ਸਮਾਣਾ ’ਚ ਬਾਹਰਲੇ ਝੋਨੇ ਦਾ ਟਰੱਕ ਫੜਿਆ
ਸਰਬਜੀਤ ਸਿੰਘ ਭੰਗੂ/ਸੁਭਾਸ਼ ਚੰਦਰ
ਪਟਿਆਲਾ/ਸਮਾਣਾ, 10 ਨਵੰਬਰ
ਜ਼ਿਲ੍ਹਾ ਪਟਿਆਲਾ ’ਚ ਬਾਹਰੋਂ ਝੋਨਾ ਆਉਣ ਤੋਂ ਰੋਕਣ ਲਈ ਵਧਾਈ ਚੌਕਸੀ ਤਹਿਤ ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ ਦੀ ਅਗਵਾਈ ਹੇਠਲੀ ਟੀਮ ਵੱਲੋਂ ਅੱਜ ਪਰਮਲ ਝੋਨੇ ਦਾ ਬਾਹਰੋਂ ਆਇਆ ਟਰੱਕ ਫੜਿਆ ਗਿਆ। ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਬਾਹਰੋਂ ਆ ਰਹੇ ਅਣਅਧਿਕਾਰਤ ਝੋਨੇ ਅਤੇ ਚੌਲਾਂ ਦੀ ਚੈਕਿੰਗ ਲਈ ਉਪ ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਜ਼ਿਲ੍ਹੇ ਵਿਚਲੀਆਂ ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਸਟਾਫ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਦੌਰਾਨ ਨਾਭਾ ਦੇ ਮੰਡੀ ਅਫਸਰ ਗੁਰਮਾਣਕ ਸਿੰਘ ਅਤੇ ਟੀਮ ਵੱਲੋਂ ਅੱਜ ਬੰਦਾ ਸਿੰਘ ਬਹਾਦਰ ਚੌਕ ਸਮਾਣਾ ’ਚ ਜਦੋਂ ਝੋਨੇ ਦੇ ਭਰੇ ਟਰੱਕ ਨੂੰ ਚੈਂਕਿੰਗ ਵਾਸਤੇ ਰੋਕਿਆ ਗਿਆ ਤਾਂ ਟਰੱਕ ਚਾਲਕ ਲੋੜੀਂਦੇ ਦਸਤਾਵੇਜ਼ ਨਹੀਂ ਦਿਖਾ ਸਕਿਆ। ਇੱਥੋਂ ਤੱਕ ਕਿ ਜਦੋਂ ਉਸ ਨੂੰ ਇਸ ਸਬੰਧੀ ਬਣਦੀ ਮਾਰਕੀਟ ਫੀਸ ਅਤੇ ਪੰਜਾਬ ਮੰਡੀ ਬੋਰਡ ਦੇ ਟੋਕਨ ਬਾਰੇ ਪੁੱਛਿਆ ਗਿਆ ਤਾਂ ਉਹ ਨਾ ਮੰਡੀ ਫੀਸ ਦੀ ਰਸੀਦ ਅਤੇ ਨਾ ਹੀ ਪੰਜਾਬ ਮੰਡੀ ਬੋਰਡ ਦਾ ਟੋਕਨ ਦਿਖਾ ਸਕਿਆ।
ਇਹ ਮਾਲ ‘ਮੈਸਰਜ਼ ਤਿਰੀਮੂਰਤੀ ਗ੍ਰਾਮ ਟਰੇਡਿੰਗ ਕੰਪਨੀ ਮੋਗਾ’ ਦਾ ਦਰਸਾਇਆ ਗਿਆ ਹੈ ਜਿਸ ਕਰ ਕੇ ਇਸ ਸਬੰਧੀ ਮਾਰਕੀਟ ਕਮੇਟੀ ਮੋਗਾ ਨੂੰ ਬੈਰੀਅਰ ਰਿਪੋਰਟ ਭੇਜਣ ’ਤੇ ਪਤਾ ਲੱਗਾ ਕਿ ਇਹ ਫਰਮ ਗੈਰ-ਲਾਇਸੈਂਸੀ ਹੈ। ਜ਼ਿਲ੍ਹਾ ਮੰਡੀ ਅਫਸਰ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਦਾ ਅਨਾਜ ਲਿਆਉਣ ਵਾਸਤੇ ਉਸ ਦਾ ਬੀਟੀਐੱਸ ਟੋਕਨ ਹੋਣਾ ਜ਼ਰੂਰੀ ਹੁੰਦਾ ਹੈ ਪਰ ਚਾਲਕ ਅਜਿਹਾ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ। ਉਨ੍ਹਾਂ ਦੱਸਿਆ ਕਿ ਮਾਮਲੇ ਬਾਰੇ ਸਮਾਣਾ ਪੁਲੀਸ ਨੂੰ ਬਣਦੀ ਕਾਰਵਾਈ ਕਰਨ ਲਈ ਪੱਤਰ ਲਿਖ ਦਿੱਤਾ ਹੈ।