ਬਾਹਰਲੇ ਸ਼ੈਲਰ ਮਾਲਕ ਸਿੱਧੇ ਬਾਸਮਤੀ ਨਹੀਂ ਖ਼ਰੀਦ ਕਰਨਗੇ
ਪੱਤਰ ਪ੍ਰੇਰਕ
ਲਹਿਰਾਗਾਗਾ, 19 ਸਤੰਬਰ
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਿਧਾਇਕ ਵਰਿੰਦਰ ਗੋਇਲ ਦੇ ਚਚੇਰੇ ਭਰਾ ਜੀਵਨ ਕੁਮਾਰ ਰੱਬੜ ਨੇ ਇੱਥੇ ਆੜ੍ਹਤੀਆਂ ਦੇ ਇੱਕ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬਾਸਮਤੀ ਰਾਈਸ ਸ਼ੈਲਰ ਮਾਲਕਾਂ ਨੂੰ ਇਸ ਵਾਰ ਪਏ ਘਾਟੇ ਕਾਰਨ ਆੜ੍ਹਤੀਆਂ ਨੂੰ ਸੁਚੇਤ ਢੰਗ ਨਾਲ ਚੱਲਣ ਦੀ ਲੋੜ ਹੈ। ਇੱਕ ਮਤੇ ਰਾਹੀਂ ਉਨ੍ਹਾਂ ਦੱਸਿਆ ਕਿ ਇਸ ਵਾਰ ਬਾਹਰਲੀਆਂ ਮੰਡੀਆਂ ਤੋਂ ਆਏ ਸ਼ੈਲਰ ਮਾਲਕ ਲਹਿਰਾਗਾਗਾ ਵਿੱਚ ਬਾਸਮਤੀ ਝੋਨੇ ਦੀ ਖਰੀਦ ਸਿੱਧੇ ਤੌਰ ’ਤੇ ਨਹੀਂ ਕਰ ਸਕਣਗੇ ਬਲਕਿ ਸਥਾਨਕ ਆੜ੍ਹਤੀ ਆਪਣੇ ਲਾਇਸੈਂਸ ਉੱਤੇ ਹੀ ਬਾਸਮਤੀ ਝੋਨੇ ਦਾ ਜਮ੍ਹਾਂ ਖਰਚ ਕਰਨਗੇ। ਉਨ੍ਹਾਂ ਆੜ੍ਹਤੀਆਂ ਨੂੰ ਕਿਹਾ ਕਿ ਉਹ ਬਾਸਮਤੀ ਪੂਰੀ ਸਫ਼ਾਈ ਕਰਨ ਉਪਰੰਤ ਹੀ ਭਰਨ ਤਾਂ ਜੋ ਸ਼ੈਲਰ ਮਾਲਕਾਂ ਨੂੰ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਖਰੀਦੀ ਜ਼ੀਰੀ ਤਿੰਨ ਦਿਨਾਂ ਦੇ ਅੰਦਰ ਚੁੱਕਣ ਦੇ ਪਾਬੰਦ ਹੋਣਗੇ। ਇਸ ਮੌਕੇ ਬਾਸਮਤੀ ਜ਼ੀਰੀ ਪਲਾਟ ਦੇ ਖਰੀਦਦਾਰ ਆਰ ਐੱਸ ਫੂਡ ਦੇ ਜੀਵਨ ਕੁਮਾਰ ਮਿੱਤਲ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ ਅਮਰਨਾਥ ਕੋਕੀ, ਓਮ ਪ੍ਰਕਾਸ਼ ਜਵਾਹਰਵਾਲਾ, ਪ੍ਰੈੱਸ ਸਕੱਤਰ ਸ਼ੰਭੂ ਗੋਇਲ, ਰਾਕੇਸ਼ ਕੁਮਾਰ, ਰਾਜ ਕੁਮਾਰ ਮੈਨੇਜਰ, ਅਜੇ ਕੁਮਾਰ ਠੋਲੀ, ਅਸ਼ੋਕ ਕੁਮਾਰ ਭੁਟਾਲੀਆ, ਜਸਵੰਤ ਰਾਏ ਗਰਗ, ਸਤੀਸ਼ ਮੰਟੂ, ਅਨਿਲ ਕੁਮਾਰ ਪਿੱਲਾ, ਧਰਮਪਾਲ ਗਦੜਿਆਣੀ, ਵਿਜੇ ਕੁਮਾਰ, ਗਗਨ ਅਤੇ ਧਰਮਪਾਲ ਗੱਟੀ ਸਮੇਤ ਹੋਰ ਵੀ ਆਗੂ ਮੌਜੂਦ ਸਨ।