ਓਵਰਆਲ ਟਰਾਫੀ ਆਰੀਆ ਕੰਨਿਆ ਕਾਲਜ ਸ਼ਾਹਬਾਦ ਮਾਰਕੰਡਾ ਨੇ ਜਿੱਤੀ
ਪੱਤਰ ਪ੍ਰੇਰਕ
ਯਮੁਨਾ ਨਗਰ, 6 ਮਾਰਚ
ਗੁਰੂ ਨਾਨਕ ਗਰਲਜ਼ ਕਾਲਜ, ਸੰਤਪੁਰਾ ਵਿੱਚ ਸੰਗੀਤ ਵਿਭਾਗ ਵੱਲੋਂ ਸਰਦਾਰ ਗੁਰਬਚਨ ਸਿੰਘ ਸਾਹਨੀ ਯਾਦਗਾਰੀ ਅੰਤਰ-ਰਾਜੀ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਜਨਰਲ ਸਕੱਤਰ ਮਨਰੰਜਨ ਸਿੰਘ ਸਾਹਨੀ, ਡਾਇਰੈਕਟਰ ਡਾ. ਵਰਿੰਦਰ ਗਾਂਧੀ, ਪ੍ਰਿੰਸੀਪਲ ਪ੍ਰੋਫੈਸਰ ਨਰਿੰਦਰਪਾਲ ਕੌਰ ਅਤੇ ਕਾਲਜ ਟਰੱਸਟੀ ਸੀਨੀਅਰ ਪੱਤਰਕਾਰ ਅਸ਼ਵਨੀ ਦੱਤਾ ਮੌਜੂਦ ਸਨ। ਮੁਕਾਬਲਿਆਂ ਵਿੱਚ ਕਰਨਾਲ, ਰਿਸ਼ੀਕੇਸ਼, ਕੁਰੂਕਸ਼ੇਤਰ, ਅੰਬਾਲਾ, ਸ਼ਾਹਬਾਦ ਅਤੇ ਯਮੁਨਾਨਗਰ ਦੀਆਂ ਟੀਮਾਂ ਨੇ ਹਿੱਸਾ ਲਿਆ। ਸੰਗੀਤ ਵਿਭਾਗ ਵੱਲੋਂ ਕਰਵਾਏ ਸਮਾਗਮ ਦਾ ਉਦੇਸ਼ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਧਾਰਮਿਕ ਅਤੇ ਸੰਗੀਤਕ ਪਰੰਪਰਾਵਾਂ ਨਾਲ ਜੋੜਨਾ ਸੀ। ਪ੍ਰਿੰਸੀਪਲ ਪ੍ਰੋਫੈਸਰ ਨਰਿੰਦਰਪਾਲ ਕੌਰ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਜੱਜਾਂ ਦੀ ਭੂਮਿਕਾ ਡਾ. ਤ੍ਰਿਪਤ ਕਪੂਰ, ਸਾਬਕਾ ਪ੍ਰਿੰਸੀਪਲ ਗੁਰੂ ਨਾਨਕ ਗਰਲਜ਼ ਕਾਲਜ ਅਤੇ ਪਰਮ ਦੀਪਿਕਾ ਸੇਠੀ, ਪ੍ਰਿੰਸੀਪਲ ਗੁਰੂ ਨਾਨਕ ਗਰਲਜ਼ ਸਕੂਲ ਨੇ ਨਿਭਾਈ। ਸਮੂਹ ਸ਼ਬਦ ਗਾਇਨ ਵਿੱਚ ਜੇਤੂ ਟੀਮ ਗੁਰੂ ਨਾਨਕ ਖਾਲਸਾ ਕਾਲਜ, ਕਰਨਾਲ ਰਹੀ, ਗੁਰੂ ਨਾਨਕ ਗਰਲਜ਼ ਕਾਲਜ ਦੂਜੇ ਸਥਾਨ ‘ਤੇ ਅਤੇ ਆਰੀਆ ਕੰਨਿਆ ਮਹਾਵਿਦਿਆਲਾ ਸ਼ਾਹਬਾਦ ਮਾਰਕੰਡਾ ਤੀਜੇ ਸਥਾਨ ’ਤੇ ਰਿਹਾ ਜਦਕਿ ਸਰਕਾਰੀ ਕਾਲਜ ਛਛਰੌਲੀ ਦੀ ਟੀਮ ਨੂੰ ਹੌਸਲਾ ਅਫਜ਼ਾਈ ਇਨਾਮ ਦਿੱਤਾ ਗਿਆ। ਸੋਲੋ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲਾ ਇਨਾਮ ਆਰੀਆ ਕੰਨਿਆ ਮਹਾਵਿਦਿਆਲਿਆ ਸ਼ਾਹਬਾਦ ਮਾਰਕੰਡਾ ਨੂੰ, ਦੂਜਾ ਸਰਕਾਰੀ ਮਹਾਵਿਦਿਆਲਿਆ ਛਛਰੌਲੀ ਨੂੰ, ਤੀਜਾ ਜੀਐੱਨਜੀ ਕਾਲਜ ਯਮੁਨਾਨਗਰ ਅਤੇ ਖਾਲਸਾ ਕਾਲਜ ਯਮੁਨਾਨਗਰ ਨੂੰ ਦਿੱਤਾ ਗਿਆ ਅਤੇ ਓਵਰਆਲ ਰਨਿੰਗ ਟਰਾਫੀ ਦਾ ਜੇਤੂ ਆਰੀਆ ਕੰਨਿਆ ਮਹਾਵਿਦਿਆਲਿਆ ਸ਼ਾਹਬਾਦ ਮਾਰਕੰਡਾ ਕਾਲਜ ਰਿਹਾ। ਇਸ ਦੌਰਾਨ ਕੱਪੜਾ ਅਤੇ ਟੈਕਸਟਾਈਲ ਵਿਭਾਗ ਵੱਲੋਂ ਧਾਰਮਿਕ ਵਸਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ।