਵੇਂ ਅਮਲੀ ਪ੍ਰਬੰਧ ਨਹੀ ਹੋਏ|