ਆਪਣਿਆਂ ਦੇ ਮੋਢੇ
ਗੁਰਮਲਕੀਅਤ ਸਿੰਘ ਕਾਹਲੋਂ
ਸਦੀ ਦੇ ਹਾੜ੍ਹ ਸਿਆਲ ਪਿੰਡੇ ’ਤੇ ਹੰਢਾ ਕੇ ਰੱਬ ਨੂੰ ਪਿਆਰੇ ਹੋਏ ਭੋਲਾ ਸਿੰਘ ਫੌਜੀ ਦੇ ਸਸਕਾਰ ਲਈ ਚਾਰ ਜਣੇ ਅਰਥੀ ਚੁੱਕ ਕੇ ਤੁਰਨ ਲੱਗੇ ਸੀ। ਸੱਠਾਂ ਤੋਂ ਟੱਪਿਆ ਉਸ ਦਾ ਪੁੱਤਰ ਮੰਗਾ ਸਿੰਘ ਤੇਜ਼ੀ ਨਾਲ ਤੁਰਦਾ ਮੂਹਰੇ ਆਣ ਖੜੋਤਾ ਤੇ ਪਾਲੇ ਨੂੰ ਪਾਸੇ ਹੋਣ ਦਾ ਇਸ਼ਾਰਾ ਕਰਕੇ ਅਰਥੀ ਨੂੰ ਮੋਢਾ ਦੇਣ ਲਈ ਝੁਕਿਆ। ਸਭ ਦੀ ਹੈਰਾਨੀ ਕੁਦਰਤੀ ਸੀ। ‘ਕਿਤੇ ਠੇਡਾ ਖਾ ਕੇ ਈ ਨਾ ਡਿੱਗ ਪਵੇ,’ ਸਵਾਲ ਕਈਆਂ ਦੇ ਮਨਾਂ ’ਚ ਉੱਭਰਿਆ। ਖ਼ੁਦ ਬਣਾਉਟੀ ਲੱਤ ਸਹਾਰੇ ਤੁਰਦਾ ਤੇ ਸੱਜੇ ਹੱਥ ਦਾ ਕੰਮ ਵੀ ਖੱਬੇ ਤੋਂ ਲੈਂਦੇ ਬਜ਼ੁਰਗ ਵੱਲੋਂ ਮੋਢਾ ਦੇਣ ’ਤੇ ਉਹ ਹੈਰਾਨ ਸਨ, ਪਰ ਉਸ ਨੇ ਪਿਓ ਨੂੰ ਖ਼ੁਦ ਤੋਰ ਕੇ ਆਉਣ ਦਾ ਹੌਸਲਾ ਇਕੱਠਾ ਕਰ ਲਿਆ ਸੀ। ਪਾਲੇ ਨੇ ਮਾਸੜ ਨਾਲ ਜ਼ਿੱਦ ਕਰਨੀ ਠੀਕ ਨਾ ਸਮਝੀ ਤੇ ਉਹ ਨਾਲ ਨਾਲ ਹੋ ਕੇ ਚੱਲਣ ਲੱਗਾ।
ਜ਼ੈਲਦਾਰਾਂ ਦੇ ਨਿਆਈਂ ਵਾਲੇ ਖੇਤਾਂ ਕੋਲੋਂ ਲੰਘਦੇ ਪਹੇ ਦੇ ਮੋੜ ਵਾਲੇ ਸ਼ਮਸ਼ਾਨਘਾਟ ’ਚ ਸਸਕਾਰ ਦੀਆਂ ਤਿਆਰੀਆਂ ਉਹ ਕਰ ਆਏ ਸੀ। ਬਾਕੀ ਤਿੰਨੇ ਮੋਢੇ ਰਸਤੇ ਵਿੱਚ ਬਦਲੇ ਜਾ ਰਹੇ ਸੀ, ਪਰ ਪਾਲੇ ਦਾ ਮਾਸੜ ਉਸ ਦੇ ਕਹਿਣ ’ਤੇ ਵੀ ਪਾਸੇ ਨਾ ਹੋਇਆ। ਉਸ ਨੂੰ ਤੁਰਦਿਆਂ ਵੇਖ ਲੱਗਦਾ ਸੀ ਜਿਵੇਂ ਬਣਾਉਟੀ ਲੱਤ ਵਿੱਚ ਜਾਨ ਪੈ ਗਈ ਹੋਵੇ ਤੇ ਕੱਟੀ ਹਥੇਲੀ ਸਾਲਮ ਹੱਥ ਬਣ ਗਈ ਹੋਵੇ। ਪਿੱਛੇ ਤੁਰੇ ਜਾਂਦੇ ਲੋਕਾਂ ਦੇ ਚੇਤਿਆਂ ’ਚੋਂ ਭੋਲਾ ਸਿੰਘ ਵੱਲੋਂ ਕੀਤੇ ਚੰਗੇ ਕੰਮ ਉੱਭਰ ਰਹੇ ਸੀ। ਉਸ ਦਾ ਸਦੀ ਤੱਕ ਪੁੱਜਣਾ ਉਸ ਦੀਆਂ ਚੰਗਿਆਈਆਂ ਦਾ ਸਬੂਤ ਸੀ।
‘ਵਾਹਿਗੁਰੂ ਨੇ ਉਸ ਨੂੰ ਸੋਹਣੀ ਤੇ ਲੰਮੀ ਆਉਧ ਪੁਗਾਉਣ ਤੋਂ ਬਾਅਦ ਆਪਣੇ ਚਰਨਾਂ ’ਚ ਨਿਵਾਸ ਦੇਣ ਲਈ ਸੱਦਿਆ’ ਦਾ ਖ਼ਿਆਲ ਸਭ ਨੂੰ ਉਸ ਵਰਗਾ ਬਣਨ ਲਈ ਉਕਸਾਉਣ ਲੱਗਾ। ਫੌਜੀ ਨੂੰ ਪਿੰਡੋਂ ਅੰਤਿਮ ਸਫ਼ਰ ’ਤੇ ਆਉਂਦੇ ਵੇਖ ਖੂੰਡੇ ਉੱਪਰੋਂ ਹੱਥ ਜੋੜ ਕੇ ਖੜ੍ਹਾ ਜ਼ੈਲਦਾਰ ਕੋਲ ਆਉਣ ’ਤੇ ਨਾਲ ਰਲ ਗਿਆ। ਟਿਕਾਣੇ ਪਹੁੰਚ ਕੇ ਅਰਥੀ ਨੂੰ ਚਿਣੀਆਂ ਲੱਕੜਾਂ ’ਤੇ ਰੱਖਣ ਵੇਲੇ ਮੰਗਾ ਸਿੰਘ ਹੱਥ ਪਵਾਉਣ ਲੱਗਾ। ਡੇਢ ਹੱਥ ਨਾਲ ਲੱਕੜਾਂ ਚੁੱਕ ਕੇ ਉਹ ਬਾਪੂ ਉੱਪਰ ਰੱਖਦਾ ਰਿਹਾ। ਬਣਾਉਟੀ ਲੱਤ ਦੇ ਭਾਰ ਝੱਲਣ ਦਾ ਡਰ ਉਸ ਦੇ ਚੇਤੇ ’ਚੋਂ ਵਿਸਰ ਗਿਆ ਸੀ। ਭਾਈ ਜੀ ਨੇ ਫੌਜੀ ਦੀ ਰੂਹ ਨੂੰ ਆਪਣੇ ਚਰਨਾ ’ਚ ਨਿਵਾਸ ਦੇਣ ਦੀ ਅਰਦਾਸ ਕੀਤੀ। ਬਲਦੇ ਕੱਖ ਫੜ ਕੇ ਚਿਖਾ ਦੇ ਗਿਰਦ ਘੁੰਮਦਿਆਂ ਉਹ ਮਨ ’ਤੇ ਕਾਬੂ ਨਾ ਪਾ ਸਕਿਆ। ਮਨ ’ਚੋਂ ਦਰਦ ਦਾ ਉਬਾਲ ਬਣ ਕੇ ਨਿਕਲੀ ਭੁੱਬ ਨੇ ਸਭ ਦੀਆਂ ਅੱਖਾਂ ਚੋਣ ਲਾ ਦਿੱਤੀਆਂ। ਉਸ ਲਈ ਖੜ੍ਹਨਾ ਔਖਾ ਹੋ ਗਿਆ। ਉਸ ਨੂੰ ਲੱਗਿਆ ਜਿਵੇਂ ਸਿਰ ਦੀ ਛਾਂ ਤੋਂ ਵਾਂਝਾ ਹੋ ਗਿਆ ਹੋਏ। ਸ਼ਿੰਦੇ ਨੇ ਉਸ ਨੂੰ ਫੜ ਕੇ ਰੁੱਖ ਦੀ ਛਾਂਵੇਂ ਬਹਾਇਆ ਤੇ ਪਾਣੀ ਪਿਲਾਇਆ। ਬਲਦੀ ਚਿਤਾ ਵੱਲ ਵੇਖਦਿਆਂ ਉਸ ਨੂੰ ਖ਼ੁਦ ਪਤਾ ਨਾ ਲੱਗਾ ਕਿ ਕਦ ਉਹ 50 ਸਾਲ ਪਿੱਛੇ ਚਲੇ ਗਿਆ ਤੇ ਹੱਡਬੀਤੀਆਂ ਦੇ ਦ੍ਰਿਸ਼ ਫਿਲਮ ਬਣ ਕੇ ਉਸ ਦੀਆਂ ਅੱਖਾਂ ਮੂਹਰੇ ਘੁੰਮਣ ਲੱਗ ਪਏ।
ਉਸ ਦਾ ਬਾਪ ਫੌਜੀ ਸੀ ਜਿਸ ਨੇ 20 ਕੁ ਸਾਲ ਦੀ ਨੌਕਰੀ ਦੌਰਾਨ ਪਹਿਲਾਂ ਬਰਮਾ ਦੇ ਜੰਗਲਾਂ ਵਿੱਚ ਕਈ ਦਿਨਾਂ ਦੇ ਫਾਕੇ ਕੱਟੇ ਹੋਏ ਸੀ ਤੇ ਫਿਰ ਕਸ਼ਮੀਰ ਦੀਆਂ ਪਹਾੜੀਆਂ ਦੇ ਬਰਫ਼ ਲੱਦੇ ਤੋਦਿਆਂ ਕੋਲ ਘੁਰਨਿਆਂ ਵਿੱਚ ਪੈ ਕੇ ਜੱਖ ਰਾਤਾਂ ਲੰਘਾਈਆਂ ਸੀ। ਇੱਕ ਵਾਰ ਉਸ ਨੂੰ ਚਾਰ ਸਾਲ ਘਰ ਜਾਣ ਦੀ ਛੁੱਟੀ ਨਹੀਂ ਸੀ ਮਿਲੀ। ਵਿਆਹ ਦੇ ਕਈ ਸਾਲਾਂ ਬਾਅਦ ਤੱਕ ਉਨ੍ਹਾਂ ਦੀ ਝੋਲੀ ਔਲਾਦ ਪੱਖੋਂ ਖਾਲੀ ਸੀ, ਪਰ ਦੋਹਾਂ ਨੇ ਕਦੇ ਇਸ ਦਾ ਝੋਰਾ ਮਨਾਂ ’ਤੇ ਨਾ ਲਾਇਆ। ਕੋਈ ਪੁੱਛਦਾ ਤਾਂ ਅਕਸਰ ਉਹ ‘ਰੱਬ ਦੀ ਮਰਜ਼ੀ’ ਕਹਿ ਕੇ ਗੱਲ ਟਾਲ ਦਿੰਦੇ। ਰੱਬ ਉੱਤੇ ਅਟੱਲ ਵਿਸ਼ਵਾਸ ਉਨ੍ਹਾਂ ਦੇ ਮਨਾਂ ’ਤੇ ਉੱਕਰਿਆ ਹੋਇਆ ਸੀ। ਗੁਰਦੁਆਰੇ, ਮੰਦਰ, ਮਸੀਤ ਤੇ ਗਿਰਜਾ ਘਰ ਉਨ੍ਹਾਂ ਲਈ ਇੱਕ ਸਮਾਨ ਸਨ। ਕਹਿੰਦੇ ‘ਸਾਰੇ ਰੱਬ ਦੇ ਘਰ ਨੇ, ਦਿੱਖ ਵੱਖਰੀ ਆ, ਫਿਰ ਕੀ ਹੋਇਆ’। ਜਿੱਥੇ ਵੀ ਜਾਂਦੇ, ਮੱਥਾ ਟੇਕਣ ਲੱਗਿਆਂ ਉਨ੍ਹਾਂ ਦੇ ਹੱਥ ਖੁੱਲ੍ਹੇ ਤੇ ਤਲੀਆਂ ਉੱਪਰਲੇ ਪਾਸੇ ਹੁੰਦੀਆਂ। ਕਹਿੰਦੇ, ਰੱਬ ਤੋਂ ਮੰਗਣਾ ਈ ਆ ਤਾਂ ਝਿਜਕ ਕਾਹਦੀ।
ਸਰਹੱਦ ’ਤੇ ਬੈਠਿਆਂ ਕਦੇ ਕਦੇ ਭੋਲਾ ਸਿੰਘ ਨੂੰ ਘਰ ਦੀ ਯਾਦ ਸਤਾਉਂਦੀ। ਸੋਚਦਾ, ਸੁਰਜੀਤ ਨੇ ਵਿਆਹ ਇਕੱਲੇ ਰਹਿਣ ਵਾਸਤੇ ਥੋੜ੍ਹਾ ਕਰਾਇਆ ਸੀ, ਪਰ ਰੱਬ ਨੇ ਉਸ ਦੀ ਹੂਕ ਨੇੜੇ ਹੋ ਕੇ ਸੁਣੀ। ਸਰਕਾਰ ਦੀ ਸਕੀਮ ਆਈ, ਵੀਹ ਸਾਲਾਂ ਵਾਲੇ ਜਿਹੜੇ ਰਿਟਾਇਰ ਹੋਣਾ ਚਾਹੁਣ ਲਿਖ ਕੇ ਦੇਣ। ਭੋਲਾ ਸਿੰਘ ਨੇ ਅਰਜ਼ੀ ਭਰ ਦਿੱਤੀ ਤੇ ਦੋ ਮਹੀਨੇ ਬਾਅਦ ਉਹ ਬਿਸਤਰਾ ਤੇ ਕੱਪ ਪਲੇਟ ਲੈ ਕੇ ਘਰ ਆ ਗਿਆ। ਸਾਲ ਬਾਅਦ ਉਨ੍ਹਾਂ ਦੇ ਘਰ ਪੁੱਤ ਨੇ ਜਨਮ ਲਿਆ। ਰੱਬ ਮੂਹਰੇ ਹੱਥ ਅੱਡ ਅੱਡ ਕੇ ਲਿਆ ਸੀ। ਨਾਂ ਰੱਖਿਆ ਮੰਗਾ ਸਿੰਘ। ਮੰਗਾ ਜਵਾਨ ਹੋਇਆ। ਪਿਉ-ਪੁੱਤ ਖੇਤਾਂ ’ਚ ਹੁੰਦੇ ਤਾਂ ਕੰਮ ਨੂੰ ਮੂਹਰੇ ਲਾ ਕੇ ਤੋਰ ਲੈਂਦੇ। ਪਿੰਡ ’ਚ ਉਨ੍ਹਾਂ ਦੀ ਠੁੱਕ ਬੱਝ ਗਈ। ਖ਼ੁਸ਼ੀਆਂ ਅਜੇ ਵਧਣ ਈ ਲੱਗੀਆਂ ਸੀ ਕਿ ਭਾਣਾ ਵਾਪਰ ਗਿਆ। ਪਿੰਡ ’ਚ ਬਿਜਲੀ ਨਵੀਂ ਨਵੀਂ ਆਈ ਸੀ। ਖੇਤਾਂ ਦੀ ਸਿੰਚਾਈ ਲਈ ਉਨ੍ਹਾਂ ਮੋਟਰ ਲਵਾ ਲਈ। ਖੰਭੇ ਤੋਂ ਬਿਜਲੀ ਠੀਕ ਕਰਦਿਆਂ ਮੰਗੇ ਨੂੰ ਜ਼ਬਰਦਸਤ ਕਰੰਟ ਲੱਗਾ। ਖੰਭੇ ਤੋਂ ਅੱਗ ਦੀ ਨੀਲੀ ਲਾਟ ਤੇ ਮੰਗੇ ਦੀ ਡਾਟ ਫੌਜੀ ਦੇ ਅੱਖੀਂ ਤੇ ਕੰਨੀ ਪਈ। ਭੱਜ ਕੇ ਕੋਲ ਪਹੁੰਚਿਆ ਤਾਂ ਮੰਗਾ ਬੇਹੋਸ਼ ਸੀ। ਜਾਨ ਬਚਾਉਣ ਲਈ ਡਾਕਟਰਾਂ ਨੂੰ ਉਸ ਦੀ ਸੱਜੀ ਲੱਤ ਗੋਡੇ ਹੇਠੋਂ ਤੇ ਸੱਜਾ ਹੱਥ ਤਲੀ ਤੋਂ ਕੱਟਣਾ ਪਿਆ। ਮੰਗਾ ਅੱਧ ਅਧੂਰਾ ਹੋ ਕੇ ਹਸਪਤਾਲੋਂ ਘਰ ਪਹੁੰਚਿਆ।
“ਬਿਜਲੀ ਮੂਹਰੇ ਕੀ ਜ਼ੋਰ ਸੀ, ਡਾਹਢੇ ਨੇ ਸਾਹਾਂ ਵਾਲੀ ਡੋਰ ਨਹੀਂ ਟੁੱਟਣ ਦਿੱਤੀ।’’ ਰੱਬ ਦੇ ਸ਼ੁਕਰਾਨੇ ’ਚ ਫੌਜੀ ਤੇ ਫੌਜਣ ਦੇ ਮੂੰਹੋਂ ਨਿਕਲਦਾ ਤੇ ਹੱਥ ਜੁੜ ਜਾਂਦੇ।
ਕਿਸੇ ਦੱਸ ਪਾਈ, ਪੂਨੇ ਨਕਲੀ ਲੱਤਾਂ ਲੱਗਦੀਆਂ ਹਨ। ਪੈਸੇ ਪੱਖੋਂ ਹੱਥ ਖੁੱਲ੍ਹਾ ਸੀ। ਪਿਉ, ਪੁੱਤ ਪੂਨੇ ਗਏ ਤੇ ਮੰਗੇ ਦੀ ਫਾਹੁੜੀ ਉੱਥੇ ਈ ਸੁੱਟ ਆਏ। ਛੜੀ ਨੂੰ ਸੱਜੇ ਹੱਥ ਦੇ ਅੰਗੂਠੇ ’ਚ ਫਸਾ ਕੇ ਉਹ ਆਪਣੀਆਂ ਲੱਤਾਂ ’ਤੇ ਤੁਰਦਾ ਘਰ ਪਰਤਿਆ, ਪਰ ਭਾਰੇ ਕੰਮਾਂ ਮੂਹਰੇ ਉਸ ਦੀ ਅਪੰਗਤਾ ਆਣ ਖੜੋਂਦੀ। ਫਿਰ ਵੀ ਉਹ ਹੌਸਲਾ ਨਾ ਹਾਰਦਾ। ਉਨ੍ਹਾਂ ਵੱਲ ਵੇਖਦਾ ਜਿਨ੍ਹਾਂ ਦੀਆਂ ਦੋਵੇਂ ਲੱਤਾਂ ਨਹੀਂ ਹੁੰਦੀਆਂ।
‘‘ਉਹ ਵੀ ਤਾਂ ਜਿਊਂਦੇ ਈ ਨੇ, ਮੇਰੇ ਤਾਂ ਖੱਬੇ ਹੱਥ ਪੈਰ ਦੋਵੇਂ ਚੱਲਦੇ ਨੇ।’’ ਤੇ ਉਹ ਮਨੋਂ ਤਕੜਾ ਹੋ ਜਾਂਦਾ। ਮੰਗੇ ਦੇ ਮਾਂ-ਬਾਪ ਨੂੰ ਉਸ ਦਾ ਘਰ ਵਸਾਉਣ ਦੀ ਚਿੰਤਾ ਸਤਾਉਂਦੀ। ਉਸ ਦਿਨ ਉਹ ਗੁਰਦੁਆਰੇ ਭਾਈ ਜੀ ਤੋਂ ਕਥਾ ਸੁਣ ਰਹੇ ਸੀ। ਜ਼ਿੰਦਗੀ ਨੂੰ ਚਾਰ ਪਹਿਰਾਂ ’ਚ ਵੰਡਦੇ ਹੋਏ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਭਾਈ ਜੀ ਵਿਸਥਾਰ ਨਾਲ ਸਮਝਾ ਰਹੇ ਸੀ। ਜ਼ਿੰਦਗੀ ਦੇ ਚੌਥੇ ਪਹਿਰ ਦੇ ਵਿਸਥਾਰ ਉੱਤੇ ਜ਼ਿਆਦਾ ਜ਼ੋਰ ਦਿੰਦੇ ਭਾਈ ਜੀ ਦੀ ਇੱਕ ਇੱਕ ਗੱਲ ਹਕੀਕਤ ਬਣ ਕੇ ਦੋਹਾਂ ਦੇ ਮਨਾਂ ਉੱਤੇ ਉੱਕਰੀ ਜਾਣ ਲੱਗ ਪਈ। ਬਜ਼ੁਰਗ ਅਵਸਥਾ ਵਿੱਚ ਪਹੁੰਚੇ ਫੌਜੀ ਤੇ ਫੌਜਣ ਦੇ ਮਨਾਂ ਵਿੱਚ ਅੰਤ ਨੇੜੇ ਹੋਣ ਦਾ ਅਹਿਸਾਸ ਜਾਗ ਆਇਆ।
“ਬਾਬਾ ਨਾਨਕ ਜੀ, ਆਹ ਤੁਹਾਡਾ ਈ ਸੰਦੇਸ਼ ਭਾਈ ਜੀ ਨੇ ਸੁਣਾਇਆ ਕਿ ਅਸੀਂ ਹੁਣ ਆਖਰੀ ਪਹਿਰ ’ਚ ਪਹੁੰਚ ਗਏ ਆਂ, ਤੁਸੀਂ ਦੇਰ ਸਵੇਰ ਸਾਡੀ ਹਰ ਗੱਲ ਮੰਨਦੇ ਰਹੇ ਓ, ਆਹ ਮੰਗਾ ਸਿੰਘ ਦਿੱਤਾ ਵੀ ਤੁਸੀਂ ਸੀ, ਪਰ ਹੁਣ ਇਸ ਨੂੰ ਜ਼ਿੰਦਗੀ ਜਿਊਣ ਜੋਗਾ ਵੀ ਤੁਸੀਂ ਬਣਾਉਣੈ।’’ ਦੋਹਾਂ ਦੇ ਮਨਾਂ ’ਚੋਂ ਇੱਕੋ ਵੇਲੇ ਅਰਦਾਸ ਹੋਈ। ਕਥਾ ਸਮਾਪਤ ਹੋਈ। ਪ੍ਰਸ਼ਾਦ ਲੈ ਕੇ ਮੱਥਾ ਟੇਕਦਿਆਂ ਅੱਡੇ ਹੱਥਾਂ ਨਾਲ ਰੱਬ ਤੋਂ ਉਹੀ ਮੰਗ ਮੰਗੀ। ਘਰ ਪਹੁੰਚੇ ਤਾਂ ਨਾਲਦੇ ਪਿੰਡੋਂ ਆਇਆ ਉਨ੍ਹਾਂ ਦਾ ਜਾਣਕਾਰ ਮੰਗੇ ਕੋਲ ਬੈਠਾ ਸੀ। ਸੁਰਜੀਤ ਦੇ ਹੱਥਾਂ ’ਚ ਘੁੱਟਿਆ ਪ੍ਰਸ਼ਾਦ ਅਜੇ ਕੋਸਾ ਹੀ ਸੀ। ਮੰਗਾ ਸਿੰਘ ਤੇ ਉਸ ਬੰਦੇ ਨੇ ਹੱਥ ਧੋਤੇ ਤੇ ਸੁਰਜੀਤ ਮੂਹਰੇ ਕੀਤੇ। ਗੁਰਬਾਣੀ ਸੰਦੇਸ਼ ’ਚ ਗੜੁੱਚ ਕੜਾਹ ਦੇ ਕਣ ਕਣ ਨੇ ਦੋਹਾਂ ਦੇ ਮਨਾਂ ਨੂੰ ਆਪਣੇ ਰੰਗ ’ਚ ਰੰਗ ਲਿਆ। ਉਸ ਬੰਦੇ ਨੇ ਮੰਗੇ ਦੇ ਰਿਸ਼ਤੇ ਦੀ ਗੱਲ ਤੋਰੀ। ਲੜਕੀ ਉਸ ਦੀ ਸਾਲੀ ਦੀ ਬੇਟੀ ਸੀ। ਦੋਹਾਂ ਜੀਆਂ ਦੇ ਹੱਥ ਆਪਣੇ ਆਪ ਜੁੜ ਗਏ, ਇੱਕੋ ਵੇਲੇ ਸ਼ੁਕਰ-ਗੁਜ਼ਾਰ ਹੁੰਦੇ ਬੋਲੇ,
“ਬਾਬਾ ਜੀ ਤੁਸੀਂ ਸਾਡੇ ਕੋਲ ਹੀ ਬੈਠੇ ਸੀ, ਸਾਡੀ ਮੰਗ ਨੂੰ ਐਨੀ ਛੇਤੀ ਸਵੀਕਾਰ ਕਰਕੇ ਉਸ ਨੂੰ ਕਾਰਵਾਈ ਲਈ ਅੱਗੇ ਵੀ ਤੋਰ ਦਿੱਤਾ?’’ ਫੌਜੀ ਆਪਣੇ ਫੌਜ ਵਾਲੇ ਲਹਿਜੇ ਵਿੱਚ ਕਦੇ ਕਦੇ ਰੱਬ ਨਾਲ ਵੀ ਹਾਸਾ ਮਜ਼ਾਕ ਕਰ ਲੈਂਦਾ ਸੀ। ਅਗਲੇ ਦਿਨ ਨਾਲ ਦੇ ਪਿੰਡ ਗੁਰਦੁਆਰੇ ਵਿੱਚ ਦੋਹਾਂ ਪਰਿਵਾਰਾਂ ਦੇ ਮਿਲਾਪ ਦਾ ਪ੍ਰੋਗਰਾਮ ਬਣਾ ਕੇ ਬੂਟਾ ਸਿੰਘ ਚਲੇ ਗਿਆ।
“ਹੈ ਨਾ ਹੈਰਾਨੀ ਵਾਲੀ ਗੱਲ, ਰਿਸ਼ਤੇਦਾਰੀ ਦਾ ਬੂਟਾ ਲਾਉਣ ਵੀ ਬਾਬਾ ਜੀ ਨੇ ਬੂਟਾ ਸਿੰਘ ਨੂੰ ਈ ਭੇਜਿਆ।’’ ਸੁਰਜੀਤ ਨੂੰ ਖ਼ੁਦ ਪਤਾ ਨਾ ਲੱਗਾ, ਉਸ ਦੇ ਗਦ ਗਦ ਹੋਏ ਮਨ ’ਚੋਂ ਆਹ ਖ਼ਿਆਲ ਕਿਵੇਂ ਪੁੰਗਰ ਆਇਆ।
ਅਗਲੇ ਦਿਨ ਸਾਰੇ ਗੁਰੂ ਮੂਹਰੇ ਅਰਜੋਈ ਕਰਕੇ ਗੁਰਦੁਆਰਾ ਹਾਲ ਦੇ ਕੋਨੇ ਵਿੱਚ ਜਾ ਬੈਠੇ। ਹੱਥ ਜੋੜਦਿਆਂ ਫੌਜੀ ਨੇ ਗੱਲ ਤੋਰੀ। “ਅਸੀਂ ਗੁਰੂ ਦੀ ਹਜ਼ੂਰੀ ’ਚ ਬੈਠੇ ਆਂ, ਤੇ ਉਹ ਸਾਰਾ ਕੁਝ ਵੇਖ ਰਿਹਾ। ਚੰਗਾ ਹੋਵੇ ਆਪਾਂ ਸੱਚ ਦਾ ਪੱਲਾ ਫੜੀ ਰੱਖੀਏ ਤਾਂ ਕਿ ਵਾਹਿਗੁਰੂ ਨੂੰ ਨਿਬੇੜਾ ਕਰਨ ’ਚ ਬਹੁਤੇ ਵਰਕੇ ਨਾ ਫਰੋਲਣੇ ਪੈਣ। ਜੋ ਗੱਲ ਮਨ ਵਿੱਚ ਆਏ ਨਿਝਕ ਹੋ ਕੇ ਇੱਕ ਦੂਜੇ ਨੂੰ ਪੁੱਛੋ। ਦੋਹਾਂ ਦੀ ਜ਼ਿੰਦਗੀ ਦੇ ਸਾਥ ਦਾ ਸਵਾਲ ਐ। ਗੱਲ ਮੈਂ ਆਪਣੇ ਤੋਂ ਸ਼ੁਰੂ ਕਰਦਾਂ। ਮੈਨੂੰ ਰਿਸ਼ਤਾ ਮਨਜ਼ੂਰ ਆ।’’ ਕੁੜੀ ਦੇ ਮਾਂ-ਪਿਉ ਨੇ ਹਾਂ ਵਜੋਂ ਸਿਰ ਹਿਲਾ ਦਿੱਤੇ। ਫੌਜੀ ਨੇ ਕੁੜੀ ਦੇ ਮਨ ਦੀ ਟੋਹ ਲਾਉਣੀ ਜ਼ਰੂਰੀ ਸਮਝੀ। ਉਹ ਪਹਿਲਾਂ ਤਾਂ ਕੁਝ ਸੰਗੀ, ਫਿਰ ਸਿਰ ਉੱਚਾ ਕੀਤਾ,
“ਤੁਹਾਨੂੰ ਇਹੋ ਸ਼ੱਕ ਹੋਊ ਕਿ ਇਨ੍ਹਾਂ ਦੀ ਇੱਕ ਲੱਤ ਤੇ ਅੱਧਾ ਹੱਥ ਨਹੀਂ ਹੈਗਾ, ਕੱਲ੍ਹ ਇਹ ਕੁਝ ਦੱਸਣ ਤੋਂ ਬਾਅਦ ਹੀ ਮਾਸੜ ਜੀ ਤੁਹਾਡੇ ਪਿੰਡ ਗਏ ਸੀ। ਇਨ੍ਹਾਂ ਦੀ ਦੂਜੀ ਲੱਤ ਮੈਂ ਬਣਾਂਗੀ ਤੇ ਅਸੀਂ ਦੌੜ ਲਾਇਆ ਕਰਾਂਗੇ। ਨਾਲੇ ਇਨ੍ਹਾਂ ਦੇ ਅੰਗ ਕਿਸੇ ਲੜਾਈ ਝਗੜੇ ਜਾਂ ਨਸ਼ਿਆਂ ਦੀ ਭੇਟ ਨਹੀਂ ਚੜ੍ਹੇ। ਉਹ ਰੱਬੀ ਭਾਣਾ ਸੀ, ਜੋ ਕਿਸੇ ਨਾਲ ਵਾਪਰ ਸਕਦਾ। ਮੈਨੂੰ ਇਨ੍ਹਾਂ ਦਾ ਪੱਲਾ ਫੜਨਾ ਮਨਜ਼ੂਰ ਆ।’’
ਕੁੜੀ ਦੀ ਗੱਲ ਨੇ ਮਾਂ-ਪਿਉ ਤੇ ਫੌਜੀ ਸਮੇਤ ਸਾਰਿਆਂ ਦੇ ਸਿਰ ਫਖ਼ਰ ਨਾਲ ਉੱਚੇ ਕਰ ਦਿੱਤੇ। ਫਤਿਹ ਦੇ ਜੈਕਾਰੇ ਨਾਲ ਹਾਲ ਗੂੰਜ ਉੱਠਿਆ। ਭਾਈ ਜੀ ਨੇ ਮੰਗਣੇ ਦੀ ਅਰਦਾਸ ਕੀਤੀ ਤੇ ਮੁੰਡੇ ਕੁੜੀ ਨੇ ਇੱਕ ਦੂਜੇ ਦੇ ਗਲ ਸਿਰੋਪੇ ਪਾਏ। ਅਗਲੇ ਮਹੀਨੇ ਵਿਆਹ ਦਾ ਦਿਨ ਤੈਅ ਹੋ ਗਿਆ। ਵਿਆਹ ਦੇ ਸਾਰੇ ਕਾਰਜ ਖ਼ੁਸ਼ੀ ਖ਼ੁਸ਼ੀ ਸਿਰੇ ਚੜ੍ਹੇ ਤੇ ਮੰਗੇ ਦੀ ਵਹੁਟੀ ਬਣ ਕੇ ਆਈ ਪ੍ਰੀਤ ਦੇ ਪੈਰ ਉਸ ਘਰ ’ਚ ਪੈਂਦੇ ਹੀ ਅੱਜ ਹੋਰ, ਕੱਲ੍ਹ ਹੋਰ ਹੋਣਾ ਸ਼ੁਰੂ ਹੋ ਗਿਆ। ਫੌਜੀ ਫੌਜਣ ਗੁਰਦੁਆਰੇ ਜਾਣ ਲੱਗਦੇ, ਪ੍ਰੀਤ ਪਹਿਲਾਂ ਤਿਆਰ ਹੁੰਦੀ। ਮੰਗਾ ਸਿੰਘ ਨੂੰ ਬਲਦਾਂ ਵਾਲਾ ਹਲ਼ ਵਾਹੁਣ ’ਚ ਔਖ ਹੁੰਦੀ ਸੀ, ਪ੍ਰੀਤ ਦੇ ਜ਼ੋਰ ਦੇਣ ’ਤੇ ਟਰੈਕਟਰ ਖਰੀਦ ਲਿਆ ਗਿਆ। ਬਣਾਉਟੀ ਲੱਤ ਸਾਈਕਲ ਦੇ ਪੈਡਲ ’ਤੇ ਭਾਰ ਨਹੀਂ ਸੀ ਪਾ ਸਕਦੀ, ਘਰ ’ਚ ਸਕੂਟਰ ਆਣ ਖੜੋਤਾ। ਖੇਤਾਂ ’ਚ ਬੀਜ ਜਾਂ ਖਾਦ ਦਾ ਛੱਟਾ ਦੇਣਾ ਹੁੰਦਾ, ਪ੍ਰੀਤ ਝੋਲੀ ਬੰਨ੍ਹ ਕੇ ਖੇਤ ਗਾਹੁਣ ਤੁਰ ਪੈਂਦੀ। ਜੇ ਬਿਜਲੀ ਦੀ ਵਾਰੀ ਰਾਤ ਨੂੰ ਹੁੰਦੀ ਤਾਂ ਉਹ ਕਹੀ ਮੋਢੇ ’ਤੇ ਰੱਖ ਕੇ ਨੱਕੇ ਮੋੜਨ ਪਤੀ ਦੇ ਮੂਹਰੇ ਤੁਰਦੀ। ਛੋਟਾ ਮੋਟਾ ਹਰ ਕੰਮ ਪਤੀ ਤੋਂ ਪੁੱਛ ਕੇ ਕਰਦੀ ਤਾਂ ਕਿ ਮੰਗਾ ਸਿੰਘ ਦੇ ਮਨ ’ਚ ਕਿਤੇ ਹੀਣ ਭਾਵਨਾ ਨਾ ਆਏ ਕਿ ਪ੍ਰੀਤ ਨੇ ਉਸ ’ਤੇ ਤਰਸ ਕਰਕੇ ਰਿਸ਼ਤਾ ਮਨਜ਼ੂਰ ਕੀਤਾ ਸੀ। ਪਤੀ ਤੇ ਸੱਸ ਸਹੁਰੇ ਮੂਹਰੇ ਜੀ ਜੀ ਕਰਦੀ ਦੀ ਜੀਭ ਨਾ ਥੱਕਦੀ। ਸੱਸ ਦੇ ਹੱਥੋਂ ਝਾੜੂ ਫੜ ਕੇ ਆਪ ਫੇਰਨ ਲੱਗਦੀ। ਫੌਜੀ ਨੂੰ ਪਿਆਸ ਬਾਅਦ ’ਚ ਲੱਗਦੀ, ਠੰਢੇ ਪਾਣੀ ਦਾ ਗਲਾਸ ਉਸ ਦੇ ਕੋਲ ਪਹਿਲਾਂ ਰੱਖਿਆ ਹੁੰਦਾ। ਭੁਲੱਕੜ ਹੋ ਗਈ ਸੱਸ ਵੱਲੋਂ ਕੋਈ ਗੱਲ ਦੁਹਰਾਏ ਜਾਣ ’ਤੇ ਵੀ ਉਹ ਇਉਂ ਕੰਨ ਲਾ ਕੇ ਸੁਣਦੀ ਜਿਵੇਂ ਪਹਿਲੀ ਵਾਰ ਸੁਣ ਰਹੀ ਹੋਵੇ। ਕੋਈ ਦਿਨ ਤਿਉਹਾਰ ਹੁੰਦਾ, ਨਣਦ ਦੇ ਸੰਧਾਰੇ ਦੀ ਤਿਆਰੀ ਪਹਿਲਾਂ ਹੋਈ ਹੁੰਦੀ। ਦੋਹਤੀ ਦਾ ਵਿਆਹ ਆਇਆ, ਨਾਨਕ ਸ਼ੱਕ ਵੇਖ ਕੇ ਪਿੰਡ ਵਾਲੇ ਹੈਰਾਨ ਰਹਿ ਗਏ। ਪੇਕੇ ਜਾਂਦੀ ਤਾਂ ਸਕੂਟਰ ’ਤੇ ਮੰਗਾ ਸਿੰਘ ਦੇ ਪਿੱਛੇ ਬੈਠਦੀ। ਸ਼ਹਿਰ ਦਾ ਕੰਮ ਹੁੰਦਾ, ਮਨ ’ਚ ਭਰੋਸਾ ਬੰਨ੍ਹਾਉਣ ਲਈ ਪਤੀ ਨੂੰ ਇਕੱਲਿਆਂ ਭੇਜਦੀ। ਸੱਸ ਪੇਕੇ ਜਾਂਦੀ ਤਾਂ ਉਸ ਦੇ ਭਤੀਜਿਆਂ ਦੇ ਬੱਚਿਆਂ ਲਈ ਸਮਾਨ ਨਾਲ ਬੈਗ ਭਰਿਆ ਹੁੰਦਾ। ਪਿੰਡ ’ਚ ਹਰ ਵਰਤੋਂ ਵਿਹਾਰ ਲਈ ਸੱਸ ਨੂੰ ਮੂਹਰੇ ਲਾਉਂਦੀ। ਫੌਜੀ ਨਾਲ ਖਾਰ ਖਾਂਦੇ ਲੋਕਾਂ ਦੇ ਘਰੀਂ ਵੀ ਪ੍ਰੀਤ ਦੀਆਂ ਸਿਫ਼ਤਾਂ ਹੋਣ ਲੱਗੀਆਂ। ਚੰਗੀ ਔਰਤ ਦੀ ਉਦਾਹਰਨ ਦੇਣ ਲੱਗਿਆਂ ਪਿੰਡ ਦੇ ਲੋਕਾਂ ਨੂੰ ਪ੍ਰੀਤ ਚੇਤੇ ਆਉਣ ਲੱਗਦੀ।
ਦਿਨ ਲੰਘਦੇ ਗਏ। ਪ੍ਰੀਤ ਨੇ ਦੋ ਲੜਕਿਆਂ ਨੂੰ ਜਨਮ ਦਿੱਤਾ। ਸੁਰਿੰਦਰ ਤੋਂ ਸ਼ਿੰਦਾ ਬਣ ਗਿਆ, ਉਹ ਸਰੀਰ ਪੱਖੋਂ ਹੱਟਾ ਕੱਟਾ ਨਿਕਲਿਆ। ਮਾਪਿਆਂ ਨੇ ਉਸ ਦੀ ਸਕੂਲੀ ਪੜ੍ਹਾਈ ਕਰਵਾ ਕੇ ਖੇਤੀ ਦੇ ਕੰਮ ਲਾ ਲਿਆ, ਪਰ ਛੋਟੇ ਜਸਵਿੰਦਰ ਨੂੰ ਪੜ੍ਹਾਈ ’ਚ ਹੁਸ਼ਿਆਰ ਹੋਣ ਕਰਕੇ, ‘ਜਿੰਨਾ ਮਰਜ਼ੀ ਪੜ੍ਹ ਲੈ’ ਦੀ ਖੁੱਲ੍ਹ ਦੇ ਦਿੱਤੀ। ਪੋਤਿਆਂ ਦੇ ਮੂੰਹ ਚੁੰਮਣ ਦੀਆਂ ਇੱਛਾਵਾਂ ਪੂਰੀਆਂ ਕਰਕੇ ਫੌਜਣ ਚੱਲ ਵਸੀ ਸੀ ਤੇ ਫੌਜੀ ਅਧਰੰਗ ਦਾ ਸ਼ਿਕਾਰ ਹੋ ਗਿਆ। ਪ੍ਰੀਤ ਨੂੰ ਸਹੁਰੇ ਦੀ ਸੇਵਾ ਸੰਭਾਲ ’ਚ ਜ਼ਿਆਦਾ ਧਿਆਨ ਦੇਣ ਪੈਂਦਾ। ਘਰ ਵਿੱਚ ਜੀਆਂ ਦੀ ਬਰਕਤ ਦੇ ਨਾਲ ਪ੍ਰੀਤ ਦੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਹੁੰਦੀਆਂ ਗਈਆਂ। ਹਿੰਮਤ ਹਾਰਨਾ ਤਾਂ ਮੰਗਾ ਸਿੰਘ ਦੇ ਸੁਭਾਅ ’ਚ ਨਹੀਂ ਸੀ, ਪਰ ਉਮਰ ਦੇ ਤਕਾਜ਼ੇ ਕਾਰਨ ਉਹ ਪਹਿਲਾਂ ਵਰਗੀ ਭੱਜ ਦੌੜ ਨਾ ਕਰ ਸਕਦਾ। ਸ਼ਿੰਦਾ ਜਵਾਨ ਹੋ ਗਿਆ। ਰਿਸ਼ਤੇ ਤਾਂ ਉਸ ਨੂੰ ਵੀਹਵੇਂ ਸਾਲ ਤੋਂ ਪਹਿਲਾਂ ਆਉਣ ਲੱਗ ਪਏ ਸੀ, ਪਰ ਪ੍ਰੀਤ ਦਾ ਮਨ ਸੀ, ਪੁੱਤ ਭਰ ਜਵਾਨ ਤੇ ਜ਼ਿੰਮਵਾਰੀਆਂ ਸੰਭਾਲਣ ਜੋਗਾ ਹੋ ਜਾਏ। 22ਵੇਂ ਸਾਲ ’ਚ ਉਸ ਦਾ ਵਿਆਹ ਕਰ ਦਿੱਤਾ ਤੇ ਪ੍ਰੀਤ ਨੇ ਆਉਂਦੇ ਸਾਰ ਨੂੰਹ ਨੂੰ ਘਰ ਦੀਆਂ ਚਾਬੀਆਂ ਸੌਂਪ ਦਿੱਤੀਆਂ। ਸਾਰਾ ਲੈਣ ਦੇਣ ਉਸੇ ਹੱਥੋਂ ਕਰਾਉਣ ਲੱਗੀ। ਪਿੰਕੀ ਵੀ ਸੱਸ ਦੇ ਮਾਣ ਤਾਣ ’ਚ ਕਸਰ ਨਾ ਛੱਡਦੀ। ਪ੍ਰੀਤ ਨੂੰ ਆਪਣੇ ਦਿਨ ਯਾਦ ਆਉਂਦੇ। ਜ਼ਿੰਮੇਵਾਰੀਆਂ ਨਿਭਾਉਂਦੀ ਪਿੰਕੀ ਨੂੰ ਵੇਖ ਕੇ ਆਂਢੀ ਗੁਆਂਢੀ ਪ੍ਰੀਤ ਬਾਰੇ ਕਹਿੰਦੇ,
“ਬਈ ਚਾਚੀ ਨੇ ਤਾਂ ਜੋ ਬੀਜਿਆ ਸੀ, ਉਹੀ ਵੱਢ ਰਹੀ ਆ। ਜਿਹੋ ਜਿਹੀ ਦੇਵੀ ਆਪ ਸੀ, ਰੱਬ ਨੇ ਨੂੰਹ ਵੀ ਉਸੇ ਵਰਗੀ ਦੇ ਦਿੱਤੀ।”
ਪਿੰਡ ਦੀਆਂ ਨਘੋਚਣਾਂ ਨੂੰ ਉਸ ਘਰ ’ਚੋਂ ਕੋਈ ਮਾੜੀ ਗੱਲ ਨਾ ਲੱਭਦੀ ਤਾਂ ਉਨ੍ਹਾਂ ਨੂੰ ਕਿਸੇ ਜੀਅ ਦੇ ਰੰਗ ਤੇ ਕਿਸੇ ਦੇ ਕੱਦ ਬਾਰੇ ਗੱਲ ਬਣਾ ਕੇ ਆਪਣਾ ਝੱਸ ਪੂਰਾ ਕਰਨਾ ਪੈਂਦਾ। ਸੌਖੀ ਤਾਂ ਪ੍ਰੀਤ ਦੀ ਨਣਦ ਬਥੇਰੀ ਸੀ, ਪਰ ਪ੍ਰੀਤ ਜਾਣਦੀ ਸੀ ਕਿ ਕੁੜੀਆਂ ਨੂੰ ਪੇਕਿਆਂ ਦੀ ਝਾਕ ਹੁੰਦੀ ਆ। ਇਹ ਗੱਲ ਉਸ ਨੇ ਪਿੰਕੀ ਨੂੰ ਵੀ ਸਮਝਾ ਦਿੱਤੀ। ਵੀਰੋ ਭੂਆ ਜਦ ਵੀ ਆਉਂਦੀ, ਪਿੰਕੀ ਉਸ ਨੂੰ ਹਫ਼ਤਾ ਮੁੜਨ ਨਾ ਦਿੰਦੀ। ਨਿੱਕਾ ਜਿਹਾ ਬੈਗ ਲੈ ਕੇ ਆਈ ਭੂਆ ਦੇ ਹੱਥ ਦੋ ਭਰੇ ਹੋਏ ਬੈਗ ਫੜਾ ਕੇ ਤੋਰਦੀ ਤੇ ਬੱਸ ਅੱਡੇ ਤੱਕ ਛੱਡਣ ਜਾਂਦੀ। ਪੋਤ ਨੂੰਹ ਵੱਲੋਂ ਘਰ ਦੀ ਸੰਭਾਲ ਤੋਂ ਖ਼ੁਸ਼ ਫੌਜੀ ਦੀਆਂ ਅੱਖਾਂ ਭਰ ਆਉਂਦੀਆਂ। ਫੌਜਣ ਉਸ ਦੀਆਂ ਅੱਖਾਂ ਮੂਹਰੇ ਆਣ ਖੜ੍ਹਦੀ,
“ਤੁਹਾਨੂੰ ਕਹਿੰਦੀ ਹੁੰਦੀ ਸੀ ਨਾ, ਵਾਹਿਗੁਰੂ ਦੇਣ ਲੱਗਿਆਂ ਗਿਣਤੀ ਨਹੀਂ ਕਰਦਾ, ਬਸ ਨਿਸ਼ਚਾ ਚਾਹੀਦਾ। ਔਹ ਵੇਖ ਲਓ, ਕਸਰ ਤਾਂ ਪ੍ਰੀਤ ਨੇ ਵੀ ਕੋਈ ਨਹੀਂ ਸੀ ਛੱਡੀ, ਪਰ ਆਹ ਪਿੰਕੀ ਉਸ ਨੂੰ ਪਿੱਛੇ ਛੱਡੀ ਜਾਂਦੀ ਆ?’’ ਤੇ ਫੌਜੀ ਦੇ ਹੱਥ ਰੱਬ ਦੇ ਸ਼ੁਕਰਾਨੇ ’ਚ ਜੁੜ ਜਾਂਦੇ ਤੇ ਮੂੰਹੋਂ ਇਹੀ ਬੋਲ ਹੁੰਦਾ,
“ਤੂੰ ਤੇ ਕਾਹਲ ਹੀ ਕਰ ਗਈ, ਜੇ ਐਹ ਕੁਝ ਵੇਖਣ ਦੀ ਉਡੀਕ ਕਰ ਲੈਂਦੀ ਤਾਂ ਆਪਾਂ ਇੱਥੋਂ ਇਕੱਠੇ ਜਾਂਦੇ ਤੇ ਹੱਥ ਜੋੜ ਕੇ ਧਰਮਰਾਜ ਮੂਹਰੇ ਖੜ੍ਹ ਕੇ ਉਸ ਦਾ ਸ਼ੁਕਰਾਨਾ ਕਰਦੇ।’’ ਤੇ ਉਹ ਐਨਕਾਂ ਲਾਹ ਕੇ ਪਾਸੇ ਰੱਖਦਾ ਤੇ ਰੁਮਾਲ ਫੜ ਕੇ ਅੱਖਾਂ ਪੂੰਝਣ ਲੱਗ ਪੈਂਦਾ। ਥੋੜ੍ਹਾ ਸੰਭਲਦਾ ਤਾਂ ਹੋਰ ਇੱਛਾ ਆਣ ਖੜ੍ਹਦੀ। ਅਜੇ ਤੇ ਜੱਸੇ ਨੂੰ ਵੀ ਘੋੜੀ ਚੜ੍ਹਦਿਆਂ ਵੇਖਣਾ। ਬਸ ਉਸ ਦੀ ਪੜ੍ਹਾਈ ਪੂਰੀ ਹੋਜੇ, ਫਿਰ ਮੰਗੇ ਤੇ ਪ੍ਰੀਤ ਨੂੰ ਕਹੂੰ ਉਸ ਲਈ ਆਏ ਪਹਿਲੇ ਰਿਸ਼ਤੇ ਵਾਲਿਆਂ ਨੂੰ ਹਾਂ ਕਰ ਦੇਣ।
“ਜਿਹੜਾ ਵੀ ਕੋਈ ਰਿਸ਼ਤਾ ਲੈ ਕੇ ਆਊ, ਮੁੰਡੇ ਦੀ ਪੜ੍ਹਾਈ ਵੱਲ ਵੇਖ ਕੇ ਈ ਆਊ ?’’ ਤੇ ਨਾਲੋ ਨਾਲ ਉਹ ਆਪਣੇ ਮਨ ਨੂੰ ਚੰਗੇ ਰਿਸ਼ਤੇ ਦੀ ਧਰਵਾਸ ਬੰਨ੍ਹਾ ਲੈਂਦਾ।
ਜੱਸੇ ਨੇ ਇੰਜੀਨੀਰਿੰਗ ਦੀ ਪੜ੍ਹਾਈ ਕਰ ਲਈ ਸੀ। ਨੌਕਰੀ ਲਈ ਬਥੇਰੇ ਫਾਰਮ ਭਰੇ, ਹਰ ਵਾਰ ਨਿਰਾਸ਼ਾ ਪੱਲੇ ਪੈਂਦੀ। ਕਿਤੇ ਉਸ ਦਾ ਹੱਕ ਪੈਸੇ ਵਾਲੇ ਮਾਰ ਲੈਂਦੇ ਤੇ ਕਿਤੇ ਮੰਤਰੀ ਦੇ ਕੁਝ ਲੱਗਦੇ ਦਾ ਨਾਂ ਚੋਣ ਸੂਚੀ ਵਿੱਚ ਉਸ ਦੇ ਮੂਹਰੇ ਲਿਖ ਲਿਆ ਜਾਂਦਾ। ਪ੍ਰੀਤ ਤੇ ਮੰਗਾ ਸਿੰਘ ਨੂੰ ਰੱਬ ਉੱਤੇ ਆਪਣੇ ਭਰੋਸੇ ’ਤੇ ਸ਼ੱਕ ਹੋਣ ਲੱਗਦਾ, ਪਰ ਉਹ ਅਣਜਾਣੇ ਵਿੱਚ ਹੋਈ ਗਲਤੀ ਦੇ ਖਾਤੇ ਪਾ ਕੇ ਭਰੋਸਾ ਤੋੜਨ ਵਾਲੀ ਨਿਰਾਸ਼ਾ ਨੂੰ ਉੱਥੇ ਹੀ ਬੰਨ੍ਹ ਮਾਰ ਲੈਂਦੇ।
“ਪੁੱਤ ਹੌਸਲਾ ਨਹੀਂ ਹਾਰੀ ਦਾ, ਤੇਰੀ ਨੌਕਰੀ ਦੀ ਚਿੰਤਾ ਰੱਬ ਨੂੰ ਸਾਡੇ ਤੋਂ ਜ਼ਿਆਦਾ ਹੋਊ, ਜਿੱਥੇ ਠੀਕ ਲੱਗਿਆ, ਉਸ ਨੇ ਆਪੇ ਈ ਕੋਈ ਜੁਗਾੜ ਬਣਾ ਦੇਣਾ।’’ ਤੇ ਉਹ ਜੱਸੇ ਦੇ ਹੱਥ ਚਾਹ ਵਾਲਾ ਡੋਲੂ ਫੜਾ ਕੇ ਖੇਤਾਂ ਵੱਲ ਤੋਰ ਦਿੰਦੀ।
“ਜੱਸੇ ਆਹ ਵੇਖ ਤੁਸੀਂ ਤਿੰਨੇ ਪਿਉ-ਪੁੱਤ ਖੇਤਾਂ ’ਚ ਮਿੱਟੀ ਨਾਲ ਮਿੱਟੀ ਹੁੰਦੇ ਓ? ਤੁਹਾਨੂੰ ਇਹ ਥੋੜ੍ਹਾ ਪਤਾ ਕਿ ਮੀਂਹ ਹਨੇਰੀ ਨੇ ਫ਼ਸਲ ਪੱਕਣ ਵੀ ਦੇਣੀ ਆ ਕਿ ਨਹੀਂ ? ਤੁਸੀਂ ਤੇ ਸਾਰੇ ਕਿਸਾਨ ਰੱਬ ’ਤੇ ਭਰੋਸਾ ਰੱਖ ਕੇ ਈ ਮਿਹਨਤ ਤੇ ਖ਼ਰਚਾ ਕਰੀ ਜਾਂਦੇ ਓ? ਬਸ ਨੌਕਰੀ ਬਾਰੇ ਵੀ ਰੱਬ ’ਤੇ ਏਨਾ ਈ ਭਰੋਸਾ ਰੱਖ, ਉਸ ਦੇ ਘਰ ਦੇਰ ਹੋ ਜਾਂਦੀ ਹੈ, ਪਰ ਹਨੇਰ ਨਹੀਂ ਹੁੰਦਾ?’’ ਪਿੰਕੀ ਭਾਬੀ ਦੀ ਗੱਲ ਸੁਣ ਕੇ ਜੱਸੇ ਦੇ ਮਨ ’ਚੋਂ ਨਿਰਾਸ਼ਾ ਉੱਡ ਜਾਂਦੀ ਤੇ ਉਹ ਟਰੈਕਟਰ ਸਟਾਰਟ ਕਰਕੇ ਰੋਹੀ ਵਾਲੇ ਖੇਤ ਵਾਹੁਣ ਤੁਰ ਪੈਂਦਾ।
ਅਗਲੇ ਮਹੀਨੇ ਜੱਸੇ ਨੇ ਫਿਰ ਕਿਸੇ ਨੌਕਰੀ ਲਈ ਅਪਲਾਈ ਕੀਤਾ, ਲਿਖਤੀ ਪ੍ਰੀਖਿਆ ਦਾ ਨਤੀਜਾ ਆਇਆ, ਉਹ ਪਹਿਲੇ ਨੰਬਰ ’ਤੇ ਸੀ। ਇੰਟਰਵਿਊ ਹੋਈ, ਉਸ ਨੇ ਹਰੇਕ ਕਮੇਟੀ ਮੈਂਬਰ ਦੇ ਸਵਾਲ ਦਾ ਜਵਾਬ ਬੜੇ ਭਰੋਸੇ ਨਾਲ ਦਿੱਤਾ। ਕੁਝ ਮੈਂਬਰਾਂ ਨੇ ਉਸ ਨੂੰ ਭਟਕਾਉਣ ਤੇ ਕੁਝ ਨੇ ਭਰਮਾਉਣ ਦੇ ਯਤਨ ਕੀਤੇ, ਪਰ ਉਹ ਅਟੱਲ ਤੇ ਬੇਦਾਗ ਹੋ ਕੇ ਬਾਹਰ ਨਿਕਲਿਆ ਤੇ ਨਿਯੁਕਤੀ ਦੀ ਉਡੀਕ ਕਰਨ ਲੱਗਾ, ਪਰ ਉੱਥੇ ਵੀ ਉਸ ਦੇ ਹੱਥ ਨਿਰਾਸ਼ਾ ਲੱਗੀ। ਉਸ ਨੇ ਆਪਣੇ ਵਕੀਲ ਦੋਸਤ ਨਾਲ ਗੱਲ ਕੀਤੀ। ਵਕੀਲ ਨੇ ਅਗਲੇ ਦਿਨ ਨੌਕਰੀ ਵਾਲੇ ਦਸਤਾਵੇਜ਼ ਲੈ ਕੇ ਦਫ਼ਤਰ ਆਉਣ ਲਈ ਕਿਹਾ। ਵਕੀਲ ਨੇ ਸਾਰੇ ਕਾਗਜ਼ ਵੇਖੇ ਤੇ ਉਸ ਦੀ ਚੋਣ ਦੇ ਹੱਕ ਵਿੱਚ ਕੇਸ ਫਾਈਲ ਬਣਾ ਕੇ ਹਾਈਕੋਰਟ ਵਿੱਚ ਅਗਲੇ ਹਫਤੇ ਛੁੱਟੀਆਂ ਮੁੱਕਣ ਤੋਂ ਬਾਅਦ ਰਜਿਸਟਰ ਕਰਨ ਲਈ ਰੱਖ ਲਈ। ਜੱਸਾ ਪਿੰਡ ਪਹੁੰਚਿਆ ਤਾਂ ਤੀਜੇ ਦਿਨ ਉਸ ਦੇ ਪਿੰਡ ਮੰਤਰੀ ਦੇ ਆਉਣ ਦੀ ਤਿਆਰੀ ਹੋ ਰਹੀ ਸੀ। ਉਦੋਂ ਤੱਕ ਜੱਸੇ ਨੂੰ ਪਤਾ ਲੱਗ ਚੁੱਕਾ ਸੀ ਕਿ ਜਿਸ ਵਿਅਕਤੀ ਦੀ ਚੋਣ ਲਈ ਉਸ ਨੂੰ ਪਿੱਛੇ ਸੁੱਟਿਆ ਗਿਆ, ਉਹ ਉਸੇ ਮੰਤਰੀ ਦੇ ਸਾਲੇ ਦਾ ਮੁੰਡਾ ਹੈ। ਜੱਸੇ ਨੇ ਮੌਕੇ ਦੀ ਸੱਟ ਮਾਰਨ ਦੀ ਠਾਣ ਲਈ।
ਮੰਤਰੀ ਦੀਆਂ ਨਜ਼ਰਾਂ ’ਚ ਚੰਗੇ ਬਣਨ ਲਈ ਵਿਭਾਗੀ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਭੱਜ ਦੌੜ ਕਰਕੇ ਇਕੱਠ ਕੀਤਾ। ਜੱਸੇ ਨੂੰ ਪਤਾ ਸੀ ਕਿ ਮੰਤਰੀ ਕੋਲ ਜਾਣ ਲਈ ਸਕੈਨਰ ’ਚੋਂ ਲੰਘਾਇਆ ਜਾਊ। ਉਸ ਨੇ ਫਾਈਲ ਦੇ ਕਾਗਜ਼ ਹੱਥ ’ਚ ਫੜਨ ਦੀ ਬਜਾਏ ਕੋਟ ਦੇ ਅੰਦਰਲੇ ਪਾਸੇ ਫਿੱਟ ਕਰ ਲਏ। ਮੰਤਰੀ ਨੇ ਸਟੇਜ ਸੰਭਾਲੀ ਤੇ ਸਰਕਾਰ ਵੱਲੋਂ ਕੀਤੇ ਵਿਕਾਸ ਦੇ ਕੰਮ ਗਿਣਾਉਣੇ ਹੀ ਸ਼ੁਰੂ ਕੀਤੇ ਸੀ ਕਿ ਜੱਸੇ ਨੇ ਖੜੋ ਕੇ ਸਵਾਲ ਕਰਨਾ ਚਾਹਿਆ। ਸੁਰੱਖਿਆ ਜੁੰਡਲੀ ਨੇ ਜੱਸੇ ਨੂੰ ਬੈਠਾਉਣ ਦਾ ਯਤਨ ਕੀਤਾ, ਪਰ ਲੋਕਾਂ ਦੇ ਹੱਥ ਹਿਲਦੇ ਵੇਖ ਮੰਤਰੀ ਨੇ ਗਪੌੜ ਭਾਸ਼ਣ ਸਮੇਟ ਕੇ ਜੱਸੇ ਦੀ ਗੱਲ ਸੁਣਨ ਲਈ ਕੋਲ ਬੁਲਾ ਲਿਆ। ਜਿਵੇਂ ਹੀ ਜੱਸੇ ਨੇ ਹਾਈਕੋਰਟ ਵਾਲੀ ਫਾਈਲ ਵਿਖਾਈ, ਮੰਤਰੀ ਗੰਭੀਰ ਹੋ ਗਿਆ। ਉਸ ਨੇ ਇਹ ਦਲੀਲ ਦੇ ਕੇ ਕਿ ਦਫ਼ਤਰੀ ਅਮਲੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਜੱਸੇ ਨੂੰ ਆਪਣੇ ਦਫ਼ਤਰ ਸੱਦ ਲਿਆ। ਮੰਤਰੀ ਨੇ ਜੱਸੇ ਬਾਰੇ ਪੁੱਛ ਪੜਤਾਲ ਕਰ ਲਈ ਕਿ ਉਹ ਪਿੰਡ ਦੇ ਇੱਜ਼ਤਦਾਰ ਤੇ ਸੱਚੀ ਸੁੱਚੀ ਸੋਚ ਵਾਲੇ ਘਰ ਦਾ ਚਿਰਾਗ ਹੈ। ਪਿੰਡ ਦੀਆਂ ਸਾਰੀਆਂ ਵੋਟਾਂ ਖ਼ਰਾਬ ਹੋਣ ਦਾ ਖ਼ਤਰਾ ਮੰਤਰੀ ਦੀਆਂ ਅੱਖਾਂ ਮੂਹਰੇ ਉੱਘੜ ਆਇਆ।
ਜੱਸੇ ਦੀ ਕੁਝ ਨਾਰਾਜ਼ਗੀ ਤਾਂ ਮੰਤਰੀ ਦੇ ਦਫ਼ਤਰ ਵੜਦਿਆਂ ਮਿਲੇ ਸਤਿਕਾਰ ਕਾਰਨ ਜਾਂਦੀ ਰਹੀ। ਕੁਝ ਚਾਹ ਤੇ ਬਿਸਕੁਟਾਂ ਨੇ ਦੂਰ ਕਰ ਦਿੱਤੀ। ਖੁੰਢ ਮੰਤਰੀ ਨੂੰ ਖੁੜਕ ਗਈ ਸੀ ਕਿ ਜੇ ਹਾਈਕੋਰਟ ਨੇ ਉਮੀਦਵਾਰਾਂ ਦੀ ਇੰਟਰਵਿਊ ਵਾਲੀ ਵੀਡੀਓ ਮੰਗਵਾ ਲਈ ਤਾਂ ਉਸ ਦੀ ਸਾਰੀ ਖੇਡ ਖ਼ਰਾਬ ਹੋ ਜਾਊ ਤੇ ਸਿਰ ’ਚ ਸਵਾਹ ਵੱਖਰੀ ਪਊ। ਝੰਡੀ ਵਾਲੀ ਕਾਰ ਖੁੱਸਣ ਦਾ ਖ਼ਤਰਾ ਵੀ ਉਸ ਦੀਆਂ ਅੱਖਾਂ ਮੂਹਰੇ ਆਣ ਖੜੋਇਆ। ਉਸ ਨੇ ਜੱਸੇ ਨੂੰ ਭਰੋਸੇ ’ਚ ਲੈ ਕੇ ਉਸ ਦੀ ਨਿਯੁਕਤੀ ਕਰਨ ’ਚ ਭਲਾਈ ਸਮਝੀ। ਗ਼ਲਤੀ ਦਾ ਠੀਕਰਾ ਕਲਰਕ ਸਿਰ ਭੰਨਦੇ ਹੋਏ, ਘੰਟੇ ਕੁ ਵਿੱਚ ਨਿਯੁਕਤੀ ਪੱਤਰ ਜੱਸੇ ਦੇ ਹੱਥ ਫੜਾਇਆ ਤੇ ਕਲਰਕ ਨੂੰ ਸੱਦ ਕੇ ਜੱਸੇ ਤੋਂ ਮੁਆਫੀ ਦਾ ਡਰਾਮਾ ਕਰਵਾ ਦਿੱਤਾ।
ਨਿਯੁਕਤੀ ਪੱਤਰ ਲੈ ਕੇ ਮੁੜੇ ਪੁੱਤ ਦੇ ਹੱਥ ਲੱਡੂਆਂ ਦਾ ਡੱਬਾ ਵੇਖ ਕੇ ਪ੍ਰੀਤ ਬਿਨਾਂ ਕੁਝ ਪੁੱਛੇ ਪੁੱਤ ਨੂੰ ਜੱਫੀ ’ਚ ਲੈਂਦਿਆਂ ਬੋਲੀ,
“ਤੈਨੂੰ ਕਿਹਾ ਸੀ ਨਾ ਕਿ ਵਾਹਿਗੁਰੂ ਬਲਿਹਾਰ ਹੋ ਜਾਏ ਤਾਂ ਆਪੇ ਢੋਅ ਢੁਕਾਅ ਦਿੰਦਾ। ਬਸ ਉਸ ’ਤੇ ਭਰੋਸਾ ਨਹੀਂ ਟੁੱਟਣ ਦੇਣਾ ਚਾਹੀਦਾ।’’ ਸੱਸ ਦੀ ਆਵਾਜ਼ ਦੇ ਲਹਿਜੇ ਤੋਂ ਹੀ ਪਿੰਕੀ ਨੂੰ ਸਮਝ ਪੈ ਗਈ ਕਿ ਖ਼ੁਸ਼ਖ਼ਬਰੀ ਹੈ। ਬਾਹਰ ਆਈ ਤਾਂ ਦਿਉਰ ਵੱਲ ਵੇਖ ਕੇ ਉਸ ਨੂੰ ਕੁਝ ਪੁੱਛਣ ਦੀ ਲੋੜ ਨਾ ਪਈ।
ਕਾਲਜ ’ਚੋਂ ਇੰਜੀਨੀਅਰ ਬਣ ਕੇ ਨਿਕਲੇ ਜਸਵਿੰਦਰ ਨੇ ਜੱਸੇ ਤੋਂ ਬਾਠ ਸਾਹਿਬ ਤੱਕ ਦਾ ਸਫ਼ਰ ਤੈਅ ਕਰ ਲਿਆ। ਪਹਿਲੀ ਤਨਖਾਹ ਦਾ ਚੈੱਕ ਲਿਆ ਕੇ ਉਸ ਨੇ ਮਾਂ ਨੂੰ ਫੜਾਇਆ। ਬੇਸ਼ੱਕ ਪ੍ਰੀਤ ਅਨਪੜ੍ਹ ਸੀ, ਪਰ ਸਮਝਦੀ ਸੀ ਕਿ ਇਹ ਰੰਗ ਬਿਰੰਗਾ ਕਾਗਜ਼ (ਚੈੱਕ) ਨੋਟਾਂ ਦੀ ਪੰਡ ਹੁੰਦੈ। ਉਸ ਨੇ ਚੈੱਕ ਮੱਥੇ ਲਾਇਆ, ਪਿੰਕੀ ਤੋਂ ਰੁਪਏ ਲੈ ਕੇ ਗੁਰਦੁਆਰੇ ਪ੍ਰਸ਼ਾਦ ਕਰਾਉਣ ਤੁਰ ਪਈ। ਮਹੀਨੇ ਬਾਅਦ ਘਰ ਆਉਣ ਲੱਗੀ ਬੱਝੀ ਰਕਮ ਨਾਲ ਲਹਿਰ ਬਹਿਰ ’ਚ ਵਾਧਾ ਹੋ ਗਿਆ। ਜੱਸੇ ਦੇ ਰਿਸ਼ਤੇ ਦੀਆਂ ਗੱਲਾਂ ਹੋਣ ਲੱਗੀਆਂ। ਉਸ ਦਾ ਮਨ ਪੜ੍ਹੀ ਲਿਖੀ, ਪਰ ਘਰੇਲੂ ਕੁੜੀ ਬਾਰੇ ਬਣਿਆ ਹੋਇਆ ਸੀ। ਕਿਹੋ ਜਿਹੀ ਹੋਵੇ, ਇਹ ਜ਼ਿੰਮੇਵਾਰੀ ਉਸ ਨੇ ਭਰਾ ਤੇ ਭਾਬੀ ’ਤੇ ਸੁੱਟ ਦਿੱਤੀ, ਪਰ ਸ਼ਰਤ ਰੱਖੀ ਕਿ ਡੈਡੀ-ਮੰਮੀ ਨਾਲ ਜਾਣ। ਉਹ ਜਾਣਦਾ ਸੀ ਕਿ ਨਵੀਂ ਪੀੜ੍ਹੀ ਦੀ ਪਰਵਾਜ਼ ਤੇ ਵੱਡਿਆਂ ਦੀ ਲੰਮੇ ਭਵਿੱਖ ਦੀ ਸੋਚ ਦੇ ਸੁਮੇਲ ’ਚੋਂ ਸਭ ਕੁਝ ਚੰਗਾ ਨਿਕਲਦਾ ਹੁੰਦੈ।
ਈਓ ਲੱਗੇ ਮਿਸਟਰ ਬਾਠ ਦੇ ਦੋਸਤ ਨੇ ਆਪਣੀ ਸਾਲੀ ਦੇ ਰਿਸ਼ਤੇ ਦੀ ਦੱਸ ਪਾਈ। ਮੁੱਢਲੀ ਜਾਣਕਾਰੀ ਤੋਂ ਬਾਅਦ ਗੱਲ ਅੱਗੇ ਤੁਰੀ। ਸ਼ੁਰੂਆਤ ਵਜੋਂ ਜਸਵਿੰਦਰ ਸਿੰਘ ਬਾਠ ਦੋਸਤ ਦੇ ਘਰ ਗਿਆ। ਉਸ ਦੀ ਪਤਨੀ ਦੇ ਸੁਭਾਅ ਤੇ ਆਦਤਾਂ ਨੋਟ ਕੀਤੀਆਂ। ਆ ਕੇ ਘਰਦਿਆਂ ਨੂੰ ਵਿਸਥਾਰ ਨਾਲ ਦੱਸਿਆ। ਚਾਰ ਦਿਨ ਬਾਅਦ ਲੜਕੀ ਵਾਲਿਆਂ ਨੂੰ ਸੱਦਿਆ ਗਿਆ। ਲੈਣ ਦੇਣ ਵਾਲੇ ਮਾਮਲੇ ਨੂੰ ਪੈਂਦੀ ਸੱਟੇ ਬਾਹਰ ਦਾ ਰਸਤਾ ਵਿਖਾ ਦਿੱਤਾ। ਪ੍ਰੀਤ ਨੇ ਹੋਣ ਵਾਲੀ ਕੁੜਮਣੀ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ। ਲੜਕੀ ਦੇ ਮਾਪੇ ਅਗਲੇ ਐਤਵਾਰ ਸਾਰੇ ਪਰਿਵਾਰ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦੇ ਹੋਏ ਵੱਡੀ ਉਮੀਦ ਲੈ ਕੇ ਮੁੜੇ।
ਚੀਮੇ ਪਿੰਡ ਦੀ ਜੂਹ ’ਚ ਵੜਦੇ ਸਾਰ ਮੰਗਾ ਸਿੰਘ ਨੂੰ ਕੁਝ ਚੰਗਾ ਹੋਣ ਦਾ ਅਹਿਸਾਸ ਹੋਣ ਲੱਗਾ। ਕਾਰ ਲੜਕੀ ਵਾਲਿਆਂ ਦੀ ਹਵੇਲੀ ਦੇ ਬਾਹਰ ਜਾ ਖੜੋਈ। ਭਰਵੇਂ ਸਵਾਗਤ ਦੀ ਤਿਆਰੀ ’ਚੋਂ ਸਮਾਜਿਕ ਮਰਿਆਦਾ ਦੀ ਕਦਰਦਾਨੀ ਝਲਕ ਰਹੀ ਸੀ। ਲੜਕੀ ਆਈ ਤੇ ਸਭ ਤੋਂ ਪਹਿਲਾਂ ਮੰਗਾ ਸਿੰਘ ਤੇ ਪ੍ਰੀਤ ਦੇ ਪੈਰ ਛੂਹੇ ਤੇ ਅਸ਼ੀਰਵਾਦ ਲੈ ਕੇ ਸ਼ਿੰਦੇ ਤੇ ਪਿੰਕੀ ਵੱਲ ਹੋਈ। ਜੁੜੇ ਹੱਥਾਂ ਨਾਲ ਸਿਰ ਨਿਵਾਇਆ, ਪਿੰਕੀ ਨੇ ਆਪਣੇ ਵੱਲ ਝੁਕਣ ਤੋਂ ਪਹਿਲਾਂ ਹੀ ਉੱਠ ਕੇ ਸ਼ੀਤਲ ਨੂੰ ਜੱਫੀ ’ਚ ਲੈ ਕੇ ਆਪਣੇ ਨਾਲ ਬੈਠਾ ਲਿਆ, ਪਰ ਸ਼ੀਤਲ ਨੇ ਜਸਵਿੰਦਰ ਪ੍ਰਤੀ ਸਤਿਕਾਰ ਪ੍ਰਗਟਾਉਣਾ ਨਾ ਭੁੱਲਿਆ ਤੇ ਬੈਠੀ ਨੇ ਹੱਥ ਜੋੜ ਕੇ ਆਪਣੇ ਮਨ ਦੀ ਗੱਲ ਉਸ ਤੱਕ ਪਹੁੰਚਾ ਦਿੱਤੀ। ਬੇਝਿੱਜਕ ਗੱਲਾਂ ਹੋਈਆਂ। ਜਸਵਿੰਦਰ ਤੇ ਸ਼ੀਤਲ ਨੂੰ ਵੱਖਰੇ ਕਮਰੇ ’ਚ ਬੈਠਾ ਦਿੱਤਾ ਗਿਆ। ਘੰਟੇ ਕੁ ਬਾਅਦ ਬਾਹਰ ਆਏ ਪੁੱਤਰ ਦੇ ਚਿਹਰੇ ਤੋਂ ਹਾਂ ਪੜ੍ਹ ਕੇ ਪ੍ਰੀਤ ਨੇ ਦੂਜੇ ਪਾਸੇ ਬੈਠੀ ਪਿੰਕੀ ਨਾਲ ਸਭ ਸਾਂਝਾ ਕਰ ਲਿਆ।
“ਭਾਈ ਸਾਹਿਬ, ਸਾਡੇ ਵੱਲੋਂ ਵਧਾਈਆਂ, ਪਰ ਤੁਹਾਡੀ ਮਰਜ਼ੀ ਪਹਿਲਾਂ।’’ ਜੁੜੇ ਹੱਥਾਂ ਨਾਲ ਮੰਗਾ ਸਿੰਘ ਨੇ ਪਹਿਲ ਕੀਤੀ।
“ਸਰਦਾਰ ਜੀ, ਅਸੀਂ ਤਾਂ ਮਰਜ਼ੀ ਬਣਾ ਕੇ ਈ ਤੁਹਾਨੂੰ ਸੱਦਾ ਦਿੱਤਾ ਸੀ।’’ ਸਰਪੰਚ ਤੇਜਾ ਸਿੰਘ ਚੀਮਾ ਦੀ ਗੱਲ ਸੁਣਦੇ ਹੀ ਵਧਾਈਆਂ ਸਾਂਝੀਆਂ ਹੋਣ ਲੱਗੀਆਂ ਤੇ ਸ਼ੀਤਲ ਦੁਆਲੇ ਜੇਠਾਣੀ ਦੀਆਂ ਬਾਹਵਾਂ ਦੀ ਪਕੜ ਕੱਸੀ ਗਈ।
ਪ੍ਰੀਤ ਉੱਠੀ ਤੇ ਪਰਸ ’ਚੋਂ ਵੱਡਾ ਸਾਰਾ ਨੋਟ ਕੱਢ ਕੇ ਸ਼ੀਤਲ ਦੇ ਹੱਥ ’ਤੇ ਰੱਖ ਦਿੱਤਾ। ਪਿੰਕੀ ਪਹਿਲਾਂ ਈ ਤਿਆਰ ਬੈਠੀ ਸੀ। ਰਿਸ਼ਤੇਦਾਰੀ ਦਾ ਮੁੱਢ ਬੱਝ ਗਿਆ। ਉਮੀਦ ਤੋਂ ਚੰਗਾ ‘ਆਪਣਾ ਘਰ’ ਮਿਲਣ ਦੀ ਖ਼ੁਸ਼ੀ ਸ਼ੀਤਲ ਦੇ ਮਨ ’ਚੋਂ ਉੱਛਲਣ ਲੱਗੀ। ਬੇਲੋੜੀਆਂ ਰਸਮਾਂ ’ਚ ਨਾ ਪੈਣ ਤੇ ਸਹਿਮਤੀ ਹੋ ਗਈ। ਨੱਕ ਦੀ ਪਰਵਾਹ ਵਿਸਾਰ ਕੇ ਹੋਰਾਂ ਨੂੰ ਪਿੱਛੇ ਲਾਉਣਾ ਤੈਅ ਹੋ ਗਿਆ। ਸਰਪੰਚ ਨੂੰ ਮੰਗਾ ਸਿੰਘ ਦੀ ਜੱਫੀ ’ਚੋਂ ਅਨੋਖਾ ਨਿੱਘ ਮਹਿਸੂਸ ਹੋਇਆ। ਮਹੀਨੇ ਬਾਅਦ ਵਿਆਹ ਦਾ ਦਿਨ ਮਿੱਥ ਲਿਆ ਗਿਆ ਤੇ ਦੋਹੀਂ ਪਾਸੀਂ ਤਿਆਰੀਆਂ ਸ਼ੁਰੂ ਹੋ ਗਈਆਂ। ਬਰਾਤੀਆਂ ਦੀ ਸੂਚੀ ਬਣਾ ਕੇ ਕਾਰਾਂ ਬੁੱਕ ਹੋਣ ਲੱਗੀਆਂ। ਫੌਜੀ ਯਾਨੀ ਦਾਦਾ ਜੀ ਦੀ ਸਰੀਰਕ ਹਾਲਤ ਕਰਕੇ ਉਸ ਨੂੰ ਬਰਾਤੀ ਨਾ ਗਿਣਿਆ ਗਿਆ। ਲਾੜੇ ਲਈ ਮਹਿੰਗੀ ਕਾਰ ਬੁੱਕ ਕੀਤੀ ਗਈ।
ਵਿਆਹ ਦਾ ਦਿਨ ਆ ਗਿਆ। ਸਭ ਤਿਆਰੀਆਂ ਤੋਂ ਬਾਅਦ ਬਰਾਤ ਰਵਾਨਾ ਹੋਣ ਵਾਲੀ ਸੀ। ਸਾਰੀਆਂ ਕਾਰਾਂ ਘਰ ਨਾਲੋਂ ਲੰਘਦੀ ਪੱਕੀ ਸੜਕ ’ਤੇ ਕਤਾਰ ’ਚ ਖੜ੍ਹੀਆਂ ਸਨ। ਸ਼ਿੰਦਾ ਗੱਡੀਆਂ ’ਤੇ ਝਾਤੀ ਮਾਰਦਾ ਮੂਹਰਿਓਂ ਪਿੱਛੇ ਨੂੰ ਆਉਂਦੇ ਹੋਏ ਸਭ ਦਾ ਬੈਠੇ ਹੋਣਾ ਯਕੀਨੀ ਬਣਾ ਰਿਹਾ ਸੀ। ਉਸ ਨੂੰ ਆਪਣਾ ਡੈਡੀ ਆਖਰੀ ਕਾਰ ਤੱਕ ਕਿਸੇ ’ਚ ਨਾ ਦਿਸਿਆ। ‘ਕਿੱਥੇ ਗਏ’ ਦਾ ਸਵਾਲ ਚਿੰਤਾ ਬਣ ਕੇ ਉਸ ਦੇ ਮੱਥੇ ’ਤੇ ਉੱਭਰਿਆ। ਤੇਜ਼ ਕਦਮੀਂ ਦੁਬਾਰਾ ਸਭ ਕਾਰਾਂ ਵੇਖਣ ਲੱਗਾ। ਪੁੱਤ ਦਾ ਚਿਹਰਾ ਵੇਖ ਕੇ ਪ੍ਰੀਤ ਕਾਰ ’ਚੋਂ ਬਾਹਰ ਆਈ। ਦੋਵੇਂ ਮੰਗਾ ਸਿੰਘ ਨੂੰ ਲੱਭਣ ਲੱਗੇ। ਹੋਰ ਬਰਾਤੀ ਵੀ ਕਾਰਾਂ ’ਚੋਂ ਬਾਹਰ ਆ ਗਏ। ਬਦਸ਼ਗਨੀ ਦੀ ਚਿੰਤਾ ਮਾਂ-ਪੁੱਤ ਨੂੰ ਸਤਾਉਣ ਲੱਗੀ। ਚਾਨਣੀ ਰਾਤੇ ਚੰਨ ਦੇ ਕਾਲੇ ਬੱਦਲਾਂ ਉਹਲੇ ਹੋਣ ਵਰਗੇ ਹਾਲਾਤ ਬਣ ਗਏ। ਅਣਕਿਆਸੀਆਂ ਗੱਲਾਂ ਬਰਾਤੀਆਂ ਦੇ ਚੇਤਿਆਂ ’ਚੋਂ ਉੱਭਰਨ ਲੱਗੀਆਂ। ਅਚਾਨਕ ਸੜਕ ’ਤੇ ਖੜ੍ਹੇ ਸ਼ਿੰਦੇ ਦੀ ਨਜ਼ਰ ਕੰਧ ਦੇ ਉੱਪਰੋਂ ਘਰ ਦੇ ਅੰਦਰ ਪਈ। ਨੁੱਕਰ ਵਾਲੇ ਕਮਰੇ ’ਚੋਂ ਅਧਰੰਗ ਪੀੜਤ ਫੌਜੀ ਨੂੰ ਸੱਜੇ ਪਾਸਿਓਂ ਸੰਭਾਲਦੇ ਹੋਏ ਆਪਣੇ ਖੱਬੇ ਮੋਢੇ ਦਾ ਆਸਰਾ ਦਿੰਦੇ ਹੋਏ ਬਾਹਰ ਨਿਕਲਦਾ ਡੈਡੀ ਉਸ ਨੂੰ ਦਿਸ ਪਿਆ। ਉਸ ਨੇ ਗੇਟ ਦੇ ਪੱਲੇ ਨੂੰ ਧੱਕਾ ਮਾਰਿਆ ਤੇ ਅੰਦਰ ਲੰਘ ਕੇ ਵੱਡੇ ਵੱਡੇ ਕਦਮ ਪੁੱਟਦਾ ਡੈਡੀ ਤੇ ਦਾਦੇ ਕੋਲ ਜਾ ਪੁੱਜਾ। ਬਿਨਾਂ ਕੋਈ ਸਵਾਲ ਕੀਤੇ ਉਸ ਨੇ ਦਾਦੇ ਦੀ ਖੱਬੀ ਬਾਂਹ ਫੜੀ ਤੇ ਆਪਣੇ ਸੱਜੇ ਮੋਢੇ ਨਾਲ ਦਾਦੇ ਦਾ ਭਾਰ ਸੰਭਾਲਿਆ ਤੇ ਪੋਲੇ ਪੋਲੇ ਕਦਮ ਪੁੱਟਦਾ ਹੋਇਆ ਕਾਰਾਂ ਵੱਲ ਲੈ ਤੁਰਿਆ। ਲਿਮੋਜਿਨ ’ਚ ਬੈਠੀ ਪਿੰਕੀ ਨੇ ਸੀਟਾਂ ਵਿਹਲੀਆਂ ਕਰਕੇ ਦੋਹਾਂ ਨੂੰ ਬੈਠਾਇਆ ਤੇ ਨਾਲ ਦੀ ਤੀਜੀ ਸੀਟ ’ਤੇ ਪ੍ਰੀਤ ਨੂੰ ਬੈਠਾ ਦਿੱਤਾ। ਸਮੇਂ ਸਿਰ ਬਰਾਤ ਦੇ ਢੁਕਾਅ ਲਈ ਕਾਰਾਂ ਨੇ ਰਫ਼ਤਾਰ ਫੜ ਲਈ। ਆਪਣਿਆਂ ਦਾ ਭਾਰ ਆਪਣਿਆਂ ਦੇ ਮੋਢੇ ਹੀ ਝੱਲਦੇ ਨੇ, ਬਰਾਤੀਆਂ ਨੇ ਆਪਣੇ ਮਨਾਂ ’ਚ ਕਦੇ ਕਦਾਈਂ ਉੱਠਦੇ ਰਹੇ ਸਵਾਲ ਦਾ ਜਵਾਬ ਆਪਣੀ ਅੱਖੀਂ ਤੱਕ ਲਿਆ ਸੀ।
ਸ਼ਿੰਦੇ ਵੱਲੋਂ ਝੰਜੋੜੇ ਜਾਣ ’ਤੇ ਮੰਗਾ ਸਿੰਘ ਦੀ ਜਾਗ ਖੁੱਲ੍ਹੀ, “ਡੈਡੀ ਸਿਵਾ ਤੇ ਕਦੋਂ ਦਾ ਮੱਚ ਗਿਆ ਹੋਇਆ, ਚਲੋਂ ਹੁਣ ਘਰ ਚਲੀਏ।” ਮੰਗਾ ਸਿੰਘ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਦੇ ਮੋਢਿਆਂ ’ਤੇ ਪਿਆ ਭਾਰ ਹਲਕਾ ਕਰ ਦਿੱਤਾ ਹੋਵੇ। ਚੁੱਪ ਚੁਪੀਤਾ ਉੱਠਿਆ ਤੇ ਸੋਟੀ ਫੜ ਕੇ ਸ਼ਿੰਦੇ ਦੇ ਪਿੱਛੇ ਪਿੱਛੇ ਤੁਰ ਪਿਆ।
ਸੰਪਰਕ: +16044427676