ਉੱਲੂ ਦੇ ਪੱਠੇ
ਮੀਤ ਖਟੜਾ (ਡਾ.)
ਉਹ ਮਾਂ ਪਿਉ ਨੂੰ ਛੱਡ ਕੇ ਕਿਰਾਏ ਦੇ ਮਕਾਨ ਵਿਚ ਆ ਗਏ ਸਨ। ਮਾਂ ਨੇ ਬੜੇ ਤਰਲੇ ਪਾਏ ਸੀ ਕਿ ਘਰਵਾਲੀ ਦੇ ਮਗਰ ਲੱਗ ਕੇ ਘਰ ਨੂੰ ਤਬਾਹ ਕਰਕੇ ਨਾ ਜਾਵੇ, ‘‘ਪੁੱਤ! ਮੇਰਾ ਤੇਰੇ ਬਿਨਾ ਹੋਰ ਕੌਣ ਆ ਵੇ। ਤੂੰ ਹੀ ਤਾਂ ਇਕੋ ਇਕ ਮੇਰੇ ਦਿਲ ਦਾ ਟੁਕੜਾ... ਤੈਨੂੰ ਕਵਿੇਂ ਰੱਤ ਪਾ ਕੇ ਪਾਲਿਆ ਪੜ੍ਹਾਇਆ... ਡਾਕਟਰ ਬਣਾਇਆ... ਪੀ.ਜੀ. ਕਰਵਾਈ... ਹਾਰਟ ਦੀ ਪੜ੍ਹਾਈ ਲਈ ਲੰਡਨ ਭੇਜਿਆ... ਕੀ ਕੀ ਨਹੀਂ ਕੀਤਾ ਮੈਂ...। ਨਾ... ਨਾ। ਸਮਝਾ ਪੁੱਤ ਬਹੂ ਨੂੰ... ਠੀਕ ਐ ਡਾਕਟਰ ਆ... ਕਿੱਲਿਆਂ ਦੀ ਮਾਲਕ ਐ... ਤੇਰੀ ਪਸੰਦ ਆ.... ਪਰ ਪੁੱਤ ਅਸੀਂ ਕੀ ਨੀ ਕੀਤਾ ਤੇਰੇ ਲਈ... ਆਹ ਐਡਾ ਵੱਡਾ ਹਸਪਤਾਲ ਆਪ ਕੋਲ ਖੜ੍ਹ ਕੇ ਬਣਵਾਇਆ...। ਅਸੀਂ ਮਾਂ ਪਿਉ ਐਵੇਂ ਈ...। ਬੀਬਾ! ਘਰ ਦੀ ਕੋਈ ਮਰਯਾਦਾ ਹੁੰਦੀ ਐ... ਬੈਠਣ ਉੱਠਣ ਦਾ ਸਲੀਕਾ ਹੁੰਦੈ... ਹੋਸਟਲਾਂ ਦੀ ਜ਼ਿੰਦਗੀ ਹੋਰ ਹੁੰਦੀ ਆ, ਘਰ ਦੀ ਹੋਰ...। ਖਾਣਾ ਪੀਣਾ ਤੇ ਪਹਨਿਣਾ ਜੱਗ ਭਾਉਂਦਾ ਚਾਹੀਦੈ...।’’ ‘‘ਪਰ ਮੰਮੀ ਅੱਜ ਕੱਲ੍ਹ ਦੀਆਂ ਪੜ੍ਹੀਆਂ ਲਿਖੀਆਂ ਅਡਵਾਂਸ ਸੋਚ ਰੱਖਦੀਆਂ ਨੇ... ਤੁਹਾਡੇ ਸਮੇਂ ਹੋਰ ਸੀ...। ਹਰ ਕੋਈ ਆਪੋ ਆਪਣੀ ਆਇਓਡੋਲੋਜੀ ਅਨੁਸਾਰ ਜਿਉਣਾ ਚਾਹੁੰਦਾ। ਹਰ ਇਕ ਦੀ ਆਜ਼ਾਦ ਸੋਚ ਐ। ਮੰਮੀ! ਤੁਸੀਂ ਵੀ ਜ਼ਿੱਦੀ ਓ। ਟੋਕਾ ਟਾਕੀ ਕਰਦੇ ਰਹਿੰਦੇ ਓ। ਦੋ ਨੌਕਰ ਹੋਰ ਰੱਖ ਲਵੋ...।’’ ਪੁੱਤਰ ਮਾਯੂਸ ਜਿਹਾ ਹੋਇਆ ਕਹਿ ਰਿਹਾ ਸੀ।
‘‘ਪੁੱਤਰ, ਗੱਲ ਨੌਕਰਾਂ ਦੀ ਨੀ... ਘਰ ਦੇ ਵੀ ਕੋਈ ਅਸੂਲ ਹੁੰਦੇ ਨੇ... ਟੋਕਾ ਟਾਕੀ ਦੀ ਗੱਲ ਕਰਦੈ... ਮੈਂ ਤਾਂ ਅੱਜ ਤੱਕ ਤੇਰੇ ਪਿਉ ਅੱਗੇ ਕਦੇ ਨੀ ਬੋਲੀ। ਫੌਜ ਦੇ ਵੱਡੇ ਅਫਸਰ ਕਰਨਲ ਸਾਹਿਬ ਸੀ। ਸੱਸ ਸਹੁਰੇ ਦੀ ਰੱਜ ਕੇ ਸੇਵਾ ਕੀਤੀ, ਮਾਂ ਬਾਪ ਵਾਂਗੂੰ ਪੂਜਿਆ... ਮਰਦੇ ਦਮ ਤੱਕ ਦੋਵਾਂ ਨੂੰ ਖ਼ੂਬ ਵਾਂਗ ਸਜਾ ਕੇ ਰੱਖਿਆ...। ਮੈਂ ਤਾਂ ਸਦਾ ਘਰ ਦੀ ਮਰਯਾਦਾ ਨਿਭਾਈ। ਕਵਿੇਂ ਦੋਵੇਂ ਅਸੀਸਾਂ ਦਿੰਦੇ ਨੀ ਸੀ ਥੱਕਦੇ। ਪੁੱਤ ਮਨਾ ਬਹੂ ਨੂੰ... ਜੱਗ ਨੂੰ ਤਮਾਸ਼ਾ ਨਹੀਂ ਵਿਖਾਈਦਾ।’’
‘‘ਮੰਮੀ, ਇਹ ਸਭ ਕੁਝ ਠੀਕ ਐ। ਮੈਂ ਮੰਨਦਾਂ ਪਰ ਅੱਜ ਦੀ ਪੀੜ੍ਹੀ... ਬਸ ਮੰਮੀ, ਆਪਾਂ ਹੁਣ ਇਕੱਠੇ ਨਹੀਂ ਰਹਿ ਸਕਦੇ।’’
ਡਾਕਟਰ ਪੁੱਤਰ ਮਾਂ ਦੇ ਰੋਕਦਿਆਂ ਵੀ ਸਵੇਰੇ ਹੀ ਸਾਮਾਨ ਚੁੱਕਣ ਲਈ ਟਰੱਕ ਲੈ ਆਇਆ ਸੀ। ਮਾਂ ਪਿਉ ਖੂੰਜੇ ’ਚ ਬੈਠੇ ਸਭ ਕੁਝ ਵੇਖ ਰਹੇ ਸੀ। ਨੂੰਹ ਕਵਿੇਂ ਉਂਗਲਾਂ ਕਰ ਕਰ ਸਾਮਾਨ ਚੁਕਵਾ ਰਹੀ ਸੀ। ਡਾਕਟਰ ਅੱਖਾਂ ਨੀਵੀਆਂ ਕਰੀ ਨਿਮੋਝੂਣਾ ਜਿਹਾ ਹੋਇਆ ਖੜ੍ਹਾ ਸੀ। ਨੂੰਹ ਦੀ ਤਿਰਛੀ ਅੱਖ ਖੂੰਜੇ ਬੈਠੇ ਸੱਸ ਸਹੁਰੇ ਵੱਲ ਦੇਖ ਜੇਤੂ ਸਿਕੰਦਰ ਵਾਂਗ ਮੁਸਕਰਾ ਰਹੀ ਸੀ। ਡਾਕਟਰ ਦਾ ਪਿਉ ਫ਼ੌਜ ’ਚੋਂ ਕਰਨਲ ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ। ਮਹਿਕਮੇ ’ਚ ਉਸ ਦੇ ਬੋਲ ਹੁਕਮ ਹੁੰਦੇ ਸਨ ਪਰ ਅੱਜ ਪੁੱਤ ਦੇ ਜਬਰ ਅੱਗੇ ਉਹ ਝੁਕ ਕੇ ਕਮਾਨ ਹੋ ਗਿਆ ਸੀ। ਵਿਚਾਰੀ ਮਾਂ ਨੇ ਪਤਾ ਨਹੀਂ ਕਿੰਨਿਆਂ ਕੁ ਘਰਾਂ ਦੇ ਫ਼ੈਸਲੇ ਕਰਵਾਏ ਸੀ, ਪਰ ਆਪਣੇ ਘਰ ਦੀਆਂ ਮੀਢੀਆਂ ਖਿਲਰ ਗਈਆਂ ਸਨ। ਕਵਿੇਂ ਗੁੰਦੇ ਆਪਣਾ ਸਿਰ ਜਦੋਂ ਪੁੱਤ ਹੀ ਬੇਮੁਖ ਹੋ ਕੇ ਬਿਗਾਨੀ ਦਾ ਹੋ ਗਿਆ ਸੀ।
ਸਾਮਾਨ ਟਰੱਕ ਵਿਚ ਲੱਦਿਆ ਜਾ ਰਿਹਾ ਸੀ। ਮਾਂ ਪਿਉ ਦਾ ਹਿਰਦਾ ਦਬਦਾ ਜਾ ਰਿਹਾ ਸੀ। ਕਈ ਤਮਾਸ਼ਬੀਨ ਕੋਠਿਆਂ ’ਤੇ ਚੜ੍ਹ ਕੇ ਢੀਠਾਂ ਵਾਂਗੂੰ ਹਿਣ ਹਿਣ ਕਰ ਰਹੇ ਸਨ: ‘‘ਨੀ ਬੁੜ੍ਹੀ ਕਿਹੜਾ ਘੱਟ ਐ। ਹਉਮੈ ਦੀ ਮਾਰੀ ਪਈ ਆ। ਕੀਤਾ ਆਪਦਾ ਕੀਤੈ... ਪੜ੍ਹੀ ਲਿਖੀ ਡਾਕਟਰ ਐ ਨੂੰਹ... ਅਫ਼ਸਰੀ ਕਰਦੀ ਆ... ਭਲਾ ਅੱਜਕੱਲ੍ਹ ਦੀਆਂ ਕੁੜੀਆਂ ਕਦੋਂ ਝੱਲਦੀਆਂ ਨੇ... ਸੁਣਿਐ ਨੂੰਹ ਦੋ ਘਰਾਂ ਦੀ ਇਕੱਲੀ ਧੀ ਆ... ਮੁਰੱਬਿਆਂ ਦੀ ਮਾਲਕ ਐ... ਕਦੋਂ ਝੱਲਦੀ ਆ...।’’
ਥੋੜ੍ਹੇ ਚਿਰ ਬਾਅਦ ਹੀ ਘਰ ਸੁੰਨਾ ਹੋ ਗਿਆ ਸੀ। ਮੱਖੀਆਂ ਭਿਣਕਣ ਲੱਗ ਪਈਆਂ ਸਨ। ਜਾਂਦਾ ਹੋਇਆ ਪੋਤਾ ਆਪਣੇ ਦਾਦੇ ਤੇ ਦਾਦੀ ਨੂੰ ਕਵਿੇਂ ਚੰਬੜ ਕੇ ਧਾਹਾਂ ਮਾਰ ਰਿਹਾ ਸੀ, ‘‘ਦਾਦੂ ਮੈਂ ਨੀ ਜਾਣਾ। ਮੈਂ ਥੋਡੇ ਕੋਲ ਹੀ ਰਹੂੰ... ਦਾਦੀ ਮੈਂ ਨੀ ਜਾਣਾ।’’
ਪਰ ਵਹੁਟੀ ਪੁੱਤ ਨੂੰ ਗਲ ਨਾਲੋਂ ਤੋੜ ਕੇ ਧੂਹ ਕੇ ਲੈ ਗਈ ਸੀ। ਉਸ ਦੇ ਖਾਰੇ ਹੰਝੂ ਕਈ ਦਨਿ ਦਾਦਾ ਤੇ ਦਾਦੀ ਦੇ ਜ਼ਖ਼ਮੀ ਅਤੀਤ ਨੂੰ ਦਿਲਾਸਾ ਦਿੰਦੇ ਰਹੇ।
‘‘ਦਾਦੂ, ਮੈਂ ਜ਼ਰੂਰ ਆਵਾਂਗਾ... ਰੋਇਓ ਨਾ...। ਦਾਦੀ, ਮੈਂ ਜ਼ਰੂਰ ਆਊਂਗਾ...।’’
ਸੱਤ ਸਾਲ ਬੀਤ ਗਏ ਨੇ ਇਕੱਲਤਾ ਦੀ ਜੂਨ ਭੋਗਦਿਆਂ। ਪੋਤਾ ਵੀ ਕਈ ਸਾਲਾਂ ਦਾ ਹੋ ਗਿਆ। ਉਸ ਵਿਚਾਰੇ ਨੂੰ ਦਾਦੀ ਦੇ ਘਰ ਕਦੇ ਵੀ ਨਹੀਂ ਸੀ ਆਉਣ ਦਿੱਤਾ ਗਿਆ ਸਗੋਂ ਦਾਦੀ ਖਿਲਾਫ਼ ਨਫ਼ਰਤ ਭਰੀ ਜਾਂਦੀ ਰਹੀ। ਦੂਜੇ ਨਵੇਂ ਵਾਤਾਵਰਣ ’ਚ ਆ ਕੇ ਸ਼ਾਇਦ ਉਹ ਸਭ ਕੁਝ ਭੁੱਲ ਗਿਆ ਸੀ। ਦਾਦਾ ਦਾਦੀ ਦੀ ਪੋਤੇ ਦੇ ਵੇਖਣ ਦੀ ਭੁੱਖ ਸਦਾ ਹੀ ਮਨ ਦੇ ਦਰਵਾਜ਼ੇ ’ਤੇ ਆ ਕੇ ਭੁੱਬਾਂ ਮਾਰ ਕੇ ਦਿਲਾਸਾ ਦੇ ਲੈਂਦੀ। ਇਕ ਹੋਰ ਪੋਤੇ ਨੂੰ ਵੀ ਆਏ ਨੂੰ ਕਈ ਸਾਲ ਬੀਤ ਗਏ ਨੇ। ਮੂੰਹ ਵੇਖਣਾ ਵੀ ਨਸੀਬ ਨਹੀਂ ਸੀ ਹੋਇਆ। ਕਿੰਨਾ ਹੀ ਚਿਰ ਉਹ ਗ਼ਮ ਦੇ ਦਰਿਆ ਵਿਚ ਡੁੱਬੇ ਰਹੇ। ਇਕ ਦਨਿ ਕਰਨਲ ਸਾਹਿਬ ਨੇ ਜੇਰਾ ਜਿਹਾ ਕਰ ਕੇ ਪਤਨੀ ਨੂੰ ਆਖਿਆ ਸੀ, ‘‘ਜਸਵੰਤ! ਜਨਿ੍ਹਾਂ ਦੇ ਹੁੰਦੇ ਨੀ, ਉਹ ਵੀ ਤਾਂ ਸਾਰ ਲੈਂਦੇ ਨੇ... ਕਿਉਂ ਮਨ ਹੌਲਾ ਕਰ ਕੇ ਬੈਠ ਜਾਨੀ ਏ... ਆਪਣੀ ਜੜ੍ਹ ਤਾਂ ਹੈ... ਪੋਤੇ ਤਾਂ ਤੇਰੇ ਵੀ ਵੱਜਣਗੇ... ਕਦੇ ਤਾਂ...। ਝੂਰਿਆ ਨਾ ਕਰ...।’’
‘‘ਪਰ ਸਰਦਾਰ ਜੀ! ਆਪਾਂ ਤਾਂ ਕੋਈ ਮਾੜਾ ਨੀ ਕੀਤਾ। ਕਿਹੜੇ ਜਨਮਾਂ ਦਾ ਬਦਲਾ ਲੈ ਰਹੇ ਨੇ...।’’
ਕਰਨਲ ਸਾਹਿਬ ਨੇ ਘਰ ਦੀ ਸੁੰਨ ਨੂੰ ਦੂਰ ਕਰਨ ਲਈ ਕਈ ਮੱਝਾਂ ਤੇ ਗਾਵਾਂ ਘਰੇ ਲੈ ਆਂਦੀਆਂ ਸੀ। ਦੋ ਨੌਕਰ ਸਣੇ ਪਰਿਵਾਰ ਘਰੇ ਰੱਖ ਲਏ ਸਨ। ਹੁਣ ਜਸਵੰਤ ਸਵੇਰੇ ਸ਼ਾਮ ਡੰਗਰਾਂ ਦੀ ਦੇਖਭਾਲ ਵਿਚ ਰੁੱਝੀ ਰਹਿੰਦੀ। ਨੌਕਰਾਂ ਦੇ ਘਰ ਵਾਲੀਆਂ ਉਸ ਦੇ ਘਰ ਦੇ ਕੰਮ ਵਿਚ ਹੱਥ ਵਟਾ ਜਾਂਦੀਆਂ। ਸ਼ਾਮ ਨੂੰ ਥੱਕ ਟੁੱਟ ਕੇ ਦੋਵੇਂ ਜਣੇ ਬੜੀ ਗੂੜ੍ਹੀ ਨੀਂਦ ਸੌਣ ਲੱਗ ਪਏ ਸਨ। ਮਨ ਦੀ ਬਿਹਬਲਤਾ ਪਸ਼ੂਆਂ ਦੇ ਮੋਹ ਵਿਚ ਸਦਾ ਰੁੱਝੀ ਰਹਿੰਦੀ।
ਮਾਂ ਜਸਵੰਤ ਸਵੇਰੇ ਹੀ ਉੱਠ ਕੇ ਕੋਠੇ ਤੇ ਚੜ੍ਹ ਜਨੌਰਾਂ ਨੂੰ ਦਾਣੇ ਪਾਉਂਦੀ, ਮਮਤਾ ਨੂੰ ਦਿਲਾਸਾ ਦਿੰਦੀ। ਘੁੱਗੀਆਂ, ਗੁਟਾਰਾਂ, ਚਿੜੀਆਂ ਤੇ ਕਬੂਤਰ ਸਵੇਰੇ ਉਡੀਕ ਵਿਚ ਗੁਟਕਦੇ ਰਹਿੰਦੇ। ਕਈ ਪੰਛੀ ਤਾਂ ਉਸ ਦੇ ਹੱਥਾਂ ਤੋਂ ਦਾਣੇ ਚੁੱਕ ਕੇ ਲੈ ਜਾਂਦੇ। ਕਵਿੇਂ ਉਨ੍ਹਾਂ ਦੇ ਪਰਾਂ ਨੂੰ ਪਲੋਸਦੀ ਪਲੋਸਦੀ ਪੋਤਿਆਂ ਨੂੰ ਯਾਦ ਕਰ ਕੇ ਭੁੱਬਾਂ ਮਾਰ ਕੇ ਰੋਣ ਲੱਗ ਜਾਂਦੀ। ਫਿਰ ਆਪੇ ਹੀ ਮਨ ਨੂੰ ਦਿਲਾਸਾ ਦਿੰਦੀ ਹੰਝੂ ਪੂੰਝ ਲੈਂਦੀ। ਕਰਨਲ ਸਾਹਿਬ ਤਾਂ ਦੋ ਪੈੱਗ ਪੀ ਕੇ ਬੇਫ਼ਿਕਰੀ ਨਾਲ ਰਾਤ ਨੂੰ ਸੌਂ ਜਾਂਦੇ, ਪਰ ਵਿਚਾਰੀ ਮਾਂ ਸੁੰਨੇ ਘਰ ਨੂੰ ਵੇਖ ਕੇ ਕਈ ਵਾਰੀ ਰਾਤ ਭਰ ਸੌਂ ਨਾ ਸਕਦੀ। ਮਨ ਦੀ ਪੀੜਾ ਨੂੰ ਕਵਿੇਂ ਸੁਆਵੇ, ਖ਼ਿਆਲਾਂ ਦੇ ਹਨੇਰਿਆਂ ਨੂੰ ਉਦਾਸੇ ਮਨ ਨਾਲ ਦਿਲਾਸਾ ਦੇ ਕੇ ਸੁਆਉਣ ਦਾ ਯਤਨ ਕਰਦੀ। ਪਤਾ ਨੀ ਕਦੋਂ ਚਿੱਟਾ ਦਨਿ ਚੜ੍ਹ ਜਾਂਦਾ। ਸਵੇਰੇ ਹੀ ਫਿਰ ਉਹੀ ਡੰਗਰਾਂ ਦੀ ਸਾਂਭ ਸੰਭਾਲ।
ਵਿਹਲੇ ਬੈਠਿਆਂ ਜਦੋਂ ਮਨ ਦਾ ਪਿਆਲਾ ਉੱਛਲ ਜਾਂਦਾ ਤਾਂ ਆਪਣੇ ਆਪ ਨਾਲ ਹੀ ਬਾਤਾਂ ਪਾਉਣ ਲੱਗ ਪੈਂਦੀ, ‘‘ਵੇ ਪੁੱਤ! ਪ੍ਰਿੰਸ... ਚੰਦਰਿਆ ਏਨੀ ਤਾਂ ਨੀ ਸੀ ਮੈਂ ਮਾੜੀ... ਮੈਂ ਤਾਂ ਸਦਾ ਤੇਰੀ ਹੀ ਖ਼ੈਰ ਮਨਾਈ ਆ... ਤੂੰ ਤਾਂ ਊਈਂ ਮਾਂ ਨੂੰ ਭੁਲਾ ਦਿੱਤਾ... ਕਸੂਰ... ਅੱਛਾ ਮਾਲਕਾ। ਜਿੱਥੇ ਵੀ ਰਵੇਂ ਸੁਖੀ ਵਸੇਂ। ਸਾਡਾ ਕੀ ਆ... ਕੰਢੇ ’ਤੇ ਰੁੱਖੜਾ... ਇਕ ਦਨਿ...।’’
ਡਾ. ਪ੍ਰਿੰਸ ਸ਼ਹਿਰ ਦਾ ਨਾਮੀ ਦਿਲ ਦੇ ਰੋਗਾਂ ਦਾ ਮਾਹਿਰ ਡਾਕਟਰ ਬਣ ਗਿਆ ਸੀ। ਉਸ ਦੀ ਪਤਨੀ ਸਰਕਾਰੀ ਡਾਕਟਰ ਅੱਜਕੱਲ੍ਹ ਐੱਸ.ਐਮ.ਓ. ਬਣ ਗਈ ਸੀ। ਪੇਕਿਆਂ ਤੋਂ ਆਉਂਦੀ ਕਈ ਮੁਰੱਬੇ ਜ਼ਮੀਨ ਤੇ ਡਾਕਟਰ ਹੋਣ ਨੇ ਉਸ ਦੀ ਮੱਤ ਮਾਰ ਰੱਖੀ ਸੀ। ਉਸ ਦੀ ਮਾਂ ਤੇ ਮਾਸੀ ਕਈ-ਕਈ ਮਹੀਨੇ ਆ ਕੇ ਰਹਿ ਜਾਂਦੀਆਂ ਸਨ। ਡਾ. ਪ੍ਰਿੰਸ ਉਨ੍ਹਾਂ ਦੇ ਅੱਗੇ ਪਿੱਛੇ ਭੱਜਿਆ ਰਹਿੰਦਾ। ‘ਮੰਮੀ ਮੰਮੀ’ ਕਹਿੰਦਾ ਅੱਕਦਾ ਨਾ ਥੱਕਦਾ...।
ਮੋਬਾਈਲ ਪ੍ਰਿੰਸ ਦੀ ਘਰ ਵਾਲੀ ਦੇ ਕੰਨ ਤੋਂ ਕਦੇ ਨਾ ਲੱਥਦਾ, ਕਿਸ ਨੂੰ ਫੋ਼ਨ ਕਰਦੀ ਆ, ਕਿਉਂ ਕਰਦੀ ਆ, ਪ੍ਰਿੰਸ ਦੀ ਹਿੰਮਤ ਨਹੀਂ ਸੀ ਪੁੱਛਣ ਦੀ। ‘‘ਪਰਸਨਲ ਮਾਮਲਾ’’ ਕਹਿ ਕੇ ਚੁੱਪ ਕਰ ਜਾਂਦਾ। ਉਹ ਸ਼ਹਿਰ ਦੀਆਂ ਅਡਵਾਂਸ ਲੇਡੀਜ਼ ਵਿਚ ਗਿਣੀ ਜਾਂਦੀ ਸੀ।
ਕਰਨਲ ਸਾਹਿਬ ਸਵੇਰੇ ਸ਼ਾਮ ਸੈਰ ਕਰਨ ਜਾਂਦੇ।
ਮਹਿਕਮਾ ਅਜਿਹਾ ਹੋਣ ਕਰਕੇ ਲੋਕਾਂ ਵਿਚ ਇੰਨੀ ਜਾਣ ਪਛਾਣ ਨਹੀਂ ਸੀ।
ਇਕੱਲਤਾ ਦਾ ਮਾਹੌਲ ਉਸ ਨੂੰ ਪ੍ਰੇਸ਼ਾਨ ਕਰਦਾ। ਜਸਵੰਤ ਹਰ ਵੇਲੇ ਡੰਗਰਾਂ ਵਿਚ ਰੁੱਝੀ ਰਹਿੰਦੀ। ਕੱਟਰੂ ਵਛਰੂ ਦੇ ਬਿਮਾਰ ਹੋਣ ਤੇ ਭਾਵੁਕ ਹੋ ਜਾਂਦੀ,
‘‘ਜਿਉਂਦੇ ਰਹਿਣ ਵਿਚਾਰੇ...।’’ ਹਾਉਕਾ ਭਰ ਕੇ ਰਹਿ ਜਾਂਦੀ।
ਕਦੇ-ਕਦੇ ਜੇਕਰ ਕੋਈ ਜਾਣੂੰ ਦੁੱਧ ਲੈਣ ਆ ਜਾਂਦਾ ਤਾਂ ਜਸਵੰਤ ਆਪਣਾ ਸਾਰਾ ਹੀ ਦੁੱਖ ਉਸ ਅੱਗੇ ਫੋਲ ਕੇ ਰੱਖ ਦਿੰਦੀ ਸੀ। ਪ੍ਰੋ. ਦੀਪਕ ਦੁੱਧ ਲੈਣ ਗਿਆ ਉਸ ਦੇ ਦਰਦ ਨੂੰ ਤਸਕੀਨ ਦੇਣ ਦੀ ਕੋਸ਼ਿਸ਼ ਕਰਦਾ, ‘‘ਛੱਡੋ ਮੈਡਮ ਜੀ! ਕੀ ਕਰ ਸਕਦੇ ਹਾਂ ਆਪਾਂ? ਵਿਚਾਰਾ ਪ੍ਰਿੰਸ ਤਾਂ ਬਹੁਤ ਹੀ ਮਜਬੂਰੀ ’ਚ ਜ਼ਿੰਦਗੀ ਭੋਗ ਰਿਹਾ। ਪਤਨੀ ਤੇ ਬੱਚਿਆਂ ਤੋਂ ਵੀ ਪਰ੍ਹਾਂ ਨੀ ਹੋ ਸਕਦਾ, ਮਾਂ ਨੂੰ ਵੀ ਨਹੀਂ ਮਿਲ ਸਕਦਾ...।’’
ਕਰਨਲ ਸਾਹਿਬ ਗੱਚ ਤੱਕ ਭਰ ਜਾਂਦੇ, ‘‘ਪੂਰੇ ਨੌਂ ਸਾਲ ਹੋ ਗਏ ਨੇ ਪ੍ਰੋਫੈਸਰ ਸਾਹਿਬ ਪੋਤਿਆਂ ਦਾ ਮੁੂੰਹ ਵੇਖਿਆਂ। ਕਦੇ ਕੋਈ ਆਇਆ ਹੀ ਨਹੀਂ। ਅਸੀਂ ਵੀ ਡਰਦੇ ਨਹੀਂ ਜਾਂਦੇ ਕਿਤੇ ਐਵੇਂ...। ਅਜਿਹੀ ਸਥਿਤੀ ਨਾਲੋਂ ਤਾਂ ਮਰਨਾ ਈ... ਕੀ ਜਿਉਣ ਐ ਸਾਡਾ...।’’
‘‘ਕਰਨਲ ਸਾਹਿਬ ਸਬਰ ਕਰੋ... ਦੁੱਖ-ਸੁੱਖ ਦੀ ਮਹਿਸੂਸਣ ਦੀ ਸ਼ਕਤੀ ਹੁੰਦੀ ਆ। ਘਰ ਗਾਰੇ ’ਚ ਲਬਿੜੀਆਂ ਇੱਟਾਂ ਨੀ ਹੁੰਦੀਆਂ। ਮੈਂ ਦੀ ਦੀਵਾਰ ਨੀ ਹੁੰਦੀ ਸਗੋਂ ਪਿਆਰ ਦਾ ਨਿਰੰਤਰ ਵਹਿਣ ਹੁੰਦੈ। ਕੁਝ ਆਦਾਨ-ਪ੍ਰਦਾਨ ਹੁੰਦੈ ਜੋ ਸਾਨੂੰ ਜੋੜ ਕੇ ਰੱਖਦਾ ਏ। ਸੱਚ ਜਾਣਿਓ! ਸਾਡੀਆਂ ਦੋਵੇਂ ਨੂੰਹਾਂ ਤੇ ਪੁੱਤ ਬੜੀ ਕਦਰ ਕਰਦੇ ਨੇ... ਤੁਹਾਡੇ ਘਰੇ ਧਨ, ਦੌਲਤ ਸਭ ਕੁਝ ਐ... ਪਤਾ ਨੀ ਕਿਉਂ...?’’ ਪ੍ਰੋਫੈਸਰ ਦੀਪਕ ਦਿਲਾਸਾ ਦੇ ਕੇ ਜਾਣ ਲੱਗਿਆ ਨਸੀਹਤਾਂ ਕਰਨ ਲੱਗ ਜਾਂਦਾ, ‘‘ਭੈਣ ਜੀ! ਗੁੱਸਾ ਤਿਆਗੋ। ਅੱਜ ਦੀ ਪੀੜ੍ਹੀ ਨਾਲ ਚੱਲੋ... ਦਬਾਅ ਵੀ ਰੱਖੋ... ਮੈਂ ਨੂੰ ਉਭਰਨ ਨਾ ਦਿਉ... ਦਿਲ ਦੇ ਦਰਵਾਜ਼ੇ ਖੁੱਲ੍ਹੇ ਰੱਖੋ...। ਕੁਝ ਆਪਣੇ ਵੀ ਵੱੱਸ ਹੁੰਦੈ।’’ ਉਹ ਜਾਂਦਾ-ਜਾਂਦਾ ਫ਼ਿਰ ਨਸੀਹਤਾਂ ਕਰ ਜਾਂਦਾ।
‘‘ਪ੍ਰੋਫੈਸਰ ਸਾਹਿਬ ਠੀਕ ਐ। ਸਾਰੀਆਂ ਸਥਿਤੀਆਂ ਇਕੋ ਜਿਹੀਆਂ ਨਹੀਂ ਹੁੰਦੀਆਂ ਅਸੀਂ ਤਾਂ ਸਿਰਫ਼ ਸਤਿਕਾਰ ਈ ਮੰਗਦੇ ਆਂ... ਪਰ ਇਹ...।’’ ਕਰਨਲ ਸਾਹਿਬ ਫਿਸਕ ਜਾਂਦਾ।
ਦੋਵੇਂ ਜੀਅ ਡੰਗਰਾਂ ’ਚ ਰੁੱਝੇ ਰਹਿੰਦੇ। ਜੇਕਰ ਕੋਈ ਛੋਟਾ ਕੱਟਰੂ ਬਿਮਾਰ ਹੁੰਦਾ ਤਾਂ ਜਸਵੰਤ ਆਪ ਹੀ ਗਲਾਸੀ ਵਿਚ ਦੁੱਧ ਪਾ ਕੇ ਪਿਆਉਂਦੀ ਭਾਵੁਕ ਹੋ ਜਾਂਦੀ, ਮੋਹ ਦੀ ਦੁਨੀਆਂ ’ਚ ਖੋ ਜਾਂਦੀ। ‘‘ਵੱਡਾ ਸੈਂਡੀ ਤਾਂ ਪਲੱਸ ਟੂ ’ਚ ਹੋ ਗਿਆ ਹੋਵੇਗਾ... ਪਿਉ ਆਂਗੂ ਨਿਖ਼ਰ ਆਇਆ ਹੋਵੇਗਾ... ਛੋਟਾ ਅਜੇ ਤਾਂ ਨਿੱਕੀਆਂ ਜਮਾਤਾਂ ’ਚ ਈ... ਪ੍ਰਿੰਸ ਵਿਚਾਰਾ ਤਾਂ ਦੋ ਪੁੜਾਂ ’ਚ... ਤਿੰਨ ਚੁੜੇਲਾਂ ਜੋ ਚੰਬੜੀਆਂ ਨੇ... ਹਾਏ! ਮੇਰਾ ਖ਼ੂਨ ਤਾਂ ਇਹੋ ਜਿਹਾ ਨਹੀਂ ਸੀ। ਚੰਦਰਿਆ ਕਦੇ ਤਾਂ ਮੂੰਹ ਦਿਖਾ ਜਾ... ਵੇਖ ਜਾ ਆ ਕੇ ਮਰ ਗਈ ਆਂ ਕਿ ਜਿਉਂਦੀ ਆਂ...।’’ ਉਹ ਬੈਠੀ-ਬੈਠੀ ਕਿੰਨਾ ਹੀ ਚਿਰ ਰੋਂਦੀ ਰਹਿੰਦੀ।
ਇਕ ਦਨਿ ਜਸਵੰਤ ਦੀ ਸਹੇਲੀ ਕੁਲਦੀਪ ਡਾਕਟਰ ਪ੍ਰਿੰਸ ਦੇ ਘਰ ਗਈ। ਉਸ ਦਾ ਇਸ ਘਰ ਨਾਲ ਥੋੜ੍ਹਾ ਬਹੁਤ ਮੋਹ ਸੀ। ਉਸ ਨੂੰ ਡਾਕਟਰ ਦੀ ਮਾਤਾ ਜਸਵੰਤ ਦੀ ਟੁੱਟ ਰਹੀ ਮਾਨਸਿਕਤਾ ਸਦਕਾ ਵਿਗੜ ਰਹੀ ਸਿਹਤ ਦਾ ਬੜਾ ਦੁੱਖ ਸੀ। ਉਹ ਦਿਲ ਕਰੜਾ ਕਰ ਕੇ ਡਾਕਟਰ ਪ੍ਰਿੰਸ ਤੇ ਉਸ ਦੀ ਪਤਨੀ ਨੂੰ ਮਿਲਣ ਆ ਹੀ ਗਈ ਸੀ।
‘‘ਡਾਕਟਰ ਸਾਹਿਬ! ਥੋਡਾ ਦਿਲ ਐਡਾ ਪੱਥਰ ਕਿਉਂ ਹੋ ਗਿਆ, ਕੌਣ ਐ ਉਨ੍ਹਾਂ ਦਾ? ਅੱਜ ਤੱਕ ਕਦੇ ਉਨ੍ਹਾਂ ਦਾ ਖ਼ਿਆਲ ਆਇਐ? ਉਹ ਕਵਿੇਂ ਜਿਉਂਦੇ ਨੇ? ਡਾਕਟਰ ਸਾਹਿਬ ਥੋਡੀ ਮਾੜੀ ਗੱਲ ਐ, ਵਿਚਾਰੇ ਕਵਿੇਂ ਅੰਦਰੋਂ ਟੁੱਟੇ ਪਏ ਨੇ...।’’
‘‘ਕਾਹਦੀ ਮਾੜੀ ਗੱਲ ਐ... ਆਪ ਨੀ ਆ ਸਕਦੇ। ਸੌਰੀ ਆਂਟੀ ਅੱਜ ਤੋਂ ਬਾਅਦ ਜੇਕਰ ਉਨ੍ਹਾਂ ਦੀ ਗੱਲ ਕੀਤੀ ਤਾਂ ਪਲੀਜ਼ ਘਰੇ ਆਉਣ ਦੀ ਤਕਲੀਫ਼ ਨਾ ਕਰਨੀ।’’ ਮਿਸਿਜ਼ ਪ੍ਰਿੰਸ ਕੜਕ ਕੇ ਕੁਲਦੀਪ ’ਤੇ ਵਰ੍ਹ ਹੀ ਪਈ ਸੀ। ਉਹ ਆਪਣਾ ਜਿਹਾ ਮੂੰਹ ਲੈ ਕੇ ਆ ਗਈ ਸੀ। ਉਹ ਸਾਰੇ ਰਾਹ ਬੇਇੱਜ਼ਤੀ ਦੀ ਸ਼ਰਮਿੰਦਗੀ ਨੂੰ ਅੰਦਰੇ ਹੀ ਪੀ ਗਈ ਸੀ। ਮਿਸਿਜ਼ ਪ੍ਰਿੰਸ ਪਹਿਲਾਂ ਕਦੇ ਅਜਿਹੇ ਰਉਂ ਵਿਚ ਉਸ ਨੇ ਵੇਖੀ ਨਹੀਂ ਸੀ। ਇਸੇ ਕਰਕੇ ਹੀ ਅਪਣੱਤ ’ਚੋਂ ਕਹਿ ਬੈਠੀ ਸੀ, ਪਰ ਉਸ ਨੂੰ ਕੀ ਪਤਾ ਸੀ ਕਿ ਜੀਵਨ ਧਰਤ ਤੋਂ ਟੁੱਟੇ ਲੋਕਾਂ ਦੀ ਮਾਨਸਿਕਤਾ ਕਦੋਂ ਕਿਸੇ ਦੇ ਮਨ ਦੀਆਂ ਛਿਲਤਰਾਂ ਕਰ ਕੇ ਮੂਰਖਤਾ ਦਾ ਤਾਜ ਸਿਰ ਸਜਾ ਲਵੇ।
ਉਹ ਵਿਚਾਰੀ ਵੀ ਆਪਣੇ ਮਾਂ-ਬਾਪ ਨੂੰ ਘਰੇ ਲਈ ਬੈਠੀ ਸੀ। ਭਰਾ-ਭਰਜਾਈ ਨੇ ਕਵਿੇਂ ਮਲਾਈ ’ਚੋਂ ਮੱਖੀ ਵਾਂਗੂੰ ਕੱਢ ਕੇ ਮਾਰੇ ਸੀ। ਭਰਾ ਉਸ ਦਾ ਐੱਸਡੀਓ ਸੀ ਤੇ ਭਰਜਾਈ ਸਕੂਲ ਅਧਿਆਪਕਾ ਸੀ। ਕੁਲਦੀਪ ਦੇ ਭਰਾ ਨੇ ਦੋਵਾਂ ਭੈਣਾਂ ਨਾਲੋਂ ਹੀ ਰਿਸ਼ਤਾ ਤੋੜ ਲਿਆ ਸੀ। ਭਰਜਾਈ ਅੱਗੇ ਉਸ ਦਾ ਭਰਾ ਕਵਿੇਂ ਬਚੂੰਗੜਾ ਜਿਹਾ ਬਣ ਗਿਆ ਸੀ। ਅੱਜ ਦੀ ਘਟਨਾ ਨੇ ਉਸ ਨੂੰ ਭਰਜਾਈ ਦੀ ਦਰਿੰਦਗੀ ਯਾਦ ਕਰਵਾ ਦਿੱਤੀ ਸੀ। ਉਸ ਨੇ ਆ ਕੇ ਜਸਵੰਤ ਆਂਟੀ ਨੂੰ ਸਾਰੀ ਹੀ ਘਟਨਾ ਦੱਸ ਦਿੱਤੀ ਸੀ। ਦੋਵਾਂ ਦੀਆਂ ਧਾਹਾਂ ਨਿਕਲ ਗਈਆਂ ਸਨ। ਉਹ ਇਕ ਦੂਜੀ ਨੂੰ ਗਲਵਕੜੀ ਪਾ ਕੇ ਕਿੰਨਾ ਹੀ ਚਿਰ ਰੋਂਦੀਆਂ ਰਹੀਆਂ ਸਨ ਕਿਉਂਕਿ ਦੋਵਾਂ ਦਾ ਦੁੱਖ ਜੁ ਸਾਂਝਾ ਸੀ।
ਡਾਕਟਰ ਪ੍ਰਿੰਸ ਨੇ ਇਕ ਦਨਿ ਡੈਡੀ ਦੇ ਸ਼ਾਂਤ ਸਮੁੰਦਰ ਵਿਚ ਹਲਚਲ ਪੈਦਾ ਕਰ ਦਿੱਤੀ। ਕਰਨਲ ਸਾਹਿਬ ਨੇ ਤਾਂ ਆਪਣੇ ਟੇਢੇ-ਮੇਢੇ ਖੇਤ ਨੂੰ ਨਾਲ ਦੇ ਲੋਕਾਂ ਨਾਲ ਲੈਣ-ਦੇਣ ਕਰ ਕੇ ਚੌਰਸ ਕਰ ਲਿਆ ਸੀ, ਪਰ ਡਾਕਟਰ ਨੇ ਤਾਂ ਅਦਾਲਤ ’ਚੋਂ ਸਟੇਅ ਲੈ ਆਂਦੀ ਸੀ। ਕਵਿੇਂ ਪਿਉ ਨੂੰ ਕਚਹਿਰੀ ਵਿਚ ਖੜ੍ਹਨ ਲਈ ਮਜਬੂਰ ਕਰ ਦਿੱਤਾ ਸੀ। ਉਹ ਕਿੰਨਾ ਕੁਰਲਾਇਆ ਸੀ, ‘‘ਦੇਖ ਲੈ ਜਸਵੰਤ! ... ਨੇ ਊਈਂ ਮਾਰ ਤੇ... ਏਹੀ ਬਾਕੀ ਰਹਿ ਗਈ ਸੀ...। ਕੀ ਸਮਝਦੈ ਆਪਣੇ ਆਪ ਨੂੰ... ਰੰਨਾਂ ਦਾ ਗ਼ੁਲਾਮ... ਮੈਂ ਤਾਂ ਗੋਲੀ ਮਾਰ ਦੇਣੀ ਐ ਨਾਲਾਇਕ ਦੇ...।’’
‘‘ਕੀਹਦੇ ਮਾਰੋਗੇ ਗੋਲੀ? ਉਹ ਤਾਂ ਤਿੰਨ ਰੰਨਾਂ ਨੇ ਪਹਿਲਾਂ ਈ ਮਾਰ ਰੱਖਿਆ... ਸਬਰ ਕਰੋ, ਸਭ ਠੀਕ ਹੋ ਜਾਊ?’’ ਜਸਵੰਤ ਦਿਲਾਸਾ ਦਿੰਦੀ ਰੋ ਪਈ ਸੀ।
ਪ੍ਰਿੰਸ ਨੇ ਦੋਵੇਂ ਹੀ ਬੇਟੇ ਦਿੱਲੀ ਕਿਸੇ ਕਾਨਵੈਂਟ ਸਕੂਲ ਵਿਚ ਪਾ ਦਿੱਤੇ ਸਨ। ਕਦੇ-ਕਦੇ ਦੋਵੇਂ ਮੀਆਂ-ਬੀਵੀ ਜਾ ਕੇ ਮਿਲ ਆਉਂਦੇ ਸਨ ਪਰ ਮਨ ਦੀ ਭੁੱਖ ਕਦੇ ਵੀ ਨਾ ਰੱਜਦੀ। ਪੁੱਤਾਂ ਦੇ ਦੂਰ ਜਾਣ ਕਾਰਨ ਮਮਤਾ ਉਛਾਲੇ ਮਾਰਨ ਲੱਗ ਪਈ ਸੀ। ਇਕ ਦਨਿ ਦੋਵੇਂ ਹੀ ਮੀਆਂ-ਬੀਵੀ ਉਪਰਲੇ ਕੋਠੇ ’ਤੇ ਬੈਠੇ ਸਿਆਲ ਦੀ ਧੁੱਪ ਦਾ ਨਿੱਘ ਮਾਣ ਰਹੇ ਸਨ। ਬੱਚਿਆਂ ਦੀਆਂ ਗੱਲਾਂ ਕਰਦੇ ਕਰਦੇ ਭਾਵੁਕ ਹੋ ਕੇ ਗ਼ਮ ਨਾਲ ਭਰ ਗਏ।
‘‘ਦੇਖੋ ਜੀ! ਬੱਚਿਆਂ ਬਿਨਾ ਰਹਿਣਾ ਬੜਾ ਮੁਸ਼ਕਿਲ ਐ... ਮੈਥੋਂ ਨੀ ਰਹਿ ਹੁੰਦਾ ਉਨ੍ਹਾਂ ਤੋਂ ਬਿਨਾ... ਏਥੇ ਈ ਲੈ ਆਵੋ... ਪੜ੍ਹਾ ਲਵਾਂਗੇ। ਹੁਣ ਏਥੇ ਵੀ ਚੰਗੇ ਸਕੂਲ ਨੇ...।’’ ਉਹ ਧਾਹਾਂ ਮਾਰ ਕੇ ਰੋਣ ਲੱਗ ਪਈ ਸੀ। ‘‘ਕੋਈ ਨਹੀਂ ਸਬਰ ਕਰੋ...। ਆਹ ਸਾਲ ਪੂਰਾ ਹੋ ਲੈਣ ਦਿਓ... ਲੈ ਆਵਾਂਗੇ...।’’
‘‘ਦੂਰ ਰਹਿ ਕੇ ਕਿਤੇ ਹੱਥਾਂ ’ਚੋਂ ਈ ਦੂਰ ਚਲੇ ਜਾਣ ਤੇ ਆਪਾਂ ਰੋਂਦੇ ਰਹੀਏ ...।’’ ਉਹ ਫਿਰ ਰੋ ਪਈ ਸੀ।
ਇੰਨੇ ਨੂੰ ਕੋਠੇ ’ਤੇ ਪਈ ਪੜਛੱਤੀ ਦੀ ਬਾਰੀ ਵਿਚ ਪਏ ਆਲ੍ਹਣੇ ’ਚੋਂ ਚੀਕ-ਚਿਹਾੜਾ ਪੈਣ ਲੱਗਾ। ਉੱਲੂ ਤੇ ਉਸ ਦੀ ਪਤਨੀ ਨੇ ਕਵਿੇਂ ਰਲ ਕੇ ਇੱਥੇ ਆਲ੍ਹਣਾ ਪਾਇਆ ਸੀ। ਆਂਡਿਆਂ ’ਚੋਂ ਨਿਕਲੇ ਬੋਟ ਕੁਝ ਕੁ ਵੱਡੇ ਹੋ ਗਏ ਸਨ ਜੋ ਵਾਰ ਵਾਰ ਉੱਡਣ ਦੀ ਕੋਸ਼ਿਸ਼ ਕਰ ਰਹੇ ਸਨ। ਉੱਲੂ ਤੇ ਉਸ ਦੀ ਪਤਨੀ ਜਵਿੇਂ ਤਰਲੇ ਪਾ ਪਾ ਅਜੇ ਉੱਡਣ ਤੋਂ ਰੋਕ ਰਹੇ ਸਨ, ‘‘ਵੇ ਨਾ ਛੱਡ ਕੇ ਜਾਵੋ... ਵੇ ਕਵਿੇਂ ਤਿਣਕਾ-ਤਿਣਕਾ ਜੋੜ ਕੇ ਆਲ੍ਹਣਾ ਪਾਇਆ ਸੀ ਵੇ... ਮਰ ਜਾਵਾਂਗੇ ਦੋਵੇਂ... ਬੜੀ ਮੁਸ਼ਕਲ ਨਾਲ ਪਾਲਿਆ ਵੇ, ਹੁਣ ਕਹਨਿੇ ਓ ਉੱਡ ਜਾਵਾਂਗੇ...।’’
‘‘ਬੱਸ ਕਰੋ ਰੋਣਾ-ਧੋਣਾ ਹੁਣ ਅਸੀਂ ਉੱਡ ਸਕਦੇ ਆਂ... ਆਕਾਸ਼ ਨੂੰ ਵੇਖਾਂਗੇ... ਉਡਾਂਗੇ... ਥੋਨੂੰ ਚਾਨਣ ’ਚ ਉੱਡ ਕੇ ਵਿਖਾਵਾਂਗੇ... ਥੋਨੂੰ ਤਾਂ ਸਿਰਫ਼ ਰਾਤ ਨੂੰ ਈ ਦੀਂਹਦਾ... ਅਸੀਂ ਤਾਂ...। ਆਹ ਕੋਈ ਥੋਡਾ ਆਲ੍ਹਣਾ... ਹੂੰ।’’ ਉਹ ਫੁਰਰ ਦੇਣੇ ਉੱਡ ਗਏ ਸੀ।
ਡਾਕਟਰ ਪ੍ਰਿੰਸ ਤੇ ਉਸ ਦੇ ਪਤਨੀ ਵੇਖਦੇ ਹੀ ਰਹਿ ਗਏ। ਉੱਲੂ ਤੇ ਉਸ ਦੀ ਪਤਨੀ ਧਰਤ ’ਤੇ ਆ ਡਿੱਗੇ ਤੇ ਤੜਫ਼ਣ ਲੱਗੇ।
‘‘ਉੱਲੂ ਦੇ ਪੱਠੇ ਛੱਡ ਗਏ ਵਿਚਾਰਿਆਂ ਨੂੰ ...।’’ ਦੂਰ ਬੈਠੀ ਘੁੱਗੀ ਕੁਰਲਾ ਉੱਠੀ ਸੀ। ਉਹ ਉੱਡ ਕੇ ਕੋਲ ਆ ਕੇ ਚੁੰਝ ਫੇਰ-ਫੇਰ ਦਿਲਾਸੇ ਦੇ ਰਹੀ ਸੀ। ਡਾਕਟਰ ਪ੍ਰਿੰਸ ਇਹ ਵੇਖ ਕੇ ਉੱਚੀ-ਉੱਚੀ ਰੋਣ ਲੱਗ ਪਿਆ ਸੀ। ਸ਼ਾਇਦ ਘੁੱਗੀ ਦੇ ਕਹੇ ‘‘ਉੱਲੂ ਦੇ ਪੱਠੇ’’ ਸ਼ਬਦ ਦੀ ਉਸ ਨੂੰ ਸਮਝ ਆ ਗਈ ਸੀ।
ਸੰਪਰਕ: 99143-74011