ਪੀ.ਯੂ. ਵਿੱਚ ਧਰਨੇ ਵਾਲੀ ਥਾਂ ਖਰਾਬ ਕਰਨ ਦਾ ਮਾਮਲਾ ਭਖਿਆ
ਕੁਲਦੀਪ ਸਿੰਘ
ਚੰਡੀਗੜ੍ਹ, 29 ਜੂਨ
ਪੰਜਾਬ ਯੂਨੀਵਰਸਿਟੀ ਅਥਾਰਿਟੀ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨੇ ਪ੍ਰਦਰਸ਼ਨ ਕਰਨ ਵਾਲੀ ਥਾਂ ਖ਼ਤਮ ਕਰਨ ਦੀ ਮਨਸ਼ਾ ਨਾਲ ਇੱਥੇ ਮਿੱਟੀ ਦੇ ਢੇਰ ਲਗਾ ਦਿੱਤੇ ਜਾਣ ਦਾ ਵਿਦਿਆਰਥੀ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਅਥਾਰਿਟੀ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਉਪਰੰਤ ਅਥਾਰਿਟੀ ਵੱਲੋਂ ਰਜਿਸਟਰਾਰ ਅਤੇ ਡੀਐੱਸਡਬਲਿਊ ਨੇ ਮੀਟਿੰਗ ਕਰ ਕੇ ਵੀ.ਸੀ. ਦਫ਼ਤਰ ਅੱਗੇ ਧਰਨੇ ਵਾਲੀ ਥਾਂ ਪਹਿਲਾਂ ਵਾਂਗ ਬਰਕਰਾਰ ਰੱਖਣ ਦਾ ਭਰੋਸਾ ਦਿੱਤਾ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਡਾ. ਪਿਆਰੇ ਲਾਲ ਗਰਗ, ਪੱਤਰਕਾਰ ਐੱਸ.ਪੀ. ਸਿੰਘ, ਵਿਦਿਆਰਥੀ ਜਥੇਬੰਦੀਆਂ ਵਿੱਚ ਐੱਸਐੱਫਐੱਸ ਦੇ ਪ੍ਰਧਾਨ ਸੰਦੀਪ, ਏਐੱਸਏ ਤੋਂ ਗੁਰਦੀਪ ਸਿੰਘ, ਗੌਤਮ ਬੌਰੀਆ, ਪੀਐੱਸਯੂ (ਲਲਕਾਰ) ਤੋਂ ਅਮਨਦੀਪ ਸਿੰਘ, ਜੋਬਨਪ੍ਰੀਤ ਸਿੰਘ, ਅਮਨਦੀਪ ਕੌਰ, ਸੱਥ ਤੋਂ ਜੋਧ ਸਿੰਘ, ਏਐੱਫਐੱਸਐੱਸ ਤੋਂ ਪਰਮ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਅਥਾਰਿਟੀ ਵੱਲੋਂ ਲੋਕਤੰਤਰਿਕ ਢਾਂਚੇ ਨੂੰ ਤਹਿਸ-ਨਹਿਸ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨੇ ਪ੍ਰਦਰਸ਼ਨ ਕਰਨਾ ਵੀ ਉਸੇ ਲੋਕਤੰਤਰ ਦਾ ਹਿੱਸਾ ਸੀ ਪ੍ਰੰਤੂ ਅਥਾਰਿਟੀ ਇੱਥੇ ਧਰਨੇ ਪ੍ਰਦਰਸ਼ਨ ਰੋਕਣਾ ਚਾਹੁੰਦੀ ਹੈ ਜਿਸ ਕਰਕੇ ਇੱਥੇ ਬੀਤੀ ਦੇਰ ਰਾਤ ਨੂੰ ਬਾਗਬਾਨੀ ਵਿੰਗ ਰਾਹੀਂ ਮਿੱਟੀ ਦੇ ਢੇਰ ਲਗਵਾ ਕੇ ਲੋਕਤੰਤਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਗਿਆ ਹੈ।
ਐੱਸਐੱਫਐੱਸ ਦੇ ਪ੍ਰਧਾਨ ਸੰਦੀਪ ਨੇ ਕਿਹਾ ਕਿ ਵੀ.ਸੀ. ਦਫ਼ਤਰ ਦੇ ਸੁੰਦਰੀਕਰਨ ਦੀ ਆੜ ਹੇਠ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਲੜਾਈ ਵਿਦਿਆਰਥੀ ਹੱਕਾਂ ਦੀ ਹੈ ਤੇ ਗੈਰ-ਜਮਹੂਰੀ ਕੰਮ ਕਰਨ ਵਾਲਿਆਂ ਨੂੰ ਇਸੇ ਤਰ੍ਹਾਂ ਨੰਗਾ ਕੀਤਾ ਜਾਂਦਾ ਰਹੇਗਾ। ਡਾ. ਪਿਆਰੇ ਲਾਲ ਗਰਗ ਅਤੇ ਪੱਤਰਕਾਰ ਐਸ.ਪੀ. ਸਿੰਘ ਨੇ ਕਿਹਾ ਕਿ ‘ਵਰਸਿਟੀ ਵਿੱਚ ਪ੍ਰਦਰਸ਼ਨ ਵਾਲੀਆਂ ਥਾਵਾਂ ਨੂੰ ਉਜਾੜਨ ਦੀਆਂ ਸਾਜਿਸ਼ਾਂ ਤੁਰੰਤ ਬੰਦ ਕੀਤੀਆਂ ਜਾਣ ਤੇ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨੇ ਵਾਲੀ ਥਾਂ ਲਗਾਏ ਮਿੱਟੀ ਦੇ ਢੇਰ ਚੁਕਵਾ ਕੇ ਲੋਕਤੰਤਰ ਪੱਖੀ ਹੋਣ ਦਾ ਸਬੂਤ ਦਿੱਤਾ ਜਾਵੇ।