ਓਵਰਲੋਡ ਟਿੱਪਰਾਂ ਨੇ ਰਾਹਗੀਰਾਂ ਦੇ ਸਾਹ ਸੂਤੇ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 12 ਜੂਨ
ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸਥਾਨਕ ਸ਼ਹਿਰ ਵਿੱਚੋਂ ਲੰਘਦੇ ਓਵਰਲੋਡਿੰਗ ਟਿੱਪਰਾਂ ਨੇ ਰਾਹਗੀਰਾਂ ਦੇ ਸਾਹ ਸੂਤੇ ਹੋਏ ਹਨ। ਖਣਨ ਸਮੱਗਰੀ ਨਾਲ ਭਰੇ ਇਹ ਭਾਰੀ ਵਾਹਨ ਅਕਸਰ ਅਣਢਕੇ ਹੁੰਦੇ ਹਨ ਜਿਸ ਨਾਲ ਰੇਤ, ਬਜਰੀ ਆਦਿ ਵਿੱਚੋਂ ਉਡਦੀ ਧੂੜ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਪੁਲੀਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਾ ਕਰਨ ਕਰਕੇ ਆਵਾਜਾਈ ਦੀ ਉਲੰਘਣਾ ਦੇ ਇਹ ਵਰਤਾਰੇ ਇਲਾਕੇ ਵਿੱਚ ਆਮ ਹੋ ਗਏ ਹਨ।
ਇੱਥੇ ਵਰਨਣਯੋਗ ਹੈ ਕਿ ਗੜ੍ਹਸ਼ੰਕਰ ਦੇ ਨੀਮ ਪਹਾੜੀ ਇਲਾਕੇ ਵਿੱਚ ਲੱਗੇ ਕਰੱਸ਼ਰਾਂ ਤੋਂ ਨਿਕਲਦੇ ਇਹ ਓਵਰਲੋਡਿੰਗ ਟਿੱਪਰ ਇਲਾਕੇ ਦੀਆਂ ਲਿੰਕ ਸੜਕਾਂ ਦੀ ਬਰਬਾਦੀ ਦਾ ਕਾਰਨ ਵੀ ਬਣ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਨੰਗਲ ਰੋਡ, ਆਨੰਦਪੁਰ ਸਾਹਿਬ ਰੋਡ ਅਤੇ ਨਵਾਂਸ਼ਹਿਰ ਰੋਡ ‘ਤੇ ਚੱਲਦੇ ਇਨਾਂ ਓਵਰਲੋਡਿੰਗ ਵਾਹਨਾਂ ਨਾਲ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਦੋ ਦਿਨ ਪਹਿਲਾਂ ਹੀ ਨੰਗਲ ਰੋਡ ‘ਤੇ ਇਕ ਪੁਲੀਸ ਮੁਲਾਜ਼ਮ ਟਿੱਪਰ ਦੀ ਫੇਟ ਨਾਲ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਪਹਿਲਾਂ ਇਸੇ ਮਾਰਗ ‘ਤੇ ਕਸਬਾ ਬੀਣੇਵਾਲ ਵਿੱਚ ਇਕ ਔਰਤ ਟਿੱਪਰ ਦੀ ਲਪੇਟ ਵਿੱਚ ਆ ਕੇ ਫੌਤ ਹੋ ਗਈ ਸੀ। ਸਮਾਜ ਸੇਵੀ ਸੁਖਵਿੰਦਰ ਸਿੰਘ ਅਨੁਸਾਰ ਪੁਲੀਸ ਪ੍ਰਸ਼ਾਸਨ ਵੱਲੋਂ ਨਾਕੇ ਲਗਾ ਕੇ ਕਦੇ ਵੀ ਇਨਾਂ ਟਿੱਪਰ ਚਾਲਕਾਂ ਦੇ ਚਲਾਨ ਨਹੀਂ ਕੱਟੇ ਜਾਂਦੇ ਜਦਕਿ ਦੋਪਹੀਆ ਵਾਹਨ ਚਾਲਕਾਂ ਦੇ ਹੈਲਮੇਟ ਚੈਕ ਕੀਤੇ ਜਾਂਦੇ ਹਨ। ਇਸ ਬਾਰੇ ਐਸਐਚਓ ਹਰਪ੍ਰੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇਥੇ ਜੁਆਇਨ ਕੀਤਾ ਹੈ ਤੇ ਓਵਰਲੋਡਿੰਗ ਵਾਹਨਾਂ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਦੁਆਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਵਿਸ਼ੇਸ਼ ਨਾਕੇ ਲਗਵਾ ਕੇ ਉਕਤ ਵਾਹਨਾਂ ਵਿਰੁੱਧ ਕਾਰਵਾਈ ਕਰਨਗੇ।