ਪੱੈਕ ਨੇ 103 ਸਾਲਾਂ ਦੇ ਇਤਿਹਾਸ ਵਿੱਚ ਕਈ ਚੁਣੌਤੀਆਂ ਸਰ ਕੀਤੀਆਂ: ਕਟਾਰੀਆ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਅਕਤੂਬਰ
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਇੰਜਨੀਅਰਿੰਗ ਕਾਲਜ (ਪੈੱਕ) ਦਾ 103 ਸਾਲ ਦਾ ਸਫ਼ਰ ਸ਼ਾਨਦਾਰ ਰਿਹਾ ਹੈ ਤੇ ਇਸ ਸਮੇਂ ਦੌਰਾਨ ਪੈੱਕ ਨੇ ਕਈ ਚੁਣੌਤੀਆਂ ਨੂੰ ਸਰ ਕੀਤਾ ਹੈ। ਉਨ੍ਹਾਂ ਪੈੱਕ ਦੇ ਵਿਦਿਆਰਥੀਆਂ ਵੱਲੋਂ ਦੇਸ਼ ਦੇ ਵਿਕਾਸ ਵਿਚ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਇਸ ਵੇਲੇ ਪੈੱਕ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ। ਸ੍ਰੀ ਕਟਾਰੀਆ ਨੇ ਅੱਜ ਪੈੱਕ ਦੇ ਡਿਗਰੀ ਵੰਡ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਬੀਟੈੱਕ, ਐੱਮਟੈੱਕ ਤੇ ਪੀਐੱਚਡੀ ਦੀਆਂ ਡਿਗਰੀਆਂ ਵੰਡੀਆਂ। ਇਸ ਮੌਕੇ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ, ਵਧੀਕ ਸਕੱਤਰ ਤਕਨੀਕੀ ਸਿੱਖਿਆ ਅਮਨਦੀਪ ਸਿੰਘ ਭੱਟੀ ਵੀ ਮੌਜੂਦ ਸਨ। ਪੈੱਕ ਦੇ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।
ਉਨ੍ਹਾਂ ਸਾਈਕਲਿੰਗ ਲਈ ਵਿਦਿਆਰਥਣ ਨਾਨਕੀ ਨੂੰ ਚੇਤਨ ਚੌਹਾਨ ਪੁਰਸਕਾਰ ਮਿਲਣ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਨਿਸ਼ਾਨੇਬਾਜ਼ੀ ਵਰਗ ਲਈ ਭਵਤੇਗ ਗਿੱਲ ਦੇ ਮਾਅਰਕੇ ਲਈ ਵਧਾਈ ਦਿੱਤੀ। ਉਨ੍ਹਾਂ ਕਾਲਜ ਦੇ ਵਿਦਿਆਰਥੀ ਦੀਪਕ ਸੈਣੀ ਦੇ ਬਿਮਾਰੀਆਂ ਦੀ ਸਟੇਜ ਨੂੰ ਟਰੈਕ ਕਰਨ ਅਤੇ ਇਲਾਜ ਲਈ ਨਵੀਨਤਮ ਯੰਤਰ ਬਣਾਉਣ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਡਾ. ਸ਼ਿਮੀ ਐੱਸਐੱਲ ਨੂੰ ਦੇਸ਼ ਦਾ ਵੱਕਾਰੀ ਨੈਸ਼ਨਲ ਟੀਚਰਜ਼ ਐਵਾਰਡ ਮਿਲਣ ’ਤੇ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੈੱਕ ਦੇ ਪ੍ਰੋਫੈਸਰ ਤੇ ਵਿਦਿਆਰਥੀ ਮਾਅਰਕੇ ਮਾਰ ਰਹੇ ਹਨ। ਉਨ੍ਹਾਂ ਤਿੰਨ ਪ੍ਰੋਫੈਸਰਾਂ ਨੂੰ ਵਿਸ਼ਵ ਦੇ ਸਿਖਰਲੇ ਦੋ ਫ਼ੀਸਦੀ ਵਿਗਿਆਨੀਆਂ ਦੀ ਸੂਚੀ ਵਿੱਚ ਚੁਣੇ ਜਾਣ ਲਈ ਵੀ ਵਧਾਈ ਦਿੱਤੀ। ਸ੍ਰੀ ਕਟਾਰੀਆ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਤੇ ਨਵੀਆਂ ਖੋਜਾਂ ਤੇ ਤਜਰਬੇ ਜ਼ਰੀਏ ਪੈੱਕ ਦਾ ਨਾਂ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਸਿੱਖਣ ਦੀ ਤਾਂਘ ਹਰ ਵੇਲੇ ਵਿਦਿਆਰਥੀਆਂ ਵਿੱਚ ਮੌਜੂਦ ਹੋਣੀ ਚਾਹੀਦੀ ਹੈ। ਮੇਕ ਇਨ ਇੰਡੀਆ, ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ @ 2047 ਦੇ ਕੌਮੀ ਮਿਸ਼ਨ ਨੂੰ ਪ੍ਰਾਪਤ ਕਰਨ ਦੀ ਚੁਣੌਤੀ ਇਨ੍ਹਾਂ ਨੌਜਵਾਨ ਗਰੈਜੂਏਟਾਂ ਦੇ ਮੋਢਿਆਂ ’ਤੇ ਹੈ।