ਸੁਪਰ ਸੀਡਰ ਮਸ਼ੀਨ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਰੋਸ
ਸਰਬਜੀਤ ਸਿੰਘ ਭੱਟੀ
ਲਾਲੜੂ, 28 ਅਕਤੂਬਰ
ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਲਾਈ ਜਾ ਰਹੀ ਅੱਗ ਨੂੰ ਰੋਕਣ ਲਈ ਕਿਸਾਨਾਂ ਨੂੰ ਸੁਪਰ ਸੀਡਰ ਮਸ਼ੀਨਾਂ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸੁਪਰ ਸੀਡਰ ਮਸ਼ੀਨਾਂ ਸਬਸਿਡੀ ’ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਲਾਲੜੂ ਦੀ ਦਾਣਾ ਮੰਡੀ ਵਿੱਚ ਦੌਰਾ ਕਰਨ ਆਏ ਸਾਬਕਾ ਵਿਧਾਇਕ ਐਨਕੇ ਸ਼ਰਮਾ ਨੂੰ ਵੀ ਹਲਕੇ ਦੇ ਕਿਸਾਨਾਂ ਨੇ ਸੁਪਰ ਸੀਡਰ ਮਸ਼ੀਨ ਨਾ ਮਿਲਣ ਸਬੰਧੀ ਜਾਣਕਾਰੀ ਦਿੱਤੀ।
ਇੱਥੋਂ ਨਜ਼ਦੀਕੀ ਪਿੰਡ ਨਗਲਾ ਦੇ ਕਿਸਾਨ ਮਦਨ ਸਿੰਘ ਰਾਣਾ ਅਤੇ ਅਜੈ ਰਾਣਾ ਨੇ ਦੱਸਿਆ ਕਿ ਰਾਜ ਕੁਮਾਰ ਨੇ 18 ਸਤੰਬਰ ਨੂੰ ਆਨਲਾਈਨ ਸੱਤ ਫੁੱਟ ਵਾਲੇ ਸੁਪਰ ਸੀਡਰ ਲਈ ਅਪਲਾਈ ਕੀਤਾ ਸੀ ਜੋ ਹੁਣ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਕਾਰਨ ਉਨ੍ਹਾਂ ਦੀ ਕਣਕ ਦੀ ਬਿਜਾਈ ਲੇਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਸੁਪਰ ਸੀਡਰ ਰਾਹੀਂ ਕਣਕ ਦੀ ਬਿਜਾਈ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਮੰਗ ਮੁਤਾਬਕ ਮਸ਼ੀਨਾਂ ਉਪਲੱਬਧ ਨਹੀਂ ਕਰਵਾਈਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਇਸ ਕਾਰਨ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕਣਕ ਦੀ ਬਿਜਾਈ ਦੇਰੀ ਨਾਲ ਹੋਵੇਗੀ ਤਾਂ ਫ਼ਸਲ ਦੇ ਝਾੜ ’ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਸੁਪਰ ਸੀਡਰ ਦੀ ਡਿਲਿਵਰੀ ਦਿੱਤੀ ਜਾਵੇ।
ਡੀਸੀ ਵੱਲੋਂ ਕੱਢਿਆ ਜਾਵੇਗਾ ਡਰਾਅ: ਗੁਪਤਾ
ਡੇਰਾਬਸੀ ਬਲਾਕ ਦੇ ਖੇਤੀਬਾੜੀ ਅਫ਼ਸਰ ਪੁਨੀਤ ਗੁਪਤਾ ਨੇ ਕਿਹਾ ਕਿ ਡੀਸੀ ਮੁਹਾਲੀ ਵੱਲੋਂ ਡਰਾਅ ਸਿਸਟਮ ਰਾਹੀਂ ਪਰਚੀ ਕੱਢੀ ਜਾਵੇਗੀ। ਇਸ ਦੌਰਾਨ ਜਿਸ ਵੀ ਕਿਸਾਨ ਦੀ ਪਰਚੀ ਡਰਾਅ ਵਿੱਚ ਨਿੱਕਲੇਗੀ ਉਸ ਨੂੰ ਹੀ ਸੁਪਰ ਸੀਡਰ ਮਸ਼ੀਨ ਦੀ ਡਿਲਿਵਰੀ ਦਿੱਤੀ ਜਾਵੇਗੀ।