ਗ਼ੈਰਮਿਆਰੀ ਰਾਸ਼ਨ ਦੀ ਵੰਡ ਕਾਰਨ ਲੋਕਾਂ ਵਿੱਚ ਰੋਸ
ਦਵਿੰਦਰ ਸਿੰਘ ਭੰਗੂ
ਰਈਆ, 10 ਸਤੰਬਰ
ਸਬ ਡਿਵੀਜ਼ਨ ਬਾਬਾ ਬਕਾਲਾ ਦੇ ਕਈ ਪਿੰਡਾਂ ਵਿੱਚ ‘ਘਰ ਘਰ ਰਾਸ਼ਨ ਸਕੀਮ’ ਤਹਿਤ ਗੈਰਮਿਆਰੀ ਅਨਾਜ ਵੰਡੇ ਜਾਣ ਕਾਰਨ ਲਾਭਪਾਤਰੀਆਂ ਵਿੱਚ ਰੋਸ ਹੈ। ਪਿੰਡ ਚੀਮਾ ਬਾਠ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਡਿੱਪੂ ਹੋਲਡਰ ਦੇ ਬੰਦਿਆਂ ਵੱਲੋਂ ਬਿੱਠਾਂ ਤੇ ਸੁਸਰੀ ਨਾਲ ਭਰੀ ਮਿੱਟੀ ਬਣ ਚੁੱਕੀ ਕਣਕ ਵੰਡੀ ਗਈ।
ਡਿੱਪੂ ਹੋਲਡਰ ਸੁਖਵਿੰਦਰ ਸਿੰਘ ਨੇ ਮੰਨਿਆ ਕਿ ਕਣਕ ਦੀ ਸਪਲਾਈ ਬੇਹੱਦ ਖ਼ਰਾਬ ਮਿਲਣ ਕਰਕੇ ਉਨ੍ਹਾਂ ਲੋਕਾਂ ਨੂੰ ਦੇਣ ਤੋਂ ਇਨਕਾਰ ਕੀਤਾ ਸੀ ਪਰ ਲੋਕਾਂ ਨੇ ਆਪਣੀ ਮਰਜ਼ੀ ਨਾਲ ਹੀ ਘਟੀਆ ਅਨਾਜ ਲਿਆ ਹੈ। ਡਾ. ਅੰਬੇਡਕਰ ਸੋਸ਼ਲ ਐਂਡ ਐਜੂਕੇਸ਼ਨਲ ਜਥੇਬੰਦੀ ਤੋਂ ਅਮਰੀਕ ਨਾਥ, ਗੁਰਭੇਜ ਸਿੰਘ ਤੇ ਗੁਰਮੇਜ ਸਿੰਘ ਆਦਿ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਪਿਛਲੇ ਮਹੀਨੇ ਦਾ ਅਨਾਜ ਰਹਿੰਦਾ ਹੈ, ਉਨ੍ਹਾਂ ਨੂੰ ਤੁਰੰਤ ਅਨਾਜ ਵੰਡਿਆ ਜਾਵੇ ਤੇ ਗ਼ਰੀਬਾਂ ਨੂੰ ਘਟੀਆਂ ਅਨਾਜ ਦੇਣ ਵਾਲਿਆਂ ਵਾਲਿਆਂ ਖ਼ਿਲਾਫ਼ ਫੂਡ ਸਪਲਾਈ ਵਿਭਾਗ ਬਣਦੀ ਕਾਰਵਾਈ ਕਰੇ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਫੂਡ ਸਪਲਾਈ ਇੰਸਪੈਕਟਰ
ਫੂਡ ਸਪਲਾਈ ਇੰਸਪੈਕਟਰ ਹਰਮਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਮਿਲ ਚੁੱਕੀ ਹੈ। ਉਹ ਇਸ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕਰਨਗੇ। ਇਸ ਸਬੰਧੀ ਐੱਫਐੱਸਓ ਰਈਆ ਮਹੇਸ਼ ਨੇ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰਵਾ ਕੇ ਕਾਰਵਾਈ ਕਰਨਗੇ।