ਪੁਲੀਸ ਮੁਲਾਜ਼ਮ ਖ਼ਿਲਾਫ਼ ਹਾਦਸੇ ਦਾ ਕੇਸ ਦਰਜ ਨਾ ਕਰਨ ’ਤੇ ਰੋਸ
ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਨਵੰਬਰ
ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ-7 ਉਪਰ ਬੀਤੀ 21 ਅਕਤੂਬਰ ਨੂੰ ਪਿੱਛੋਂ ਆ ਰਹੀ ਕਾਰ ਵਲੋਂ ਸਕੂਟੀ ਨੂੰ ਟੱਕਰ ਮਾਰਨ ਕਾਰਨ ਵਾਪਰੇ ਸੜਕ ਹਾਦਸੇ ਸਬੰਧੀ ਪੁਲੀਸ ਚੌਂਕੀ ਬਡਰੁੱਖਾਂ ਵੱਲੋਂ ਕਾਰ ਚਾਲਕ ਮਹਿਲਾ ਖ਼ਿਲਾਫ਼ ਕੇਸ ਦਰਜ ਨਾ ਕਰਨ ’ਤੇ ਰੋਸ ਜਤਾਇਆ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਅਤੇ ਅਦਾਰਾ ਤਰਕਸ਼ ਦੇ ਆਗੂਆਂ ਦਾ ਵਫ਼ਦ ਪੁਲੀਸ ਚੌਕੀ ਬਡਰੁੱਖਾਂ ਦੇ ਇੰਚਾਰਜ ਨੂੰ ਮਿਲਿਆ ਅਤੇ ਸੜਕ ਹਾਦਸੇ ਲਈ ਜ਼ਿੰਮੇਵਾਰ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਵਫ਼ਦ ’ਚ ਸ਼ਾਮਲ ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਆਗੂ ਜੁਝਾਰ ਲੌਂਗੋਵਾਲ ਨੇ ਦੱਸਿਆ ਕਿ ਧੀਰਜ ਕੁਮਾਰ ਅਤੇ ਉਸਦੀ ਪਤਨੀ ਮੀਨਾ ਰਾਣੀ ਵਾਸੀ ਲੌਂਗੋਵਾਲ ਬੀਤੀ 21 ਅਕਤੂਬਰ ਨੂੰ ਜਦੋਂ ਆਪਣੀ ਸਕੂਟਰੀ ’ਤੇ ਸੰਗਰੂਰ ਜਾ ਰਹੇ ਸੀ ਤਾਂ ਬਡਰੁੱਖਾਂ ਵਿੱਚ ਬਠਿੰਡਾ-ਚੰਡੀਗੜ੍ਹ ਹਾਈਵੇ ਉੱਪਰ ਉਹਨਾਂ ਦੀ ਸਕੂਟਰੀ ਨੂੰ ਪਿੱਛੋਂ ਇੱਕ ਮਹਿਲਾ ਚਾਲਕ ਦੀ ਕਾਰ ਨੇ ਟੱਕਰ ਮਾਰੀ ਜਿਸ ਕਾਰਨ ਉਹ ਦੋਵੇਂ ਸੜਕ ਉੱਤੇ ਡਿੱਗ ਪਏ। ਧੀਰਜ ਕੁਮਾਰ ਦੇ ਸਿਰ ਉੱਤੇ ਗੰਭੀਰ ਸੱਟ ਵੱਜੀ ਜਿਸ ਕਾਰਨ ਉਹ ਡੀਐੱਮਸੀ ਹਸਪਤਾਲ ਲੁਧਿਆਣਾ ਵਿੱਚ ਕਈ ਦਿਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਿਆ ਅਤੇ ਉਹ ਹਾਲੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈ। ਉਸਦੀ ਪਤਨੀ ਮੀਨਾ ਰਾਣੀ ਦੀ ਬਾਂਹ ਅਤੇ ਹੋਰ ਅੰਗਾਂ ਉੱਪਰ ਗੰਭੀਰ ਸੱਟਾਂ ਵੱਜੀਆਂ ਸਨ। ਵਫ਼ਦ ਦੇ ਆਗੂਆਂ ਬਲਬੀਰ ਲੌਂਗੋਵਾਲ, ਇਨਜਿੰਦਰ ਸਿੰਘ, ਦਾਤਾ ਸਿੰਘ ਨਮੋਲ ਅਤੇ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਉਹ ਮੀਨਾ ਰਾਣੀ ਨੂੰ ਲੈ ਕੇ 11 ਅਤੇ 12 ਨਵੰਬਰ ਨੂੰ ਪੁਲੀਸ ਚੌਂਕੀ ਬਡਰੁੱਖਾਂ ਵਿੱਚ ਕੇਸ ਦਰਜ ਕਰਾਉਣ ਸਬੰਧੀ ਆਏ ਸੀ ਪਰੰਤੂ ਕੇਸ ਦਰਜ ਨਹੀਂ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਉਹ ਚੌਕੀ ਇੰਚਾਰਜ ਨੂੰ ਮਿਲੇ ਹਨ ਅਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਜੇ ਐੱਫਆਈਆਰ ਦਰਜ ਨਾ ਕੀਤੀ ਤਾਂ ਉਚ ਪੁਲੀਸ ਅਧਿਕਾਰੀਆਂ ਨੂੰ ਮਿਲਣਗੇ ਅਤੇ ਜਥੇਬੰਦਕ ਐਕਸ਼ਨ ਵੀ ਕੀਤਾ ਜਾਵੇਗਾ। ਵਫ਼ਦ ਵਿੱਚ ਸੁਖਜਿੰਦਰ ਸੰਗਰੂਰ, ਜਸਬੀਰ ਨਮੋਲ, ਜਗਦੇਵ ਕੁਮਾਰ, ਸਰਬਜੀਤ ਕਿਸ਼ਨਗੜ੍ਹ, ਸੁਖਪਾਲ ਧੂਰੀ, ਯਾਦਵਿੰਦਰ ਪਾਲ ਧੂਰੀ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਬਲਕਾਰ ਸਿੰਘ ਤੇ ਗੁਰਤੇਜ ਸਿੰਘ ਸ਼ਾਮਲ ਸਨ।
ਦੋਵਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਸਿਰੇ ਨਾ ਚੜ੍ਹਨ ਕਾਰਨ ਹੁਣ ਬਣਦੀ ਕਾਰਵਾਈ ਕੀਤੀ ਜਾਵੇਗੀ: ਚੌਕੀ ਇੰਚਾਰਜ
ਪੁਲੀਸ ਚੌਕੀ ਬਡਰੁੱਖਾਂ ਦੇ ਇੰਚਾਰਜ ਸਰਵਨ ਸਿੰਘ ਦਾ ਕਹਿਣਾ ਹੈ ਕਿ ਉਹ ਨਵੇਂ ਚੌਕੀ ਇੰਚਾਰਜ ਆਏ ਹਨ। ਐਕਸੀਡੈਂਟ ਨੂੰ ਕਾਫ਼ੀ ਦਿਨ ਹੋ ਗਏ ਹਨ। ਪਹਿਲਾਂ ਦੋਵੇਂ ਧਿਰਾਂ ਵਿਚਕਾਰ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਸੀ ਜੋ ਸਿਰੇ ਨਹੀਂ ਚੜ੍ਹਿਆ, ਹੁਣ ਲੋੜੀਂਦੀ ਪ੍ਰਕਿਰਿਆ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।