ਬੁੱਧੀਜੀਵੀਆਂ ਨੂੰ ਈਡੀ ਵੱਲੋਂ ਤੰਗ ਪ੍ਰੇਸ਼ਾਨ ਕਰਨ ’ਤੇ ਰੋਸ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਜੂਨ
ਡਾ. ਨਵਸ਼ਰਨ ਅਤੇ ਹੋਰ ਔਰਤਾਂ ਨੂੰ ਈ.ਡੀ. ਵੱਲੋਂ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰਨ ਅਤੇ ਝੂਠੇ ਕੇਸਾਂ ਵਿੱਚ ਫਸਾਉਣ ਲਈ ਕੇਂਦਰੀ ਹਕੂਮਤ ਦੀਆਂ ਕੋਝੀਆਂ ਚਾਲਾਂ ਵਿਰੁੱਧ 9 ਜੂਨ ਪੰਜਾਬ ਦੀਆਂ 50 ਦੇ ਕਰੀਬ ਸੰਸਥਾਵਾਂ ਰਾਜਪਾਲ ਨੂੰ ਮਿਲ਼ ਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਾ ਰਹੀਆਂ ਹਨ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਦੱਸਿਆ ਕਿ ਰਾਸ਼ਟਰਪਤੀ ਕੋਲੋਂ ਮੰਗ ਕੀਤੀ ਜਾਵੇਗੀ ਕਿ ਕੇਂਦਰ ਸਰਕਾਰ ਈ.ਡੀ. ਦੀ ਦੁਰਵਰਤੋ ਬੰਦ ਕਰੇ ਅਤੇ ਪਹਿਲਵਾਨਾਂ ਲਈ ਇਨਸਾਫ਼, ਬ੍ਰਿਜ ਭੂਸ਼ਣ ਸ਼ਰਨ ਨੂੰ ਬਚਾਉਣ ਲਈ ਹਕੂਮਤੀ ਛਤਰੀ ਦਾ ਓਟ ਆਸਰਾ ਦੇਣ ਵਿਰੁੱਧ ਵਿਰੋਧ ਦਰਜ ਕਰਾਉਣ ਲਈ ਇਹ ਮੰਗ ਪੱਤਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਮੰਗ ਪੱਤਰ ਰਾਜਪਾਲ ਰਾਹੀਂ ਰਾਸ਼ਟਰਪਤੀ ਨੂੰ ਸਮੂਹ ਸੰਸਥਾਵਾਂ ਵੱਲੋਂ ਭੇਜਿਆ ਜਾਵੇਗਾ। ਇਸ ਵਿੱਚ ਮੁੱਖ ਤੌਰ ‘ਤੇ ਮੰਗ ਕੀਤੀ ਗਈ ਹੈ ਕਿ ਕੁੱਝ ਸਮਾਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਦੇ ਦਿੱਲੀ ਦਫ਼ਤਰ ਦੁਆਰਾ ਜਮਹੂਰੀ ਅਧਿਕਾਰਾਂ ਦੀ ਕਾਰਕੁਨ, ਲੋਕ ਹਿਤੈਸ਼ੀ ਬੁੱਧੀਜੀਵੀ ਅਤੇ ਪੰਜਾਬ ਦੇ ਲੋਕ-ਪੱਖੀ ਨਾਟਕਕਾਰ ਮਰਹੂਮ ਭਾਅ ਜੀ ਗੁਰਸ਼ਰਨ ਸਿੰਘ ਦੀ ਬੇਟੀ ਡਾ. ਨਵਸ਼ਰਨ ਦੀ ਨਿਹੱਕੀ ਅਤੇ ਆਧਾਰ ਰਹਿਤ ਪੁੱਛ-ਗਿੱਛ ਕੀਤੀ ਗਈ ਹੈ। ਇਹ ਪੁੱਛ-ਗਿੱਛ ਉਸੇ ਸਿਲਸਿਲੇ ਦਾ ਹੀ ਇੱਕ ਹਿੱਸਾ ਹੈ ਜਿਸ ਤਹਿਤ ਉਨ੍ਹਾਂ ਲੋਕ ਕਾਰਕੁਨਾਂ ਅਤੇ ਬੁੱਧੀਜੀਵੀਆਂ ਨੂੰ ਈਡੀ ਵਰਗੀਆਂ ਸਰਕਾਰੀ ਸੰਸਥਾਵਾਂ ਰਾਹੀਂ ਤੰਗ-ਪ੍ਰੇਸ਼ਾਨ ਅਤੇ ਬਹੁਤੇ ਵਾਰੀ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਜਿਹੜੇ ਸਰਕਾਰ ਦੀਆਂ ਨੀਤੀਆਂ ਅਤੇ ਕੰਮਾਂ ਦੀ ਤਰਕ-ਸੰਗਤ ਅਤੇ ਵਾਜਬ ਅਲੋਚਨਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਰਤਾਰੇ ਖ਼ਿਲਾਫ ਲੋਕਾਂ ਵਿਚ ਖਾਸਾ ਰੋਸ ਹੈ ਤੇ ਉਹ ਸੰਘਰਸ਼ ਤੇਜ਼ ਕਰਨ ਲਈ ਯੋਜਨਾ ਉਲੀਕਣਗੇ।