For the best experience, open
https://m.punjabitribuneonline.com
on your mobile browser.
Advertisement

ਟੌਹੜਾ ਦੇ ਜਨਮ ਦਿਨ ਸਬੰਧੀ ਉੱਚ ਪੱਧਰੀ ਮੀਟਿੰਗ ਵਿੱਚ ਰੂਪ-ਰੇਖਾ ਉਲੀਕੀ

07:31 AM Sep 22, 2024 IST
ਟੌਹੜਾ ਦੇ ਜਨਮ ਦਿਨ ਸਬੰਧੀ ਉੱਚ ਪੱਧਰੀ ਮੀਟਿੰਗ ਵਿੱਚ ਰੂਪ ਰੇਖਾ ਉਲੀਕੀ
ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਤੇ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਹਾਜ਼ਰ ਆਗੂ। -ਫੋਟੋ: ਸਰਬਜੀਤ ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 21 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ 24 ਸਤੰਬਰ ਨੂੰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿੱਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਮਨਾਏ ਜਾ ਰਹੇ 100ਵੇਂ ਜਨਮ ਦਿਨ ਸਬੰਧੀ ਅੱਜ ਇੱਥੇ ਵਿਸ਼ੇਸ਼ ਮੀਟਿੰਗ ਹੋਈ।
ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਹੇਠਲੀ ਇਸ ਮੀਟਿੰਗ ਵਿਚ ਸੱਚਖੰਡ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ, ਸਬ-ਕਮੇਟੀ ਦੇ ਮੈਂਬਰ ਜਗਦੀਪ ਸਿੰਘ ਚੀਮਾ, ਸਿੱਖਿਆ ਸਕੱਤਰ ਸੁਖਵਿੰਦਰ ਸਿੰਘ, ਸਥਾਨਕ ਮੈਨੇਜਰ ਰਾਜਿੰਦਰ ਸਿੰਘ ਟੌਹੜਾ ਵੀ ਸ਼ਾਮਲ ਹੋਏ। ਇਸ ਦੌਰਾਨ ਰੂਪ-ਰੇਖਾ ਉਲੀਕਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿੱਚ 22 ਸਤੰਬਰ ਨੂੰ ਆਖੰਡ ਪਾਠ ਆਰੰਭ ਕਰਵਾਏ ਜਾਣਗੇ। 24 ਨੂੰ ਭੋਗ ਮੌਕੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।
ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਇਸ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਲਗਪਗ ਮੁਕੰਮਲ ਕਰ ਲਈਆਂ ਗਈਆਂ ਹਨ। ਜਥੇਦਾਰ ਟੌਹੜਾ ਦੇ ਜੀਵਨ ਆਧਾਰਤ ਫੋਟੋ ਗੈਲਰੀ ਵੀ ਲਗਾਈ ਜਾਵੇਗੀ। ਇਸ ਦੌਰਾਨ ਸਿੱਖਿਆ ਸਕੱਤਰ ਸੁਖਵਿੰਦਰ ਸਿੰਘ ਨੇ ਵੀ ਪ੍ਰਬੰਧ ਅਧੀਨ ਕਾਲਜਾਂ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ 24 ਸਤੰਬਰ ਨੂੰ ਸ਼ਿਰਕਤ ਜਰਨ ਲਈ ਆਖਿਆ। ਇਸ ਮੌਕੇ ਕਥਾਵਾਚਕ, ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਵੀ ਪਹੁੰਚਣਗੇ। ਇਸ ਮੌਕੇ ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਆਤਮ ਪ੍ਰਕਾਸ਼ ਸਿੰਘ ਬੇਦੀ, ਸੁਰਜੀਤ ਸਿੰਘ ਕੌਲੀ ਵੀ ਸ਼ਾਮਲ ਸਨ।

Advertisement

ਇਕ ਪਰਿਵਾਰ ਦੀ ਨਹੀਂ, ਪੰਥ ਦੀ ਸ਼ਖ਼ਸੀਅਤ ਸਨ ਟੌਹੜਾ: ਸ਼ਰਮਾ

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐਨਕੇ ਸ਼ਰਮਾ ਨੇ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮੁੱਚੇ ਪੰਥ ਦੀ ਸ਼ਖ਼ਸੀਅਤ ਸਨ ਤੇ ਕਿਸੇ ਇੱਕ ਪਰਿਵਾਰ ਦੀ ਨਹੀਂ ਜਿਨ੍ਹਾਂ ਬਾਰੇ ਉਲਟ-ਪੁਲਟ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿੱਚ ਜਥੇਦਾਰ ਟੌਹੜਾ ਦੇ 100ਵੇਂ ਜਨਮ ਦਿਹਾੜੇ ’ਤੇ 24 ਸਤੰਬਰ ਨੂੰ ਹੋਣ ਵਾਲੇ ਸਮਾਗਮ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸ਼ਰਮਾ ਨੇ‌ ਕਿਹਾ ਕਿ ਉਹ ਦੇਖ ਰਹੇ ਹਨ ਕਿ ਪਿਛਲੇ ਕੁਝ ਦਿਨਾਂ ਤੋਂ ਅਖੌਤੀ ਅਕਾਲੀ ਸੁਧਾਰ ਲਹਿਰ ਦੇ ਕੁਝ ਆਗੂ ਅਕਾਲੀ ਦਲ ਵੱਲੋਂ ਜਥੇਦਾਰ ਟੌਹੜਾ ਦੀ ਯਾਦ ਵਿਚ ਸਮਾਗਮ ਕਰਨ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਉਹ ਚੇਤੇ ਕਰਵਾਉਣਾ ਚਾਹੁੰਦੇ ਹਨ ਕਿ ਜਥੇਦਾਰ ਟੌਹੜਾ ਦੀ ਯਾਦਗਾਰ ਹਰ ਸਾਲ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਮਨਾਈ ਜਾਂਦੀ ਹੈ, ਭਾਵੇਂ ਉਹ ਜਨਮ ਦਿਹਾੜੇ ਮੌਕੇ ਹੋਵੇ ਜਾਂ ਫਿਰ ਬਰਸੀ ਸਬੰਧੀ। ਇਹ ਅੱਜ ਦੇ ਅਖੌਤੀ ਸੁਧਾਰ ਲਹਿਰ ਦੇ ਸਾਰੇ ਆਗੂ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਇਹ ਆਗੂ ਅਕਾਲੀ ਦਲ ਦਾ ਹਿੱਸਾ ਨਹੀਂ ਹਨ ਤਾਂ ਇਹ ਜਥੇਦਾਰ ਟੌਹੜਾ ਦੀ ਯਾਦਗਾਰ ਅਕਾਲੀ ਦਲ ਵੱਲੋਂ ਮਨਾਉਣ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਆਪਣੇ ਆਗੂਆਂ ਦੀਆਂ ਯਾਦਗਾਰਾਂ ਮਨਾਈਆਂ ਹਨ ਤੇ ਹਮੇਸ਼ਾ ਮਨਾਉਂਦਾ ਰਹੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕਬੀਰ ਦਾਸ, ਅਮਰਿੰਦਰ ਬਜਾਜ, ਲਖਬੀਰ ਲੌਟ, ਜਗਰੂਪ ਚੀਮਾ, ਦਵਿੰਦਰ ਦਿਆਲ, ਮਨਜੀਤ ਚਾਹਲ, ਬੇਅੰਤ ਸਿੰਘ, ਮਾਲਵਿੰਦਰ ਝਿੱਲ ਵੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement