ਪੇਸ ਤੇ ਅੰਮ੍ਰਿਤਰਾਜ ਨੂੰ ਟੈਨਿਸ ਹਾਲ ਆਫ ਫੇਮ ਵਿੱਚ ਕੀਤਾ ਸ਼ਾਮਲ
ਨਿਊਪੋਰਟ, 21 ਜੁਲਾਈ
ਭਾਰਤ ਦੇ ਮਹਾਨ ਟੈਨਿਸ ਖਿਡਾਰੀ ਲਿਏਂਡਰ ਪੇਸ ਅਤੇ ਵਿਜੈ ਅੰਮ੍ਰਿਤਰਾਜ ਨੂੰ ਅੱਜ ਟੈਨਿਸ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਦੋਵੇਂ ਇਸ ਸੂੁਚੀ ਵਿੱਚ ਜਗ੍ਹਾ ਬਣਾਉਣ ਵਾਲੇ ਏਸ਼ੀਆ ਦੇ ਪਹਿਲੇ ਦੋ ਖਿਡਾਰੀ ਬਣ ਗਏ ਹਨ। ਪੇਸ ਦੀ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ 1996 ਅਟਲਾਂਟਾ ਓਲੰਪਿਕ ਖੇਡਾਂ ’ਚ ਪੁਰਸ਼ ਸਿੰਗਲਜ਼ ਕਾਂਸੇ ਦਾ ਤਗ਼ਮਾ ਜਿੱਤਣਾ ਰਹੀ ਹੈ। ਇਹ 51 ਸਾਲ ਦਾ ਸਾਬਕਾ ਖਿਡਾਰੀ ਅੱਠ ਪੁਰਸ਼ ਡਬਲਜ਼ ਅਤੇ 10 ਮਿਕਸਡ ਡਬਲਜ਼ ਗਰੈਂਡ ਸਲੈਮ ਖਿਤਾਬ ਜਿੱਤਣ ਦੇ ਨਾਲ ਭਾਰਤ ਦੀਆਂ ਡੇਵਿਸ ਕੱਪ ਦੀਆਂ ਕਈ ਯਾਦਗਾਰ ਜਿੱਤਾਂ ਦਾ ਹਿੱਸਾ ਰਿਹਾ ਹੈ। ਉਸ ਨੂੰ ਹਾਲ ਆਫ ਫੇਮ ਦੀ ‘ਪਲੇਅਰ ਕੈਟੇਗਰੀ’ ਵਿੱਚ ਜਗ੍ਹਾ ਦਿੱਤੀ ਗਈ ਹੈ। ਵਿਜੈ ਅੰਮ੍ਰਿਤਰਾਜ ਵਿੰਬਲਡਨ ਅਤੇ ਅਮਰੀਕਾ ਓਪਨ ਵਿੱਚ ਦੋ-ਦੋ ਵਾਰ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ’ਚ ਪੁੱਜਿਆ। ਇਸ 70 ਸਾਲ ਦੇ ਖਿਡਾਰੀ ਨੇ ਭਾਰਤ ਨੂੰ ਦੋ ਵਾਰ 1974 ਅਤੇ 1987 ਵਿੱਚ ਡੇਵਿਸ ਕੱਪ ਫਾਈਨਲ ਵਿੱਚ ਪਹੁੰਚਾਇਆ। ਆਪਣੇ ਸਮੇਂ ਦੌਰਾਨ ਉਹ ਸਿੰਗਲਜ਼ ਰੈਂਕਿੰਗ ਵਿੱਚ 18ਵੇਂ ਅਤੇ ਡਬਲਜ਼ ਰੈਂਕਿੰਗ ਵਿੱਚ 23ਵੇਂ ਸਥਾਨ ’ਤੇ ਰਿਹਾ ਸੀ। ਉਸ ਨੂੰ ਰਿਚਰਡ ਇਵਾਂਸ ਨਾਲ ਕੰਟਰੀਬਿਊਟਰ ਕੈਟੇਗਰੀ ਵਿੱਚ ਹਾਲ ਆਫ ਫੇਮ ’ਚ ਸ਼ਾਮਲ ਕੀਤਾ ਗਿਆ। ਕੌਮਾਂਤਰੀ ਟੈਨਿਸ ਹਾਲ ਆਫ ਫੇਮ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ‘‘ਪੇਸ ਨੂੰ ਖਿਡਾਰੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਸੀ, ਜਦਕਿ ਅੰਮ੍ਰਿਤਰਾਜ ਅਤੇ ਇਵਾਂਸ ਨੂੰ ਕੰਟਰੀਬਿਊਟਰ ਸ਼੍ਰੇਣੀ ਵਿੱਚ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ ਤਿੰਨਾਂ ਦੇ ਹਾਲ ਆਫ ਫੇਮ ਵਿੱਚ ਜਗ੍ਹਾ ਬਣਾਉਣ ਮਗਰੋਂ ਇਸ ਸੂਚੀ ’ਚ ਹੁਣ 28 ਦੇਸ਼ਾਂ ਦੇ ਕੁੱਲ 267 ਦਿੱਗਜ ਸ਼ਾਮਲ ਹੋ ਗਏ ਹਨ।’’ -ਪੀਟੀਆਈ