ਪਾਟੀ ਚੁੰਨੀ ਦੇ ਵਾਂਗ ਹੈ ਦੁੱਖ ਸਾਡਾ: ਅਹਿਮਦ ਸਲੀਮ
ਹਰਿਭਜਨ ਸਿੰਘ ਭਾਟੀਆ
ਵਿਲੱਖਣ ਸ਼ਖ਼ਸੀਅਤ
ਅਹਿਮਦ ਸਲੀਮ ਦੋਵਾਂ ਪੰਜਾਬਾਂ ਵਿਚੋਂ ਇਕੋ ਜਿੰਨੀ ਮਕਬੂਲ, ਪਿਆਰੀ ਤੇ ਸਤਿਕਾਰੀ ਜਾਂਦੀ ਸ਼ਖ਼ਸੀਅਤ ਦਾ ਨਾਂ ਏ। ਅੱਧੀ ਸਦੀ ਪਹਿਲਾਂ ਉਸ ਦੀ ਚੜ੍ਹਦੇ ਪੰਜਾਬ ਵਿਚ ਆਵਾਜਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਸ ਦੀ ਸ਼ਾਇਰੀ ਦੀ ਕਿਤਾਬ ‘ਤਨ ਤੰਬੂਰ’ 1972 ਵਿਚ ਗੁਰਮੁਖੀ ਲਿਪੀ ਵਿਚ ਪੰਜਾਬੀ ਪਾਠਕਾਂ ਤਕ ਅੱਪੜ ਗਈ ਸੀ। ਵੀਹਵੀ ਸਦੀ ਦੇ ਅੱਠਵੇਂ ਦਹਾਕੇ ਵਿਚ ਹੀ ਇੱਧਰ ਪਾਕਿਸਤਾਨੀ ਪੰਜਾਬੀ ਅਦਬ ਨੂੰ ਬਾਕਾਇਦਾ ਐਮਏ ਪੰਜਾਬੀ ਦੇ ਪਾਠਕ੍ਰਮ ਦਾ ਹਿੱਸਾ ਬਣਾ ਲਿਆ ਗਿਆ ਸੀ। ਇਹ ਪਹਿਲਕਦਮੀ ਡਾ. ਕਰਨੈਲ ਸਿੰਘ ਥਿੰਦ ਦੇ ਉੱਦਮ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਈ ਅਤੇ ਮਗਰੋਂ ਸਭਨਾਂ ਯੂਨੀਵਰਸਿਟੀਆਂ ਨੇ ਇਸ ਨਕਸ਼ੇ ਕਦਮ ਉੱਪਰ ਚੱਲਣਾ ਸ਼ੁਰੂ ਕਰ ਦਿੱਤਾ। ਸਭਨਾਂ ਦਾਨਿਸ਼ਵਰਾਂ ਦੀ ਸਾਂਝੀ ਰਾਇ ਸੀ ਕਿ ਪਾਕਿਸਤਾਨੀ ਪੰਜਾਬੀ ਅਦਬ ਦੇ ਹਵਾਲੇ ਬਗ਼ੈਰ ਪੰਜਾਬੀ ਅਦਬੀ ਮਹਾਂਦ੍ਰਿਸ਼ ਨੂੰ ਨਹੀਂ ਉਲੀਕਿਆ ਜਾ ਸਕਦਾ। ਇੱਧਰਲੇ ਪੰਜਾਬ ਵਿਚ ਚਾਹੇ ਪਾਕਿਸਤਾਨੀ ਪੰਜਾਬੀ ਸ਼ਾਇਰੀ ਦੀ ਕੋਈ ਪੁਸਤਕ ਸੰਪਾਦਤ ਹੋਈ ਹੋਵੇ, ਚਾਹੇ ਕੋਈ ਮਜ਼ਮੂਨ ਲਿਖਿਆ ਗਿਆ ਹੋਵੇ ਅਤੇ ਚਾਹੇ ਕੋਈ ਹੋਰ ਲਿਪੀਅੰਤਰਣ ਕਾਰਜ ਹੋਇਆ ਹੋਵੇ, ਸਭਨਾਂ ਵਿਚ ਅਹਿਮਦ ਸਲੀਮ ਦਾ ਨਾਂ ਗੂੜ੍ਹੇ ਹਰਫ਼ਾਂ ਵਿਚ ਲਿਖਿਆ ਨਜ਼ਰ ਆਉਂਦਾ ਸੀ। ਇਸ ਤੱਥ ਦੀ ਪੁਸ਼ਟੀ ਡਾ. ਗੁਰਦੇਵ ਸਿੰਘ, ਡਾ. ਅਤਰ ਸਿੰਘ ਤੇ ਜਗਤਾਰ (ਦੁੱਖ ਦਰਿਆਓਂ ਪਾਰ ਦੇ, 1975), ਡਾ. ਜਗਤਾਰ, ਡਾ. ਕਰਨੈਲ ਸਿੰਘ ਥਿੰਦ, ਡਾ. ਜੀਤ ਸਿੰਘ ਸੀਤਲ, ਡਾ. ਹਰਬੰਸ ਸਿੰਘ ਧੀਮਾਨ ਆਦਿ ਦੁਆਰਾ ਲਿਖੀਆਂ ਮੌਲਿਕ ਤੇ ਸੰਪਾਦਨ ਪੁਸਤਕਾਂ ਥਾਣੀਂ ਗੁਜ਼ਰ ਕੇ ਸਹਿਜੇ ਹੀ ਹੋ ਜਾਂਦੀ ਹੈ। ਇਨ੍ਹਾਂ ਸਭਨਾਂ ਕਾਰਜਾਂ ਵਿਚ ਅਹਿਮਦ ਸਲੀਮ ਨੂੰ ਬਹੁਭਾਸ਼ਾਈ ਯੋਗਤਾ ਰੱਖਣ ਵਾਲਾ ਅਤੇ ਬਹੁਵਿਧਾਈ ਲੇਖਕ ਸਵੀਕਾਰ ਕੀਤਾ ਜਾਂਦਾ ਸੀ। ਪਾਸ਼ ਦੀ ਪੁਸਤਕ ‘ਉੱਡਦੇ ਬਾਜ਼ਾਂ ਮਗਰ’ (1973) ਵਿਚਲੀ
ਨਜ਼ਮ ‘ਅਹਿਮਦ ਸਲੀਮ ਦੇ ਨਾਂ’ (ਜੰਗੀ ਕੈਦੀਆਂ ਨੂੰ ਸਮਰਪਣ) ਨੇ ਉਸ ਨੂੰ ਇੱਧਰਲੇ ਪੰਜਾਬ ਵਿਚਲੇ ਅਦੀਬਾਂ, ਸ਼ਾਇਰਾਂ ਖ਼ਾਸਕਰ ਤਰੱਕੀਪਸੰਦ ਅਤੇ ਜੁਝਾਰੂ ਵਿਦਰੋਹੀ ਸ਼ਾਇਰਾਂ ਵਿਚ ਖ਼ਾਸਾ ਮਕਬੂਲ ਕਰ ਦਿੱਤਾ ਸੀ। ਕੋਈ ਉਸ ਨੂੰ ਤਰੱਕੀਪਸੰਦ ਅਦੀਬ ਆਖਦਾ ਸੀ, ਕੋਈ ਸ਼ਾਇਰ ਦੇਸ ਪੰਜਾਬ ਦਾ, ਕੋਈ ਲਹਿੰਦੇ ਪੰਜਾਬ ਦਾ ਵੱਡਾ ਲੇਖਕ, ਕੋਈ ਦੋਵਾਂ ਪੰਜਾਬਾਂ ਦੇ ਲੁੱਟੇ ਲਤਾੜੇ ਬੰਦੇ ਦੀ ਪੀੜ ਦਾ ਚਿਤੇਰਾ, ਕੋਈ ਮਨੁੱਖੀ ਹੱਕਾਂ ਦਾ ਅਲੰਬਰਦਾਰ ਅਤੇ ਕੋਈ ਦੋਵਾਂ ਪੰਜਾਬਾਂ ਦੀ ਸਾਂਝ ਦਾ ਮੁਦੱਈ ਆਖਦਾ ਸੀ। ਗਿਆਰਾਂ ਦਸੰਬਰ ਨੂੰ ਉਸ ਦੇ ਸਦੀਵੀ ਵਿਛੋੜੇ ਨੇ ਦੋਵਾਂ ਪੰਜਾਬਾਂ ਹੀ ਨਹੀਂ ਸਗੋਂ ਕੁਲ ਆਲਮ ਵਿਚ ਵੱਸਦੀਆਂ ਅਦਬੀ ਸ਼ਖ਼ਸੀਅਤਾਂ ਨੂੰ ਸੋਗ ਦੇ ਸਮੁੰਦਰ ਵਿਚ ਸੁੱਟਿਆ ਹੈ।
ਪੰਜਾਬੀਅਤ ਦੇ ਮੁਦੱਈ ਇਸ ਅਦੀਬ ਦਾ ਜਨਮ ਮੁਲਕ ਦੀ ਤਕਸੀਮ ਤੋਂ ਦੋ ਵਰ੍ਹੇ ਪਹਿਲਾਂ ਯਾਨੀ 6 ਜਨਵਰੀ 1945 ਨੂੰ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਪਿੰਡ ਮਿਆਣਾ ਗੋਂਦਲ ਵਿਚ ਹੋਇਆ। ਅਦਬੀ ਹਲਕਿਆਂ ਵਿਚ ਅਹਿਮਦ ਸਲੀਮ ਵਜੋਂ ਮਕਬੂਲ ਹੋਏ ਇਸ ਸ਼ਖ਼ਸ ਨੂੰ ਘਰ-ਪਰਿਵਾਰ ਵੱਲੋਂ ਮੁਹੰਮਦ ਸਲੀਮ ਖ਼ਵਾਜਾ ਨਾਂ ਮਿਲਿਆ। ਸਾਧਾਰਨ ਪਰਿਵਾਰ ਦੇ ਇਸ ਕਮਜ਼ੋਰ ਜਿਹੇ ਬਾਲ ਨੇ ਪਿੰਡ ਦੇ ਹੀ ਸਾਧਾਰਨ ਜਿਹੇ ਕੁੜੀਆਂ ਦੇ ਸਕੂਲ ਵਿਚੋਂ ਮੁੱਢਲੀ ਸਿੱਖਿਆ ਹਾਸਲ ਕੀਤੀ। ਉਸ ਜ਼ਮਾਨੇ ਵਿਚ ਵੈਸੇ ਅਜੇ ਕੋ-ਐਜੂਕੇਸ਼ਨ ਸ਼ੁਰੂ ਨਹੀਂ ਸੀ ਹੋਈ। ਪਿੰਡ ਦੀ ਖ਼ੂਬਸੂਰਤ ਫ਼ਿਜ਼ਾ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਘਰਾਣੇ ਬਹੁਤ ਪਿਆਰ, ਖਲੂਸ ਤੇ ਮੁਹੱਬਤ ਨਾਲ ਰਾਜ਼ੀ-ਖ਼ੁਸ਼ੀ ਵੱਸਦੇ ਸਨ। ਸਲੀਮ ਆਪਣੀ ਬਚਪਨ ਦੀ ਸਰੀਰਕ ਕਮਜ਼ੋਰੀ ਤੇ ਪਤਲੇ-ਦੁਬਲੇਪਣ ਦਾ ਜ਼ਿਕਰ ਕਰਦਿਆਂ ਇਹ ਦੱਸਣਾ ਕਦੇ ਨਹੀਂ ਸੀ ਭੁੱਲਦੇ ਕਿ ‘‘ਮੈਨੂੰ ਬਾਲ ਵਰੇਸੇ ਸਿੱਖ-ਜੱਟੀ ਦੇ ਹਵਾਲੇ ਕਰ ਉਸ ਦਾ ਦੁੱਧ ਚੁੰਘਾਇਆ ਗਿਆ ਸੀ।’’ ਬਾਲ ਵਰੇਸੇ ਉਸ ਨੂੰ ਸਿੱਖ ਮਾਂ ਨੇ ਹੀ ਸਿਹਤਯਾਬ ਤੇ ਤੰਦਰੁਸਤ ਕੀਤਾ ਸੀ। ਸਾਂਝ ਤੇ ਆਪਸੀ ਮੁਹੱਬਤ ਦਾ ਇਹ ਮਨੁੱਖੀ ਦਰਸ ਤਮਾਮ ਉਮਰ ਉਸ ਦੀ ਕਾਇਆ ਤੇ ਦਿਲੋ-ਦਿਮਾਗ ਵਿਚ ਰਚਿਆ ਰਿਹਾ। ਮੁੱਢਲੀ ਪ੍ਰਾਇਮਰੀ ਸਿੱਖਿਆ ਮਗਰੋਂ ਦਸਵੀਂ ਦੀ ਸਿੱਖਿਆ ਲੈਣ ਲਈ ਉਹ ਪਿੰਡ ਮਿਆਣਾ ਗੋਂਦਲ ਤੋਂ ਪਿਸ਼ਾਵਰ ਚਲਾ ਗਿਆ। ਇੰਟਰਮੀਡੀਏਟ ਉਸ ਨੇ ਕਰਾਚੀ ਤੋਂ ਕੀਤੀ। ਸਾਲ 1968 ਵਿਚ ਨੈਸ਼ਨਲ ਬੈਂਕ ਵਿਚ ਨੌਕਰੀ ਜੁਆਇਨ ਕੀਤੀ। ਉਸ ਨੇ ਫਿਲਾਸਫ਼ੀ ਵਿਸ਼ੇ ਵਿਚ ਐਮਏ ਕੀਤੀ। ਸ਼ਾਹ ਹੁਸੈਨ ਕਾਲਜ ਸਿੰਧ ਅਤੇ ਕਰਾਚੀ ਯੂਨੀਵਰਸਿਟੀ ਵਿਚ ਅਧਿਆਪਨ ਕੀਤਾ। ਨੌਕਰੀ-ਚਾਕਰੀ ਉਸ ਦੀ ਤਬੀਅਤ ਨੂੰ ਰਾਸ ਨਾ ਆਈ ਅਤੇ ਪੜ੍ਹਨ ਲਿਖਣ ਨੂੰ ਹੀ ਉਸ ਨੇ ਆਪਣਾ ਕੁਲਵਕਤੀ ਕਿੱਤਾ ਬਣਾ ਲਿਆ।
ਉਸ ਨੇ ਆਪਣੀ ਤਮਾਮ ਉਮਰ ਵੇਖਣ, ਸੁਣਨ, ਪੜ੍ਹਨ, ਲਿਖਣ ਅਤੇ ਸੋਚਣ ਦੇ ਲੇਖੇ ਲਾਈ। ਕਲਮ ਉਸ ਦੇ ਹੱਥ ਵਿਚ ਸ਼ਕਤੀਸ਼ਾਲੀ ਹਥਿਆਰ ਸੀ ਜਿਸ ਨੂੰ ਉਸ ਨੇ ਨਿੱਜੀ ਮੁਫ਼ਾਦ ਲਈ ਨਹੀਂ ਸਗੋਂ ਨਿਆਂ, ਜੱਦੋਜਹਿਦ, ਸਮਾਜਿਕ ਬਰਾਬਰੀ ਅਤੇ ਇਨਸਾਨੀ ਕਦਰਾਂ ਕੀਮਤਾਂ ਲਈ ਇਸਤੇਮਾਲ ਕੀਤਾ। ਇਹ ਸ਼ਖ਼ਸ ਤਮਾਮ ਉਮਰ ਨਾਂ, ਨਾਵੇਂ ਤੇ ਵਸਤਾਂ ਦੀ ਅੰਨ੍ਹੀ ਦੌੜ ਦਾ ਸ਼ਿਕਾਰ ਨਹੀਂ ਹੋਇਆ। ਉਸ ਦੀ ਸੋਚ ਬੁਲੰਦ ਸੀ ਅਤੇ ਉਹ ਲਹਿੰਦੇ ਚੜ੍ਹਦੇ, ਇੱਧਰਲੇ ਉੱਧਰਲੇ ਪੰਜਾਬ ਦੇ ਝਮੇਲਿਆਂ ਵਿਚ ਨਹੀਂ ਸੀ ਪੈਂਦਾ। ਉਹ ਕੁੱਲ ਆਲਮ ਵਿਚ ਵਸਦੀ ਮਹਿਰੂਮ ਧਿਰ, ਲੁੱਟਿਆਂ-ਲਤਾੜਿਆਂ, ਮਜ਼ਲੂਮਾਂ ਤੇ ਮਿਹਨਤਕਸ਼ਾਂ ਦਾ ਸੰਗੀ-ਸਾਥੀ ਸੀ ਅਤੇ ਲੁਟੇਰੀ, ਜ਼ਾਲਮ, ਨਫ਼ਰਤ ਫੈਲਾਉਣ ਵਾਲੀ ਧਿਰ ਦਾ ਕੱਟੜ ਦੁਸ਼ਮਣ। ਜੱਦੋਜਹਿਦ, ਅਨੁਭਵ, ਹਾਦਸਿਆਂ ਅਤੇ ਲਗਾਤਾਰ ਸਿੱਖਦੇ ਤੇ ਸਮਝਦੇ ਰਹਿਣ ਦੀ ਆਦਤ ਨੇ ਹੀ ਉਸ ਨੂੰ ‘ਅਹਿਮਦ ਸਲੀਮ’ ਬਣਾਇਆ ਸੀ।
ਕੁੱਲ ਆਲਮ ਵਿਚੋਂ ਉਸ ਨੇ ਆਪਣੀ ਸੋਚ ਤੇ ਨਜ਼ਰੀਏ ਦੇ ਹਾਣੀਆਂ ਦੀ ਤਲਾਸ਼ ਕੀਤੀ। ਸੋਚ ਨਾਲ ਮੇਚ ਨਾ ਆਉਂਦੇ ਲੋਕਾਂ ਤੋਂ ਉਸ ਨੇ ਲਗਾਤਾਰ ਫਾਸਲਾ ਬਣਾਈ ਰੱਖਿਆ। ਮੁੱਲਾ-ਮੁਲਾਣੇ ਉਸ ਨੂੰ ‘ਕਾਫ਼ਰ ਕਾਫ਼ਰ’ ਆਖਦੇ ਰਹੇ ਤੇ ਉਹ ਬੁੱਲ੍ਹੇਸ਼ਾਹ ਵਾਂਗ ‘ਆਹੋ ਆਹੋ’ ਕਹਿੰਦਾ ਰਿਹਾ। ਹਾਕਮ ਧਿਰ ਨੇ ਉਸ ਨੂੰ ਕੋੜਿਆਂ, ਜੁਰਮਾਨਿਆਂ ਅਤੇ ਜੇਲ੍ਹਾਂ ਨਾਲ ‘ਨਵਾਜ਼ਿਆ’ ਤਾਂ ਉਸ ਦਾ ਹੌਸਲਾ ਲਗਾਤਾਰ ਬੁਲੰਦ ਰਿਹਾ ਅਤੇ ਕਲਮ ਕਟਾਰ ਦਾ ਰੂਪ ਅਖ਼ਤਿਆਰ ਕਰਦੀ ਗਈ। ਹਨੇਰੇ ਤੋਂ ਰੌਸ਼ਨੀ ਵਿਚ ਆਉਣ ਅਤੇ ਰੌਸ਼ਨੀ ਵੰਡਣ ਵਾਲਿਆਂ ਨਾਲ ਜੁੱਗਾਂ-ਜੁਗਾਂਤਰਾਂ ਤੋਂ ਅਜਿਹਾ ਹੀ ਵਾਪਰਦਾ ਆ ਰਿਹਾ ਹੈ; ਅਹਿਮਦ ਸਲੀਮ ਇਸ ਧਿਰ ਤੋਂ ਅਲੱਗ ਥੋੜ੍ਹਾ ਸੀ। ਉਸ ਦੇ ਸਮੁੱਚੇ ਅਦਬ ’ਚ ਥਾਂ ਥਾਂ ਗੁਰੂ ਨਾਨਕ, ਬੁੱਲ੍ਹੇ ਸ਼ਾਹ, ਕਾਰਲ ਮਾਰਕਸ, ਲੈਨਿਨ, ਜੂਲੀਅਸ ਫਿਊਚਕ, ਦੁੱਲਾ ਭੱਟੀ, ਮੰਟੋ, ਹਬੀਬ ਜਾਲਬ, ਫ਼ੈਜ਼ ਅਹਿਮਦ ਫ਼ੈਜ਼, ਨਜਮ ਹੁਸੈਨ ਸੱਯਦ ਅਤੇ ਪਾਸ਼ ਦੇ ਹਵਾਲੇ ਨਜ਼ਰੀਂ ਪੈਂਦੇ ਹਨ। ਅਹਿਮਦ ਸਲੀਮ ਸ਼ਾਇਰ ਵਜੋਂ ਵਧੇਰੇ ਮਕਬੂਲ ਹੋਇਆ, ਪਰ ਉਸ ਨਾਵਲਿਟ, ਕਹਾਣੀ ਅਨੁਵਾਦ, ਨਸਰ, ਖੋਜ ਤੇ ਆਲੋਚਨਾ ਅਤੇ ਸੰਪਾਦਨ ਦੇ ਖੇਤਰ ਵਿਚ ਵੀ ਚੋਖਾ ਕਾਰਜ ਕੀਤਾ। ਉਸ ਦੀਆਂ ਅਦਬੀ ਅਤੇ ਦੂਸਰੀਆਂ ਰਚਨਾਵਾਂ ਦੀ ਗਿਣਤੀ ਸੈਂਕੜਾ ਪਾਰ ਕਰ ਗਈ।
ਤਨ ਤੰਬੂਰ (1974) ਮਗਰੋਂ ਉਹ ਲਗਾਤਾਰ ਸ਼ਾਇਰੀ ਜ਼ਰੀਏ ਆਪਣੀ ਲੋਕ-ਪੱਖੀ ਤੇ ਨਾਬਰ ਸੋਚ ਨੂੰ ਜ਼ੁਬਾਨ ਦਿੰਦਾ ਰਿਹਾ। ਏਧਰਲੇ ਪੰਜਾਬ ਵਿਚ ਉਸ ਦੀ ਸ਼ਾਇਰੀ ਦੀਆਂ ਪੁਸਤਕਾਂ ‘ਕੂੰਜਾਂ ਮੋਈਆਂ’ (1989), ‘ਘੜੀ ਦੀ ਟਿਕ ਟਿਕ’ (1994), ‘ਮੇਰੀਆਂ ਨਜ਼ਮਾਂ ਮੋੜ ਦੇ’ (2005), ‘ਉਧੜੀ ਕਿਤਾਬ ਦੇ ਬੇਤਰਤੀਬੇ ਵਰਕੇ’ (2005) ਚੋਖ਼ੀਆਂ ਮਕਬੂਲ ਹੋਈਆਂ। ਉਸ ਲਈ ਸ਼ਾਇਰੀ ਲੁੱਟੇ ਲਤਾੜਿਆਂ ਦੀ ਖ਼ਾਮੋਸ਼ੀ ਨੂੰ ਜ਼ੁਬਾਨ ਦੇਣ, ਲੋਕਾਈ ਦੇ ਦਰਦ ਨੂੰ ਬਿਆਨ ਕਰਨ, ਅਵਾਮ ਦੀ ਗੁੰਮਰਾਹ ਹੋਈ ਸੋਚ ਉਪਰੋਂ ਨਫ਼ਰਤ ਤੇ ਕਦੂਰਤ (ਮਨ ਦੀ ਮੈਲ) ਦੀਆਂ ਪਰਤਾਂ ਨੂੰ ਖਰੋਚਣ, ਇਨਸਾਫ਼ ਲਈ ਜੂਝ ਰਹੇ ਅਵਾਮ ਨੂੰ ਹੱਲਾਸ਼ੇਰੀ ਦੇਣ, ਨਾਬਰਾਂ ਨਾਲ ਖੜ੍ਹਨ, ਮੂਲਵਾਦੀਆਂ ਪ੍ਰਤੀ ਬੇਪ੍ਰਵਾਹ ਹੋ ਵਿਚਰਨ, ਹਾਕਮ ਧਿਰ ਦੀਆਂ ਵਧੀਕੀਆਂ ਅੱਗੇ ਸੀਨਾ ਤਾਣ ਕੇ ਖੜ੍ਹਨ ਅਤੇ ਨਵ-ਬਸਤੀਵਾਦੀਆਂ ਦੀਆਂ ਲੋਕ ਵਿਰੋਧੀ ਚਾਲਾਂ ਨੂੰ ਸਮਝਣ ਦਾ ਮਾਧਿਅਮ ਸੀ। ਉਹ ਸ਼ਾਇਰੀ ਦੀਆਂ ਹੱਦਬੰਦੀਆਂ ਅੰਦਰ ਵਿਚਰ ਕੇ ਇਸ ਰਾਹੀਂ ਪਿਆਰ ਮੁਹੱਬਤ, ਸਾਂਝ ਬਰਾਬਰੀ, ਅਮਨ ਅਤੇ ਸੱਚ ਦਾ ਪੈਗ਼ਾਮ ਦੇਣਾ ਲੋੜਦਾ ਸੀ। ਅਖੌਤੀ ਕੌਮਪ੍ਰਸਤੀ ਅਤੇ ਜੰਗਾਂ-ਯੁੱਧਾਂ ਦੀ ਅਸਲੀਅਤ ਉਸ ਤੋਂ ਲੁਕੀ ਹੋਈ ਨਹੀਂ ਸੀ। ਉਸ ਆਪਣੀ ਬਹੁਤ ਮਕਬੂਲ ਨਜ਼ਮ ‘ਸ਼ਾਇਰ’ ਵਿਚ ਲਿਖਿਆ:
ਆ ਪਿਆਰ ਕਰੀਏ
ਥਾਂ ਥਾਂ ਪਾਟੀ ਹੋਈ, ਲੂਸੀ ਹੋਈ, ਵੰਡੀ ਹੋਈ ਧਰਤੀ ਨੂੰ
ਅਮਨ ਦੀ ਕਿਤਾਬ ਨੂੰ
ਜਿਹੜੀ ਵਰਕਾ ਵਰਕਾ ਉੱਧੜਦੀ ਪਈ
ਨਾਰੀ ਦੇ ਸਾਗਰ ਪਿੰਡੇ ਨੂੰ
ਵਰਾਗ ਨੂੰ, ਰਾਗ ਨੂੰ
ਸਮੁੰਦਰ ਦੇ ਝੱਲਪਨੇ ਨੂੰ
ਸੱਚ ਦੇ ਕਾਲੇ ਚਿਹਰੇ
ਹੋਠਾਂ ਦੇ ਪਾਟੇ ਕਾਗਤ ਨੂੰ
ਕਲਮ ਦੀ ਤਿੱਖੀ ਮੁਸਕਾਨ ਨੂੰ।
ਆਪਣੀ ਨਜ਼ਮ ‘ਇਕ ਅਧੂਰਾ ਗੀਤ’ ਵਿਚ ਵੀ ਉਸ ਨੇ ਆਪਣੇ ਲੋਕ ਪੱਖੀ ਜਜ਼ਬਾਤ ਦਰਜ ਕੀਤੇ। ਉਸ ਲਿਖਿਆ: ਅਜੇ ਤਾਂ ਖ਼ਲਕਤ/ ਭੁੱਖ ਦੀ ਕਾਲਮ ਦੇ ਸਾਗਰ ਵਿਚ ਡੁੱਬਦੀ/ ਅਜੇ ਤਾਂ ਖ਼ਲਕਤ/ ਨੰਗੇ ਪਿੰਜਰ, ਠਰਦੇ ਪਿੰਡੇ/ ਅੱਜ ਤਾਂ ਰੋਟੀ ਕੱਪੜੇ ਦੇ ਚਾਨਣ ਨੂੰ/ ਸਹਿਕਣ/ ਹੱਥ ਤੁਹਾਡੇ ਇਨ੍ਹਾਂ ਦੀ ਤਕਦੀਰ/ ਚੰਨ ਜੀ/ ਹੱਥ ਅਸਾਡੇ ਕੀ ਏ? ਆਪਣੇ ਘਰ ਹਨੇਰਾ ਹੋਵੇ ਕੋਈ ਕਿਉਂ/ ਰਾਹਵਾਂ ਦੇ ਵਿਚ ਦੀਵੇ ਬਾਲੇ। ਨਜ਼ਮ ‘ਗੁਰੂ ਨਾਨਕ’ ਰਾਹੀਂ ਵੀ ਉਸ ਦੁਖੀਏ ਸੰਸਾਰ ਦੀ ਬਾਤ ਪਾਈ। ਉਸ ਇਕ ਤਰ੍ਹਾਂ ਸ਼ਾਇਰਾਂ ਅਤੇ ਅਵਾਮ ਨੂੰ ਸੁਨੇਹਾ ਹੀ ਦਿੱਤਾ ਕਿ ‘‘ਦੁਖੀਆ ਸਭ ਸੰਸਾਰ, ਦੀ ਰਾਹੇ ਪੈ ਕੇ/ ਦੁੱਖ ਦੇ ਕੰਡੇ ਚੁਣੀਏ/ ਓੜਕ ਸੱਚ ਰਹੇ, ਦੀ ਸਾਂਜਲੀ ਵੰਞਲੀ/ ਇਕ ਦੂਜੇ ਤੋਂ ਸੁਣੀਏ/ ਰਾਣੀ ਮਾਂ ਦੀ ਪਾਟੀ ਬਕੜੀ ਨਾਨਕ ਨਾਨਕ ਕੂਕ ਰਹੀ ਏ।’’ ਨਾਗਮਣੀ ਦੇ ਅਪਰੈਲ 1984 ਵਿਚ ਛਪੀ ਨਜ਼ਮ ‘ਕੁੜੀਆਂ ਬਾਰੇ’ ਨੇ ਉਸ ਦੇ ਔਰਤ ਪ੍ਰਤੀ ਨਜ਼ਰੀਏ ਤੇ ਉਸ ਦੇ ਦਿਲ ਦੇ ਜ਼ਖ਼ਮਾਂ ਨੂੰ ਜ਼ੁਬਾਨ ਦਿੱਤੀ। ‘ਸਜ਼ਾ’, ‘ਹਾਰਟ ਅਟੈਕ’, ‘ਜਦ ਦੋਸਤ ਨਹੀਂ ਹੁੰਦਾ’, ‘ਜਦੋਂ ਕਵਿਤਾ ਲਿਖਣਾ ਨਾਮੁਮਕਿਨ ਹੁੰਦਾ ਏ’, ‘ਤੇਰੇ ਹੱਥਾਂ ਲਈ ਇਕ ਗਾਵਣ’ ਅਤੇ ‘ਦਸਤਾਵੇਜ਼’ ਵਰਗੀਆਂ ਗੌਲਣਯੋਗ ਨਜ਼ਮਾਂ ਸਦਾ ਲਈ ਮੇਰੇ ਚੇਤੇ ਵਿਚ ਸਾਂਭੀਆਂ ਪਈਆਂ ਨੇ। ਉਸ ਨੂੰ ਚੇਤੇ ਕਰਦਿਆਂ ਕਦੇ ਕਦੇ ‘ਅਦਾਕਾਰ ਫ਼ਲਾਪ ਹੋ ਜਾਂਦੇ ਨੇ’, ‘ਇਕ ਯਾਦ’, ‘ਕੰਧ’, ‘ਗੁਜਰਾਤ’, ‘ਦਾਸ ਕੈਪੀਟਲ’ ਅਤੇ ‘ਵੀਅਤਨਾਮ ਤੇ ਹੋ ਚੀ ਮਿੰਨ੍ਹ ਨੂੰ’ ਨਜ਼ਮਾਂ ਵੀ ਦਿਲ ਦਾ ਦਰ ਖੜਕਾਉਂਦੀਆਂ ਨੇ। ਸਚਮੁੱਚ ਉਹ ਪੜ੍ਹਨ ਤੇ ਗੌਲਣਯੋਗ ਸ਼ਾਇਰ ਏ।
ਅਦੀਬ, ਅਦਬ ਦੇ ਹੁਨਰ ਤੇ ਅਟਕਲਾਂ ਨੂੰ ਖ਼ੂਬ ਜਾਣਦਾ ਹੈ। ਕਿਧਰੇ ਉਹੋ ਅਨੁਭਵ ਦੇ ਛਿਣਾਂ, ਤਲਖ਼ ਤੁਰਸ਼ ਤਜਰਬਿਆਂ ਤੇ ਹਾਦਸਿਆਂ ਨੂੰ ਨਜ਼ਮ ਦੇ ਵੱਖ ਵੱਖ ਰੂਪਾਂ ਵਿਚ ਢਾਲਦਾ ਹੈ ਅਤੇ ਕਿਧਰੇ ਅਨੁਭਵ ਦੇ ਫੈਲਾਓ ਤੇ ਵਿਸਤਾਰ ਨੂੰ ਅਫ਼ਸਾਨਿਆਂ ਤੇ ਨਸਰ ਦੇ ਦੂਸਰੇ ਰੂਪਾਂ ਵਿਚ ਸਮੋਂਦਾ ਹੈ। ਉਸ ਦਾ ਤਕਨੀਕੀ ਜ਼ਾਵੀਆ ਤੇ ਖੋਜ ਦੀ ਪਿਆਸ ਤਕਨੀਕੀ ਮਜ਼ਮੂਨਾਂ ਤੇ ਤਹਿਕੀਕੀ ਕਾਰਜਾਂ ਰਾਹੀਂ ਬੁਝਦੀ ਹੈ। ਅਹਿਮਦ ਸਲੀਮ ਦੇ ਪ੍ਰਸੰਗ ਵਿਚ ਅਜਿਹਾ ਹੀ ਵਾਪਰਿਆ ਹੈ। ਜ਼ਰੂਰਤ ਮੁਤਾਬਿਕ ਅਤੇ ਤਾਨਾਸ਼ਾਹੀ ਦੇ ਦਬਾਅ ਸਦਕਾ ਉਹ ਕਦੇ ਬਿੰਬ, ਪ੍ਰਤੀਕ ਤੇ ਹੋਰਨਾਂ ਜੁਗਤਾਂ ਵਰਤਦਾ ਅਤੇ ਕਿਧਰੇ ਆਪਣੇ ਅਨੁਭਵ ਨੂੰ ਗਲਪ ਬਿੰਬਾਂ ਵਿਚ ਢਾਲਦਾ। ਉਸ ਦੇ ਦੋ ਨਾਵਲਿਟਾਂ ‘ਨਾਲ ਮੇਰੇ ਕੋਈ ਚੱਲੇ’ (1977) ਅਤੇ ‘ਤਿਤਲੀਆਂ ਤੇ ਟੈਂਕ’ (1996) ਇਸ ਦੀ ਮਿਸਾਲ ਹਨ। ਪਹਿਲੀ ਰਚਨਾ ਵਿਚ ਮੁਲਕ ਦੀ ਤਕਸੀਮ ਮੌਕੇ ਹੋਏ ਫ਼ਿਰਕੂ ਫ਼ਸਾਦਾਂ ਦੀ ਦਰਦਨਾਕ ਦਾਸਤਾਂ ਦੇ ਗਲਪੀ ਬਿੰਬ ਪਿਛੋਕੜ ਵਿਚ ਹਨ ਅਤੇ ਉਸ ਦੀ ਥੀਮਕ ਰੇਖਾ ਦੇ ਆਰ-ਪਾਰ ਬੰਦੇ ਦੀ ਮੁਹੱਬਤ ਦੀ ਲੋਚਾ ਦੀ ਦਾਸਤਾਨ ਹੈ। ‘ਤਿਤਲੀਆਂ ਤੇ ਟੈਂਕ’ ਨਾਵਲਿਟ ਪ੍ਰਤੀਕਾਤਮਕ ਰਚਨਾ ਹੈ। ਬਹੁਤ ਮਹੀਨ ਤੇ ਲਤੀਫ਼ ਗਲਪੀ ਛੋਹਾਂ ਨਾਲ ਲੇਖਕ ਧਾੜਵੀਆਂ ਦੇ ਇਸ ਖਿੱਤੇ ਦੇ ਲੋਕਾਂ ਉੱਪਰ ਕੀਤੇ ਜ਼ੁਲਮੋ-ਸਿਤਮ ਤੇ ਲੋਕਾਂ ਦੀ ਬਹਾਦਰੀ ਨੂੰ ਚਿਤਰਦਾ ਹੈ। ਜ਼ਿੰਦਗੀ, ਮੌਤ, ਪਿਆਰ, ਨਫ਼ਰਤ ਅਤੇ ਇਕਲਾਪੇ ਦੇ ਭਾਵਾਂ ਦੀ ਪੇਸ਼ਕਾਰੀ ਇਸ ਰਚਨਾ ਨੂੰ ਸਦੀਵੀ ਮਾਨਵੀ ਮੁੱਲਾਂ ਨਾਲ ਜੋੜਦੀ ਹੈ। ਰਚਨਾ ਦੇ ਨਾਇਕ, ਜੋ ਸ਼ਾਇਰ ਤੇ ਚਿੱਤਰਕਾਰ ਹੈ, ਦੀ ‘ਜ਼ਿੰਦਗੀ ਦੇ ਅਮਰ ਪਲ’ ਦੀ ਤਲਾਸ਼ ਇਸ ਦੇ ਅਰਥਾਂ ਨੂੰ ਗਹਿਰਾਈ ਦਿੰਦੀ ਹੈ। ‘ਕਬਰ ਜਿਨ੍ਹਾਂ ਦੀ ਜੀਵੇ’ (1996), ‘ਪ੍ਰੇਮ ਕਥਾ’ (2010) ਅਤੇ ‘ਮੇਰਾ ਦਿਲ ਪਾਸ਼ ਪਾਸ਼’ ਮਜ਼ਮੂਨ (ਜਿਨ੍ਹਾਂ ਨੂੰ ਉਹ ਹੱਡਵਰਤੀ ਲੇਖਾਂ ਦਾ ਨਾਂ ਦਿੰਦਾ ਸੀ), ਉਸ ਦੇ ਨਜ਼ਰੀਏ ਤੇ ਸਰੋਕਾਰਾਂ ਨੂੰ ਸਮਝਣ ਲਈ ਗੌਰਵਸ਼ਾਲੀ ਕ੍ਰਿਤਾਂ ਹਨ।
ਉਸ ਨੇ ਅੰਗਰੇਜ਼ੀ ਤੇ ਉਰਦੂ ਜ਼ੁਬਾਨ ਵਿਚ ਵੀ ਰਚਨਾ ਕੀਤੀ। ਉਸ ਨੇ ਇਕ ਮਜ਼ਮੂਨ ‘ਪੰਜਾਬੀ ਅਦਬ: ਏਕ ਸਵਾਲੀਆ ਨਿਸ਼ਾਨ’ ਵਿਚ ਅਦਬ ਦੇ ਨਾਂ ਉੱਪਰ ਹੋ ਰਹੀ ਬੇਅਦਬੀ ਦੀ ਘਿਨੌਣੀ ਸੂਰਤ ਨੂੰ ਵੀ ਪੇਸ਼ ਕੀਤਾ ਅਤੇ ਸੱਚੇ-ਸੁੱਚੇ ਅਦਬ ਦੇ ਨਕਸ਼ ਵੀ ਉਲੀਕੇ।
ਅਹਿਮਦ ਸਲੀਮ ਕਾਰਪੋਰੇਟ ਘਰਾਣਿਆਂ, ਰਜਵਾੜਾਸ਼ਾਹੀ ਅਤੇ ਨਵ-ਸਾਮਰਾਜੀਆਂ ਦੀਆਂ ਚਾਲਾਂ ਨੂੰ ਖ਼ੂਬ ਸਮਝਦਾ ਸੀ। ਲੋਕ-ਹੁਨਰ ਦਾ ਅਜੋਕੇ ਯੁੱਗ ਵਿਚ ਪੈ ਰਿਹਾ ਕਾਲ ਤੇ ਇਸ ਦੀ ਦੁਰਵਰਤੋਂ ਉਸ ਨੂੰ ਬੇਜ਼ਾਰ ਕਰਦੀ ਸੀ। ਉਸ ਲੋਕ-ਵਿਰਸੇ ਨੂੰ ਲੱਭਣ ਤੇ ਸਾਂਭਣ ਦਾ ਦੁਸ਼ਵਾਰ ਕੰਮ ਆਪਣੇ ਜ਼ਿੰਮੇ ਲਿਆ ਹੋਇਆ ਸੀ ਅਤੇ ਬਾਖ਼ੂਬੀ ਕਰ ਵੀ ਰਿਹਾ ਸੀ। ਇਸ ਕਾਰਜ ਲਈ ਉਹ ਦ੍ਰਿੜ੍ਹ ਤੇ ਵਚਨਬੱਧ ਸੀ। ਏਧਰ ਸ਼ਾਹਮੁਖੀ ਤੇ ਓਧਰ ਗੁਰਮੁਖੀ ਨੂੰ ਪ੍ਰਫੁੱਲਤ ਕਰਨਾ ਉਸ ਦਾ ਸੁਪਨਾ ਸੀ। ਉਸ ਦਾ ਸੁਪਨਾ ਜ਼ਰੂਰ ਸਾਕਾਰ ਹੋਵੇਗਾ। ਆਮੀਨ।
ਸੰਪਰਕ: 98557-19118
ਹਿੰਦੋਸਤਾਨੀ ਬਰੇ-ਸਗੀਰ ਦਾ ਸਾਂਝਾ ਬਾਸ਼ਿੰਦਾ
ਨਵਸ਼ਰਨ ਕੌਰ
ਨਿੱਘੀ ਯਾਦ
ਚਿਰ ਹੋਇਆ ਉਸ ਵਿਹੜੇ ਵੜਿਆਂ
ਚੱਲ ਜੀਆ ਉਸ ਵਿਹੜੇ ਵੜੀਏ,
ਮਤ ਸੋਹਣੀ ਆਟਾ ਗੁੰਨਿਆ ਹੋਸ,
ਮਤ ਤਵੇ ਤੇ ਤਿਘੜਾ ਗਿੱਧਿਆ ਹੋਸ,
ਮਤ ਸਲੂਣਾ ਰਿੰਨਿਆ ਹੋਸ,
ਮਤ ਰੰਗਲੀ ਮੰਜੀ ਢੱਠੀ ਹੋਸ,
ਚੱਲ ਜੀਆ ਉਸ ਵਿਹੜੇ ਵੜੀਏ।
- ਅਹਿਮਦ ਸਲੀਮ
ਮਈ 2008 ਦੀ ਗੱਲ ਹੈ। ਲਾਹੌਰ ਵਿਚ ਬਰੇ-ਸਗੀਰ ਦੀ ਵੰਡ ’ਤੇ ਤਿੰਨ ਰੋਜ਼ਾ ਵੱਡੀ ਕਾਨਫਰੰਸ ਸੱਦੀ ਗਈ ਸੀ। ਮਕਸਦ ਸੀ ਸਾਡੇ ਮੌਜੂਦਾ ਇਤਿਹਾਸ ਬਾਰੇ ਸੰਵਾਦ ਰਚਾਉਣਾ ਤੇ ਪਾਕਿਸਤਾਨੀ ਨੌਜਵਾਨਾਂ ਨੂੰ ਉਸ ਇਤਿਹਾਸ ਤੋਂ ਜਾਣੂ ਕਰਾਉਣਾ ਜਿਸ ਤੋਂ ਉਨ੍ਹਾਂ ਨੂੰ ਵਾਂਝਿਆ ਰੱਖਿਆ ਗਿਆ ਸੀ। ਕਾਨਫਰੰਸ ਨੇ 1947 ਹੀ ਨਹੀਂ, 1971 ਵੀ ਫੋਲਣਾ ਸੀ। ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ ‘ਖੂਨ ਕੇ ਧੱਬੇ ਧੁਲੇਗੇਂ ਕਿਤਨੀ ਬਰਸਾਤੋਂ ਕੇ ਬਾਅਦ’ ਫਿਜ਼ਾ ਵਿਚ ਸੀ। ਮਾਹੌਲ ਵਿਚ ਤਣਾਅ ਵੀ ਸੀ। ਲੇਖਕ, ਬੁੱਧੀਜੀਵੀ ਤੇ ਸਮਾਜਕ ਕਾਰਕੁੰਨ ਵੱਡੀ ਗਿਣਤੀ ਵਿਚ ਹਿੰਦੋਸਤਾਨ, ਪਾਕਿਸਤਾਨ ਤੇ ਕੁਝ ਬੰਗਲਾਦੇਸ਼ ਵਿਚੋਂ ਵੀ ਪਹੁੰਚੇ ਹੋਏ ਸਨ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਨੇ ਮੈਨੂੰ ਸਾਦੀ ਦਿੱਖ ਵਾਲੇ ਇਕ ਆਦਮੀ ਨਾਲ ਮਿਲਾਇਆ, “ਅਹਿਮਦ ਸਲੀਮ, ਜਿਸਨੇ ਇਸ ਕਾਨਫਰੰਸ ਦੀ ਕਲਪਨਾ ਕੀਤੀ।” ਮੈਂ ਹੱਥ ਵਧਾਇਆ ਤੇ ਕਿਹਾ ਕਿ ਅਹਿਮਦ ਸਲੀਮ ਨਾਂ ਮੈਨੂੰ ਕਦੇ ਨਹੀਂ ਭੁੱਲਣ ਲੱਗਾ ਕਿ ਸਾਡੇ ਪੰਜਾਬੀ ਕਵੀ ਪਾਸ਼ ਨੇ ਇਸ ਨਾਂ ਵਾਲੇ ਇਕ ਪਾਕਿਸਤਾਨੀ ਸਿਆਸੀ ਕੈਦੀ ਲਈ ਕਵਿਤਾ ਲਿਖੀ ਸੀ। ਅਹਿਮਦ ਸਲੀਮ ਨੇ ਮੇਰੇ ਵੱਲ ਵੇਖਿਆ ਅਤੇ ਚਿਹਰੇ ’ਤੇ ਅੱਧੀ ਜਿਹੀ ਮੁਸਕਾਨ ਨਾਲ ਕਿਹਾ, “ਤੇ ਉਹ ਅਹਿਮਦ ਸਲੀਮ ਮੈਂ ਹੀ ਜੇ!”
ਉਸ ਤੋਂ ਬਾਅਦ ਅਸੀਂ ਮਿਲਦੇ ਰਹੇ। ਉਹ ਇਸਲਾਮਾਬਾਦ ਦੇ ਪ੍ਰਮੁੱਖ ਪਾਲਸੀ ਅਦਾਰੇ- Sustainable Development Policy Institute (SDPI) - ਨਾਲ ਜੁੜੇ ਹੋਏ ਸਨ ਜਿੱਥੇ ਉਹ ਪਾਕਿਸਤਾਨ ਵਿਚ ਘੱਟ ਗਿਣਤੀਆਂ ਅਤੇ ਹਾਸ਼ੀਆਗ੍ਰਸਤ ਲੋਕਾਂ ਦੇ ਹਾਲਾਤ, ਘੱਟਗਿਣਤੀ ਸਕੂਲਾਂ ਦੀ ਸਿੱਖਿਆ ਦੀ ਸਥਿਤੀ ਅਤੇ ਦੱਖਣੀ ਏਸ਼ੀਆ ਦੀ ਸਾਂਝੀ ਵਿਰਾਸਤ ’ਤੇ ਖੋਜ ਕਰਨ ਵਾਲੀ ਟੀਮ ਦਾ ਪ੍ਰਮੁੱਖ ਹਿੱਸਾ ਸਨ।
ਇਹ ਅਦਾਰਾ ਇਕ ਸਾਲਾਨਾ ਕਾਨਫਰੰਸ ਕਰਦਾ ਹੈ ਜਿਸ ਵਿਚ ਪਾਕਿਸਤਾਨ ਅਤੇ ਹੋਰ ਵਿਕਾਸਸ਼ੀਲ ਅਤੇ ਖ਼ਾਸ ਕਰਕੇ ਦੱਖਣੀ ਏਸ਼ੀਆ ਦੇ ਵਿਕਾਸ ਬਾਰੇ ਚਰਚਾ ਹੁੰਦੀ ਹੈ ਅਤੇ ਪਰਚੇ ਪੜ੍ਹੇ ਜਾਂਦੇ ਹਨ। ਅਹਿਮਦ ਸਲੀਮ ਸਾਹਿਬ ਇਸ ਸਾਲਾਨਾ ਖੋਜ ਕਾਨਫਰੰਸ ਵਿਚ ਘੱਟੋ-ਘੱਟ ਇਕ ਪੈਨਲ ਦਾ ਆਯੋਜਨ ਜ਼ਰੂਰ ਕਰਦੇ ਸਨ। ਵਿਸ਼ੇ ਭਾਵੇਂ ਵੱਖ ਵੱਖ ਹੁੰਦੇ, ਪਰ ਮਕਸਦ ਬਰੇ-ਸਗੀਰ ਵਿਚ ਹਾਸ਼ੀਏ ’ਤੇ ਪਏ ਲੋਕਾਂ ਦੇ ਮਸਲੇ ਅਤੇ ਸੰਘਰਸ਼ ਦੀ ਸਾਂਝੀ ਵਿਰਾਸਤ ਨੂੰ ਉਜਾਗਰ ਕਰਨਾ ਹੁੰਦਾ। ਮੈਂ ਕੁਝ ਵੇਰਾਂ ਇਨ੍ਹਾਂ ਕਾਨਫਰੰਸਾਂ ਵਿਚ ਹਿੱਸਾ ਲਿਆ।
ਸਾਲ 2014 ’ਚ ਸਲੀਮ ਹੋਰਾਂ ਨੇ ‘ਦੱਖਣੀ ਏਸ਼ੀਆ ’ਚ ਧਾਰਮਿਕ ਘੱਟਗਿਣਤੀਆਂ ਦਾ ਭਵਿੱਖ’ ਵਿਸ਼ਾ ਰੱਖਿਆ। ਉਨ੍ਹਾਂ ਨੇ ਪਾਕਿਸਤਾਨ ’ਚ ਧਾਰਮਿਕ ਭਾਈਚਾਰਿਆਂ ਦੇ ਹਾਸ਼ੀਆਗ੍ਰਸਤ ਹੋਣ ਦੀ ਇਕ ਖੋਜ ਰਿਪੋਰਟ ਪੇਸ਼ ਕੀਤੀ। ਰਿਪੋਰਟ ’ਚ ਇਕੱਠੇ ਕੀਤੇ ਗਏ ਤੱਥਾਂ ਤੋਂ ਸਪੱਸ਼ਟ ਸੀ ਕਿ ਪਾਕਿਸਤਾਨ ’ਚ ਤਰੱਕੀ ਦੇ ਭਾਵੇਂ ਕੁਝ ਸੰਕੇਤ ਸਨ ਪਰ ਦੇਸ਼ ’ਚ ਧਾਰਮਿਕ ਭੇਦਭਾਵ ਲਗਾਤਾਰ ਜਾਰੀ ਸੀ। ਰਿਪੋਰਟ ਨੇ ਅਹਿਮਦੀ, ਇਸਾਈ, ਹਿੰਦੂ, ਹਜ਼ਾਰਾ ਅਤੇ ਹੋਰ ਘੱਟਗਿਣਤੀ ਸਮੂਹਾਂ ਨੂੰ ਦਰਪੇਸ਼ ਰੋਜ਼ਾਨਾ ਚੁਣੌਤੀਆਂ ਨੂੰ ਉਜਾਗਰ ਕੀਤਾ। ਧਾਰਮਿਕ ਘੱਟਗਿਣਤੀਆਂ ਵਿਰੁੱਧ ਹਿੰਸਕ ਹਮਲੇ ਉਨ੍ਹਾਂ ਦੇ ਜੀਵਨ ਦੇ ਲਗਭਗ ਹਰ ਪਹਿਲੂ ਵਿਚ ਕਾਨੂੰਨੀ ਅਤੇ ਸਮਾਜਿਕ ਭੇਦਭਾਵ ਦੇ ਅੰਕੜਿਆਂ ਦੇ ਪਿਛੋਕੜ ਵਿਚ, ਰਿਪੋਰਟ ਨੇ ਪਾਕਿਸਤਾਨ ਸਰਕਾਰ ਦੀ ਆਲੋਚਨਾ ਕੀਤੀ ਅਤੇ ਕੌਮਾਂਤਰੀ ਕਾਨੂੰਨੀ ਵਚਨਬੱਧਤਾਵਾਂ ਨੂੰ ਕਾਇਮ ਨਾ ਰੱਖਣ ਅਤੇ ਕੱਟੜਪੰਥੀ ਸਮੂਹਾਂ ਦੀ ਪੈਰਵੀ ਕੀਤੇ ਜਾਣ ਲਈ ਸਰਕਾਰ ਦੀ ਖੁੱਲ੍ਹ ਕੇ ਤਾੜਨਾ ਕੀਤੀ। ਹੋਰਨਾਂ ਵਿਦਵਾਨਾਂ ਵੱਲੋਂ ਭਾਰਤ ਅਤੇ ਬੰਗਲਾਦੇਸ਼ ਵਿਚ ਘੱਟਗਿਣਤੀਆਂ ਦੇ ਹਾਲਾਤ ’ਤੇ ਮਿਆਰੀ ਵਿਚਾਰ ਵਟਾਂਦਰਾ ਹੋਇਆ।
2016 ਵਿਚ ਇਕ ਵਾਰ ਫਿਰ ਅਹਿਮਦ ਸਲੀਮ ਹੋਰਾਂ ਨੇ ਸਾਡੇ ਮੁਲਕਾਂ ਵਿਚ ਧਾਰਮਿਕ ਘੱਟਗਿਣਤੀਆਂ ਖ਼ਾਸ ਕਰਕੇ ਔਰਤਾਂ ਵਿਰੁੱਧ ਹਿੰਸਾ ਅਤੇ ਰਾਜ ਦੀ ਜਵਾਬਦੇਹੀ ’ਤੇ ਸੰਵਾਦ ਰੱਖਿਆ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਦੱਖਣੀ ਏਸ਼ੀਆ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਖੇਤਰ ਤੇ ਵੱਡੀ ਗਿਣਤੀ ਵਿਚ ਘੱਟਗਿਣਤੀਆਂ ਦਾ ਘਰ ਹੈ। ਪੂਰੇ ਖੇਤਰ ਵਿਚ ਬਹੁਤ ਸਾਰੀਆਂ ਧਾਰਮਿਕ, ਨਸਲੀ, ਭਾਸ਼ਾਈ ਘੱਟਗਿਣਤੀਆਂ ਹਨ ਜੋ ਆਰਥਿਕ ਅਤੇ ਸਮਾਜਿਕ ਵਿਕਾਸ ਪੱਖੋਂ ਹਾਸ਼ੀਏ ’ਤੇ ਹਨ। ਇਨ੍ਹਾਂ ’ਚ ਔਰਤਾਂ ਅਤੇ ਨਿਚਲੀਆਂ ਜਮਾਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਸ ਗੱਲਬਾਤ ਵਿਚ ਅਹਿਮਦ ਸਲੀਮ ਨੇ ਘੱਟਗਿਣਤੀ ਔਰਤਾਂ ਦੀ ਸਮਾਜਿਕ, ਆਰਥਿਕ, ਰਾਜਨੀਤਕ ਭਾਗੀਦਾਰੀ ਅਤੇ ਉਨ੍ਹਾਂ ਦੇ ਅਧਿਕਾਰਾਂ ਤੇ ਨਾਗਰਿਕਤਾ ’ਤੇ ਕੁਝ ਬੁਨਿਆਦੀ ਸਵਾਲ ਉਠਾਏ। ਕੀ ਔਰਤਾਂ ਔਰਤਾਂ ਹੋਣ ਵਜੋਂ ਜਾਂ ਧਾਰਮਿਕ ਘੱਟਗਿਣਤੀ ਦੀ ਔਰਤ ਹੋਣ ਵਜੋਂ ਵੰਚਿਤ ਮਹਿਸੂਸ ਕਰਦੀਆਂ ਹਨ? ਨਾਰੀਵਾਦੀ ਬਹਿਸਾਂ ਦੇ ਅੰਦਰ “ਤੀਹਰੀ ਹਾਸ਼ੀਆਗ੍ਰਸਤੀ” - ਇਕ ਔਰਤ, ਇਕ ਘੱਟਗਿਣਤੀ ਔਰਤ ਅਤੇ ਇਕ ਘੱਟਗਿਣਤੀ ਮਜ਼ਦੂਰ ਜਮਾਤ ਦੀ ਔਰਤ ਦੀ ਚਰਚਾ ਨੇ ਬਹਿਸ ਖੋਲ੍ਹੀ। ਭਾਰਤ ਅੰਦਰ ਰਾਜਨੀਤਕ, ਆਰਥਿਕ ਅਤੇ ਜਨਸੰਖਿਆ ਦੇ ਸੰਦਰਭ ਵਿਚ ਮੁਸਲਿਮ ਘੱਟਗਿਣਤੀਆਂ ਦੇ ਹਾਸ਼ੀਏ ’ਤੇ ਜਾਣ ਬਾਰੇ ਵੀ ਚਰਚਾ ਹੋਈ ਜਿੱਥੇ 2002 ਵਿਚ ਗੁਜਰਾਤ ਵਿਚ ਹੋਈ ਹਿੰਸਾ ਦੇ ਵਿਸ਼ਲੇਸ਼ਣ ਰਾਹੀਂ ਲੋਕਤੰਤਰ ਦੀ ਕਮਜ਼ੋਰੀ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਬੁਨਿਆਦੀ ਸਵਾਲ ਉੱਠੇ ਤੇ ਕੁਝ ਜਵਾਬ ਵੀ ਉੱਭਰੇ। ਸਾਡੇ ਮੁਲਕਾਂ ਵਿਚ ਬਰਾਬਰ ਨਾਗਰਿਕਤਾ ਦੇ ਅਧਿਕਾਰਾਂ ਦੀ ਸੰਵਿਧਾਨਕ ਗਾਰੰਟੀ ਅਤੇ ਵਾਅਦੇ ਤਾਂ ਹਨ ਪਰ ਇਨ੍ਹਾਂ ਗਾਰੰਟੀਆਂ ਦੇ ਬਾਵਜੂਦ ਧਾਰਮਿਕ ਘੱਟਗਿਣਤੀਆਂ ਨੂੰ ਯੋਜਨਾਬੱਧ ਤਰੀਕੇ ਨਾਲ ਇਨ੍ਹਾਂ ਅਧਿਕਾਰਾਂ ਤੋਂ ਵਾਂਝਿਆ ਕੀਤਾ ਜਾਂਦਾ ਹੈ ਅਤੇ ਹਿੰਸਾ ਦਾ ਨਿਸ਼ਾਨਾ ਵੀ ਬਣਾਇਆ ਜਾਂਦਾ ਹੈ। ਇਸ ਗੱਲਬਾਤ ਨੇ ਸਾਡੇ ਮੁਲਕਾਂ ਵਿਚ ਨਿਆਂ ਪ੍ਰਣਾਲੀ ਦੀ ਅਸਫਲਤਾ ਨੂੰ ਉਜਾਗਰ ਕੀਤਾ ਜੋ ਅਕਸਰ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦੇਣ ਅਤੇ ਮੁਕੱਦਮਾ ਚਲਾਉਣ ਵਿਚ ਵੀ ਅਸਫਲ ਰਹੀ ਹੈ । ਹਿੰਦੋਸਤਾਨ, ਪਾਕਿਸਤਾਨ, ਬੰਗਲਾਦੇਸ਼ ਦੇ ਪੁਲੀਸ, ਸਿਵਲ ਪ੍ਰਸ਼ਾਸਨ ਅਤੇ ਰਾਜਨੀਤਕ ਲੀਡਰਸ਼ਿਪ ਦੇ ਸੀਨੀਅਰ ਮੈਂਬਰ ਜੋ ਜਾਣਬੁੱਝ ਕੇ ਜਨਤਕ ਹਿੰਸਾ ਅਤੇ ਭੇਦਭਾਵ ਨੂੰ ਹੋਣ ਦਿੰਦੇ ਹਨ ਜਾਂ ਉਤਸ਼ਾਹਿਤ ਅਤੇ ਕਈ ਵਾਰ ਸਰਗਰਮੀ ਨਾਲ ਹਿੱਸਾ ਵੀ ਪਾਉਂਦੇ ਹਨ ਪਰ ਉਨ੍ਹਾਂ ਨੂੰ ਸ਼ਾਇਦ ਹੀ ਕਦੇ ਛੂਹਿਆ ਜਾਂਦਾ ਹੈ। ਦੂਜੇ ਪਾਸੇ ਸਾਡੀਆਂ ਸਰਕਾਰਾਂ ਪੀੜਤਾਂ ਦੀਆਂ ਬਾਂਹ ਨਹੀਂ ਫੜਦੀਆਂ ਤਾਂ ਜੋ ਉਹ ਆਪਣੀ ਜ਼ਿੰਦਗੀ, ਰੋਜ਼ੀ-ਰੋਟੀ, ਰਿਹਾਇਸ਼ ਅਤੇ ਸਮਾਜਿਕ ਰਿਸ਼ਤਿਆਂ ਨੂੰ ਦੁਬਾਰਾ ਬਣਾਉਣ ਦੇ ਯੋਗ ਹੋ ਸਕਣ। 2018 ਦੀ ਸਾਲਾਨਾ ਕਾਨਫਰੰਸ ਵਿਚ ਦੱਖਣੀ ਏਸ਼ੀਆ ਵਿਚ ਖੱਬੇ-ਪੱਖੀ ਸਿਆਸਤ ਦੇ ਭਵਿੱਖ ’ਤੇ ਗੱਲਬਾਤ ਹੋਈ, ਲੋਕਾਂ ਦੀਆਂ ਮੌਜੂਦਾ ਲਹਿਰਾਂ ਤੇ ਵਿਰਾਸਤਾਂ ਵਿਚਾਰੀਆਂ ਗਈਆਂ। ਸਲੀਮ ਹੋਰਾਂ ਦੇ ਕਹਿਣ ’ਤੇ ਸਾਡੇ ਖਿੱਤੇ ਦੀ ਸਾਂਝੀ ਵਿਰਾਸਤ, ਗ਼ਦਰ ਲਹਿਰ ਬਾਰੇ ਦਸਤਾਵੇਜ਼ ਸਾਂਝੇ ਕੀਤੇ ਗਏ ਅਤੇ ਪਾਕਿਸਤਾਨ ਦੀ ਨੌਜਵਾਨ ਪੀੜ੍ਹੀ ਨੂੰ ਇਸ ਇਤਿਹਾਸ ਤੋਂ ਜਾਣੂੰ ਕਰਾਇਆ ਗਿਆ।
ਅਹਿਮਦ ਸਲੀਮ ਹੋਰਾਂ ਨਾਲ ਮੇਰੀ ਆਖ਼ਰੀ ਗੱਲਬਾਤ 2021 ਦੀ ਕਾਨਫਰੰਸ ਵਿਚ ਹੋਈ। ਉਨ੍ਹਾਂ ਇਸ ਵਾਰ ਦੇ ਸੰਵਾਦ ਦਾ ਵਿਸ਼ਾ ਬਰੇ-ਸਗੀਰ ਦੇ ਉਨ੍ਹਾਂ ਲੇਖਕਾਂ, ਕਵੀਆਂ ਅਤੇ ਕਾਰਕੁਨਾਂ ਨੂੰ ਯਾਦ ਕਰਨਾ ਰੱਖਿਆ ਸੀ ਜੋ ਅਸੀਂ ਕੋਵਿਡ ਦੌਰਾਨ ਗੁਆ ਦਿੱਤੇ। ਪਾਕਿਸਤਾਨ ਵਿਚੋਂ ਆਸਿਫ ਫਾਰੂਖੀ, ਮਸੂਦ ਅਸ਼ਰ, ਡਾ. ਰੁਬੀਨਾ ਸੈਗੋਲ, ਡਾ. ਮੁਬਾਸ਼ਰ ਹਸਨ, ਨਿਸਾਰ ਅਜ਼ੀਜ਼ ਬੱਟ, ਆਈ.ਏ. ਰਹਿਮਾਨ, ਜੈਤੁਨ ਬਾਨੋ, ਖਾਲਿਦ ਤੂਰ, ਜ਼ਫਰ ਉੱਲਾ ਪੋਸ਼ਨੀ ਆਦਿ ਸ਼ਾਮਲ ਸਨ। ਭਾਰਤ ਵਿਚੋਂ ਸ਼ਮਸ-ਉਰ-ਰਹਿਮਾਨ ਫਾਰੂਕੀ, ਰਾਹਤ ਇੰਦੌਰੀ, ਤਰਨੁਮ ਰਿਆਜ਼, ਮੁਸ਼ੱਰਫ ਆਲਮ ਜ਼ੌਕੀ ਅਤੇ ਕਮਲਾ ਭਸੀਨ ਸਨ ਅਤੇ ਬੰਗਲਾਦੇਸ਼ ਵਿਚੋਂ ਲੇਖਕ ਤੇ ਕਾਰਕੁਨ ਮੁਸ਼ਤਾਕ ਅਹਿਮਦ, ਡਾ. ਸੂਫੀਆ ਅਹਿਮਦ ਤੇ ਰਾਵਸ਼ਾਨ ਆਰਾ ਬੱਚੂ। ਸਲੀਮ ਹੋਰਾਂ ਨੇ ਮੈਨੂੰ ਦਿੱਲੀ ਮੋਰਚੇ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ 700 ਤੋਂ ਵੱਧ ਕਿਸਾਨਾਂ ਬਾਰੇ ਬੋਲਣ ਲਈ ਖ਼ਾਸ ਤੌਰ ’ਤੇ ਸੱਦਾ ਦਿੱਤਾ। ਉਹ ਕਿਸਾਨ ਅੰਦੋਲਨ ਤੋਂ ਵਾਕਫ਼ ਹੀ ਨਹੀਂ, ਮੋਰਚੇ ਨਾਲ ਉਨ੍ਹਾਂ ਦੀ ਡੂੰਘੀ ਭਾਵਨਾਤਮਕ ਸਾਂਝ ਸੀ।
ਅਹਿਮਦ ਸਲੀਮ ਨੇ ਇਨ੍ਹਾਂ ਸੰਵਾਦਾਂ ਰਾਹੀਂ ਸਾਡੇ ਸਮੇਂ ਦੇ ਮੁਸ਼ਕਿਲ ਅਤੇ ਸਾਂਝੇ ਸਵਾਲਾਂ ਨੂੰ ਉਠਾਉਣ ਅਤੇ ਉਨ੍ਹਾਂ ਨਾਲ ਜੂਝਣ ਲਈ ਇਕ ਮਹੱਤਵਪੂਰਨ ਮੰਚ ਸਿਰਜਿਆ। ਉਹ ਸਵਾਲ ਜਿਹੜੇ ਦੂਜਿਆਂ ਅੱਗੇ ਨਹੀਂ ਪੁੱਛੇ ਜਾਂਦੇ, ਉਨ੍ਹਾਂ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ ਦੀ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਮੰਚ ਨੇ ਸਾਡੀ ਸਾਂਝੀ ਪ੍ਰਗਤੀਸ਼ੀਲ ਵਿਰਾਸਤ ਨੂੰ ਸਮਝਣ ਤੇ ਅੱਗੇ ਲਿਜਾਣ ਅਤੇ ਆਪਸੀ ਸਾਂਝ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਅਹਿਮਦ ਸਲੀਮ ਸਮਾਜਿਕ ਵਿਗਿਆਨ ਖੋਜਕਰਤਾ ਸਨ। ਉਨ੍ਹਾਂ ਆਪਣੀਆਂ ਲਿਖਤਾਂ ਰਾਹੀਂ ਚੜ੍ਹਦੇ ਪੰਜਾਬ ਦੀ ਖੱਬੀ ਜਮਹੂਰੀ ਲਹਿਰ ਨਾਲ ਸੰਵਾਦ ਰਚਾਏ। ਹਿੰਦੋਸਤਾਨ ਦਾ ਚੁਣਾਵੀ ਲੋਕਤੰਤਰ ਅਤੇ ਪਾਕਿਸਤਾਨ ਦੀ ਫ਼ੌਜੀ ਤਾਨਾਸ਼ਾਹੀ ਜਿੱਥੇ ਭਾਸ਼ਾ, ਕੌਮੀਅਤ ਅਤੇ ਸੱਭਿਆਚਾਰ ਦੇ ਉਲਝੇ ਸਵਾਲ ਹਨ, ਲੋਕਾਂ ਦੀ ਮੁਕਤੀ ਦੇ ਸੰਘਰਸ਼ਾਂ ਲਈ ਕਿਸ ਤਰ੍ਹਾਂ ਦੇ ਰਾਹ ਖੋਲ੍ਹਦੇ ਹਨ?
ਅਹਿਮਦ ਸਲੀਮ ਦਾ ਦਿਲ ਬਰੇ-ਸਗੀਰ ਦੇ ਦੱਬੇ ਕੁਚਲੇ ਲੋਕਾਂ ਲਈ ਧੜਕਦਾ ਸੀ। ਉਰਦੂ ਅਤੇ ਪੰਜਾਬੀ ਸਾਹਿਤ, ਕਵਿਤਾ ਅਤੇ ਆਰਕਾਈਵਿੰਗ ਦੇ ਉੱਦਮਾਂ ਨਾਲ ਅਹਿਮਦ ਸਲੀਮ ਨੇ ਪਾਕਿਸਤਾਨ ਦੇ ਸਮਾਜਿਕ ਅਤੇ ਰਾਜਨੀਤਕ ਦ੍ਰਿਸ਼ ’ਤੇ ਅਮਿੱਟ ਛਾਪ ਛੱਡੀ।
ਈ-ਮੇਲ: navsharan@gmail.com