For the best experience, open
https://m.punjabitribuneonline.com
on your mobile browser.
Advertisement

ਭਾਰਤ ਨਾਲ ਸਾਡੇ ਮਜ਼ਬੂਤ ਰਿਸ਼ਤੇ: ਅਮਰੀਕਾ

06:47 AM May 04, 2024 IST
ਭਾਰਤ ਨਾਲ ਸਾਡੇ ਮਜ਼ਬੂਤ ਰਿਸ਼ਤੇ  ਅਮਰੀਕਾ
Advertisement

ਨਵੀਂ ਦਿੱਲੀ (ਸੰਦੀਪ ਦੀਕਸ਼ਿਤ): ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਮਰੀਕਾ ਦੇ ਆਪਣੇ ਨੇੜਲੇ ਭਾਈਵਾਲਾਂ ਭਾਰਤ ਤੇ ਜਾਪਾਨ ਨੂੰ ‘ਜ਼ੈਨੋਫੋਬਿਕ’ (ਦੂਜੇ ਮੁਲਕਾਂ ਤੋਂ ਭੈਅ ਖਾਣ ਵਾਲੇ) ਦੱਸਣ ਤੇ ਉਨ੍ਹਾਂ ਨੂੰ ਚੀਨ ਤੇ ਰੂਸ ਦੇ ਬਰਾਬਰ ਸਮਝਣ ਵਾਲੇ ਬਿਆਨ ਮਗਰੋਂ ਵ੍ਹਾਈਟ ਹਾਊਸ ਨੇ ਇਨ੍ਹਾਂ ਟਿੱਪਣੀਆਂ ਕਰਕੇ ਪੈਣ ਵਾਲੇ ਅਸਰ ਨੂੰ ਘਟਾਉਣ ਲਈ ਚਾਰਾਜੋਈ ਆਰੰਭ ਦਿੱਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਵੀਰਵਾਰ ਨੂੰ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਉਹ (ਬਾਇਡਨ) ਮੋਕਲੇ ਨੁਕਤੇ ਤੋਂ ਆਪਣੀ ਗੱਲ ਰੱਖ ਰਹੇ ਸਨ। ਸਾਡੇ ਭਾਈਵਾਲ ਇਹ ਭਲੀਭਾਂਤ ਜਾਣਦੇ ਹਨ ਕਿ ਰਾਸ਼ਟਰਪਤੀ ਬਾਇਡਨ ਉਨ੍ਹਾਂ ਦਾ ਕਿੰਨਾ ਸਤਿਕਾਰ ਕਰਦੇ ਹਨ। ਜਿੱਥੋਂ ਤੱਕ ਜਾਪਾਨ ਦੀ ਗੱਲ ਹੈ, ਉਨ੍ਹਾਂ ਦੇ ਆਗੂ ਪਿੱਛੇ ਜਿਹੇ ਸਰਕਾਰੀ ਫੇਰੀ ’ਤੇ ਸਨ। ਅਮਰੀਕਾ ਤੇ ਜਾਪਾਨ ਦੇ ਰਿਸ਼ਤੇ ਬਹੁਤ ਅਹਿਮ ਹਨ। ਇਹ ਡੂੰਘਾ ਤੇ ਟਿਕਾਊ ਗੱਠਜੋੜ ਹੈ।’’ ਪੀਅਰੇ ਨੇ ਕਿਹਾ, ‘‘ਉਹ (ਬਾਇਡਨ) ਆਪਣੇ ਮੁਲਕ ਬਾਰੇ ਬੋਲ ਰਹੇ ਸਨ ਤੇ ਇਹ ਗੱਲ ਆਖ ਰਹੇ ਸਨ ਕਿ ਪਰਵਾਸੀਆਂ ਦਾ ਦੇਸ਼ ਵਿਚ ਹੋਣਾ ਕਿੰਨਾ ਅਹਿਮ ਹੈ ਤੇ ਕਿਵੇਂ ਇਹ ਸਾਡੇ ਦੇਸ਼ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਸਾਡੇ ਭਾਈਵਾਲਾਂ ਨਾਲ ਰਿਸ਼ਤਿਆਂ ਨਾਲ ਸਬੰਧਤ ਹੈ। ਸਾਡੇ ਭਾਰਤ ਤੇ ਜਾਪਾਨ ਨਾਲ ਮਜ਼ਬੂਤ ਰਿਸ਼ਤੇ ਹਨ। ਅਤੇ ਜੇਕਰ ਪਿਛਲੇ ਤਿੰਨ ਸਾਲਾਂ ਨੂੰ ਦੇਖੀਏ ਤਾਂ ਰਾਸ਼ਟਰਪਤੀ ਨੇ ਯਕੀਨੀ ਤੌਰ ’ਤੇ ਸਾਰਾ ਧਿਆਨ ਉਨ੍ਹਾਂ ਕੂਟਨੀਤਕ ਰਿਸ਼ਤਿਆਂ ’ਤੇ ਕੇਂਦਰਤ ਕੀਤਾ ਹੈ।’’ ਕਾਬਿਲੇਗੌਰ ਹੈ ਕਿ ਰਾਸ਼ਟਰਪਤੀ ਬਾਇਡਨ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿਚ ਡੈਮੋਕਰੈਟਿਕ ਪਾਰਟੀ ਲਈ ਚੰਦਾ ਇਕੱਠਾ ਕਰਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਤੇ ਜਾਪਾਨ ਨੂੰ ਗਲਤ ਢੰਗ ਨਾਲ ਹਲੂਣਿਆ ਸੀ। ਅਮਰੀਕੀ ਸਦਰ ਨੇ ਕਿਹਾ ਸੀ, ‘‘ਇਹ ਚੋਣਾਂ ਆਜ਼ਾਦੀ, ਅਮਰੀਕਾ ਤੇ ਜਮਹੂਰੀਅਤ ਲਈ ਹਨ। ਇਹੀ ਵਜ੍ਹਾ ਹੈ ਕਿ ਮੈਨੂੰ ਤੁਹਾਡੀ ਬਹੁਤ ਲੋੜ ਹੈ। ਤੁਹਾਨੂੰ ਪਤਾ ਹੈ ਕਿ ਸਾਡਾ ਅਰਥਚਾਰਾ ਕਿਉਂ ਵਧ-ਫੁੱਲ ਰਿਹਾ ਹੈ। ਇਹ ਸਿਰਫ਼ ਤੁਹਾਡੇ ਤੇ ਕਈ ਹੋਰਾਂ ਦੀ ਵਜ੍ਹਾ ਕਰਕੇ ਹੈ। ਕਿਉਂਕਿ ਅਸੀਂ ਪਰਵਾਸੀਆਂ ਦਾ ਸਵਾਗਤ ਕਰਦੇ ਹਾਂ...ਚੀਨ ਆਰਥਿਕ ਤੌਰ ’ਤੇ ਇੰਨਾ ਕਿਉਂ ਪੱਛੜ ਗਿਆ ਹੈ? ਜਾਪਾਨ ਨੂੰ ਇੰਨੀਆਂ ਮੁਸ਼ਕਲਾਂ ਕਿਉਂ ਹਨ? ਰੂਸ ਨੂੰ ਕਿਉਂ ਹਨ? ਭਾਰਤ ਨੂੰ ਕਿਉਂ ਹਨ? ਕਿਉਂਕਿ ਇਹ ਸਾਰੇ ਜ਼ੈਨੋਫੋਬਿਕ, ਭਾਵ ਦੂਜੇ ਮੁਲਕਾਂ ਤੋਂ ਭੈਅ ਖਾਣ ਵਾਲੇ, ਹਨ। ਉਨ੍ਹਾਂ ਨੂੰ ਪਰਵਾਸੀ ਨਹੀਂ ਚਾਹੀਦੇ।’’ ਭਾਰਤ ਤੇ ਜਾਪਾਨ ਚਾਰ ਮੁਲਕੀ ਸਮੂਹ ‘ਕੁਆਡ’ ਦੇ ਮੈਂਬਰ ਹਨ, ਜਿਸ ਵਿਚ ਅਮਰੀਕਾ ਤੇ ਆਸਟਰੇਲੀਆ ਵੀ ਸ਼ਾਮਲ ਹਨ। ਬਾਇਡਨ ਨੇ ਪਿਛਲੇ ਸਾਲ ਜੂਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਿਛਲੇ ਮਹੀਨੇ ਜਾਪਾਨ ਤੇ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਕੀਤੀ ਸੀ।

Advertisement

Advertisement
Author Image

joginder kumar

View all posts

Advertisement
Advertisement
×