ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਪੋ ਆਪਣਾ ਦਰਦ

08:31 AM Feb 01, 2024 IST

ਹਰਜੀਤ ਸਿੰਘ

Advertisement

‘‘ਸੁਣਾੳ, ਕੀ ਹਾਲ ਹੈ?’’ ਇੱਕ ਡਾਕਟਰ ਦੂਜੇ ਨੂੰ ਪੁੱਛ ਰਿਹਾ ਸੀ।
‘‘ਬਹੁਤ ਵਧੀਆ, ਮੌਜਾਂ ਬਣੀਆਂ ਹਨ। ਬੁਖਾਰ, ਖੰਘ ਜ਼ੁਕਾਮ, ਅੱਖਾਂ ਦਾ ਫਲੂ ਆਦਿ ਬਿਮਾਰੀਆਂ ਨਾਲ ਓਪੀਡੀ ਅਤੇ ਵਾਰਡ ਭਰੇ ਪਏ ਹਨ। ਸਾਰੇ ਸਾਲ ਦੀ ਕਮਾਈ ਦੋ ਚਾਰ ਮਹੀਨਿਆਂ ਵਿੱਚ ਹੀ ਹੋ ਜਾਣੀ ਹੈ। ਤੁਸੀਂ ਸੁਣਾਉ?’’
‘‘ਆਪਣਾ ਵੀ ਇਸ ਤਰ੍ਹਾਂ ਹੀ ਹੈ। ਮਰਨ ਦੀ ਵੀ ਵਿਹਲ ਨਹੀਂ,’’ ਦੂਜੇ ਨੇ ਜਵਾਬ ਦਿੱਤਾ।
ਪੰਦਰਾਂ ਕੁ ਦਿਨਾਂ ਬਾਅਦ ਇਹੋ ਸਵਾਲ ਦੁਬਾਰਾ ਦੋਵੇਂ ਡਾਕਟਰ ਇੱਕ-ਦੂਜੇ ਨੂੰ ਪੁੱਛਦੇ ਹਨ। ਇੱਕ ਦਾ ਜਵਾਬ ਸੀ, ‘‘ਕੁਝ ਨਾ ਪੁੱਛ, ਭਰਾਵਾ। ਬੁਰਾ ਹਾਲ ਹੈ। ਵੀਹ ਦਿਨ ਹੋ ਗਏ ਬੁਖਾਰ ਖਹਿੜਾ ਨਹੀਂ ਛੱਡਦਾ। ਗੋਡਿਆਂ ਵਿੱਚ ਪੀੜ ਹੁੰਦੀ ਰਹਿੰਦੀ ਹੈ। ਅੱਖਾਂ ’ਚ ਰੜਕ ਪੈਂਦੀ ਰਹਿੰਦੀ ਹੈ। ਕੋਈ ਦਵਾਈ ਅਸਰ ਹੀ ਨਹੀਂ ਕਰਦੀ। ਹੁਣ ਪਤਾ ਲੱਗਦਾ ਹੈ। ਪਹਿਲਾਂ ਤਾਂ ਮਰੀਜ਼ਾਂ ਨੂੰ ਕਹੀਦਾ ਸੀ, ਦਵਾਈ ਖਾਉ ਠੀਕ ਹੋ ਜਾਣਾ ਹੈ, ਚਿੰਤਾ ਨਾ ਕਰੋ। ਭਰਾਵਾ ਪੈਸਾ ਹੀ ਸਭ ਕੁਝ ਨਹੀਂ। ਤੰਦਰੁਸਤੀ ਹੀ ਸਭ ਕੁਝ ਹੈ। ਮੈਂ ਤਾਂ ਹੁਣ ਕਲੀਨਿਕ ’ਤੇ ਵੀ ਨਹੀਂ ਜਾਂਦਾ। ਪੈਸੇ ਨੂੰ ਕੀ ਕਰਨਾ, ਜੇ ਸਿਹਤ ਹੀ ਠੀਕ ਨਹੀਂ...’’ ਇੱਕ ਡਾਕਟਰ ਆਪਣਾ ਦਰਦ ਦੂਜੇ ਨੂੰ ਦੱਸ ਰਿਹਾ ਸੀ।
ਸੰਪਰਕ: 92177-01415
* * *

ਸੁਧਾਰ

ਮਨਜੀਤ ਕੌਰ ਧੀਮਾਨ
‘‘ਮਾਨਵ! ਇੱਧਰ ਆ ਜ਼ਰਾ।’’ ਘਰੇ ਆਏ ਮਾਨਵ ਨੂੰ ਮਾਮਾ ਜੀ ਨੇ ਆਵਾਜ਼ ਮਾਰੀ।
‘‘ਹਾਂ ਜੀ ਮਾਮਾ ਜੀ!’’ ਮਾਨਵ ਨੇ ਕੋਲ ਆਉਂਦਿਆਂ ਕਿਹਾ।
‘‘ਪੁੱਤਰ, ਤੂੰ ਆਪਣੀ ਮਾਂ ਨੂੰ ਐਨਾ ਤੰਗ ਕਿਉਂ ਕਰ ਰਿਹਾ ਹੈਂ? ਤੈਨੂੰ ਕਿੰਨੀ ਵਾਰ ਸਮਝਾਇਆ ਕਿ ਉਹਦਾ ਕਹਿਣਾ ਮੰਨਿਆ ਕਰ। ਵੱਡਾ ਕੀ ਹੋ ਗਿਆ ਏਂ, ਤੂੰ ਤਾਂ ਮਾਂ ਨੂੰ ਕੁਝ ਸਮਝਦਾ ਹੀ ਨਹੀਂ।’’ ਮਾਮਾ ਜੀ ਨੇ ਕਿਹਾ।
ਮਾਨਵ ਹੇਠਾਂ ਮੂੰਹ ਕਰ ਕੇ ਚੁੱਪਚਾਪ ਬੈਠਾ ਸੀ।
‘‘ਵੇਖ ਪੁੱਤਰ, ਮਾਂ ਪਿਓ ਦੁਬਾਰਾ ਨਹੀਂ ਮਿਲਦੇ ਹੁੰਦੇ। ਸਾਰੀ ਜ਼ਿੰਦਗੀ ਬੱਚਿਆਂ ਲਈ ਕਿੰਨਾ ਕੁਝ ਕਰਦੇ ਹਨ ਤੇ ਜੇ ਬੱਚੇ ਕਦਰ ਨਾ ਕਰਨ ਤਾਂ ਦੱਸ ਭਲਾ ਕੀ ਫ਼ਾਇਦਾ?’’ ਮਾਮਾ ਜੀ ਨੇ ਅੱਗੇ ਗੱਲ ਤੋਰਦਿਆਂ ਕਿਹਾ।
‘‘ਜੀ ਮਾਮਾ ਜੀ, ਮੈਂ ਅੱਗੇ ਤੋਂ ਧਿਆਨ ਰੱਖਾਂਗਾ।’’ ਮਾਨਵ ਹੌਲੀ ਜਿਹੀ ਬੋਲਿਆ।
‘‘ਅੱਛਾ ਸੱਚ, ਇੱਕ ਹੋਰ ਗੱਲ ਦੱਸ। ਤੇਰੀ ਮਾਂ ਕਹਿੰਦੀ ਸੀ ਕਿ ਤੂੰ ਦੋਸਤਾਂ ਨਾਲ ਬੀਅਰ ਵਗੈਰਾ ਵੀ ਪੀਣ ਲੱਗ ਗਿਆ ਹੈਂ। ਇਹ ਗੱਲ ਚੰਗੀ ਨਹੀਂ ਤੇਰੇ ਲਈ। ਹਾਲੇ ਤੇਰਾ ਪੜ੍ਹਨ ਦਾ ਸਮਾਂ ਹੈ। ਮਨ ਲਗਾ ਕੇ ਪੜ੍ਹ। ਜਿਹੜੀਆਂ ਆਦਤਾਂ ਹੁਣ ਪੈ ਜਾਣੀਆਂ ਓਹ ਫੇਰ ਸਦਾ ਲਈ ਪੱਕ ਜਾਣੀਆਂ ਹਨ। ਇਸ ਲਈ ਸੰਭਲ ਜਾ ਪੁੱਤਰਾ। ਸੁਧਾਰ ਲੈ ਆਪਣੇ ਆਪ ਨੂੰ।’’ ਮਾਮਾ ਜੀ ਨੇ ਥੋੜ੍ਹੇ ਗੁੱਸੇ ਵਿੱਚ ਕਿਹਾ।
‘‘ਅੱਗੇ ਤੋਂ ਨਹੀਂ ਪੀਂਦਾ ਮਾਮਾ ਜੀ।’’ ਮਾਨਵ ਨੇ ਕਹਿ ਕੇ ਕੋਲੋਂ ਉੱਠਣਾ ਚਾਹਿਆ।
‘‘ਉਹ ਚੱਲਾ ਕਿੱਥੇ ਐਂ? ਕਾਕਾ! ਬੈਠ ਹਾਲੇ। ਹੋਰ ਵੀ ਗੱਲਾਂ ਕਰਨੀਆਂ ਹਨ, ਤੇਰੇ ਨਾਲ। ਵੇਖ ਮੇਰੀ ਭੈਣ ਮੇਰੀ ਬਹੁਤ ਲਾਡਲੀ ਹੈ। ਮੈਂ ਉਹਦੀਆਂ ਅੱਖਾਂ ਵਿੱਚ ਹੰਝੂ ਨਹੀਂ ਵੇਖ ਸਕਦਾ। ਇਸ ਲਈ ਅੱਗੇ ਤੋਂ ਉਹਦੇ ਮੂਹਰੇ ਨਾ ਬੋਲੀਂ। ਨਹੀਂ ਦੇਖ ਲੈ ,ਮੈਂ ਫੇਰ ਕੁੱਟੂੰ ਘੱਟ, ਘੜੀਸੂੰ ਵੱਧ!’’ ਮਾਮਾ ਜੀ ਨੇ ਮੁੱਛਾਂ ਨੂੰ ਵੱਟ ਦਿੰਦਿਆਂ ਕਿਹਾ।
‘‘ਜੀ ਮਾਮਾ ਜੀ!’’ ਮਾਨਵ ਨੇ ਸ਼ਰਾਬ ਤੇ ਸਿਗਰਟ ਦੀ ਬਦਬੂ ਤੋਂ ਨੱਕ ’ਤੇ ਹੱਥ ਰੱਖਦਿਆਂ ਰਸੋਈ ਵਿੱਚ ਰੋਟੀ ਲੈ ਕੇ ਖੜ੍ਹੀ ਬੇਬੱਸ ਮਾਮੀ ਤੇ ਅੰਦਰ ਕੱਲਮ-ਕੱਲੀ ਬੈਠੀ ਬਜ਼ੁਰਗ ਨਾਨੀ ਵੱਲ ਵੇਖਦਿਆਂ ਕਿਹਾ।
ਸੰਪਰਕ: 94646-33059
* * *

Advertisement

ਬਚਪਨ

ਮਾ. ਸੁਖਵਿੰਦਰ ਦਾਨਗੜ੍ਹ
ਬਬਲੀ ਕਈ ਸਾਲਾਂ ਬਾਅਦ ਆਪਣੀ ਸਹੇਲੀ ਦੀਪਾਂ ਨੂੰ ਮਿਲੀ। ਬੱਸ ਫਿਰ ਕੀ ਸੀ ਛੇੜ ਲਈਆਂ ਤੰਦਾਂ ਆਪਣੇ ਬੀਤੇ ਵੇਲ਼ੇ ਦੀਆਂ।
‘‘ਕਿੰਨਾ ਵਧੀਆ ਟੈਮ ਸੀ ਭੈਣੇ!! ਓਸ ਵੇਲ਼ੇ, ਸਾਰਾ-ਸਾਰਾ ਦਿਨ ਖੇਡੀ ਜਾਣਾ, ਜੀਹਦੇ ਘਰ ਜੀਅ ਕਰਨਾ ਰੋਟੀ ਖਾ ਲੈਣੀ! ਜਿਸਦੇ ਜੀਅ ਕੀਤਾ ਘਰ ਚਲੇ ਜਾਣਾ,’’ ਦੀਪਾਂ ਬਚਪਨ ਯਾਦ ਕਰਦਿਆਂ ਬੋਲੀ।
ਅੱਗੋਂ ਬਬਲੀ ਵੀ ਹਾਂ ’ਚ ਹਾਂ ਮਿਲਾਉਂਦੀ ਬੋਲੀ, ‘‘ਹਾਂ ਭੈਣੇ!! ਜੋ ਲੰਘ ਗਿਆ ਸੋ ਗਿਆ। ਬੱਸ ਭੈਣੇ!! ਹੁਣ ਤਾਂ ਯਾਦਾਂ ਹੀ ਨੇ ਆਪਣੇ ਪੱਲੇ, ਯਾਦ ਕਰ ਕੇ ਟੈਮ ਟਪਾ ਲਈਦਾ।’’
‘‘ਹਾਂ ਸੱਚ ਬਬਲੀ!! ਤੇਰੇ ਓਹ ਗੱਲ ਯਾਦ ਐ? ਇਕੇਰਾਂ ਆਪਾਂ ਓਹ ਪਿੰਡ ਦੇ ਪਰਲੇ ਪਾਸੇ ਬੇਰ ਚੁਗਣ ਚਲੀਆਂ ਗਈਆਂ ਸਾਂ। ਵਾਪਸ ਆਉਂਦਿਆਂ ਨੂੰ ਦਿਨ ਛਿਪ ਕੇ ਮੂੰਹ ਨ੍ਹੇਰਾ ਹੋ ਗਿਆ ਸੀ। ਆਪਣੇ ਕਿੰਨੇ ਛਿੱਤਰ ਪਏ ਸੀ ਭੋਲੀ ਚਾਚੀ ਕੋਲੋਂ।’’
‘‘ਹਾਂ ਸਭ ਯਾਦ ਐ! ਉਹ ਕੁੱਟ ਤਾਂ ਸਾਰੀ ਉਮਰ ਨੀਂ ਭੁੱਲਣੀ। ਗੁੱਡੀਆਂ-ਪਟੋਲੇ ਖੇਡਦਿਆਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਕਬੀਲਦਾਰ ਹੋ ਗਈਆਂ!! ਇਉਂ ਲੱਗਦਾ ਜਿਵੇਂ ਬਚਪਨ ਦੇ ਦਸ-ਬਾਰ੍ਹਾਂ ਸਾਲ ਕੁਝ ਦਿਨਾਂ ’ਚ ਹੀ ਟੱਪ ਗਏ ਹੋਣ,’’ ਦੀਪਾਂ ਅੱਖਾਂ ਭਰ ਆਈ।
‘‘ਲੈ ਆਪਾਂ ਵੀ ਕਿਧਰੇ ਹੋਰ ਹੀ ਖੋ ਗਈਆਂ ਸੀ! ਹੋਰ ਦੱਸ ਸਹੁਰੇ ਘਰ ਦਾ ਕੀ ਹਾਲ ਐ? ਆਹ ਇੱਕੋ ਲਾਲ ਐ? ਤੇਰੇ ਵੀ ਮੇਰੇ ਵਾਂਗੂੰ? ਕਿੰਨੇ ਸਾਲਾਂ ਦਾ ਹੋ ਗਿਆ? ਹਾਂ ਬਈ!! ਸਕੂਲ ਜਾਨਾਂ ਹੁੰਨੈ?’’ ਬਬਲੀ ਗੱਲ ਨੂੰ ਮੋੜਾ ਦਿੰਦਿਆਂ ਬੋਲੀ।
‘‘ਹਾਂ ਭੈਣੇ! ਜਾਂਦਾ ਹੁੰਦੈ ਸਕੂਲ, ਸੁੱਖ ਨਾਲ ਪੰਜਵੀਂ ’ਚ ਐ। ਪੜ੍ਹਾਈ ’ਚ ਪੂਰਾ ਹੁਸ਼ਿਆਰ ਐ। ਹਰ ਸਾਲ ਪਹਿਲੇ ਨੰਬਰ ’ਤੇ ਆਉਂਦੈ। ਗੱਲ ਭੁੰਜੇ ਨ੍ਹੀਂ ਡਿੱਗਣ ਦਿੰਦਾ। ਦੇਖ ਲੈ ਛੇੜ ਕੇ,’’ ਦੀਪਾਂ ਆਪਣੇ ਪੁੱਤਰ ਨੂਰਪ੍ਰੀਤ ਨੂੰ ਥਾਪੀ ਦਿੰਦਿਆਂ ਬੋਲੀ।
‘‘ਪੰਜਵੀਂ ’ਚ ਹੋ ਗਿਆ? ਹੈ ਤਾਂ ਘਸਿਆ ਜਾ! ਦੱਬ ਕੇ ਖਾ ਪੀ ਲਿਆ ਕਰ ਨੂਰ। ਮੌਜਾਂ ਕਰ, ਬਚਪਨ ਵਾਰ-ਵਾਰ ਨੀਂ ਆਉਂਦਾ। ਬਬਲੀ ਮਾਸੀ ਦੀ ਗੱਲ ਪੱਲੇ ਬੰਨ੍ਹ ਲੈ, ਚੰਗਾ!’’ ਬਬਲੀ ਨੂਰ ਦਾ ਸਿਰ ਪਲੋਸਦਿਆਂ ਬੋਲੀ।
‘‘ਮੈਂ ਸੁਣ ਲਈਆਂ ਤੁਹਾਡੀਆਂ ਸਾਰੀਆਂ ਗੱਲਾਂ। ਆਪ ਤਾਂ ਆਪਣੇ ਬਚਪਨ ’ਚ ਬਥੇਰੀਆਂ ਮੌਜਾਂ ਮਾਣੀਆਂ ਤੁਸੀਂ। ਫਿਰ ਮੇਰੇ ਬਚਪਨ ਦਾ ਗਲਾ ਕਿਉਂ ਘੁੱਟ ਰਹੇ ਓ? ਸਾਰਾ ਦਿਨ ਸਕੂਲ, ਫਿਰ ਟਿਊਸ਼ਨ। ਨਾ ਗਲੀ ’ਚ ਜਾਣ ਦਿੰਦੇ ਓ, ਨਾ ਆਂਢ-ਗੁਆਂਢ। ਮਿੱਟੀ ’ਚ ਖੇਡਣ ਨੀਂ ਦਿੰਦੇ। ਆਹ ਨੀਂ ਖਾਣਾ, ਉਹ ਨੀਂ ਖਾਣਾ। ਬੱਸ ਪੜ੍ਹਾਈ-ਪੜ੍ਹਾਈ ਹੀ ਕਰੀਂ ਜਾਂਦੇ ਓ? ਇੱਕ ਆਹ ਮੋਬਾਈਲ ਦੇ ਦਿੱਤਾ ਮੇਰੇ ਹੱਥ ’ਚ...’’ ਨੂਰਪ੍ਰੀਤ ਨੇ ਇੱਕੋ ਸਾਹੇ ਆਪਣੇ ਦਿਲ ਦੀ ਸਾਰੀ ਭੜਾਸ ਕੱਢ ਦਿੱਤੀ।
‘‘ਲੈ ਸੁਣ ਲੈ, ਜੇ ਹੋਰ ਕੁਸ਼ ਸੁਣਨਾ ਏਹਦੇ ਕੋਲੋਂ, ਦੇਖਿਆ!! ਕਿੰਝ ਆਰੀ ਵਾਂਗੂੰ ਚਲਦੀ ਐ ਲੁਤਰੋ,’’ ਦੀਪਾਂ ਹੱਸਦਿਆਂ ਬੋਲੀ।
ਇਹ ਸੁਣ ਕੇ ਬਬਲੀ ਸੁੰਨ ਜਿਹੀ ਹੋ ਗਈ ਅਤੇ ਕਹਿਣ ਲੱਗੀ, ‘‘ਦੀਪਾਂ ਭੈਣੇ! ਇਹ ਸੁਣਨ ਵਾਲੀ ਹੀ ਨਹੀਂ ਸਗੋਂ ਸਮਝਣ ਵਾਲੀ ਗੱਲ ਐ। ਅਸੀਂ ਕਿਹੋ ਜਿਹੇ ਮਾਪੇ ਆਂ? ਜੋ ਇਨ੍ਹਾਂ ਅਣਭੋਲ ਫੁੱਲਾਂ ਦੇ ਹਿੱਸੇ ਦੀਆਂ ਮੌਜਾਂ ਵਾਲਾ ਬਚਪਨ ਹੀ ਦੱਬੀ ਬੈਠੇ ਆਂ! ਜਿਨ੍ਹਾਂ ਮਾਸੂਮਾਂ ਦਾ ਬਚਪਨ ਹੀ ਕੁਚਲਿਆ ਗਿਆ, ਫਿਰ ਉਹ ਵੱਡੇ ਹੋ ਕੇ ਵਧੀਆ ਇਨਸਾਨ ਕਿਵੇਂ ਬਣ ਸਕਦੇ ਨੇ?’’
ਸੰਪਰਕ: 94171-80205
* * *

ਗ੍ਰਹਿਣ

ਜਗਜੀਤ ਸਿੰਘ ਲੋਹਟਬੱਦੀ
“ਕੁੜੇ ਬਹੂ, ਔਹ ਸ਼ਨਿੱਚਰ ਵਾਲਾ ਢੌਂਸੀ ਆਇਐ। ਤੇਲ ਪਾ ਦੇ ਉਹਨੂੰ। ਦੇਖੀਂ ਅਗਾੜੀ ਨਾ ਚਲਿਆ ਜਾਵੇ...।” ਕਰਮ ਕੁਰ ਨੇ ਆਪਣੀ ਨੂੰਹ ਨੂੰ ਆਗਾਹ ਕਰਨ ਲਈ ਆਵਾਜ਼ ਦਿੱਤੀ। ਝਾੜੂ ਲਗਾਉਂਦੀ ਕਸ਼ਮੀਰੋ ਨੇ ਕੁੰਡਾ ਖੋਲ੍ਹ ਕੇ ਬਾਹਰ ਜਾ ਇੱਧਰ ਉੱਧਰ ਦੇਖਿਆ, ਪਰ ਬਾਬਾ ਕਿਤੇ ਨਜ਼ਰੀਂ ਨਾ ਪਿਆ। ਸ਼ਾਇਦ ਪਿਛਲੀ ਗਲੀ ਵਿੱਚ ਚਲਾ ਗਿਆ ਸੀ। ਉਹ ਅੰਦਰ ਆਈ ਹੀ ਸੀ ਕਿ ਫਿਰ ਆਵਾਜ਼ ਆਈ “ਜੈ ਸ਼ਨੀ ਦੇਵ!” ਨੂੰਹ ਰਾਣੀ ਨੇ ਦਰ ਆਏ ਭਗਤ ਨੂੰ ਪੈਰੀਂ ਪੈਣਾ ਕੀਤਾ। ਚਿੱਟੇ ਖੱਦਰ ਦੇ ਕੱਪੜੇ ਪਾਈ ਬਾਬੇ ਕੋਲ ਮੁੰਜ ਦੀ ਥੰਦ੍ਹੀ ਹੋ ਚੁੱਕੀ ਰੱਸੀ ਨਾਲ ਲਟਕਦੇ ਡੋਲੂ ਵਿੱਚ ਸ਼ਨੀ ਦੇਵਤਾ ਦੀ ਤਸਵੀਰ ਵਾਲਾ ਟੀਨ ਦਾ ਪੱਤਰਾ ਅਤੇ ਕੁਝ ਸਿੱਕੇ ਪਏ ਸਨ। ਕਸ਼ਮੀਰੋ ਨੇ ਅੰਦਰੋਂ ਲਿਆਂਦੀ ਤੇਲ ਵਾਲੀ ਕੌਲੀ ਉਸ ਵਿੱਚ ਉਲੱਦ ਕੇ ਆਪਣਾ ਅਕਸ ਦੇਖਿਆ, ਪਰਿਵਾਰ ਦੀ ਸੁੱਖ ਮੰਗੀ। ਬਾਬੇ ਨੇ ਦੁੱਧਾਂ ਪੁੱਤਾਂ ਵਾਲੀ ਅਸੀਸ ਦਿੱਤੀ, “ਹੇ ਬਾਲਕੇ, ਖ਼ੁਸ਼ ਰਹੋ। ਆਉਣ ਵਾਲੇ ਮੰਗਲ ਨੂੰ ਦਿਨ ਬੜਾ ਭਾਰੀ ਆ... ਸੂਰਜ ਗ੍ਰਹਿਣ ਲੱਗਣਾ... ਤਕਰੀਬਨ ਪੱਚੀ ਸਾਲ ਬਾਅਦ ਇਹ ਘੜੀਆਂ ਆਉਂਦੀਆਂ ਨੇ। ਉਸ ਦਿਨ ਦਾਨ ਪੁੰਨ ਕੀਤਾ ਚੋਖਾ ਲੱਗਦੈ, ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ।”
“ਸਤਿ ਬਚਨ, ਬਾਬਾ ਜੀ,” ਕਸ਼ਮੀਰੋ ਨੇ ਹੱਥ ਜੋੜੇ ਤੇ ਅੰਦਰ ਆ ਕੇ ਫਿਰ ਆਪਣੇ ਕੰਮਾਂ ਕਾਰਾਂ ਵਿੱਚ ਰੁੱਝ ਗਈ।
ਰਲਾ ਸਿਹੁੰ ਦਾ ਪਰਿਵਾਰ ਭੋਇੰ ਖੁਣੋਂ ਲਿੱਸਾ, ਪਰ ਮਿਹਨਤੀ ਤੇ ਹਿਸਾਬੀ ਕਿਤਾਬੀ ਸੀ। ਹੱਥੀਂ ਕੰਮ ਕਰਨ ਅਤੇ ਇਮਾਨਦਾਰੀ ਸਦਕਾ ਗੁਜ਼ਾਰਾ ਸੌਖਾ ਚੱਲੀ ਜਾਂਦਾ ਸੀ। ਕੁੱਲ ਮਿਲਾ ਕੇ ਸੱਤ ਅੱਠ ਕਿੱਲਿਆਂ ਦੀ ਖੇਤੀ ਅਤੇ ਚਾਰ ਕੁ ਲਵੇਰੀਆਂ ਦੀ ਬਰਕਤ ਨਾਲ ਕਦੇ ਕਿਸੇ ਚੀਜ਼ ਦੀ ਥੁੜ ਮਹਿਸੂਸ ਨਹੀਂ ਸੀ ਹੋਈ। ਪੰਚਾਇਤ ਮੈਂਬਰ ਹੋਣ ਕਰਕੇ ਅਕਸਰ ਲੋਕ ਸਲਾਹਾਂ ਲੈਣ ਆਉਂਦੇ ਅਤੇ ਉਸ ਦੀ ਸਿਆਣਪ ਦੇ ਕਾਇਲ ਹੋ ਜਾਂਦੇ। ਦੋਵੇਂ ਧੀਆਂ ਚੰਗੇ ਘਰੀਂ ਵਿਆਹੀਆਂ ਹੋਣ ਕਾਰਨ ਉਨ੍ਹਾਂ ਵੱਲੋਂ ਠੰਢੀ ਹਵਾ ਆਉਂਦੀ ਸੀ। ਹੁਣ ਤਾਂ ਜੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਰੜਕਦੀ ਸੀ, ਉਹ ਸੀ ਕਸ਼ਮੀਰੋ ਦੀ ਸੱਖਣੀ ਕੁੱਖ। ਪੰਜ ਸਾਲ ਹੋ ਗਏ ਸਨ ਪੁੱਤ ਸ਼ਮਸ਼ੇਰ ਦਾ ਡੋਲਾ ਲਿਆਂਦੇ। ਮਜ਼ਾਰ ’ਤੇ ਚਾਦਰ ਵੀ ਚੜ੍ਹਾਈ ਸੀ ਅਤੇ ਪੰਜ ਮੱਸਿਆ ’ਤੇ ਵੀ ਹਾਜ਼ਰੀ ਲਵਾਈ ਸੀ। ਹੁਣ ਕਿਤੇ ਜਾ ਕੇ ਵਾਹਿਗੁਰੂ ਦੀ ਨਜ਼ਰ ਸਵੱਲੀ ਹੋਈ ਸੀ। ਸ਼ਹਿਰ ਦੇ ਹਸਪਤਾਲ ਦੀ ਨਰਸ ਨੇ ਨਵੇਂ ਜੀਅ ਦੇ ਆਉਣ ਦੀ ਪੁਸ਼ਟੀ ਕਰ ਦਿੱਤੀ ਸੀ। ਫ਼ੌਜ ਵਿੱਚੋਂ ਛੁੱਟੀ ਆਏ ਸ਼ਮਸ਼ੇਰ ਅਤੇ ਬਾਕੀ ਟੱਬਰ ਦੇ ਪੈਰ ਧਰਤੀ ’ਤੇ ਨਹੀਂ ਸੀ ਲੱਗ ਰਹੇ। ਜਿਵੇਂ ਸਾਰੇ ਸੰਸਾਰ ਦੀਆਂ ਖ਼ੁਸ਼ੀਆਂ ਝੋਲੀ ਪੈ ਗਈਆਂ ਹੋਣ।
ਛੁੱਟੀ ਕੱਟਣ ਮਗਰੋਂ ਸਟੇਸ਼ਨ ’ਤੇ ਛੱਡਣ ਆਏ ਬਾਪੂ ਨੂੰ ਸ਼ਮਸ਼ੇਰ ਨੇ ਘਰ ਦੇ ਕੰਮ ਵਾਸਤੇ ਕੋਈ ਨੌਕਰਾਣੀ ਰੱਖਣ ਦੀ ਤਾਕੀਦ ਕਰਦਿਆਂ ਕਿਹਾ ਕਿ ਕਸ਼ਮੀਰੋ ਦੀ ਦਵਾਈ ਬੂਟੀ ਤੇ ਹੋਰ ਖ਼ਰਚਿਆਂ ਲਈ ਉਹ ਪੈਸੇ ਭੇਜਦਾ ਰਹੇਗਾ। ਉਸ ਨੂੰ ਆਸ ਸੀ ਕਿ ਉਹ ਅਗਲੀ ਛੁੱਟੀ ਬੱਚੇ ਦੇ ਜਨਮ ਵੇਲੇ ਲੈ ਕੇ ਪਰਿਵਾਰ ਨਾਲ ਹਾਜ਼ਰ ਰਹੇਗਾ ਅਤੇ ਬਜ਼ੁਰਗ ਮਾਂ ਪਿਉ ਨੂੰ ਜ਼ਿਆਦਾ ਭੱਜ ਦੌੜ ਨਹੀਂ ਕਰਨੀ ਪਵੇਗੀ। ਟਰੇਨ ਵਿੱਚ ਬੈਠਾ ਉਹ ਮਨ ਹੀ ਮਨ ਬੱਚੇ ਨਾਲ ਲਾਡ ਲਡਾਉਣ ਲੱਗ ਪਿਆ। ਆਪਣੀ ਗੋਦ ਚੁੱਕੇ ਅਣਭੋਲ ਨੂੰ ਹਵਾ ਵਿੱਚ ਉਲਾਰ ਕੇ ਉਹ ਵੀ ਹੱਸਦਾ ਤੇ ਬਾਲਪਣ ਦੀਆਂ ਕਿਲਕਾਰੀਆਂ ਉਸ ਦੇ ਕੰਨਾਂ ਵਿੱਚ ਗੂੰਜਣ ਲੱਗਦੀਆਂ। ਕਿੰਨਾ ਮਨਮੋਹਕ ਦ੍ਰਿਸ਼ ਸੀ! ਧਿਆਨ ਉਦੋਂ ਟੁੱਟਾ ਜਦੋਂ ਟਿਕਟ ਕੁਲੈਕਟਰ ਨੇ ਫ਼ੌਜੀ ਸਫ਼ਰ ਦਾ ਵਾਊਚਰ ਦਿਖਾਉਣ ਲਈ ਕਿਹਾ। ਗੱਡੀ ਦੀ ਛੁੱਕ ਛੁੱਕ ਵਿੱਚ ਪਤਾ ਨਹੀਂ ਕਦੋਂ ਨੀਂਦਰ ਨੇ ਘੇਰਾ ਪਾ ਲਿਆ, ਪਰ ਸੁਪਨੇ ਨਵੇਂ ਜੀਅ ਦੇ ਹੀ ਆਉਂਦੇ ਰਹੇ।
ਗ੍ਰਹਿਣ ਵਾਲਾ ਦਿਨ ਚੜ੍ਹ ਗਿਆ। ਦਿਨੇ ਹੀ ਥੋੜ੍ਹਾ ਥੋੜ੍ਹਾ ਹਨੇਰਾ ਪਸਰਨ ਲੱਗਾ। ਸੜਕਾਂ ’ਤੇ ਗੱਡੀਆਂ ਮੋਟਰਾਂ ਦੀ ਆਵਾਜਾਈ ਘੱਟ ਹੀ ਸੀ। ਸੂਰਜ ’ਚੋਂ ਕਿਰ ਕੇ ਆਉਂਦੀਆਂ ਤਿੱਖੀਆਂ ਰਿਸ਼ਮਾਂ ਦੀ ਝਾਲ ਝੱਲਣੀ ਖ਼ਤਰੇ ਤੋਂ ਖਾਲੀ ਨਹੀਂ ਸੀ। ਮਤੇ ਕਿਸੇ ਦੀਆਂ ਅੱਖਾਂ ਜਾਂ ਕਿਸੇ ਹੋਰ ਅੰਗ ਦਾ ਨੁਕਸਾਨ ਹੋ ਜਾਵੇ। ਮਿੱਥੇ ਸਮੇਂ ਮੁਤਾਬਿਕ ਸ਼ਨੀ ਬਾਬਾ ‘ਦਾਨ ਪੁੰਨ’ ਇਕੱਠਾ ਕਰਨ ਲਈ ਫੇਰੀ ’ਤੇ ਆਇਆ ਅਤੇ ਕਰਮ ਕੁਰ ਨੇ ਆਟਾ, ਗੁੜ, ਤੇਲ ਤੇ ਰੁਪਈਆ ਮੱਥਾ ਟੇਕ ਕੇ ਪਰਿਵਾਰ ਦੀ ਖ਼ੈਰ ਮੰਗੀ। ਨਾਲ ਹੀ ਕਸ਼ਮੀਰੋ ਨੂੰ ਇਸ ਦਿਨ ਦੇਹਲੀਓਂ ਬਾਹਰ ਜਾਣ ਤੋਂ ਵਰਜ ਦਿੱਤਾ।
ਆਉਣ ਵਾਲੇ ਬਾਲ ਦੀ ਸਲਾਮਤੀ ਨੂੰ ਲੈ ਕੇ ਸਾਰਾ ਟੱਬਰ ਚਿੰਤਾਤੁਰ ਸੀ। ਸ਼ਮਸ਼ੇਰ ਨੇ ਵੀ ਇਸ ਸਮੇਂ ਕਸ਼ਮੀਰੋ ਦੇ ਬਾਹਰ ਗਲੀ ਵਿੱਚ ਨਾ ਜਾਣ ਸਖ਼ਤ ਹਦਾਇਤ ਕੀਤੀ ਸੀ। ਗ੍ਰਹਿਣ ਖ਼ਤਮ ਹੋਣ ਪਿੱਛੋਂ ਜਦੋਂ ਤ੍ਰਿਕਾਲਾਂ ਨੂੰ ਸੂਰਜ ਦੇਵਤਾ ਨੇ ਮੱਧਮ ਜਿਹੇ ਦਰਸ਼ਨ ਦਿੱਤੇ ਤਾਂ ਲੋਕਾਂ ਦੀ ਜਾਨ ਵਿੱਚ ਜਾਨ ਆਈ ਕਿ ਧਰਤੀ ਉਤਲਾ ‘ਭਾਰ’ ਉਤਰ ਗਿਆ ਸੀ।
ਸਰਹੱਦ ’ਤੇ ਗੁਆਂਢੀ ਮੁਲਕ ਨਾਲ ਝੜਪਾਂ ਦੀਆਂ ਕਨਸੋਆਂ ਬੇਚੈਨ ਕਰਨ ਵਾਲੀਆਂ ਸਨ। ਕਸ਼ਮੀਰੋ ਦੇ ਜਣੇਪੇ ਦਾ ਦਿਨ ਨੇੜੇ ਆ ਰਿਹਾ ਸੀ ਪਰ ਸ਼ਮਸ਼ੇਰ ਦੀ ਛੁੱਟੀ ਮਨਜ਼ੂਰ ਹੋਣ ਦਾ ਕੋਈ ਪੈਗਾਮ ਨਹੀਂ ਸੀ ਆ ਰਿਹਾ। ਇੱਧਰ ਰਲ਼ਾ ਸਿੰਹੁ ਅਤੇ ਕਰਮੋ ਰੱਬ ਅੱਗੇ ਅਰਦਾਸਾਂ ਕਰਦੇ, ਪੁੱਤ ਦੇ ਸਮੇਂ ਸਿਰ ਪਹੁੰਚਣ ਦੀਆਂ। ਨੇੜਲੇ ਰਿਸ਼ਤੇਦਾਰ ਲਾਗੇ ਹੀ ਰਹਿੰਦੇ ਸਨ ਅਤੇ ਲੋੜ ਪੈਣ ਤੇ ਮੱਦਦ ਵੀ ਕਰਦੇ ਸਨ, ਪਰ ਆਪਣਾ, ਆਪਣਾ ਹੀ ਹੁੰਦਾ ਹੈ। ਡਾਕਟਰ ਨੇ ਸਾਰਾ ਕੁਝ ਠੀਕ ਹੋਣ ਦਾ ਭਰੋਸਾ ਦਿਵਾਇਆ ਸੀ, ਪਰ ਫਿਰ ਵੀ ਬੁੱਢੇ ਸਰੀਰਾਂ ਨੂੰ ਜ਼ਿਆਦਾ ਭੱਜ ਦੌੜ ਨਾ ਕਰ ਸਕਣ ਦਾ ਤੌਖ਼ਲਾ ਲੱਗਾ ਹੋਇਆ ਸੀ।
“ਕਰਮ ਕੁਰੇ, ਫ਼ੌਜੀ ਘਰ ਆ ਜਾਵੇ... ਫੇਰ ਆਪਾਂ ਸੁਰਖਰੂ ਹੋਵਾਂਗੇ,” ਰਲਾ ਸਿਹੁੰ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਉੱਭਰੀਆਂ। “ਸ਼ੇਰੂ ਦੇ ਬਾਪੂ, ਵਾਗ੍ਹਰੂ ’ਤੇ ਡੋਰੀਆਂ ਰੱਖ... ਆਪਣੇ ਅੰਗ ਸੰਗ ਰਹੂਗਾ,” ਕਰਮੋ ਹੌਸਲਾ ਦਿੰਦੀ।
ਖ਼ਾਸ ਦਿਨ ਆ ਪਹੁੰਚਿਆ ਪਰ ਸ਼ਮਸ਼ੇਰ ਨੂੰ ਘਰ ਆਉਣ ਦੀ ਆਗਿਆ ਨਾ ਮਿਲੀ। ਡਿਸਪੈਂਸਰੀ ਦੇ ਛੋਟੇ ਜਿਹੇ ਕਮਰੇ ਵਿੱਚ ਕਸ਼ਮੀਰੋ ਅੰਦਰ ਸੀ ਤੇ ਸੱਸ ਸਹੁਰਾ ਬਾਹਰ। ਦੋਹਤਾ ਹਰਮਨ ਵੀ ਨਾਲ ਸੀ। ਹੱਥ ਪਰਵਰਦਿਗਾਰ ਦੀ ਇਬਾਦਤ ਵਿੱਚ ਜੁੜੇ ਹੋਏ। ਪਲ ਪਲ ਘੰਟਿਆਂਬੱਧੀ ਲੱਗਦਾ ਸੀ। ਅਖੀਰ ਨਰਸ ਪਵਿੱਤਰ ਕੌਰ ਅਪਰੇਸ਼ਨ ਕਮਰੇ ’ਚੋਂ ਬਾਹਰ ਆਈ, “ਵਧਾਈ ਹੋਵੇ, ਮੁੰਡਾ ਹੋਇਆ... ਜੱਚਾ ਬੱਚਾ ਦੋਵੇਂ ਠੀਕ ਨੇ।” ਅੱਖਾਂ ’ਚੋਂ ਖ਼ੁਸ਼ੀ ਦੇ ਹੰਝੂ ਵਹਿ ਤੁਰੇ।
“ਕਰਮ ਕੁਰੇ, ਆਪਾਂ ਵੀ ਵੱਸਦਿਆਂ ’ਚ ਹੋ ਗਏ...,” ਰਲ਼ਾ ਸਿੰਘ ਦਾ ਗਲਾ ਭਰਿਆ ਹੋਇਆ ਸੀ।
“ਤੂੰ ਸੱਚ ਕਹਿਨਾਂ... ਉਹਦੇ ਘਰ ਕਿਸੇ ਚੀਜ਼ ਦਾ ਘਾਟਾ ਨੀ।”
ਫ਼ੌਜੀ ਨੂੰ ਤਾਰ ਭੇਜੀ ਗਈ। ਉਹਦਾ ਮਨ ਵੀ ਉੱਡ ਕੇ ਘਰ ਆਉਣ ਨੂੰ ਕਾਹਲ਼ਾ ਸੀ ਪਰ ਮਜਬੂਰੀਆਂ ਰਸਤਾ ਰੋਕੀ ਖੜ੍ਹੀਆਂ ਸਨ। ਗੁਰਦੁਆਰੇ ਨਤਮਸਤਕ ਹੋਏ। ਭਾਈ ਸਾਹਿਬ ਨੇ ਵਾਕ ਲੈ ਕੇ ਬੱਚੇ ਦਾ ਨਾਂ ਗੁਰਮਿਹਰ ਸਿੰਘ ਰੱਖਿਆ, “ਗੁਰੂ ਦੀ ਮਿਹਰ ਹੀ ਤਾਂ ਹੋਈ ਐ।”
“ਮੈਂ ਤਾਂ ਇਹਨੂੰ ਪ੍ਰਿੰਸ ਕਹੂੰਗਾ,” ਹਰਮਨ ਨੇ ਛੋਟੇ ਨਾਂ ਦਾ ਫ਼ੈਸਲਾ ਸੁਣਾ ਦਿੱਤਾ। ਪਰਿਵਾਰ ਨੇ ਲੋਹੜੀ ’ਤੇ ਵੱਡਾ ਇਕੱਠ ਕਰਨ ਦਾ ਮਨ ਬਣਾ ਲਿਆ ਸੀ। ਇੰਨੇ ਚਿਰ ਤੱਕ ਖ਼ਤਰੇ ਦੇ ਬੱਦਲ ਵੀ ਛਟ ਜਾਣਗੇ ਤੇ ਸ਼ਮਸ਼ੇਰ ਦੀ ਛੁੱਟੀ ਵੀ ਮਨਜ਼ੂਰ ਹੋ ਜਾਵੇਗੀ। ਤਿਆਰੀਆਂ ਹੁਣੇ ਤੋਂ ਸ਼ੁਰੂ ਹੋ ਗਈਆਂ ਸਨ।
“ਇਹ ਕਾਰਜ ਵਾਗ੍ਹਰੂ ਦੀ ਕ੍ਰਿਪਾ ਨਾਲ ਸਿਰੇ ਚੜ੍ਹ ਜਾਵੇ ਤਾਂ ਗੰਗਾ ਨ੍ਹਾ ਲਾਂ ਗੇ... ਹੁਣ ਤਾਂ ਸਰੀਰ ਵੀ ਡਿੱਕ ਡੋਲੇ ਖਾਣ ਲੱਗ ਪਿਆ।”
“ਹੌਸਲਾ ਢਾਹੁਣ ਵਾਲੀਆਂ ਗੱਲਾਂ ਨਾ ਕਰਿਆ ਕਰ, ਸ਼ੇਰੇ ਦੇ ਬਾਪੂ... ਆਪਾਂ ਪ੍ਰਿੰਸ ਦੇ ਵਿਆਹ ਤੱਕ ਜਿਉਣੈ,” ਕਰਮ ਕੁਰ ਦੇ ਬੋਲ ਉਤਸ਼ਾਹੀ ਸਨ।
ਸ਼ਮਸ਼ੇਰ ਦੀ ਛੁੱਟੀ ਮਨਜ਼ੂਰ ਹੋ ਗਈ ਸੀ। ਘਰ ਵਿੱਚ ਰੌਣਕਾਂ ਲੱਗ ਗਈਆਂ ਸਨ। ਅਖੰਡ ਪਾਠ ਦੇ ਭੋਗ ਪਾਏ ਗਏ। ਰਿਸ਼ਤੇਦਾਰ ਅਤੇ ਦੋਸਤ ਮਿੱਤਰ ਵਧਾਈਆਂ ਦੇ ਰਹੇ ਅਤੇ ਬੱਚੇ ਦੀ ਲੰਮੀ ਉਮਰ ਦੀ ਦੁਆ ਮੰਗ ਰਹੇ ਸਨ। ਪਰਿਵਾਰ ਨੇ ਸਾਰੇ ਮਹਿਮਾਨਾਂ ਦੀ ਚੰਗੀ ਆਓਭਗਤ ਕੀਤੀ ਅਤੇ ਖ਼ੁਸ਼ੀ ਖੁਸ਼ੀ ਵਿਦਾਈ ਦਿੱਤੀ। ਸ਼ਮਸ਼ੇਰ ਦੀ ਛੁੱਟੀ ਵੀ ਮੁੱਕਣ ਵਾਲੀ ਸੀ।
“ਬਾਪੂ ਜੀ, ਥੋਡੀ ਸਿਹਤ ਵੀ ਹੁਣ ਬਹੁਤੀ ਠੀਕ ਨਹੀਂ ਰਹਿੰਦੀ। ਮੈਂ ਸੋਚਦਾਂ ਕਿ ਰਿਟਾਇਰਮੈਂਟ ਲੈ ਲਵਾਂ।”
“ਜਿਵੇਂ ਤੇਰੀ ਮਰਜ਼ੀ, ਪੁੱਤਰਾ,” ਰਲ਼ਾ ਸਿੰਹੁ ਦਾ ਮਨ ਭਰਿਆ ਪਿਆ ਸੀ। ਦੋ ਕੁ ਮਹੀਨਿਆਂ ਬਾਅਦ ਸ਼ਮਸ਼ੇਰ ਦੀ ਸੇਵਾਮੁਕਤੀ ਹੋ ਗਈ। ਮਾਂ ਪਿਉ ਦੀ ਸੇਵਾ ਦਾ ਬਹੁਤ ਸਾਲਾਂ ਪਿੱਛੋਂ ਸਬੱਬ ਬਣਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰਲ਼ਾ ਸਿੰਹੁ ਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਤੇ ਹਫ਼ਤਾ ਭਰ ਆਰਮੀ ਹਸਪਤਾਲ ਦਾਖਲ ਰਹਿਣ ਮਗਰੋਂ ਦਰਗਾਹੋਂ ਸੱਦਾ ਆ ਗਿਆ। ਘਰ ਦਾ ਮਾਹੌਲ ਫਿਰ ਉਦਾਸ ਹੋ ਗਿਆ।
ਪ੍ਰਿੰਸ ਨੂੰ ਤਿੰਨ ਸਾਲ ਦਾ ਹੋਣ ’ਤੇ ਸ਼ਹਿਰ ਦੇ ਨਾਮੀ ਪਬਲਿਕ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਚੁਸਤ ਦਰੁਸਤ ਯੂਨੀਫਾਰਮ ਵਿੱਚ ਪੂਰੀ ਤਰ੍ਹਾਂ ਫੱਬਦਾ ਸੀ। ਕਸ਼ਮੀਰੋ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ।
ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਪਤਾ ਹੀ ਨਾ ਲੱਗਾ ਕਿ ਕਦੋਂ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ। ਪ੍ਰਿੰਸ ਨੂੰ ਜਵਾਨ ਹੁੰਦੇ ਦੇਖ ਸਾਰਾ ਪਰਿਵਾਰ ਫੁੱਲਿਆ ਨਾ ਸਮਾਉਂਦਾ। ਚੰਗੇ ਨੰਬਰ ਲੈਣ ਕਰਕੇ ਅਗਲੀ ਪੜ੍ਹਾਈ ਲਈ ਕਾਲਜ ਵਿੱਚ ਦਾਖਲਾ ਸੌਖਾ ਹੀ ਮਿਲ ਗਿਆ। ਪਹਿਲਾ ਸਮੈਸਟਰ ਚੰਗਾ ਲੰਘ ਗਿਆ ਪਰ ਦੂਜੀ ਛਿਮਾਹੀ ਆਏ ਘੱਟ ਨੰਬਰਾਂ ਨੇ ਪਰਿਵਾਰ ਨੂੰ ਚਿੰਤਾ ਵਿੱਚ ਪਾ ਦਿੱਤਾ। ਘਰ ਵਿੱਚ ਜਦੋਂ ਵੀ ਪੜ੍ਹਾਈ ਦੀ ਗੱਲ ਚੱਲਦੀ, ਪ੍ਰਿੰਸ ਟਾਲਾ ਵੱਟਣ ਦੀ ਕੋਸ਼ਿਸ਼ ਕਰਦਾ। ਅਚਾਨਕ ਕਾਲਜ ਤੋਂ ਆਏ ਫੋਨ ਨੇ ਬਾਪੂ ਦੀ ਨੀਂਦ ਉਡਾ ਦਿੱਤੀ, “ਗੁਰਮਿਹਰ ਦੀ ਪੜ੍ਹਾਈ ਦੇ ਸਬੰਧ ਵਿੱਚ ਆ ਕੇ ਮਿਲੋ।” ਕਾਲਜ ਪ੍ਰਿੰਸੀਪਲ ਨੇ ਸ਼ਮਸ਼ੇਰ ਨੂੰ ਦੱਸਿਆ ਕਿ ਪ੍ਰਿੰਸ ਦੀ ਸੰਗਤ ਗ਼ਲਤ ਮੁੰਡਿਆਂ ਨਾਲ ਹੈ। ਕਲਾਸਾਂ ਵਿੱਚੋਂ ਅਕਸਰ ਗ਼ੈਰਹਾਜ਼ਰ ਰਹਿੰਦਾ ਹੈ ਅਤੇ ਪੜ੍ਹਾਈ ਵੱਲੋਂ ਪੂਰੀ ਤਰਾਂ ਲਾਪਰਵਾਹ ਹੈ। ਨਿੰਮੋਝੂਣੇ ਹੋਏ ਸ਼ਮਸ਼ੇਰ ਨੇ ਘਰ ਆ ਕੇ ਕਸ਼ਮੀਰੋ ਨਾਲ ਗੱਲ ਸਾਂਝੀ ਕੀਤੀ, ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ। ਅਖੇ, ਮੇਰਾ ਪੁੱਤ ਇਹੋ ਜਿਹਾ ਹੋ ਹੀ ਨਹੀਂ ਸਕਦਾ। ਇੱਕ ਦਿਨ ਬਾਪੂ ਅੱਗੇ ਬੁਲੇਟ ਮੋਟਰਸਾਈਕਲ ਦੀ ਮੰਗ ਰੱਖ ਦਿੱਤੀ। ਮੰਗ ਪੂਰੀ ਕਰਨ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਸੀ। ਸੋ ਅੱਕ ਚੱਬਣਾ ਪਿਆ। ਅਜੇ ਹਫ਼ਤਾ ਵੀ ਨਹੀਂ ਸੀ ਲੰਘਿਆ ਕਿ ਕਾਲਜ ਦੇ ਦੋ ਗੁੱਟਾਂ ਵਿੱਚ ਲੜਾਈ ਦੀ ਖ਼ਬਰ ਆਈ ਜਿਸ ਵਿੱਚ ਪ੍ਰਿੰਸ ਦਾ ਨਾਂ ਬੋਲਦਾ ਸੀ। ਟੱਬਰ ਦੇ ਸਾਹ ਸੂਤੇ ਗਏ। ਹਰ ਰੋਜ਼ ਨਵੇਂ ਖਰਚ ਲਈ ਸ਼ਮਸ਼ੇਰ ਤੋਂ ਪੈਸੇ ਦੀ ਮੰਗ ਹੋਣ ਲੱਗੀ ਅਤੇ ਘਰ ਵਿੱਚ ਕਲੇਸ਼ ਦਾ ਮੁੱਢ ਬੱਝ ਗਿਆ। ਮਨ੍ਹਾਂ ਕਰਨ ’ਤੇ ਮਰਨ ਦੀ ਧਮਕੀ ਅਤੇ ਬੋਲ ਕੁਬੋਲ ਵੀ ਨਿੱਤ ਦਾ ਰਾਗ ਬਣ ਗਿਆ। ਲੋਕਾਂ ਵਿੱਚ ਵੀ ਲੜਾਈ ਝਗੜੇ ਦੀ ਚਰਚਾ ਹੋਣ ਲੱਗੀ।
ਚੜ੍ਹਦੇ ਦਿਨ ਕੋਈ ਨਵੀਂ ਮੁਸੀਬਤ ਘੇਰਨ ਲੱਗੀ। ਇੱਕ ਦਿਨ ਕਸ਼ਮੀਰੋ ਕੱਪੜੇ ਧੋਣ ਲੱਗੀ ਤਾਂ ਪ੍ਰਿੰਸ ਦੀ ਜੇਬ ਵਿੱਚੋਂ ਇੱਕ ਪੁੜੀ ਜਿਹੀ ਥੱਲੇ ਡਿੱਗੀ। ਪਰਿਵਾਰ ਦੀ ਖਾਨਿਉਂ ਗਈ ਕਿ ਭਾਣਾ ਤਾਂ ਵਰਤ ਗਿਆ ਹੈ। ਉਸ ਦੀ ਵਿਗੜਦੀ ਸਿਹਤ ਦਾ ਰਾਜ਼ ਅੱਖਾਂ ਸਾਹਮਣੇ ਆ ਗਿਆ ਕਿ ‘ਚਿੱਟੇ’ ਨੇ ਘਰ ਕਰ ਲਿਆ ਹੈ। ਸ਼ਮਸ਼ੇਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਅਰਥ।
“ਡੈਡੀ, ਜ਼ਮੀਨ ਵੇਚ ਤੇ ਵਧੀਆ ਕੋਠੀ ਬਣਾ... ਮੇਰੇ ਯਾਰ ਦੋਸਤ ਮਿਹਣੇ ਮਾਰਦੇ ਨੇ ਕਿ ਜ਼ਮੀਨ ਦਾ ਠੇਕਾ ਤੇ ਮੋਟੀ ਪੈਨਸ਼ਨ ਲੈਣ ਦੇ ਬਾਵਜੂਦ ਤੇਰਾ ਬਾਪੂ ਨੰਗ ਭੁੱਖ ਨਾਲ ਘੁਲ ਰਿਹੈ।” ਪਿਉ ਅੰਦਰੋ ਅੰਦਰੀ ਖੁਰਦਾ ਜਾ ਰਿਹਾ ਸੀ। ਅਖੀਰ ਕਸ਼ਮੀਰੋ ਨੇ ਸ਼ਮਸ਼ੇਰ ਨੂੰ ਆਪਣੇ ਦੋਸਤ ਗਿਆਨੀ ਨਾਲ ਸਲਾਹ ਕਰਨ ਦੀ ਤਾਕੀਦ ਕੀਤੀ। ਗਿਆਨੀ ਬਲਵੰਤ ਸਿੰਘ ਪਿੰਡ ਦੀ ਮੋਹਤਬਰ ਸ਼ਖ਼ਸੀਅਤ ਸੀ। ਪ੍ਰਿੰਸ ਦੀ ਹਾਲਤ ਜ਼ਿਆਦਾ ਨਿੱਘਰਦੀ ਦੇਖ ਗਿਆਨੀ ਜੀ ਨੇ ਉਸ ਨੂੰ ਕਿਸੇ ਚੰਗੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਾਉਣ ਦੀ ਸਲਾਹ ਦਿੱਤੀ ਪਰ ਪ੍ਰਿੰਸ ਨੇ ਇੱਕਦਮ ਨਾਂਹ ਕਰ ਦਿੱਤੀ, “ਮੈਨੂੰ ਕੀ ਹੋਇਐ... ਮੈਂ ਚੰਗਾ ਭਲਾਂ...।”
ਕਸ਼ਮੀਰੋ ਦੇ ਵਾਸਤਾ ਪਾਉਣ ’ਤੇ ਭਾਵੁਕ ਹੋਏ ਪੁੱਤ ਨੇ ਆਪਣੇ ਇਲਾਜ ਲਈ ਹਾਂ ਕਰ ਦਿੱਤੀ। ਨਸ਼ਾ ਜੜ੍ਹੀਂ ਬੈਠ ਚੁੱਕਾ ਸੀ। ਪਹਿਲੇ ਚਾਰ ਪੰਜ ਦਿਨ ਬਹੁਤ ਤਕਲੀਫ਼ਦੇਹ ਸਨ। ਪ੍ਰਿੰਸ ਨੇ ਖਾਣਾ ਪੀਣਾ ਛੱਡ ਦਿੱਤਾ ਅਤੇ ਬੇਹੋਸ਼ੀ ਦੀ ਹਾਲਤ ਤੱਕ ਪਹੁੰਚ ਗਿਆ। ਸਾਰਾ ਪਰਿਵਾਰ ਗੋਡਿਆਂ ਭਾਰ ਹੋ ਕੇ ਵਾਹਿਗੁਰੂ ਤੋ ਪੁੱਤਰ ਦੀ ਸਲਾਮਤੀ ਦੀ ਅਰਦਾਸ ਕਰਦਾ ਰਿਹਾ ਪਰ ਮਨਚਲੇ ਲੋਕ ਤਮਾਸ਼ਬੀਨੀ ਕਰਦੇ, “ਇਹ ਮੁੰਡਾ ਤਾਂ ਸਿਰੇ ਦਾ ਵਿਗੜੈਲ ਆ... ਫ਼ੌਜੀ ਦੇ ਘਰ ਲੱਗਿਆ ਗ੍ਰਹਿਣ...।”
ਸ਼ਮਸ਼ੇਰ ਚੌਵੀ ਘੰਟੇ ਹਸਪਤਾਲ ਰਹਿੰਦਾ ਅਤੇ ਕਸ਼ਮੀਰੋ ਤੇ ਬੁੱਢੀ ਮਾਤਾ ਕਰਮ ਕੌਰ ਘਰ ਬੈਠੀਆਂ ਦੁਆਵਾਂ ਮੰਗਦੀਆਂ ਰਹਿੰਦੀਆਂ। ਇੱਕ ਦਿਨ ਅਚਾਨਕ ਗਲੀ ਵਿੱਚ “ਜੈ ਸ਼ਨੀ ਦੇਵ” ਦੀ ਆਵਾਜ਼ ਆਈ ਤਾਂ ਕਸ਼ਮੀਰੋ ਦਰਵਾਜ਼ੇ ਵੱਲ ਭੱਜੀ। ਸ਼ਾਇਦ ਉਹੀ ਪੰਡਿਤ ਹੋਵੇ ਜੋ ਪੱਚੀ ਸਾਲ ਪਹਿਲਾਂ ਸੂਰਜ ਗ੍ਰਹਿਣ ਵੇਲੇ ਚਿਤਾਵਨੀ ਦੇ ਕੇ ਗਿਆ ਸੀ। ਹਾਂ, ਇਹ ਉਹੀ ਬਾਬਾ ਸੀ! ਚਿੱਟੀ ਦੁੱਧ ਦਾੜ੍ਹੀ, ਸਿਰ ਤੇ ਛੋਟੀ ਜਿਹੀ ਸਫ਼ੈਦ ਪਗੜੀ, ਡਗਮਗਾਉਂਦਾ ਸਰੀਰ ਤੇ ਹੱਥ ਵਿੱਚ ਉਹੀ ਥੰਦ੍ਹੀ ਰੱਸੀ ਵਾਲਾ ਕਮੰਡਲ। ਕਸ਼ਮੀਰੋ ਨੇ ਡੋਲੂ ਵਿੱਚ ਤੇਲ ਪਾ ਕੇ ਪ੍ਰਿੰਸ ਦੀ ਸੁੱਖ ਮੰਗੀ।
“ਮਾਤਾ, ਪਰਸੋਂ ਫਿਰ ਸੂਰਜ ਗ੍ਰਹਿਣ ਦਾ ਯੋਗ ਹੈ... ਦਿਨ ਭਾਰੀ ਹੈ... ਪਾਠ ਪੂਜਾ ਕਰਨੀ... ਰਾਮ ਭਲੀ ਕਰੇਗਾ...।”
ਸ਼ਨੀਵਾਰ ਵਾਲਾ ਦਿਨ ਅਸਲੋਂ ਭਾਰੀ ਸੀ। ਆਸਮਾਨ ਨੂੰ ਕਾਲੇ ਬੱਦਲਾਂ ਨੇ ਢਕਿਆ ਹੋਇਆ... ਡਰਾਉਣਾ ਮੌਸਮ। ਬਹੁਤੇ ਲੋਕੀ ਘਰਾਂ ਅੰਦਰ ਡੱਕੇ ਹੋਏ। ਸ਼ਾਮੀਂ ਪੰਜ ਕੁ ਵਜੇ ਹਨੇਰਾ ਛਟਣ ਲੱਗਿਆ ਤੇ ਸੁਨਹਿਰੀ ਕਿਰਨਾਂ ਨੇ ਦਸਤਕ ਦਿੱਤੀ। ਠੀਕ ਉਸੇ ਸਮੇਂ ਹਸਪਤਾਲ ਤੋਂ ਖਬਰ ਆਈ ਕਿ ਪ੍ਰਿੰਸ ਨੇ ਕਈ ਦਿਨਾਂ ਦੀ ਬੇਸੁਧੀ ਪਿੱਛੋਂ ਅੱਖਾਂ ਖੋਲ੍ਹੀਆਂ ਨੇ ਅਤੇ ਚਾਨਣ ਦੀ ਲੀਕ ਨੂੰ ਨਮਨ ਕੀਤਾ ਹੈ।
ਸੰਪਰਕ: 89684-33500

Advertisement