ਆਕਸਫੋਰਡ ਸਕੂਲ ਦੇ ਖਿਡਾਰੀਆਂ ਨੇ ਸੂਬਾ ਪੱਧਰੀ ਖੇਡਾਂ ਵਿੱਚ ਥਾਂ ਬਣਾਈ
ਦੇਵਿੰਦਰ ਸਿੰਘ ਜੱਗੀ
ਪਾਇਲ, 7 ਨਵੰਬਰ
ਇੱਥੇ ਆਕਸਫੋਰਡ ਸਕੂਲ ਵਿੱਚ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਫੁਟਬਾਲ ਦੇ ਮੁਕਾਬਲੇ ਕਰਵਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਟੂਰਨਾਮੈਂਟ ਵਿੱਚ ਜ਼ਿਲੇ ਭਰ ਤੋਂ ਲਗਪਗ 40 ਦੇ ਕਰੀਬ ਲੜਕੀਆਂ ਤੇ ਲੜਕਿਆਂ ਦੀਆਂ ਟੀਮਾਂ ਨੇ ਭਾਗ ਲਿਆ। ਲੜਕਿਆਂ ਵਿੱਚ ਲੁਧਿਆਣਾ ਇੱਕ ਬਲੌਕ ਦੀ ਟੀਮ ਨੇ ਅਤੇ ਲੜਕੀਆਂ ਦੇ ਵਰਗ ਵਿੱਚ ਸਮਰਾਲਾ ਬਲੌਕ ਦੀ ਟੀਮ ਨੇ ਬਾਜ਼ੀ ਮਾਰੀ। ਖੇਡ ਵਿਭਾਗ, ਸਿੱਖਿਆ ਵਿਭਾਗ ਦੇ ਨਾਲ ਨਾਲ ਸਕੂਲ ਦੇ ਖੇਡ ਵਿੰਗ ਰਵਿੰਦਰ ਸਿੰਘ, ਮਨਜੀਤ ਸਿੰਘ, ਗਗਨਦੀਪ ਸਿੰਘ ਅਤੇ ਸੁਮਨਦੀਪ ਕੌਰ ਨੇ ਆਪਣੀ ਅਣਥੱਕ ਮਿਹਨਤ ਨਾਲ ਇਸ ਟੂਰਨਾਮੈਂਟ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ। ਸਕੂਲ ਦੇ ਖਿਡਾਰੀਆਂ ਵਿੱਚ ਪ੍ਰਤੀਕ ਸਿੰਘ, ਸੱਚਕੀਰਤ ਸਿੰਘ, ਗੈਰੀ ਸਿੰਘ ਗਿੱਲ, ਸਮਰੀਤ ਕੌਰ, ਏਜਲਪ੍ਰੀਤ ਕੌਰ, ਜਪਸ਼ੀਰਤ ਕੌਰ, ਸਹਿਜਮਨ ਕੌਰ, ਬਾਰਬੀ ਬਸੀ, ਜੈਸਮੀਨ ਕੌਰ ਤੇ ਗੁਰਲੀਨ ਕੌਰ ਨੇ ਦੋਰਾਹਾ ਬਲੌਕ ਦੀ ਟੀਮ ਵੱਲੋਂ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅੱਗੇ ਸਟੇਟ ਲੈਵਲ ਮੁਕਾਬਲਿਆਂ ਲਈ ਜ਼ਿਲ੍ਹਾ ਟੀਮ ਵਿੱਚ ਜਗ੍ਹਾ ਬਣਾਈ। ਮੁਕਾਬਲਿਆਂ ਦੌਰਾਨ ਟੂਰਨਾਮੈਂਟ ਸਟਾਫ, ਖੇਡ ਵਿਭਾਗ, ਵੱਖ ਵੱਖ ਸਕੂਲਾਂ ਤੋਂ ਆਈਆਂ ਟੀਮਾਂ ਨੇ ਸਕੂਲ ਦੀ ਖੇਡ ਸੁਵਿਧਾਵਾਂ ਦੀ ਸ਼ਲਾਘਾ ਕੀਤੀ ਅਤੇ ਸਕੂਲ ਦਾ ਧੰਨਵਾਦ ਕੀਤਾ। ਟੂਰਨਾਮੈਂਟ ਦੇ ਫਾਈਨਲ ਮੁਕਾਬਲਿਆਂ ਦਾ ਉਦਘਾਟਨ ਕਰਦੇ ਹੋਏ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਸ੍ਰੀ ਵਿਜੇ ਕਪੂਰ, ਮੈਨੇਜ਼ਰ ਸੁਰਜੀਤ ਸਿੰਘ ਗਿੱਲ, ਬੀਪੀਈਓ ਮਨਜਿੰਦਰ ਸਿੰਘ ਨੇ ਸਾਰੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਅੱਗੇ ਭਵਿੱਖ ਵਿੱਚ ਵੀ ਬੱਚਿਆਂ ਅਤੇ ਨੌਜਵਾਨਾਂ ਲਈ ਇਸੇ ਤਰ੍ਹਾਂ ਦੇ ਸਾਰਥਕ ਉਪਰਾਲੇ ਕਰਨ ਦਾ ਭਰੋਸਾ ਦਿਵਾਇਆ। ਇਨਾਮਾਂ ਦੀ ਵੰਡ ਜਿਲਾ ਸਿੱਖਿਆ ਅਫ਼ਸਰ ਮੈਡਮ ਰਵਿੰਦਰ ਕੌਰ, ਡਿਪਟੀ ਡੀਈਓ ਮਨੋਜ ਕੁਮਾਰ ਅਤੇ ਇਲਾਕੇ ਦੀਆ ਮਾਣਯੋਗ ਸ਼ਖਸੀਅਤਾਂ ਨੇ ਕੀਤੀ ਅਤੇ ਆਕਸਫੋਰਡ ਸਕੂਲ ਨੂੰ ਬੇਹਤਰੀਨ ਸੁਵਿਧਾਵਾਂ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।