ਆਪਣਾ ਆਪਣਾ ਦਰਦ
ਰਵਿੰਦਰ ਸਿੰਘ ਸੋਢੀ
ਡਾਕਟਰ ਨੇ ਦੱਸ ਦਿੱਤਾ ਸੀ ਕਿ ਬਹੱਤਰ ਘੰਟੇ ਲੰਘ ਜਾਣ ਬਾਅਦ ਹੀ ਮਰੀਜ਼ ਦੀ ਹਾਲਤ ਸਬੰਧੀ ਪੱਕੇ ਤੌਰ ’ਤੇ ਕੁਝ ਕਿਹਾ ਜਾ ਸਕਦਾ ਹੈ। ਜੇ ਇਸ ਸਮੇਂ ਦੌਰਾਨ ਮਰੀਜ਼ ਦੀ ਹਾਲਤ ਸਾਧਾਰਨ ਰਹੀ ਤਾਂ ਕੁਝ ਆਸ ਹੈ। ਅਜੇ ਤਾਂ ਛੱਤੀ ਘੰਟੇ ਵੀ ਨਹੀਂ ਸੀ ਬੀਤੇ। ਜਦੋਂ ਤੋਂ ਸੁਧਾ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ, ਉਸ ਨੇ ਇੱਕ ਵਾਰ ਵੀ ਅੱਖ ਨਹੀਂ ਸੀ ਖੋਲ੍ਹੀ। ਨੱਕ ਵਿੱਚ ਸਾਹ ਵਾਲੀ ਨਾਲੀ ਲੱਗੀ ਹੋਈ ਸੀ, ਖੱਬੀ ਬਾਂਹ ’ਤੇ ਗੁਲੂਕੋਜ਼। ਬਲੱਡ ਪ੍ਰੈੱਸ਼ਰ, ਨਬਜ਼ ਅਤੇ ਦਿਲ ਦੀ ਧੜਕਣ ਦੇਖਣ ਲਈ ਵੀ ਤਾਰਾਂ ਲੱਗੀਆਂ ਹੋਈਆਂ ਸਨ। ਕੰਧ ’ਤੇ ਲੱਗੀ ਸਕਰੀਨ ਤੋਂ ਹਰ ਚੀਜ਼ ਦਾ ਪਤਾ ਲੱਗ ਰਿਹਾ ਸੀ। ਨਰਸ ਪੰਦਰਾਂ-ਵੀਹ ਮਿੰਟ ਬਾਅਦ ਕਮਰੇ ਵਿੱਚ ਚੱਕਰ ਲਾ ਜਾਂਦੀ। ਡਾ. ਚਾਵਲਾ ਜੋ ਧਰਮ ਪਾਲ ਦਾ ਚੰਗਾ ਵਾਕਿਫ ਸੀ, ਆਪ ਵੀ ਤਿੰਨ-ਚਾਰ ਵਾਰ ਆ ਚੁੱਕਿਆ ਸੀ। ਉਸ ਨੇ ਧਰਮ ਪਾਲ ਨੂੰ ਦੱਸ ਦਿੱਤਾ ਸੀ ਕਿ ਸੁਧਾ ਨੂੰ ਹਾਰਟ ਅਟੈਕ ਹੋਇਆ ਸੀ, ਇਸ ਲਈ ਅਜੇ ਕੁਝ ਵੀ ਕਹਿਣਾ ਮੁਸ਼ਕਲ ਹੈ। ਧਰਮ ਪਾਲ ਨੇ ਆਪਣੇ ਬੱਚਿਆਂ, ਅਕਾਸ਼ ਅਤੇ ਮੀਨੂੰ ਨੂੰ ਇਹ ਗੱਲ ਦੱਸ ਦਿੱਤੀ।
ਧਰਮ ਪਾਲ, ਮੀਨੂੰ ਅਤੇ ਅਕਾਸ਼ ਲਈ ਵਕਤ ਜਿਵੇਂ ਠਹਿਰ ਗਿਆ ਸੀ। ਉਹ ਕਦੇ ਬੇਹੋਸ਼ ਪਈ ਸੁਧਾ ਵੱਲ ਦੇਖਦੇ, ਕਦੇ ਸਾਹਮਣੇ ਲੱਗੀ ਸਕਰੀਨ ਵੱਲ, ਜਿਨ੍ਹਾਂ ਤੋਂ ਬਲੱਡ ਪ੍ਰੈੱਸ਼ਰ, ਦਿਲ ਦੀ ਧੜਕਣ, ਨਬਜ਼ ਦੇ ਉੱਪਰ-ਹੇਠਾਂ ਹੋਣ ਦਾ ਪਤਾ ਲੱਗ ਰਿਹਾ ਸੀ। ਤਿੰਨਾਂ ਦੀ ਭੁੱਖ-ਪਿਆਸ, ਨੀਂਦ ਸਭ ਕੁਝ ਉੱਡ ਗਿਆ ਸੀ। ਮੀਨੂੰ ਤਾਂ ਕੁਝ ਦਿਨ ਪਹਿਲਾਂ ਹੀ ਐੱਮ.ਬੀ.ਏ. ਦੇ ਪੇਪਰ ਦੇ ਕੇ ਘਰ ਆਈ ਸੀ। ਅਕਾਸ਼ ਨੂੰ ਜਦੋਂ ਮਾਂ ਦੀ ਬਿਮਾਰੀ ਦਾ ਪਤਾ ਲੱਗਿਆ, ਉਹ ਬੰਗਲੁਰੂ ਤੋਂ ਫਲਾਈਟ ਲੈ ਕੇ ਪਹੁੰਚ ਗਿਆ।
ਧਰਮ ਪਾਲ ਕੁਝ ਦੇਰ ਲਈ ਕਮਰੇ ਵਿੱਚ ਪਏ ਦੂਜੇ ਬੈੱਡ ’ਤੇ ਜਾ ਪਿਆ। ਅਕਾਸ਼ ਦਾ ਕਮਰੇ ਵਿੱਚ ਬੈਠੇ-ਬੈਠੇ ਦਿਲ ਜਿਹਾ ਘਬਰਾਉਣ ਲੱਗਿਆ, ਇਸ ਲਈ ਉਹ ਤਾਜ਼ੀ ਹਵਾ ਲੈਣ ਲਈ ਕਮਰੇ ਤੋਂ ਬਾਹਰ ਚਲਾ ਗਿਆ। ਮੀਨੂੰ ਆਪਣੀ ਮਾਂ ਦੇ ਬੈੱਡ ਕੋਲ ਪਈ ਕੁਰਸੀ ’ਤੇ ਬੈਠੀ ਤਾਂ ਮਾਂ ਦੇ ਚਿਹਰੇ ਵੱਲ ਟਿਕ ਟਿਕੀ ਲਾ ਕੇ ਦੇਖ ਰਹੀ ਸੀ। ਉਨੀਂਦਰੇ ਕਾਰਨ ਭਾਵੇਂ ਉਸ ਨੂੰ ਬੈਠੇ-ਬੈਠੇ ਝਪਕੀ ਜਿਹੀ ਆ ਜਾਂਦੀ, ਪਰ ਜਲਦੀ ਹੀ ਉਹ ਸੁਚੇਤ ਹੋ ਕੇ ਬੈਠ ਜਾਂਦੀ। ਉਹ ਲਗਾਤਾਰ ਸਕਰੀਨ ਵੱਲ ਦੇਖ ਰਹੀ ਸੀ। ਮੀਨੂੰ ਦੀਆਂ ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਹੀ ਵਗ ਰਹੇ ਸਨ। ਉਸ ਨੂੰ ਯਾਦ ਆਇਆ ਜਦੋਂ ਕੁਝ ਦਿਨ ਪਹਿਲਾਂ ਹੀ ਉਹ ਮਾਂ ਨਾਲ ਆਪਣਾ ਰਿਜਲਟ ਆਉਣ ਤੋਂ ਬਾਅਦ ਨੌਕਰੀ ਲਈ ਇੰਟਰਵਿਊ ਦੀ ਤਿਆਰੀ ਦੀਆਂ ਗੱਲਾਂ ਕਰ ਰਹੀ ਸੀ। ਸੁਧਾ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੀਨੂੰ ਦੀ ਐੱਮ.ਬੀ.ਏ. ਚੰਗੇ ਕਾਲਜ ਤੋਂ ਹੋਈ ਸੀ, ਇਸ ਲਈ ਨੌਕਰੀ ਵੀ ਵਧੀਆ ਮਿਲ ਜਾਵੇਗੀ ਅਤੇ ਅਕਾਸ਼, ਕੰਪਿਊਟਰ ਇੰਜਨੀਅਰਿੰਗ ਕਰਕੇ ਬੰਗਲੁਰੂ ਵਿੱਚ ਵਧੀਆ ਨੌਕਰੀ ’ਤੇ ਲੱਗ ਗਿਆ ਸੀ। ਸੁਧਾ ਨੇ ਮੀਨੂੰ ਨੂੰ ਦੱਸਿਆ ਕਿ ਹੁਣ ਤਾਂ ਉਸ ਨੂੰ ਦੋਹਾਂ ਦੇ ਵਿਆਹ ਦੀ ਕਾਹਲੀ ਹੈ। ਮੀਨੂੰ ਨੇ ਮਾਂ ਨੂੰ ਲਾਡ ਨਾਲ ਕਿਹਾ ਕਿ ਕੀ ਹਰ ਵੇਲੇ ਵਿਆਹ-ਵਿਆਹ ਦਾ ਰਾਗ ਅਲਾਪਦੇ ਰਹਿੰਦੇ ਹੋ। ਅਕਾਸ਼ ਲਈ ਕੁੜੀ ਲੱਭ ਲਓ। ਉਹ ਤਾਂ ਅਜੇ ਦੋ-ਚਾਰ ਸਾਲ ਨੌਕਰੀ ਕਰ ਕੇ ਫੇਰ ਵਿਆਹ ਵਾਰੇ ਸੋਚੇਗੀ।
“ਕਿਹੋ ਜਿਹੀਆਂ ਭੈੜੀਆਂ ਗੱਲਾਂ ਕਰਦੇ ਹੋ? ਸਾਡੇ ਵਿਆਹ ਦਾ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ। ਆਪੇ ਹੋ ਜੂ।” ਮੀਨੂੰ ਗੁੱਸੇ ਵਿੱਚ ਬੋਲੀ।
“ਜੇ ਕੋਈ ਲੱਭਿਆ ਹੋਇਐ ਤਾਂ ਦੱਸ?” ਮੰਮੀ ਨੇ ਮੀਨੂੰ ਦਾ ਮੂੰਹ ਆਪਣੇ ਵੱਲ ਕਰਦੇ ਪੁੱਛਿਆ।
“ਪੁੱਛ ਤਾਂ ਇਸ ਤਰ੍ਹਾਂ ਰਹੇ ਹੋ ਜਿਵੇਂ ਮੇਰੇ ਲੱਭੇ ਨਾਲ ਹੁਣ ਹੀ ਤੋਰ ਦਿਓਗੇ।” ਮੀਨੂੰ ਨੇ ਮਾਂ ਦੇ ਨੇੜੇ ਹੁੰਦੇ ਕਿਹਾ।
ਸੁਧਾ ਸਮਝ ਗਈ ਕਿ ਮੀਨੂੰ ਕੋਈ ਦਿਲ ਦੀ ਗੱਲ ਕਰਨਾ ਚਾਹੁੰਦੀ ਹੈ। ਮਾਂ ਨੇ ਭੇਤ ਪਾਉਣ ਲਈ ਹੱਸਦੇ ਹੋਏ ਕਿਹਾ, “ਜੇ ਹੈ ਕੋਈ ਤਾਂ ਦੱਸ। ਤੂੰ ਅੱਜ ਬੁਲਾ ਉਸ ਨੂੰ, ਮੈਂ ਕੱਲ੍ਹ ਨੂੰ ਤੇਰੀਆਂ ਭੁਆਟਣੀਆਂ ਉਸ ਨਾਲ ਕਰਵਾ ਕੇ ਤੋਰ ਦੂੰ।”
‘‘ਪਾਪਾ ਮੰਨ ਜਾਣਗੇ?” ਮੀਨੂੰ ਨੇ ਮਾਂ ਦੇ ਗੱਲ ਵਿੱਚ ਬਾਂਹਾਂ ਪਾ ਕੇ ਪੁੱਛਿਆ।
“ਪਹਿਲਾਂ ਮੈਨੂੰ ਦੱਸ, ਪਾਪਾ ਨਾਲ ਬਾਅਦ ਵਿੱਚ ਗੱਲ ਕਰੂੰ।”
ਮੀਨੂੰ ਕੁਝ ਬੋਲਦੀ-ਬੋਲਦੀ ਅਚਾਨਕ ਰੁਕ ਗਈ। ਉਹ ਮਾਂ ਦੇ ਚਿਹਰੇ ਵੱਲ ਦੇਖਣ ਲੱਗੀ। ਸੁਧਾ ਤਾਂ ਮੀਨੂੰ ਦੀ ਗੱਲ ਸੁਣਨ ਲਈ ਕਾਹਲੀ ਸੀ।
“ਮੰਮਾ, ਮੈਂ ਕਈ ਦਿਨਾਂ ਤੋਂ ਤੁਹਾਡੇ ਨਾਲ ਗੱਲ ਕਰਨ ਦੀ ਸੋਚ ਰਹੀ ਸੀ, ਪਰ ਸੋਚਦੀ ਸੀ ਕਿ ਤੁਸੀਂ ਨਾਰਾਜ਼ ਨਾ ਹੋ ਜਾਓਗੇ।”
“ਇਸ ਵਿੱਚ ਨਾਰਾਜ਼ ਹੋਣ ਵਾਲੀ ਕਿਹੜੀ ਗੱਲ ਹੈ। ਅੱਜਕੱਲ੍ਹ ਤਾਂ ਬੱਚਿਆਂ ਦੀ ਪਸੰਦ ਪਹਿਲਾਂ ਪੁੱਛਣੀ ਪੈਂਦੀ ਹੈ। ਕੌਣ ਹੈ?”
ਮੀਨੂੰ ਨੇ ਫੇਰ ਮੰਮਾ ਨੂੰ ਘੁੱਟ ਕੇ ਗਲਵੱਕੜੀ ਪਾ ਲਈ।
“ਹੁਣ ਇਹ ਲਾਡੀਆਂ-ਫਾਡੀਆਂ ਛੱਡ, ਸਿੱਧੀ ਗੱਲ ਕਰ।”
“ਮੰਮਾ...ਉਹ...ਮੀਨੂੰ ਨੇ ਆਪਣੀ ਗੱਲ ਪੂਰੀ ਨਾ ਕੀਤੀ, ਜਿਵੇਂ ਉਹ ਝਿਜਕ ਰਹੀ ਹੋਵੇ।
ਸੁਧਾ ਨੇ ਉਠ ਕੇ ਚੱਪਲਾਂ ਪਾਉਂਦੇ ਕਿਹਾ, “ਮੇਰਾ ਟਾਈਮ ਨਾ ਖਰਾਬ ਕਰ, ਮੈਂ ਰਸੋਈ ਵਿੱਚ ਕਈ ਕੰਮ ਕਰਨੇ ਨੇ।”
ਮੀਨੂੰ ਨੇ ਮੰਮਾ ਦੀ ਬਾਂਹ ਫੜ ਕੇ ਫੇਰ ਬਿਠਾ ਲਿਆ।
“ਦੇਖ, ਜਦ ਤੱਕ ਤੂੰ ਪੂਰੀ ਗੱਲ ਨਹੀਂ ਦੱਸਦੀ ਤਾਂ ਮੈਂ ਤੇਰੇ ਪਾਪਾ ਨਾਲ ਗੱਲ ਕਿਵੇਂ ਕਰਾਂਗੀ? ਜਾਂ ਐਂ ਕਰ, ਤੂੰ ਆਪ ਹੀ ਆਪਣੇ ਪਾਪਾ ਨਾਲ ਗੱਲ ਕਰ ਲੈ।” ਸੁਧਾ ਨੇ ਦਿਖਾਵੇ ਦੇ ਤੌਰ ’ਤੇ ਕਿਹਾ।
“ਨਾ, ਨਾ। ਪਾਪਾ ਨਾਲ ਤਾਂ ਤੁਸੀਂ ਹੀ ਗੱਲ ਕਰੋ।” ਮੀਨੂੰ ਨੇ ਕਾਹਲੀ ਨਾਲ ਕਿਹਾ।
“ਚੱਲ ਜਲਦੀ ਦੱਸ ਫੇਰ!” ਸੁਧਾ ਨੇ ਪਿਆਰ ਨਾਲ ਕਿਹਾ।
“ਮੰਮਾ...ਉਹ...’’ ਇਹ ਕਹਿ ਕੇ ਮੀਨੂੰ ਫੇਰ ਚੁੱਪ ਕਰ ਗਈ। ਇਸ ਵਾਰ ਸੁਧਾ ਕੁਝ ਨਾ ਬੋਲੀ, ਸਿਰਫ਼ ਉਸ ਦੇ ਮੂੰਹ ਵੱਲ ਦੇਖਦੀ ਰਹੀ। ਕੁਝ ਦੇਰ ਚੁੱਪ ਰਹਿ ਕੇ ਮੀਨੂੰ ਕੇ ਕਿਹਾ, “ਮੰਮਾ, ਉਹ ਸਾਊਥ ਇੰਡੀਅਨ ਹੈ ਅਤੇ ਕ੍ਰਿਸ਼ਚੀਅਨ ਹੈ।”
ਇਹ ਸੁਣਦੇ ਹੀ ਸੁਧਾ ਨੂੰ ਇੱਕ ਝਟਕਾ ਜਿਹਾ ਲੱਗਿਆ। ਉਸ ਨੇ ਹੈਰਾਨੀ ਅਤੇ ਕੁਝ ਗੁੱਸੇ ਨਾਲ ਮੀਨੂੰ ਵੱਲ ਦੇਖਿਆ। ਮੀਨੂੰ ਆਪਣੀ ਮਾਂ ਦੀ ਅਜਿਹੀ ਤੱਕਣੀ ਤੋਂ ਡਰ ਗਈ।
“ਮੰਮਾ, ਉਹ ਬਹੁਤ ਚੰਗਾ ਹੈ, ਪਰਿਵਾਰ ਵੀ ਬੜਾ ਅਮੀਰ ਹੈ, ਉਸ ਦੇ ਪਿਤਾ ਆਈ.ਏ.ਐੱਸ. ਹਨ ਅਤੇ ਮਾਂ ਡਾਕਟਰ। ਉਸ ਦੀ ਵੱਡੀ ਭੈਣ ਅਤੇ ਜੀਜਾ ਅਮਰੀਕਾ ਵਿੱਚ ਡਾਕਟਰ ਹਨ।” ਮੀਨੂੰ ਨੇ ਸਫ਼ਾਈ ਦਿੰਦੇ ਕਿਹਾ।
“ਨਾ ਤੈਨੂੰ ਕੋਈ ਆਪਣਾ ਪੰਜਾਬੀ ਮੁੰਡਾ ਨਹੀਂ ਸੀ ਲੱਭਿਆ?” ਸੁਧਾ ਨੇ ਗੁੱਸੇ ਵਿੱਚ ਕਿਹਾ।
“ਮੰਮਾ ਪਲੀਜ਼... ਇਸ ਤੋਂ ਅੱਗੇ ਮੀਨੂੰ ਕੁਝ ਨਾ ਬੋਲ ਸਕੀ।
ਮੀਨੂੰ ਦਾ ਚਿਹਰਾ ਉਤਰ ਗਿਆ। ਉਸ ਨੂੰ ਤਾਂ ਆਪਣੀ ਮਾਂ ਤੋਂ ਹੀ ਆਸ ਸੀ ਕਿ ਉਹੀ ਪਾਪਾ ਨੂੰ ਮਨਾ ਸਕਦੇ ਹਨ, ਪਰ ਹੁਣ ਤਾਂ ਮੰਮਾ ਹੀ ਨਹੀਂ ਮੰਨ ਰਹੇ।
“ਠੀਕ ਹੈ, ਜੇ ਤੁਹਾਨੂੰ ਐਨਾ ਹੀ ਇਤਰਾਜ਼ ਹੈ ਤਾਂ ਮੈਂ ਉਸ ਨਾਲ ਵਿਆਹ ਨਹੀਂ ਕਰਵਾਉਂਦੀ, ਪਰ ਮੇਰੀ ਇੱਕ ਗੱਲ ਸੁਣ ਲਓ, ਜੇ ਮੇਰਾ ਵਿਆਹ ਫਿਲਿਪਸ ਨਾਲ ਨਹੀਂ ਹੋ ਸਕਦਾ ਤਾਂ ਮੈਂ ਹੋਰ ਕਿਸੇ ਨਾਲ ਵੀ ਵਿਆਹ ਨਹੀਂ ਕਰਵਾਉਣਾ। ਇਹ ਮੇਰਾ ਆਖਰੀ ਫੈਸਲਾ ਹੈ।” ਇਹ ਕਹਿੰਦੇ ਹੋਏ ਮੀਨੂੰ ਮੰਜੇ ’ਤੇ ਪੈ ਗਈ ਅਤੇ ਰੋਣ ਲੱਗੀ।
“ਇਹ ਡਰਾਮੇਬਾਜ਼ੀ ਮੇਰੇ ਨਾਲ ਨਾ ਕਰ, ਆਪਣੇ ਪਿਉ ਨਾਲ ਆਪ ਹੀ ਗੱਲ ਕਰ ਲੈ। ਜੇ ਉਹ ਮੰਨ ਗਏ, ਮੈਨੂੰ ਕੋਈ ਇਤਰਾਜ਼ ਨਹੀਂ।”
ਮੀਨੂੰ, ਮਾਂ ਦੀ ਇਹ ਗੱਲ ਸੁਣ ਦਿਲ ਹੀ ਦਿਲ ਵਿੱਚ ਖੁਸ਼ ਹੋ ਗਈ ਕਿ ਜੇ ਮੰਮਾ ਮੰਨ ਗਏ ਤਾਂ ਉਹ ਪਾਪਾ ਨੂੰ ਆਪ ਹੀ ਮਨਾ ਲੈਣਗੇ, ਪਰ ਉਸ ਨੇ ਰੋਣਾ ਬੰਦ ਨਾ ਕੀਤਾ। ਉਹ ਮੰਮਾ ਨੂੰ ਹੋਰ ਇਮੋਸ਼ਨਲ ਬਲੈਕਮੇਲ ਕਰਨਾ ਚਾਹੁੰਦੀ ਸੀ। ਇਸੇ ਲਈ ਰੋਂਦੀ ਹੋਈ ਬੋਲੀ, “ਜੇ ਤੁਸੀਂ ਪਾਪਾ ਨਾਲ ਗੱਲ ਕਰਨੀ ਹੈ ਤਾਂ ਕਰੋ, ਮੈਂ ਨਹੀਂ ਕਰਦੀ। ਕੁਆਰੀ ਬੈਠੀ ਰਹੂੰ ਸਾਰੀ ਉਮਰ।”
“ਆਹੋ, ਮੈਂ ਹੀ ਲੱਭੀ ਹਾਂ ਬਲੀ ਦਾ ਬੱਕਰਾ ਬਣਾਉਣ ਨੂੰ। ਮੇਰੀ ਗੁੱਤ ਪਟਵਾ ਆਪਣੇ ਪਿਉ ਤੋਂ।”
“ਕਿਉਂ ਪਾਪਾ ਨੂੰ ਬਦਨਾਮ ਕਰਦੇ ਹੋ? ਉਨ੍ਹਾਂ ਨੇ ਅਜੇ ਤੱਕ ਤੁਹਾਡੀ ਕੋਈ ਗੱਲ ਮੋੜੀ ਹੈ? ਹਰ ਕੰਮ ਤੁਹਾਡੀ ਸਲਾਹ ਨਾਲ ਹੀ ਕਰਦੇ ਹਨ।”
ਮੀਨੂੰ ਦੀ ਇਹ ਗੱਲ ਸੁਣ ਕੇ ਸੁਧਾ ਕੁਝ ਢੈਲੀ ਜਿਹੀ ਹੋ ਗਈ। ਮੀਨੂੰ ਦੀ ਇਹ ਗੱਲ ਸੱਚੀ ਸੀ। ਧਰਮ ਪਾਲ ਘਰ ਦਾ ਕੋਈ ਵੀ ਕੰਮ ਸੁਧਾ ਦੀ ਮਰਜ਼ੀ ਤੋਂ ਬਗੈਰ ਨਹੀਂ ਸੀ ਕਰਦਾ। ਇਹ ਨਹੀਂ ਕਿ ਉਹ ਡਰੂ ਕਿਸਮ ਦਾ ਪਤੀ ਸੀ, ਪਰ ਉਸ ਦਾ ਇਹ ਵਿਸ਼ਵਾਸ ਸੀ ਕਿ ਹਰ ਕੰਮ ਵਿੱਚ ਜੇ ਪਤੀ-ਪਤਨੀ ਦੀ ਇੱਕ ਰਾਏ ਹੋਵੇ ਤਾਂ ਪਰਿਵਾਰ ਵਿੱਚ ਕਲੇਸ਼ ਨਹੀਂ ਪੈਂਦਾ। ਇਹੋ ਕਾਰਨ ਸੀ ਕਿ ਧਰਮ ਪਾਲ ਅਤੇ ਸੁਧਾ ਵਿੱਚ ਬੋਲ-ਬੁਲਾਰਾ ਘੱਟ ਹੀ ਹੁੰਦਾ। ਬੱਚਿਆਂ ਦੇ ਸਾਹਮਣੇ ਤਾਂ ਉਹ ਆਪਸ ਵਿੱਚ ਉੱਚੀ ਆਵਾਜ਼ ਵਿੱਚ ਗੱਲ ਵੀ ਨਾ ਕਰਦੇ।
“ਦੇਖ ਮੀਨੂੰ, ਮੈਂ ਪੱਕੇ ਤੌਰ ’ਤੇ ਕੁਝ ਨਹੀਂ ਕਹਿ ਸਕਦੀ। ਮੌਕਾ ਪਾ ਕੇ ਉਨ੍ਹਾਂ ਨਾਲ ਗੱਲ ਕਰਾਂਗੀ।”
ਮੰਮਾ ਦੀ ਇਸ ਗੱਲ ਤੋਂ ਮੀਨੂੰ ਖੁਸ਼ ਹੋ ਗਈ ਅਤੇ ਉਸ ਨੇ ਬੈੱਡ ਤੋਂ ਉਠ ਕੇ ਮੰਮਾ ਨੂੰ ਜੱਫੀ ਪਾ ਕੇ ਮੂੰਹ ਪਿਆਰ ਕਰ-ਕਰ ਕੇ ਗਿੱਲਾ ਕਰ ਦਿੱਤਾ।
ਸੁਧਾ ਨੇ ਉਸ ਨੂੰ ਪਿਆਰ ਨਾਲ ਉਸ ਦੇ ਸਿਰ ਨੂੰ ਚੁੰਮਦੇ ਕਿਹਾ, “ਦੇਖ ਕਿਵੇਂ ਮੋਮੋਠਗਣੀ ਬਣਦੀ ਐ। ਪਹਿਲਾਂ ਮੈਨੂੰ ਉਸ ਦੀ ਫੋਟੋ ਦਿਖਾ।’’
ਮੀਨੂੰ ਨੇ ਜਲਦੀ-ਜਲਦੀ ਆਪਣਾ ਮੋਬਾਈਲ ਆਨ ਕਰਕੇ ਉਸ ਵਿੱਚੋਂ ਫਿਲਿਪਸ ਦੀਆਂ ਕਈ ਫੋਟੋਆਂ ਦਿਖਾਈਆਂ। ਕੁਝ ਫੋਟੋਆਂ ਉਨ੍ਹਾਂ ਦੋਹਾਂ ਦੀਆਂ ਇਕੱਠੀਆਂ ਵੀ ਸਨ। ਇੱਕ ਫੋਟੋ ਉਸ ਦੀ ਆਪਣੇ ਮੰਮੀ-ਡੈਡੀ ਨਾਲ ਵੀ ਸੀ। ਸਾਊਥ ਇੰਡੀਅਨ ਦੀ ਤਰ੍ਹਾਂ ਰੰਗ ਤਾਂ ਭਾਵੇਂ ਕੁਝ ਪੱਕਾ ਹੀ ਸੀ, ਪਰ ਬਹੁਤਾ ਨਹੀਂ। ਨੈਣ-ਨਕਸ਼ ਤਿੱਖੇ ਅਤੇ ਕੱਦ ਵੀ ਲੰਮਾ। ਮਾਂ-ਪਿਉ ਵੀ ਵਧੀਆ ਸਨ। ਮਨ ਹੀ ਮਨ ਸੁੱਧਾ ਨੂੰ ਫਿਲਿਪਸ ਚੰਗਾ ਲੱਗਿਆ, ਪਰ ਉਸ ਨੇ ਮੀਨੂੰ ਨੂੰ ਚਿੜਾਉਣ ਲਈ ਕਿਹਾ, “ਆਪਣਾ ਰੰਗ-ਰੂਪ ਦੇਖ ਅਤੇ ਇਸ ਨੂੰ ਦੇਖ, ਜ਼ਮੀਨ-ਅਸਮਾਨ ਦਾ ਫ਼ਰਕ ਹੈ। ਮੈਨੂੰ ਨਹੀਂ ਇਹ ਪਸੰਦ।”
ਮੰਮਾ ਦੇ ਬੋਲਣ ਦੇ ਢੰਗ ਤੋਂ ਮੀਨੂੰ ਨੂੰ ਪਤਾ ਲੱਗ ਗਿਆ ਕਿ ਮੰਮਾ ਉਸ ਨਾਲ ਮਖੌਲ ਕਰ ਰਹੀ ਹੈ। ਉਸ ਨੇ ਮਾਂ ਨੂੰ ਘੁੱਟਦੇ ਕਿਹਾ, “ਓ ਮਾਤਾ, ਇਹ ਮੈਂ ਆਪਣੇ ਲਈ ਪਸੰਦ ਕੀਤਾ ਹੈ, ਤੁਹਾਡੇ ਲਈ ਨਹੀਂ।”
“ਬੇਸ਼ਰਮ ਨਾ ਹੋਵੇ ਕਿਸੇ ਥਾਂ ਦੀ। ਮੈਂ ਤਾਂ ਅੰਗਰੇਜ਼ਾਂ ਵਰਗਾ ਗੋਰਾ ਮੁੰਡਾ ਲੱਭਿਆ ਸੀ ਆਪਣੇ ਲਈ। ਇਹ ਤੇਰੇ ਪਾਪਾ ਦਾ ਮੁਕਾਬਲਾ ਕੀ ਕਰੂ।” ਇਹ ਕਹਿ ਕੇ ਸੁਧਾ ਹੱਸਦੀ ਹੋਈ ਕਮਰੇ ਤੋਂ ਬਾਹਰ ਚਲੀ ਗਈ।
ਐਨੇ ਵਿੱਚ ਨਰਸ ਦੇ ਗਲੂਕੋਜ਼ ਦੀ ਬੋਤਲ ਬਦਲਣ ਦੀ ਆਵਾਜ਼ ਨਾਲ ਮੀਨੂੰ ਦੇ ਖਿਆਲਾਂ ਦੀ ਲੜੀ ਟੁੱਟੀ। ਨਰਸ ਨੇ ਪਿਸ਼ਾਬ ਵਾਲੀ ਥੈਲੀ ਚੈੱਕ ਕਰਕੇ ਮਰੀਜ਼ ਦੀ ਫਾਈਲ ’ਤੇ ਕੁਝ ਨੋਟ ਕੀਤਾ ਅਤੇ ਮੀਨੂੰ ਨੂੰ ਕਿਹਾ ਕਿ ਪਿਸ਼ਾਬ ਵਾਲੀ ਥੈਲੀ ਬਾਥਰੂਮ ਵਿੱਚ ਜਾ ਕੇ ਖਾਲੀ ਕਰ ਦਿਓ। ਧਰਮ ਪਾਲ ਦੂਜੇ ਬੈੱਡ ਤੋਂ ਉੱਠ ਕੇ ਆ ਗਿਆ ਅਤੇ ਉਸ ਨੇ ਥੈਲੀ ਫੜਦੇ ਹੋਏ ਨਰਸ ਨੂੰ ਪੁੱਛਿਆ ਕਿ ਮਰੀਜ਼ ਦੀ ਹਾਲਤ ਵਿੱਚ ਕੋਈ ਫਰਕ ਪਿਆ? ਨਰਸ ਇਹ ਕਹਿੰਦੀ ਹੋਈ ਕਮਰੇ ਵਿੱਚੋਂ ਬਾਹਰ ਚਲੀ ਗਈ ਕਿ ਡਾਕਟਰ ਸਾਹਿਬ ਹੀ ਦੱਸਣਗੇ। ਧਰਮ ਪਾਲ ਨੇ ਥੈਲੀ ਖਾਲੀ ਕਰਕੇ ਸੁਧਾ ਦੇ ਬੈੱਡ ਨਾਲ ਟੰਗ ਦਿੱਤੀ ਅਤੇ ਮੀਨੂੰ ਨੂੰ ਕਿਹਾ ਕਿ ਉਹ ਕੁਝ ਦੇਰ ਆਰਾਮ ਕਰ ਲਵੇ। ਮੀਨੂੰ ਬਿਨਾਂ ਕੁਝ ਕਹੇ ਕੁਰਸੀ ਤੋਂ ਉੱਠ ਕੇ ਬੈੱਡ ’ਤੇ ਜਾ ਪਈ ਅਤੇ ਧਰਮ ਪਾਲ ਕੁਰਸੀ ’ਤੇ ਬੈਠ ਗਿਆ। ਮੀਨੂੰ ਬੈੱਡ ’ਤੇ ਪਈ ਵੀ ਸੋਚ ਰਹੀ ਸੀ ਕਿ ਪਤਾ ਨਹੀਂ ਮੰਮਾ ਨੇ ਉਸ ਦੀ ਇੰਟਰ ਕਾਸਟ ਵਿਆਹ ਵਾਲੀ ਗੱਲ ਦਿਲ ’ਤੇ ਲਾ ਲਈ ਅਤੇ ਇਸੇ ਕਰਕੇ ਉਨ੍ਹਾਂ ਨੂੰ ਅਟੈਕ ਹੋ ਗਿਆ। ਆਪਣੀ ਮਾਂ ਦੀ ਇਸ ਹਾਲਤ ਲਈ ਉਹ ਆਪਣੇ ਆਪ ਨੂੰ ਕਸੂਰਵਾਰ ਸਮਝਣ ਲੱਗੀ। ਉਹ ਇਹ ਵੀ ਸੋਚ ਰਹੀ ਸੀ ਕਿ ਮੰਮਾ ਪਤਾ ਨਹੀਂ ਕਦੋਂ ਠੀਕ ਹੋਣ ਅਤੇ ਕਦੋਂ ਪਾਪਾ ਨਾਲ ਗੱਲ ਕਰਨ, ਪਤਾ ਨਹੀਂ ਉਸ ਦੀ ਗੱਲ ਕਿਸੇ ਸਿਰੇ ਲੱਗੇ ਜਾਂ ਨਾ? ਇਹੋ ਸੋਚਦੇ ਸੋਚਦੇ ਉਸ ਦੀ ਅੱਖ ਲੱਗ ਗਈ।
ਧਰਮ ਪਾਲ ਆਪਣੀ ਪਤਨੀ ਦੇ ਚਿਹਰੇ ਵੱਲ ਦੇਖ ਰਿਹਾ ਸੀ। ਇੱਕ ਦਿਨ ਵਿੱਚ ਹੀ ਚਿਹਰੇ ’ਤੇ ਪਿਲੱਤਣ ਜਿਹੀ ਆ ਗਈ ਸੀ ਅਤੇ ਚਿਹਰਾ ਬਹੁਤ ਹੀ ਕਮਜ਼ੋਰ ਲੱਗ ਰਿਹਾ ਸੀ। ਇਸ ਹਾਲਤ ਵਿੱਚ ਬੈੱਡ ’ਤੇ ਪਈ ਸੁਧਾ ਨੂੰ ਦੇਖ ਧਰਮ ਪਾਲ ਨੂੰ ਖਿਆਲ ਆਇਆ ਕਿ ਉਹ ਤਾਂ ਉਸ ਦੀਆਂ ਗੱਲ੍ਹਾਂ ਦੀ ਲਾਲੀ ਦੇਖ ਕੇ ਉਸ ਨੂੰ ਕਸ਼ਮੀਰਨ ਕਿਹਾ ਕਰਦਾ ਸੀ ਅਤੇ ਛੇੜਦੇ ਹੋਏ ਪੁੱਛਦਾ ਕਿ ਉਸ ਦੇ ਜਨਮ ਤੋਂ ਪਹਿਲਾਂ ਉਸ ਦੀ ਮਾਂ ਸੇਬ ਜ਼ਿਆਦਾ ਖਾਂਦੀ ਹੋਵੇਗੀ, ਇਸੇ ਲਈ ਉਸ ਦੀਆਂ ਗੱਲ੍ਹਾਂ ਸੇਬ ਵਰਗੀਆਂ ਲਾਲ ਹਨ। ਸੁਧਾ ਇਹ ਸੁਣ ਕੇ ਖੁਸ਼ ਹੋ ਜਾਂਦੀ।
ਧਰਮ ਪਾਲ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ ਚਾਰ ਕੁ ਮਹੀਨੇ ਬਾਅਦ ਉਨ੍ਹਾਂ ਦੇ ਵਿਆਹ ਦੀ ਸਿਲਵਰ ਜੁਬਲੀ ਆ ਰਹੀ ਹੈ। ਉਸ ਨੇ ਤਿੰਨ ਕੁ ਸਾਲ ਪਹਿਲਾਂ ਕਿਸੇ ਕੰਪਨੀ ਦੇ ਤਿੰਨ ਲੱਖ ਦੇ ਸ਼ੇਅਰ ਖਰੀਦੇ ਸਨ, ਜਿਨ੍ਹਾਂ ਦੀ ਕੀਮਤ ਹੁਣ ਛੇ ਕੁ ਲੱਖ ਰੁਪਏ ਦੀ ਹੋ ਗਈ ਸੀ। ਉਸ ਦੀ ਤਿੰਨ ਲੱਖ ਦੀ ਐੱਫ. ਡੀ. ਦੀ ਮਿਆਦ ਵੀ ਅਗਲੇ ਮਹੀਨੇ ਖਤਮ ਹੋ ਰਹੀ ਸੀ। ਐਨੇ ਪੈਸਿਆਂ ਨਾਲ ਉਹ ਦੋਵੇਂ ਯੂਰਪ ਦਾ ਟੂਰ ਲਾ ਸਕਦੇ ਹਨ। ਅਸਲ ਵਿੱਚ ਇੱਕ ਦਿਨ ਉਹ ਦੋਵੇਂ ਟੀ. ਵੀ. ਤੇ ਯੂਰਪੀ ਦੇਸ਼ਾਂ ਸਬੰਧੀ ਇੱਕ ਡਾਕੂਮੈਂਟਰੀ ਦੇਖ ਰਹੇ ਸਨ। ਡਾਕੂਮੈਂਟਰੀ ਦੇਖਦੇ ਹੋਏ ਸੁਧਾ ਨੇ ਹੀ ਕਿਹਾ ਸੀ ਕਿ ਯੂਰਪ ਦੀ ਸੈਰ ਵੀ ਕਰਨੀ ਚਾਹੀਦੀ ਹੈ। ਆਪਣੀ ਪਤਨੀ ਦੀ ਇਹ ਗੱਲ ਧਰਮ ਪਾਲ ਦੇ ਦਿਲ ਵਿੱਚ ਬੈਠ ਗਈ ਅਤੇ ਉਹ ਸੋਚ ਰਿਹਾ ਸੀ ਕਿ ਉਹ ਸੁਧਾ ਦੀ ਇਹ ਇੱਛਾ ਕਿਵੇਂ ਪੂਰੀ ਕਰੇ? ਕੁਝ ਦਿਨਾਂ ਬਾਅਦ ਹੀ ਉਸ ਨੂੰ ਪਤਾ ਲੱਗਿਆ ਕਿ ਸ਼ੇਅਰਾਂ ਦੀਆਂ ਕੀਮਤਾਂ ਵਧ ਗਈਆਂ ਹਨ। ਉਸ ਨੇ ਇੱਕ ਬ੍ਰੋਕਰ ਨੂੰ ਸ਼ੇਅਰ ਵੇਚਣ ਲਈ ਕਹਿ ਦਿੱਤਾ ਸੀ। ਉਸ ਨੇ ਇੱਕ ਟਰੈਵਲ ਏਜੰਟ ਨਾਲ ਗੱਲ ਵੀ ਗੱਲ ਕਰ ਲਈ ਸੀ ਜੋ ਯੂਰਪ ਦੇ ਟੂਰ ਲੈ ਕੇ ਜਾਂਦਾ ਸੀ, ਪਰ ਇਸ ਵਾਰੇ ਸੁਧਾ ਨੂੰ ਕੁਝ ਨਾ ਦੱਸਿਆ। ਅਸਲ ਵਿੱਚ ਉਹ ਸੁਧਾ ਨੂੰ ਸਿਲਵਰ ਜੁਬਲੀ ਗਿਫਟ ਦਾ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ।
ਇੱਕ ਦਿਨ ਉਸ ਨੇ ਗੱਲਾਂ-ਗੱਲਾਂ ਵਿੱਚ ਇਹ ਜ਼ਰੂਰ ਕਿਹਾ ਕਿ ਜੇਕਰ ਪੰਜ-ਸੱਤ ਲੱਖ ਦਾ ਇੰਤਜ਼ਾਮ ਹੋ ਜਾਵੇ ਤਾਂ ਉਹ ਯੂਰਪ ਦੀ ਸੈਰ ਦਾ ਪ੍ਰੋਗਰਾਮ ਬਣਾ ਲੈਣ। ਇਹ ਸੁਣ ਕੇ ਸੁਧਾ ਨੇ ਹੱਸਦੇ ਹੋਏ ਕਿਹਾ ਸੀ ਕਿ ਹੁਣ ਆਪਣੇ ਸ਼ੌਕ ਪੂਰੇ ਕਰਨ ਨਾਲੋਂ ਬੱਚਿਆਂ ਦੀਆਂ ਲੋੜਾਂ ਵੱਲ ਧਿਆਨ ਦਿਓ। ਦੋਹਾਂ ਦੇ ਵਿਆਹ ਦੀ ਸੋਚੋ। ਇਹ ਸੁਣ ਕੇ ਧਰਮ ਪਾਲ ਨੇ ਜੁਆਬ ਦਿੱਤਾ ਕਿ ਬੱਚਿਆਂ ਨੂੰ ਵਧੀਆ ਪੜ੍ਹਾ-ਲਿਖਾ ਦਿੱਤਾ। ਹੁਣ ਉਹ ਆਪਣੀਆਂ ਜ਼ਿੰਮੇਵਾਰੀਆਂ ਆਪ ਨਜਿੱਠਣ। ਮੁੰਡੇ ਦੇ ਵਿਆਹ ’ਤੇ ਅਸੀਂ ਕੁੜੀ ਵਾਲਿਆਂ ਦਾ ਕੋਈ ਖਰਚਾ ਨਹੀਂ ਕਰਵਾਉਣਾ। ਬਸ ਦਸ ਬੰਦੇ ਲੈ ਕੇ ਜਾਵਾਂਗੇ। ਕੁੜੀ ਦੇ ਵਿਆਹ ਵਿੱਚ ਵੀ ਬਹੁਤਾ ਖਰਚ ਨਹੀਂ ਕਰਨਾ। ਧਰਮ ਪਾਲ ਦੀ ਇਹ ਗੱਲ ਸੁਣ ਕੇ ਸੁਧਾ ਨੇ ਹਉਕਾ ਭਰਦੇ ਕਿਹਾ ਸੀ, “ਤੁਹਾਡੀ ਗੱਲ ਤਾਂ ਬਿਲਕੁਲ ਠੀਕ ਹੈ, ਪਰ ਦੁਨੀਆ ਨਹੀਂ ਜਿਉਣ ਦਿੰਦੀ। ਕਈ ਗੱਲਾਂ ਨਾ ਚਾਹੁੰਦੇ ਹੋਏ ਵੀ ਕਰਨੀਆਂ ਪੈਂਦੀਆਂ ਹਨ।” ਉਹ ਪਤੀ ਦਾ ਦਿਲ ਵੀ ਨਹੀਂ ਸੀ ਤੋੜਨਾ ਚਾਹੁੰਦੀ ਸੀ, ਇਸ ਲਈ ਕਹਿਣ ਲੱਗੀ, “ਚਲੋ ਦੇਖੋ, ਆਸ ਦੇ ਸਹਾਰੇ ਹੀ ਦੁਨੀਆ ਚੱਲਦੀ ਹੈ।”
ਧਰਮ ਪਾਲ ਸੋਚ ਰਿਹਾ ਸੀ ਕਿ ਪਤਾ ਨਹੀਂ ਹੁਣ ਸੁਧਾ ਪੂਰੀ ਤਰ੍ਹਾਂ ਠੀਕ ਕਦੋਂ ਹੋਵੇਗੀ? ਕੀ ਉਹ ਸਿਲਵਰ ਜੁਬਲੀ ਤੋਂ ਪਹਿਲਾਂ ਯੂਰਪ ਦਾ ਟੂਰ ਲਾਉਣ ਜੋਗੀ ਹੋ ਜਾਵੇਗੀ ਜਾਂ ਨਹੀਂ!
“ਹਾਂ ਜੀ, ਮਿਸਟਰ ਧਰਮ ਪਾਲ ਕੀ ਹਾਲ ਹੈ?” ਡਾਕਟਰ ਦੀ ਇਹ ਗੱਲ ਸੁਣ ਕੇ ਉਹ ਆਪਣੀਆਂ ਸੋਚਾਂ ’ਚੋਂ ਬਾਹਰ ਆਇਆ। ਉਹ ਇਕਦਮ ਕੁਰਸੀ ਤੋਂ ਖੜ੍ਹਾ ਹੋ ਗਿਆ। ਨਰਸ ਵੀ ਡਾਕਟਰ ਦੇ ਨਾਲ ਹੀ ਸੀ। ਉਸ ਨੇ ਸੁਧਾ ਦੀ ਫਾਈਲ, ਡਾਕਟਰ ਦੇ ਅੱਗੇ ਕੀਤੀ। ਡਾਕਟਰ ਚਾਵਲਾ ਨੇ ਪਹਿਲਾਂ ਸੁਧਾ ਦੀਆਂ ਬੰਦ ਅੱਖਾਂ ਖੋਲ੍ਹ ਕੇ ਦੇਖਿਆ। ਫੇਰ ਗਲ਼ ’ਚ ਪਏ ਸਟੈਥੋਸਕੋਪ ਨਾਲ ਮਰੀਜ਼ ਨੂੰ ਚੈੱਕ ਕੀਤਾ। ਉਸ ਤੋਂ ਬਾਅਦ ਫਾਈਲ ਚੰਗੀ ਤਰ੍ਹਾਂ ਦੇਖੀ ਅਤੇ ਉਸ ’ਤੇ ਕੁਝ ਲਿਖਿਆ। ਇਸ ਤੋਂ ਪਹਿਲਾਂ ਕਿ ਧਰਮ ਪਾਲ ਕੁਝ ਬੋਲਦਾ, ਡਾਕਟਰ ਨੇ ਆਪ ਹੀ ਦੱਸਣਾ ਸ਼ੁਰੂ ਕੀਤਾ ਕਿ ਪਿਛਲੇ ਛੇ-ਸੱਤ ਘੰਟਿਆਂ ਵਿੱਚ ਮਰੀਜ਼ ਦੀ ਹਾਲਤ ਵਿੱਚ ਕੁਝ ਸੁਧਾਰ ਆਇਆ ਹੈ, ਪਰ ਅਜੇ ਵੀ ਖ਼ਤਰੇ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਕਿਹਾ ਜਾ ਸਕਦਾ। ਜੇ ਇਸੇ ਤਰ੍ਹਾਂ ਸੁਧਾਰ ਰਿਹਾ ਤਾਂ ਠੀਕ ਹੈ। ਬਾਕੀ ਸੀ.ਟੀ. ਸਕੈਨ ਅਤੇ ਐੱਮ.ਆਰ.ਆਈ. ਕਰਵਾ ਕੇ ਅਸਲੀ ਪੁਜੀਸ਼ਨ ਦਾ ਪਤਾ ਲੱਗੇਗਾ।
“ਅਜੇ ਤੱਕ ਇਸ ਨੂੰ ਹੋਸ਼ ਕਿਉਂ ਨਹੀਂ ਆਇਆ?” ਧਰਮ ਪਾਲ ਨੇ ਝਕਦੇ-ਝਕਦੇ ਪੁੱਛਿਆ।
“ਇਹ ਬੇਹੋਸ਼ ਨਹੀਂ ਹਨ। ਕੁਝ ਤਾਂ ਦਵਾਈਆਂ ਕਰਕੇ ਸੁਸਤੀ ਹੈ ਅਤੇ ਦੂਜਾ ਇਨ੍ਹਾਂ ਦੇ ਦਿਮਾਗ ਨੂੰ ਪੂਰਾ ਰੈਸਟ ਦੇਣ ਲਈ ਨੀਂਦ ਦੇ ਇੰਜੈਕਸ਼ਨ ਦੇ ਰਹੇ ਹਾਂ। ਇਨ੍ਹਾਂ ਨੂੰ ਪਹਿਲਾਂ ਕੋਈ ਬੀ.ਪੀ. ਦੀ ਸ਼ਿਕਾਇਤ ਤਾਂ ਹੈ ਨਹੀਂ ਸੀ, ਇਸ ਲਈ ਇਕਦਮ ਅਟੈਕ ਦਾ ਮਤਲਬ ਹੈ ਕਿ ਮਰੀਜ਼ ਨੂੰ ਕੋਈ ਦਿਮਾਗੀ ਪਰੇਸ਼ਾਨੀ ਹੋ ਸਕਦੀ ਹੈ। ਇਨ੍ਹਾਂ ਦੀ ਨਬਜ਼, ਬੀ.ਪੀ., ਹਾਰਟ ਬੀਟ ਅਤੇ ਪਿਸ਼ਾਬ ਦੀ ਆਊਟਪੁੱਟ ਤਕਰੀਬਨ-ਤਕਰੀਬਨ ਨਾਰਮਲ ਹੋ ਰਹੀ ਹੈ। ਇਹ ਚੰਗਾ ਸੰਕੇਤ ਹੈ। ਬਾਕੀ ਕੁਝ ਦੇਰ ਤੱਕ ਈ.ਸੀ.ਜੀ. ਕਰਨ ਵਾਲੀ ਸਿਸਟਰ ਆਉਂਦੀ ਹੈ। ਮੈਂ ਅਜੇ ਹਸਪਤਾਲ ਹੀ ਹਾਂ। ਰਿਪੋਰਟ ਦੇਖ ਕੇ ਹੀ ਜਾਵਾਂਗਾ। ਇਹ ਕਹਿ ਕੇ ਡਾਕਟਰ ਚਲਾ ਗਿਆ।
ਡਾਕਟਰ ਦੇ ਜਾਣ ਤੋਂ ਬਾਅਦ ਅਕਾਸ਼ ਆ ਗਿਆ। ਉਸ ਦੇ ਇੱਕ ਹੱਥ ਵਿੱਚ ਚਾਹ ਦੀ ਥਰਮਸ ਅਤੇ ਦੂਜੇ ਹੱਥ ਵਿੱਚ ਖਾਣ ਦੇ ਸਾਮਾਨ ਦਾ ਪੌਲੀਥੀਨ ਬੈਗ ਸੀ। ਦੋਵੇਂ ਚੀਜ਼ਾਂ ਉਸ ਨੇ ਦੂਜੇ ਬੈੱਡ ਕੋਲ ਪਏ ਮੇਜ਼ ’ਤੇ ਰੱਖਦੇ ਹੋਏ ਆਪਣੇ ਪਾਪਾ ਅਤੇ ਭੈਣ ਨੂੰ ਇਸ਼ਾਰਾ ਕੀਤਾ ਕਿ ਕੁਝ ਖਾ ਲੈਣ। ਮੀਨੂੰ ਬਾਥਰੂਮ ਵਿੱਚ ਹੱਥ ਧੋਣ ਚਲੀ ਗਈ ਅਤੇ ਪਾਪਾ ਨੇ ਅਕਾਸ਼ ਨੂੰ ਦੱਸਿਆ ਕਿ ਪਹਿਲਾਂ ਨਾਲੋਂ ਕੁਝ ਫਰਕ ਹੈ। ਉਸ ਨੇ ਇਹ ਵੀ ਦੱਸ ਦਿੱਤਾ ਕਿ ਡਾਕਟਰ ਦਾ ਖਿਆਲ ਹੈ ਕਿ ਕਿਸੇ ਮੈਂਟਲ ਟੈਨਸ਼ਨ ਕਰਕੇ ਵੀ ਅਟੈਕ ਹੋ ਸਕਦਾ ਹੈ।
ਮੀਨੂੰ ਦੇ ਆਉਣ ਤੋਂ ਬਾਅਦ ਧਰਮ ਪਾਲ ਬਾਥਰੂਮ ਵਿੱਚ ਚਲਾ ਗਿਆ। ਮੀਨੂੰ ਬੈਗ ਵਿਚਲਾ ਸਾਮਾਨ ਦੇਖਣ ਲੱਗੀ। ਅਕਾਸ਼, ਮੰਮਾ ਦੇ ਬੈੱਡ ਕੋਲ ਪਈ ਕੁਰਸੀ ’ਤੇ ਬੈਠ ਗਿਆ। ਉਹ ਇਹ ਸੋਚਣ ਲੱਗਿਆ ਕਿ ਮੰਮਾ ਨੂੰ ਕਿਸ ਚੀਜ਼ ਦੀ ਟੈਨਸ਼ਨ ਹੋ ਸਕਦੀ ਹੈ। ਉਹ ਮੰਮਾ ਦੇ ਚਿਹਰੇ ਨੂੰ ਧਿਆਨ ਨਾਲ ਦੇਖਦਾ ਸੋਚ ਰਿਹਾ ਸੀ ਕਿ ਮੰਮਾ ਤਾਂ ਕਿਸੇ ਚੀਜ਼ ਦਾ ਬਹੁਤਾ ਫ਼ਿਕਰ ਕਰਦੇ ਹੀ ਨਹੀਂ ਸੀ। ਕਈ ਵਾਰ ਪਾਪਾ ਜਦੋਂ ਕਿਸੇ ਦਫ਼ਤਰੀ ਕੰਮ ਕਰਕੇ ਜਾਂ ਹੋਰ ਕਿਸੇ ਕਾਰਨ ਫ਼ਿਕਰਮੰਦ ਹੁੰਦੇ ਤਾਂ ਮੰਮਾ ਉਨ੍ਹਾਂ ਨੂੰ ਅਕਸਰ ਕਿਹਾ ਕਰਦੇ ਸੀ, “ਬਹੁਤਾ ਫ਼ਿਕਰ ਨਾ ਕਰਿਆ ਕਰੋ। ਫ਼ਿਕਰ ਕਰਨ ਨਾਲ ਤਾਂ ਕੰਮ ਹੋਰ ਵਿਗੜ ਜਾਂਦੇ ਨੇ। ਸਭ ਕੁਝ ਆਪੇ ਠੀਕ ਹੋ ਜਾਵੇਗਾ।”
ਬੈਠੇ-ਬੈਠੇ ਅਕਾਸ਼ ਨੂੰ ਖਿਆਲ ਆਇਆ ਕਿ ਕਿਤੇ ਮੰਮਾ ਨੇ ਉਸ ਦੀ ਗੱਲ ਦੀ ਟੈਨਸ਼ਨ ਤਾਂ ਨਹੀਂ ਲੈ ਲਈ? ਉਹ ਜਦੋਂ ਪੰਦਰਾਂ ਕੁ ਦਿਨ ਪਹਿਲਾਂ ਤਿੰਨ ਦਿਨ ਲਈ ਮੰਮੀ-ਪਾਪਾ ਨੂੰ ਮਿਲਣ ਆਇਆ ਸੀ ਤਾਂ ਉਸ ਨੇ ਪਾਪਾ ਦੇ ਦਫ਼ਤਰ ਜਾਣ ਬਾਅਦ ਮੰਮਾ ਨਾਲ ਗੱਲ ਕੀਤੀ ਸੀ ਕਿ ਉਸ ਦੀ ਕੰਪਨੀ ਉਸ ਨੂੰ ਛੇ ਮਹੀਨੇ ਲਈ ਅਮਰੀਕਾ ਕਿਸੇ ਟਰੇਨਿੰਗ ’ਤੇ ਭੇਜਣਾ ਚਾਹੁੰਦੀ ਹੈ, ਪਰ ਉਨ੍ਹਾਂ ਦੀ ਸ਼ਰਤ ਇਹ ਹੈ ਕਿ ਟਰੇਨਿੰਗ ਦੀ ਫੀਸ ਅਤੇ ਹਵਾਈ ਜਹਾਜ਼ ਦੀ ਰਿਟਰਨ ਟਿਕਟ ਤਾਂ ਉਹ ਦੇ ਦੇਣਗੇ। ਰਹਿਣ ਦਾ ਅਤੇ ਖਾਣ-ਪੀਣ ਦਾ ਖਰਚਾ ਉਸ ਨੂੰ ਆਪ ਹੀ ਕਰਨਾ ਪਵੇਗਾ।
“ਕਿੰਨਾ ਕੁ ਖਰਚਾ ਚਾਹੀਦਾ ਹੈ?” ਮੰਮਾ ਨੇ ਪੁੱਛਿਆ।
“ਦਸ-ਬਾਰਾ ਲੱਖ ਤਾਂ ਚਾਹੀਦਾ ਹੀ ਹੈ।”
ਇਹ ਸੁਣ ਕੇ ਮੰਮਾ ਕੁਝ ਸੋਚੀਂ ਪੈ ਗਏ। ਕੁਝ ਦੇਰ ਬਾਅਦ ਕਹਿਣ ਲੱਗੇ, “ਇਸ ਟਰੇਨਿੰਗ ਦਾ ਤੈਨੂੰ ਫਾਇਦਾ ਕੀ ਹੋਵੇਗਾ?”
“ਮੰਮਾ, ਹੋ ਸਕਦਾ ਹੈ ਟਰੇਨਿੰਗ ਦੌਰਾਨ ਮੈਨੂੰ ਉੱਥੇ ਹੀ ਕੰਮ ਮਿਲ ਜਾਵੇ। ਜੇ ਕੰਮ ਨਾ ਵੀ ਮਿਲਿਆ ਤਾਂ ਕੰਪਨੀ ਤਾਂ ਮੇਰੀ ਤਨਖਾਹ ਜ਼ਰੂਰ ਵਧਾਏਗੀ।”
“ਹੂੰ! ਚਲ ਤੂੰ ਫ਼ਿਕਰ ਨਾ ਕਰ, ਤੇਰੇ ਪਾਪਾ ਨਾਲ ਗੱਲ ਕਰਦੀ ਹਾਂ। ਕਰਦੀ ਹਾਂ ਕੋਈ ਹੀਲਾ-ਵਸੀਲਾ। ਜੇ ਕਿਤੇ ਵੀ ਕੰਮ ਨਾ ਬਣਿਆ ਤਾਂ ਮੇਰੇ ਗਹਿਣੇ ਤਾਂ ਕਿਤੇ ਨਹੀਂ ਗਏ।”
“ਨਹੀਂ ਮੰਮਾ, ਗਹਿਣੇ ਤਾਂ ਤੁਸੀਂ ਆਪਣੇ ਕੋਲ ਹੀ ਰੱਖੋ। ਮੀਨੂੰ ਦੇ ਵਿਆਹ ਲਈ ਵੀ ਚਾਹੀਦੇ ਹਨ।”
ਇਹ ਸੁਣ ਕੇ ਮੰਮੀ ਨੂੰ ਇਹ ਖੁਸ਼ੀ ਹੋਈ ਕਿ ਅਕਾਸ਼ ਨੂੰ ਘਰ ਦਾ ਅਤੇ ਆਪਣੀ ਭੈਣ ਦਾ ਫ਼ਿਕਰ ਵੀ ਹੈ। ਉਹ ਅਕਾਸ਼ ਦੇ ਸਿਰ ’ਤੇ ਹੱਥ ਫੇਰਦੀ ਬੋਲੀ, “ਉਸ ਦੇ ਅਤੇ ਤੇਰੇ ਵਿਆਹ ਦਾ ਇੰਤਜ਼ਾਮ ਤਾਂ ਅਲੱਗ ਕਰਕੇ ਰੱਖਿਆ ਹੋਇਆ ਹੈ। ਇਹ ਤਾਂ ਮੈਂ ਆਪਣੇ ਲਈ ਰੱਖੇ ਹੋਏ ਹਨ। ਹੁਣ ਤੇਰਾ ਕੰਮ ਸਰ ਜਾਵੇ, ਮੈਂ ਗਹਿਣਿਆਂ ਨੂੰ ਕੀ ਕਰਨੈ।”
ਇਹ ਸੁਣ ਕੇ ਅਕਾਸ਼ ਨੂੰ ਕੁਝ ਹੌਸਲਾ ਹੋਇਆ ਅਤੇ ਉਸ ਨੇ ਮੰਮਾ ਨੂੰ ਘੁੱਟ ਕੇ ਜੱਫੀ ਪਾ ਲਈ। ਅਕਾਸ਼ ਨੂੰ ਖਿਆਲ ਆਇਆ ਕਿ ਕਿਤੇ ਮੰਮਾ ਉਸ ਗੱਲ ਦੀ ਟੈਨਸ਼ਨ ਤਾਂ ਨਹੀਂ ਲੈ ਗਏ! ਉਸੇ ਸਮੇਂ ਇੱਕ ਨਰਸ ਈ.ਸੀ.ਜੀ. ਦੀ ਮਸ਼ੀਨ ਲੈ ਕੇ ਆ ਗਈ। ਉਸ ਨੇ ਧਰਮ ਪਾਲ ਅਤੇ ਅਕਾਸ਼ ਨੂੰ ਬਾਹਰ ਜਾਣ ਲਈ ਕਿਹਾ। ਉਹ ਈ.ਸੀ.ਜੀ. ਦੀਆਂ ਤਾਰਾਂ ਫਿਟ ਕਰਨ ਲੱਗੀ। ਮੀਨੂੰ ਇਸ ਕੰਮ ਵਿੱਚ ਉਸ ਦੀ ਮਦਦ ਕਰ ਰਹੀ ਸੀ। ਨਰਸ ਈ.ਸੀ.ਜੀ. ਦੀ ਰਿਪੋਰਟ ਡਾਕਟਰ ਨੂੰ ਦਿਖਾਉਣ ਚਲੀ ਗਈ। ਧਰਮ ਪਾਲ ਅਤੇ ਅਕਾਸ਼ ਵੀ ਉਸ ਦੇ ਪਿੱਛੇ ਹੀ ਡਾਕਟਰ ਦੇ ਕਮਰੇ ਵੱਲ ਤੁਰ ਪਏ। ਡਾਕਟਰ ਉਨ੍ਹਾਂ ਦੇ ਕਮਰੇ ਵੱਲ ਹੀ ਆ ਰਿਹਾ ਸੀ। ਐਨੇ ਨੂੰ ਇੱਕ ਨਰਸ ਡਾਕਟਰ ਕੋਲ ਕਾਹਲੀ-ਕਾਹਲੀ ਆਈ ਅਤੇ ਦੱਸਿਆ ਕਿ ਐਮਰਜੈਂਸੀ ਵਿੱਚ ਇੱਕ ਕੇਸ ਆਇਆ ਹੈ, ਜਲਦੀ ਅਟੈਂਡ ਕਰੋ। ਡਾਕਟਰ ਜਲਦੀ-ਜਲਦੀ ਐਮਰਜੈਂਸੀ ਰੂਮ ਵੱਲ ਚਲਾ ਗਿਆ।
ਸੰਪਰਕ: 001-604-369-2369