For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਦੇ ਆਊਟਸੋਰਸਿੰਗ ਸਿਹਤ ਕਾਮਿਆਂ ਵੱਲੋਂ ਰੋਸ ਮੁਜ਼ਾਹਰਾ

06:55 AM Mar 02, 2024 IST
ਚੰਡੀਗੜ੍ਹ ਦੇ ਆਊਟਸੋਰਸਿੰਗ ਸਿਹਤ ਕਾਮਿਆਂ ਵੱਲੋਂ ਰੋਸ ਮੁਜ਼ਾਹਰਾ
ਜੀਐੱਮਐੱਸਐੱਚ 16 ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਆਊਟਸੋਰਸ ਸਿਹਤ ਕਾਮੇ। -ਫੋਟੋ: ਰਵੀ ਕੁਮਾਰ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 1 ਮਾਰਚ
ਯੂਟੀ ਚੰਡੀਗੜ੍ਹ ਦੇ ਵੱਖ-ਵੱਖ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਆਊਟਸੋਰਸਿੰਗ ਰਾਹੀਂ ਤਾਇਨਾਤ ਸਿਹਤ ਕਾਮਿਆਂ ਨੇ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰ ਕੇ ਅੱਜ ਵੀ ਰੋਸ ਪ੍ਰਦਰਸ਼ਨ ਕੀਤਾ। ਮੈਡੀਕਲ ਅਤੇ ਹੈਲਥਕੇਅਰ ਕੰਟਰੈਕਚੁਅਲ ਵਰਕਰਜ਼ ਯੂਨੀਅਨ ਵੱਲੋਂ ਹਸਪਤਾਲ ਦੇ ਪ੍ਰਬੰਧਕੀ ਬਲਾਕ ਅੱਗੇ ਪੈਦਲ ਰੋਸ ਮਾਰਚ ਕੀਤਾ ਗਿਆ, ਜਿਸ ਵਿੱਚ ਸ਼ਾਮਿਲ ਕਾਮਿਆਂ ਨੇ ਪ੍ਰਸ਼ਾਸਨ ਉਤੇ ਸ਼ੋਸ਼ਣ ਕਰਨ ਦੇ ਦੋਸ਼ ਲਗਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਹਸਪਤਾਲ ਦੇ ਅੰਦਰ ਪੈਦਲ ਮਾਰਚ ਕੀਤਾ।ਅੱਜ ਸੈਕਟਰ 16 ਸਥਿਤ ਗੌਰਮਿੰਟ ਮੈਡੀਕਲ ਸੁਪਰ-ਸਪੈਸ਼ਿਲਿਟੀ ਹਸਪਤਾਲ (ਜੀ.ਐੱਮ.ਐੱਸ.ਐੱਚ.), ਸਿਵਲ ਹਸਪਤਾਲ ਸੈਕਟਰ 22, ਸਿਵਲ ਹਸਪਤਾਲ ਸੈਕਟਰ 45 ਸਮੇਤ ਮਨੀਮਾਜਰਾ ਹਸਪਤਾਲ ਅਤੇ ਸਾਰੀਆਂ ਡਿਸਪੈਂਸਰੀਆਂ ਦੇ ਆਊਟਸੋਰਸਿੰਗ ਸਿਹਤ ਕਾਮਿਆਂ ਵੱਲੋਂ ਅੱਜ ਜੀ.ਐੱਮ.ਐੱਸ.ਐੱਚ.-16 ਤੋਂ ਮਟਕਾ ਚੌਂਕ ਸੈਕਟਰ 17 ਤੱਕ ਪੈਦਲ ਰੋਸ ਮਾਰਚ ਦਾ ਪ੍ਰੋਗਰਾਮ ਸੀ ਪ੍ਰੰਤੂ ਚੰਡੀਗੜ੍ਹ ਪੁਲੀਸ ਦੇ ਦਖਲ ਨਾਲ ਯੂਨੀਅਨ ਅਹੁਦੇਦਾਰਾਂ ਦੀ ਮੀਟਿੰਗ ਯੂ.ਟੀ. ਪ੍ਰਸ਼ਾਸਕ ਦੇ ਸਲਾਹਕਾਰ ਨਾਲ ਕਰਵਾਈ ਗਈ। ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਾਹੁਲ ਦੱਤ ਸ਼ਰਮਾ, ਜਨਰਲ ਸਕੱਤਰ ਮਨੋਜ ਕੁਮਾਰ, ਪ੍ਰੈੱਸ ਸਕੱਤਰ ਸਿਮਰਨਜੀਤ ਸਿੰਘ, ਕੈਸ਼ੀਅਰ ਰਾਜ ਕੁਮਾਰ, ਹਰਦੀਪ ਅਤੇ ਦੀਪਕ ਆਦਿ ਨੇ ਕਿਹਾ ਕਿ ਕਾਮਿਆਂ ਨੂੰ ਦਸੰਬਰ ਅਤੇ ਜਨਵਰੀ ਦੀ ਤਨਖਾਹ ਨਹੀਂ ਮਿਲੀ ਹੈ। ਤਨਖਾਹਾਂ ਨਾ ਮਿਲਣ ਕਰਕੇ ਉਹ ਦੋ ਮਹੀਨਿਆਂ ਤੋਂ ਤੰਗੀ ਤੁਰਸ਼ੀ ਨਾਲ ਦਿਨ ਕਟੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਤੀਸਰੇ ਦਿਨ ਵੀ ਮਜਬੂਰ ਹੋ ਕੇ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ। ਅੱਜ ਸਲਾਹਕਾਰ ਨਾਲ ਮੀਟਿੰਗ ਉਪਰੰਤ ਸਿਹਤ ਸਕੱਤਰ ਨੇ ਤਨਖਾਹਾਂ ਤੁਰੰਤ ਰਿਲੀਜ਼ ਕਰਵਾਉਣ ਦਾ ਭਰੋਸਾ ਦਿੱਤਾ ਹੈ, ਜਿਸ ਦੇ ਚਲਦਿਆਂ ਕਾਮਿਆਂ ਨੇ ਅਗਲੇ ਚਾਰ ਦਿਨਾਂ ਲਈ ਰੋਸ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਹੈ। ਜੇਕਰ ਹੁਣ ਵੀ ਤਨਖਾਹਾਂ ਨਾ ਮਿਲੀਆਂ ਤਾਂ ਉਹ ਵੱਡਾ ਸੰਘਰਸ਼ ਛੇੜਨ ਲਈ ਮਜਬੂਰ ਹੋ ਜਾਣਗੇ।

Advertisement

Advertisement
Advertisement
Author Image

joginder kumar

View all posts

Advertisement