ਲਿੰਕ ਸੜਕਾਂ ਦੇ ਅਧੂਰੇ ਕੰਮਾਂ ਤੋਂ ਲੋਕਾਂ ਵਿੱਚ ਰੋਸ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 26 ਸਤੰਬਰ
ਕਸਬਾ ਸ਼ਹਿਣਾ ਦੀਆਂ ਕਈ ਲਿੰਕ ਸੜਕਾਂ ਉੱਪਰ ਪਿਛਲੇ ਕਈ ਦਿਨਾਂ ਤੋਂ ਰੋੜੇ ਪਾ ਕੇ ਕੰਮ ਅੱਧ ਵਿਚਕਾਰ ਛੱਡਣ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਹੈ। ਇਸ ਸਬੰਧੀ ਅੱਜ ਸਥਾਨਕ ਕੈਪਟਨ ਕਰਮ ਸਿੰਘ ਮੱਲ੍ਹੀ ਯਾਦਗਾਰ ਖੇਡ ਸਟੇਡੀਅਮ ਨਜ਼ਦੀਕ ਵਿਭਾਗ ਅਤੇ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਬੇਅੰਤ ਸਿੰਘ ਸਰਾ ਯੂਥ ਆਗੂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਸ਼ਹਿਣਾ ਦੀਆਂ ਲਿੰਕ ਸੜਕਾਂ ਉਪਰ ਪੱਥਰ ਪਾਕੇ ਕੁੰਭਕਰਨੀ ਨੀਂਦ ਸੋ ਗਏ ਹਨ। ਲਿੰਕ ਸੜਕ ਇੱਕ ਮਹੀਨੇ ਤੋਂ ਬੰਦ ਹੈ, ਜਿਸ ਕਾਰਨ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪੱਥਰਾਂ ਕਾਰਨ ਹਰ ਰੋਜ਼ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਕਈ ਮੋਟਰਸਾਈਕਲ ਸਵਾਰ ਜ਼ਖ਼ਮੀ ਵੀ ਹੋ ਚੁੱਕੇ ਹਨ। ਪ੍ਰਧਾਨ ਬੇਅੰਤ ਸਿੰਘ ਨੇ ਕਿਹਾ ਕਿ ਸ਼ਹਿਣਾ ਦੀਆਂ ਲਿੰਕ ਸੜਕਾਂ ਦਾ ਕੰਮ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਿਆ ਜਾਵੇ।ਇਸ ਸਬੰਧੀ ਪਿੰਡ ਵਾਸੀ ਕੁਲਦੀਪ ਸਿੰਘ, ਪ੍ਰਦੀਪ ਕੁਮਾਰ, ਡਾ. ਨਛੱਤਰ ਸਿੰਘ ਸੰਧੂ, ਡਾ. ਰਘਵੀਰ ਸਿੰਘ ਸਰੰਦੀ, ਹਰਦੀਪ ਸਿੰਘ ਕਾਲਾ ਨੇ ਕਿਹਾ ਕਿ ਜੇ ਲਿੰਕ ਸੜਕਾਂ ਦਾ ਕੰਮ ਜਲਦੀ ਨੇਪਰੇ ਨਾ ਚਾੜ੍ਹਿਆ ਗਿਆ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਮੰਡੀਕਰਨ ਬੋਰਡ ਦੇ ਜੇਈ ਨੇ ਕਿਹਾ ਕਿ ਜਲਦੀ ਹੀ ਪ੍ਰੀਮਿਕਸ ਪਾ ਕੇ ਸੜਕ ਮੁਕੰਮਲ ਕਰ ਦਿੱਤੀ ਜਾਵੇਗੀ।