ਘਟੀਆ ਮਿਆਰ ਦਾ ਰਾਸ਼ਨ ਵੰਡਣ ਕਾਰਨ ਲੋਕਾਂ ਵਿਚ ਰੋਸ
ਪੱਤਰ ਪ੍ਰੇਰਕ
ਰਈਆ, 10 ਸਤੰਬਰ
ਪੰਜਾਬ ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਨੂੰ ਸਾਫ਼ ਸੁਥਰਾ ਅਨਾਜ ਘਰ ਘਰ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਪਰ ਸਬ ਡਿਵੀਜ਼ਨ ਬਾਬਾ ਬਕਾਲਾ ਦੇ ਕਈ ਪਿੰਡਾਂ ਵਿੱਚ ਘਟੀਆ ਮਿਆਰ ਦਾ ਅਨਾਜ (ਚੂਹਿਆਂ ਦੀਆਂ ਮੀਂਗਣਾਂ ਅਤੇ ਸੁਸਰੀ ਵਾਲਾ ਅਨਾਜ) ਦੇਣ ਕਾਰਨ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਇਸ ਅਨਾਜ ਦਾ ਵਜ਼ਨ ਵੀ ਘੱਟ ਹੈ। ਪਿੰਡ ਚੀਮਾ ਬਾਠ ਦੇ ਲੋਕਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇ। ਪਿੰਡ ਵਾਸੀਆਂ ਨੇੇ ਦੱਸਿਆ ਕਿ ਬੀਤੇ ਦਿਨ ਠੇਕੇਦਾਰ ਦੇ ਬੰਦਿਆਂ ਵਲੋਂ ਚੂਹਿਆਂ ਦੀਆਂ ਮੀਂਗਣਾਂ, ਬਿੱਠਾਂ ਤੇ ਸੁਸਰੀ ਨਾਲ ਭਰੀ ਮਿੱਟੀ ਬਣ ਚੁੱਕੀ ਕਣਕ ਵੰਡੀ ਗਈ ਜੋ ਕਾਰਡ ਧਾਰਕਾਂ ਨੇ ਮਜਬੂਰੀ ਵੱਸ ਲਈ ਕਿਉਂਕਿ ਪਿਛਲੇ ਮਹੀਨੇ ਪਿੰਡ ਵਿੱਚ ਜੋ ਸਪਲਾਈ ਵੰਡੀ ਗਈ ਸੀ ਉਸ ਵਿੱਚ ਬਹੁਤ ਸਾਰੇ ਲੋਕ ਰਾਸ਼ਨ ਲੈਣ ਤੋ ਵਾਂਝੇ ਰਹਿ ਗਏ ਸਨ ਜੋ ਮਹਿਕਮੇ ਦੇ ਗੇੜੇ ਮਾਰ-ਮਾਰ ਕੇ ਥੱਕ ਗਏ ਸਨ। ਉਨ੍ਹਾਂ ਕਿਹਾ ਕਿ ਡਿੱਪੂ ਹੋਲਡਰ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਹੁਣ ਮਹਿਕਮਾ ਬਦਲ ਗਿਆ ਹੈ ਤੇ ਪੁਰਾਣੀ ਸਪਲਾਈ ਕਿਸੇ ਨੂੰ ਨਹੀਂ ਮਿਲੇਗੀ। ਡਿੱਪੂ ਹੋਲਡਰ ਸੁਖਵਿੰਦਰ ਸਿੰਘ ਨੇ ਮੰਨਿਆ ਕਿ ਕਣਕ ਦੀ ਸਪਲਾਈ ਬੇਹੱਦ ਖ਼ਰਾਬ ਹੋਣ ਕਰਕੇ ਉਨ੍ਹਾਂ ਲੋਕਾਂ ਨੂੰ ਇਹ ਦੇਣ ਤੋਂ ਇਨਕਾਰ ਕੀਤਾ ਸੀ ਪਰ ਲੋਕਾਂ ਨੇ ਆਪਣੀ ਮਰਜ਼ੀ ਨਾਲ ਹੀ ਘਟੀਆ ਅਨਾਜ ਲਿਆ ਹੈ। ਫੂਡ ਸਪਲਾਈ ਇੰਸਪੈਕਟਰ ਹਰਮਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਮਿਲ ਚੁੱਕੀ ਹੈ ਤੇ ਇਸ ਸਬੰਧੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।