For the best experience, open
https://m.punjabitribuneonline.com
on your mobile browser.
Advertisement

ਸਾਡੀ ਮਲਿਕਾ-ਏ-ਹੁਸਨ

06:35 AM Aug 27, 2023 IST
ਸਾਡੀ ਮਲਿਕਾ ਏ ਹੁਸਨ
Advertisement

ਬਲਦੇਵ ਸਿੰਘ ਧਾਲੀਵਾਲ

ਸੈਰ ਸਫ਼ਰ

Advertisement

ਇਹ ਤਾਂ ਉਹੋ ਜਿਹੀ ਆਲ਼ੀ-ਭੋਲ਼ੀ ਜਿਹੀ ਮੰਗ ਸੀ ਜਿਵੇਂ ਘਰ ਵਿੱਚ ਨਵੀਂ ਖਰੀਦੀ ਕਾਰ ਦਾ ਜਸ਼ਨ ਚੱਲ ਰਿਹਾ ਹੋਵੇ ਪਰ ਬੱਚਾ ਖਿਡੌਣਾ ਕਾਰ ਲੈਣ ਦੀ ਜ਼ਿੱਦ ਉੱਤੇ ਅੜ ਜਾਵੇ। ਅਸੀਂ ਅਜੇ ਅੰਡੇਮਾਨ ਤੇ ਨਿਕੋਬਾਰ ਦਾ ਸ਼ਾਨਦਾਰ ਟੂਰ ਲਾ ਕੇ ਪਰਤੇ ਹੀ ਸਾਂ ਕਿ ਪਤਨੀ, ਸੁਖਵਿੰਦਰ ਨੇ ਆਪਣੀ ਮੰਗ ਫਿਰ ਦੁਹਰਾ ਦਿੱਤੀ, ‘‘ਅਜੇ ਤਾਂ ਆਪਾਂ ਕਸੌਲੀ ਵੀ ਘੁੰਮ ਕੇ ਆਉਣੈ ਐਤਕੀਂ।’’
ਤਰਕ-ਵਿਤਰਕ ਦੀ ਦਿਮਾਗ਼ੀ ਖੇਡ ਆਪਣੀ ਥਾਂ ਪਰ ਕੋਈ ਦਿਲ ਦਾ ਕੀ ਕਰੇ, ਅਖੇ ਦਿਲ ਹੈ ਕਿ ਮਾਨਤਾ ਨਹੀਂ। ਉਸ ਦਾ ਦਿਲ ਤਾਂ ਕਸੌਲੀ ਲਈ ਤੜਪ ਰਿਹਾ ਸੀ, ਫਿਰ ਇਹ ਤਰਕ ਕੀ ਕਾਟ ਕਰਦਾ ਕਿ ਜਦੋਂ ਆਪਾਂ ਦਿੱਲੀ-ਦੱਖਣ ਗਾਹ ਆਏ ਹਾਂ, ਕੈਨੇਡਾ ਦੀ ਰੰਗੀਲੀ ਪਤਝੜ (ਔਟਮ ਫਾਲ) ਦਾ ਹੁਸਨ ਮਾਣ ਚੁੱਕੇ ਹਾਂ, ਅੰਡੇਮਾਨ ਦੀ ਕੰਜ-ਕੁਆਰੀ ਧਰਤੀ ਨੂੰ ਮਾਣ ਕੇ ਵੇਖ ਲਿਆ ਹੈ, ਤਾਂ ਹੁਣ ਭਲਾ ਕਸੌਲੀ ਦੀ ਕੀ ਕਸਰ ਬਾਕੀ ਹੈ?
ਉਂਜ ਤਾਂ ਭਾਵੇਂ ਕਸੌਲੀ ਉਸ ਦੀਆਂ ਨੇੜਲੀਆਂ ਬਾਕੀ ਪਹਾੜੀ ਥਾਵਾਂ, ਜਿਵੇਂ ਸ਼ਿਮਲਾ, ਧਰਮਸ਼ਾਲਾ, ਡਲਹੌਜ਼ੀ, ਮਸੂਰੀ ਆਦਿ ਤੋਂ ਵੀ ਕੋਈ ਵੱਧ ਆਭਾ ਵਾਲਾ ਥਾਂ ਨਹੀਂ ਕਿਹਾ ਜਾ ਸਕਦਾ ਪਰ ਮੇਰੀ ਇਸ ਤੁਲਨਾ ਦਾ ਅਸਰ ਵੀ ਕਸੌਲੀ ਦੀ ਤਲਬਗ਼ਾਰ ਉੱਤੇ ਥਿੰਦੇ ਘੜੇ ਉੱਤੇ ਡਿੱਗੀ ਪਾਣੀ ਦੀ ਬੂੰਦ ਤੋਂ ਵੱਧ ਨਹੀਂ ਹੁੰਦਾ। ਉਹ ਵੀ ਸੱਚੀ ਹੈ, ਅਸਲ ਵਿੱਚ ਕਸੌਲੀ ਨਾਲ ਸਾਡਾ ਰਿਸ਼ਤਾ ਪਹਿਲੇ ਪਿਆਰ ਵਾਲਾ ਹੈ ਜਿਸ ਦੀ ਇੱਕ ਲੰਮੀ ਕਹਾਣੀ ਹੈ। ਫਿਰ ਪਹਿਲੇ ਪਿਆਰ ਨੂੰ ਹੋਰ ਰਿਸ਼ਤਿਆਂ ਨਾਲ ਤੱਕੜੀ ਦੇ ਪੱਲਿਆਂ ’ਚ ਪਾ ਕੇ ਭਲਾ ਕੌਣ ਤੋਲ਼ ਕੇ ਵੇਖਦਾ ਹੈ?
ਗੱਲ ਕੋਈ ਤੀਹ ਕੁ ਵਰ੍ਹੇ ਪੁਰਾਣੀ ਹੈ। ਵੀਹਵੀਂ ਸਦੀ ਦੇ ਅੰਤਲੇ ਦਹਾਕੇ ਦੇ ਮੁੱਢਲੇ ਸਾਲਾਂ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਬਤੌਰ ਲੈਕਚਰਰ ਜੁਆਇਨ ਕੀਤਾ। ਪਤਾ ਲੱਗਿਆ ਕਿ ਯੂਨੀਵਰਸਿਟੀ ਦੇ ਕਸੌਲੀ, ਸ਼ਿਮਲਾ, ਅੰਦਰੇਟਾ ਵਿਖੇ ਗੈਸਟ-ਹਾਊਸ ਹਨ ਜਿਨ੍ਹਾਂ ਦੀ ਸਸਤੀ ਜਿਹੀ ਬੁਕਿੰਗ ਕਰਾ ਕੇ ਫੈਕਲਟੀ ਮੈਂਬਰ ਠਹਿਰ ਸਕਦੇ ਸਨ। ਇਹ ਤਾਂ ਬਿੱਲੀ ਦੇ ਭਾਗੀਂ ਛਿੱਕਾ ਟੁੱਟਣ ਵਾਲੀ ਗੱਲ ਹੀ ਸੀ, ਵਰਨਾ ਨੌਕਰੀ ਵਾਸਤੇ ਜੱਦੋਜਹਿਦ ਦੇ ਜਿਸ ਦੌਰ ਵਿੱਚੋਂ ਲੰਘ ਕੇ ਆਏ ਸਾਂ, ਉਦੋਂ ਪਹਾੜਾਂ ਦੀ ਸੈਰ ਤਾਂ ਕੋਈ ਮਿਰਗ ਤ੍ਰਿਸ਼ਨਾ ਜਿਹਾ ਭ੍ਰਮ ਹੀ ਸੀ ਜਿਸ ਤੱਕ ਚਾਹ ਕੇ ਵੀ ਅੱਪੜਿਆ ਨਹੀਂ ਸੀ ਜਾ ਸਕਦਾ। ਗਰਮੀ ਦੀਆਂ ਪਲੇਠੀਆਂ ਛੁੱਟੀਆਂ ਆਈਆਂ, ਪਹਿਲੀ ਵਾਰ ਅਸੀਂ ਤਿੰਨੇ ਜੀਅ- ਮੈਂ, ਪਤਨੀ ਅਤੇ ਚਾਰ-ਪੰਜ ਸਾਲ ਦਾ ਬੇਟਾ ਆਸਵੰਤ - ਅੱਠ-ਦਸ ਦਿਨਾਂ ਲਈ, ਵੱਡੇ ਲੋਕਾਂ ਵਾਂਗੂੰ, ਕਸੌਲੀ ’ਚ ਸੈਰ-ਸਪਾਟੇ ਲਈ ਗਏ। ਕਸੌਲੀ ਦੀ ਮੇਨ ਮਾਰਕਿਟ ਵਿੱਚੋਂ ਲੰਘ ਕੇ ਹੇਠਾਂ ਨੂੰ ਉਤਰਦਿਆਂ ਇੱਕ ਖਸਤਾ ਹਾਲਤ ਵਾਲਾ ਹੋਟਲ ਸੀ ਜਿਸ ਦੇ ਦੋ ਕਮਰਿਆਂ ਨੂੰ ਪੱਕਾ ਹੀ ਬੁੱਕ ਕਰਵਾ ਕੇ ਯੂਨੀਵਰਸਿਟੀ ਨੇ ਗੈਸਟ ਹਾਊਸ ਦਾ ਨਾਂ ਦੇ ਰੱਖਿਆ ਸੀ। ਸੁਖ-ਸਹੂਲਤਾਂ ਦਾ ਹਾਲ ਇਹ ਕਿ ਜੇ ਕਮਰੇ ’ਚ ਗਰਮੀ ਲੱਗਦੀ ਤਾਂ ਟੇਬਲ-ਫੈਨ ਵੀ ਵੱਖਰਾ ਕਿਰਾਏ ਉੱਤੇ ਲੈਣਾ ਪੈਂਦਾ, ਪਰ ਇਸ ਦੇ ਬਾਵਜੂਦ ਇਹ ਟਿਕਾਣਾ ਸਾਡੇ ਲਈ ਸੁਰਗ ਦਾ ਝੂਟਾ ਸੀ, ਜਿਵੇਂ ਆਂਹਦੇ ਨੇ ਸਰਕਾਰੋਂ ਮਿਲ਼ੇ ਤੇਲ ਤਾਂ ਜੁੱਤੀ ’ਚ ਪਵਾ ਲਈਏ।
ਗੈਸਟ ਹਾਊਸ ਵਿੱਚ ਸਿਰਫ਼ ਰਾਤ ਗੁਜ਼ਾਰਦੇ। ਨੌਂ-ਦਸ ਕੁ ਵਜੇ ਆਰਾਮ ਨਾਲ ਉੱਠ ਕੇ ਤਿਆਰ ਹੁੰਦੇ ਅਤੇ ਮਾਰਕਿਟ ਦੇ ਅੰਤ ’ਤੇ ਬਣੇ ਪੁਰਾਣੇ ਆਨੰਦ ਢਾਬੇ ਤੋਂ ਪਹਾੜੀ ਪਰੌਂਠਿਆਂ ਦਾ ਆਨੰਦ ਮਾਣਦੇ। ਫਿਰ ਲੋਅਰ ਜਾਂ ਅੱਪਰ ਮਾਲ ਵੱਲ ਨਿਕਲ ਤੁਰਦੇ। ਹੌਲ਼ੀ ਹੌਲ਼ੀ ਚਲ਼ਦੇ ਹਰਿਆਲੀ ਭਰੀਆਂ ਪਹਾੜੀਆਂ ਦਾ ਹੁਸਨ ਨਿਹਾਰਦੇ ਜਾਂਦੇ। ਕੈਮਰਾ ਤਾਂ ਸਾਡੇ ਕੋਲ ਹੁੰਦਾ ਨਹੀਂ ਸੀ, ਅੱਖਾਂ ਰਾਹੀਂ ਤਸਵੀਰਾਂ ਖਿੱਚਦੇ, ਮਨ-ਮਸਤਕ ਵਿੱਚ ਵਸਾਈ ਜਾਂਦੇ। ਰਾਹ ਵਿੱਚ ਹਿਮਾਚਲ ਸਰਕਾਰ ਦਾ ਹੋਟਲ-ਨੁਮਾ ਰੈਸਤਰਾਂ ਆਉਂਦਾ, ਉੱਥੇ ਘੰਟਿਆਂ-ਬੱਧੀ ਬਹਿਣ ਦੇ ਲਾਲਚ-ਵੱਸ ਚਾਹ-ਕੌਫ਼ੀ ਪੀਣ ਦਾ ਖਰਚ ਵੀ ਦੰਦਾਂ ’ਚ ਜੀਭ ਲੈ ਕੇ ਝੱਲ ਲੈਂਦੇ। ਕਿਤੇ ਬਹੁਤਾ ਹੀ ਜੋਸ਼ ਚੜ੍ਹਦਾ ਤਾਂ ਮੌਂਕੀ ਪੁਆਇੰਟ ਦੀ ਸਾਹ-ਚੜ੍ਹਾਉਣੀ ਚੜ੍ਹਾਈ ਵੀ ਚੜ੍ਹ ਲੈਂਦੇ। ਉਚਾਈ ਤੋਂ ਖੜ੍ਹ ਕੇ ਦੂਰ ਤੱਕ ਤਹਿ-ਦਰ-ਤਹਿ ਵਿਛੀਆਂ ਗਲੀਚਾਨੁਮਾ ਪਹਾੜੀਆਂ ਦੇ ਹਰੇ ਤੰਬੂਆਂ ਦੀ ਰੇਂਜ ਦਾ ਲੁਤਫ਼ ਮਾਣਦੇ ਰਹਿੰਦੇ। ਸ਼ਾਮ ਨੂੰ ਮੁੜਦੇ ਫਿਰ ਉਸੇ ਆਨੰਦ ਢਾਬੇ ਤੋਂ ‘ਡਿਨਰ’ ਕਰਦੇ ਅਤੇ ਹੋਟਲ ਦੇ ਨੇੜੇ-ਤੇੜੇ ਟਹਿਲਦੇ ਰੌਸ਼ਨੀਆਂ ’ਚ ਲਿਪਟੀ ਕਸੌਲੀ ਦੇ ਹੁਸਨ ਦਾ ਜਲਵਾ ਦੇਰ ਤੱਕ ਬਿਹਬਲ ਨਜ਼ਰਾਂ ਨਾਲ ਘੁੱਟਾਂ-ਬਾਟੀ ਪੀਂਦੇ ਰਹਿੰਦੇ।
ਇਹ ਭਾਵੇਂ ਨਿੱਤ ਦਾ ਰੁਟੀਨ ਸੀ ਪਰ ਸਾਨੂੰ ਰਤੀ ਭਰ ਵੀ ਅਕਾਊ ਨਹੀਂ ਸੀ ਲਗਦਾ ਸਗੋਂ ਇਸ ਰੁਟੀਨ ਨੇ ਤਾਂ ਸਾਡੇ ਜੀਵਨ-ਸੁਹਜ ਨੂੰ ਮਾਣਨ ਲਈ ਭੜਕੇ ਸੁਪਨਿਆਂ ਨੂੰ ਹੋਰ ਲੱਖਾਂ-ਕਰੋੜਾਂ ਜ਼ਰਬਾਂ ਦੇ ਮਾਰੀਆਂ ਸਨ। ਉਦੋਂ ਤੱਕ ਮੈਂ ਛੋਟਾ-ਮੋਟਾ ਲੇਖਕ ਤਾਂ ਬਣ ਹੀ ਚੁੱਕਿਆ ਸਾਂ ਪਰ ਜਦੋਂ ਲੰਘਦਿਆਂ ਲੰਘਦਿਆਂ ਇੱਕ ਘਰ ਅੱਗੇ ਖੁਸ਼ਵੰਤ ਸਿੰਘ ਲਿਖਿਆ ਵੇਖਦਾ ਤਾਂ ਜਿਵੇਂ ਕਲਪਨਾ ਨੂੰ ਹੋਰ ਖੰਭ ਲੱਗ ਜਾਂਦੇ। ਸੋਚਦਾ ਕਿ ਕਿਸੇ ਘਰ ਸਾਹਵੇਂ ਇਸੇ ਤਰ੍ਹਾਂ ਹੀ ਕਿਸੇ ਦਿਨ ਸੰਗਮਰਮਰ ਦੀ ਸਲੇਟ ਉੱਤੇ ‘ਬਲਦੇਵ ਸਿੰਘ ਧਾਲੀਵਾਲ’ ਉਕਰਿਆ ਹੋਵੇਗਾ ਅਤੇ ਉਸਦੇ ਲਿਖਣ-ਪੜ੍ਹਨ ਦਾ ਕੰਮ ਵੀ ਵੱਡੇ ਮੋਹਤਬਰ ਲੇਖਕਾਂ ਵਾਂਗ ਅਜਿਹੇ ਗਰਮੀਆਂ ਦੇ ‘ਨਿਵਾਸ’ ’ਚ ਰਹਿੰਦਿਆਂ ਹੀ ਹੋਇਆ ਕਰੇਗਾ। ਪਹਾੜਾਂ ’ਚ ਜਾ ਕੇ ਲਿਖਣ ਵਾਲੇ ਵੱਡੇ ਪੰਜਾਬੀ ਲੇਖਕਾਂ - ਭਾਈ ਵੀਰ ਸਿੰਘ, ਨਾਨਕ ਸਿੰਘ ਆਦਿ - ਦੀਆਂ ਗੱਲਾਂ ਦਿਲ-ਦਿਮਾਗ ਵਿੱਚ ਵਾਵਰੋਲੇ ਬਣ ਘੁੰਮਣ ਲੱਗਦੀਆਂ। ਕਈ ਵਾਰ ਇਹ ਸੋਚ ਕੇ ਪਛਤਾਵਾ ਹੁੰਦਾ ਕਿ ਮੇਰੀ ਜ਼ਿੰਦਗੀ ਦੇ ਕਿੰਨੇ ਹੁਸੀਨ ਵਰ੍ਹੇ ਕਸੌਲੀ ਦੇ ਤਸੱਵੁਰ ਤੋਂ ਬਿਨਾਂ ਹੀ ਗੁਆਚ ਗਏ ਸਨ। ਆਲ਼ੇ-ਦੁਆਲ਼ੇ ਕਿਵੇਂ ਕੁਦਰਤ ਦੀਆਂ ਦਿਲਕਸ਼ ਬਰਕਤਾਂ ਬਿਖਰੀਆਂ ਪਈਆਂ ਸਨ, ਬਾਹਾਂ ਉਲਾਰ ਉਲਾਰ ਮਾਣੇ ਜਾਣ ਲਈ ਹਾਕਾਂ ਮਾਰ ਰਹੀਆਂ ਸਨ, ਪਰ ਅਸੀਂ ਹਮਾਤੜ ਖੂਹ ਦੇ ਡੱਡੂ ਵਾਂਗ ਘਰ ਨਾਂ ਦੀ ਘੁਟਣ-ਭਰੀ ਗਿੱਠ ਕੁ ਥਾਂ ਉੱਤੇ ਹੀ ਦਿਨ-ਕਟੀ ਕਰਦੇ ਰਹੇ ਸਾਂ। ਮੌਜ-ਬਹਾਰ ਦੀ ਅਸਲ ਜ਼ਿੰਦਗੀ ਤਾਂ ਇੱਥੇ ਸੀ ਜੋ ਆਪਣੀ ਆਗੋਸ਼ ਵਿੱਚ ਲੈਣ ਲਈ ਅੰਗੜਾਈਆਂ ਲੈ ਰਹੀ ਸੀ।
ਬੰਦੇ ਦੇ ਸਾਰੇ ਸੁਪਨੇ ਕਦੋਂ ਪੂਰੇ ਹੁੰਦੇ ਹਨ? ਹਕੀਕਤਾਂ ਦੀ ਪਥਰੀਲੀ, ਖੰਘਰ ਜ਼ਮੀਨ ਉੱਤੇ ਵੱਜ ਵੱਜ ਇੱਕ ਇੱਕ ਕਰਕੇ ਦਮ ਤੋੜ ਜਾਂਦੇ ਹਨ। ਫਿਰ ਅਸੀਂ ਕਿਹੜਾ ਕੋਈ ਵੱਖਰੇ ਫੰਨੇ ਖਾਂ ਸਾਂ ਜੋ ਮਨ-ਆਈਆਂ ਕਰਦੇ। ਕਬੀਲਦਾਰੀ ਦੇ ਖੂਹ ਵਿੱਚ ਡੱਡੂ ਵਾਂਗ ਚੱਪੇ ਚੱਪੇ ਦੇ ਛੜੱਪੇ ਮਾਰਦਿਆਂ ਜਿਵੇਂ ਅੱਖ ਦੇ ਫੋਰ ਵਿੱਚ ਹੀ ਛੱਬੀ-ਸਤਾਈ ਵਰ੍ਹੇ ਲੰਘਾ ਲਏ ਸਨ, ਪਰ ਆਪਣੇ ਸੁਪਨਿਆਂ ਦੀ ਸੈਰਗਾਹ ਕਸੌਲੀ ਵੱਲ ਜਾਣ ਦੀ ਹਿੰਮਤ ਨਹੀਂ ਸੀ ਕਰ ਸਕੇ। ਅੱਜ ਜਾਨੇ ਆਂ, ਕੱਲ੍ਹ ਜਾਨੇ ਆਂ, ਕਰਦੇ ਕਰਦੇ ਹਾਉਕੇ ਭਰਦੇ ਰਹਿੰਦੇ ਸਾਂ। ਹੇਰਵਾ ਤਾਂ ਮੈਨੂੰ ਵੀ ਕੋਈ ਘੱਟ ਨਹੀਂ ਸੀ ਪਰ ਸੁਖਵਿੰਦਰ ਲਈ ਤਾਂ ਇਹ ਕਸੌਲੀ-ਵਿਯੋਗ ਜਿਵੇਂ ਕੋਈ ਮਾਨਸਿਕ ਗੰਢ ਜਿਹਾ ਰੋਗ ਬਣ ਗਿਆ ਸੀ। ਹੁਣ ਬੱਚੇ ਵੱਡੇ ਹੋ ਕੇ ਆਪੋ-ਆਪਣੀ ਮਨ-ਚਾਹੀ ਜ਼ਿੰਦਗੀ ਜਿਊਣ ਲਈ ਘਰੋਂ ਬਾਹਰ ਚਲੇ ਗਏ ਸਨ ਤਾਂ ਸਾਡੀ ਵਿਯੋਗ ਦੀ ਕਸਕ ਹੋਰ ਕਸਕਣ ਲੱਗ ਪਈ ਸੀ। ‘ਅਜੇ ਤਾਂ ਕਸੌਲੀ ਵੀ ਜਾਣੈਂ’, ਉੱਠਦੇ-ਬਹਿੰਦੇ ਉਹ ਇਹ ਰਾਗ ਅਲਾਪਦੀ ਰਹਿੰਦੀ।
ਦਿਲ ਦੀ ਏਨੀ ਤੀਬਰ ਚਾਹ ਹੋਵੇ ਤਾਂ ਫਿਰ ਕੋਈ ਰਾਹ ਵੀ ਨਿਕਲ ਹੀ ਆਉਂਦਾ ਹੈ। ਕਾਰੋਨਾ-ਕਾਲ ਦੇ ਲੰਮੇ ਵਕਫ਼ੇ ਤੋਂ ਬਾਅਦ ਹੋਣ ਵਾਲਾ ਖੁਸ਼ਵੰਤ ਸਿੰਘ ਲਿਟ ਫੈਸਟ ਸਮਝੋ ਉਹ ਰਾਹ ਬਣ ਗਿਆ ਜਿਸ ਬਾਰੇ ਸੁਣਦਿਆਂ ਹੀ ਲੰਮੀਆਂ ਪੁਲਾਂਘਾਂ ਪੁਟਦਿਆਂ ਅਸੀਂ ਆਪਣੀ ਮਹਬਿੂਬ ਕਸੌਲੀ ਨੂੰ ਧਾਹ ਗਲਵੱਕੜੀ ਪਾਉਣ ਲਈ ਨਿਕਲ ਪਏ ਸਾਂ। ਸਾਡੇ ਤੋਂ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ, ਜਿਵੇਂ ਵਰ੍ਹਿਆਂ ਪਿੱਛੋਂ ਕਿਸੇ ਨੇ ਆਪਣੇ ਪ੍ਰੀਤਮ ਦਾ ਦੀਦਾਰ ਕਰਨਾ ਹੋਵੇ, ਰੱਜ ਰੱਜ ਗਲ਼ੇ ਲੱਗ ਮਿਲਣਾ ਹੋਵੇ, ਵਸਲ ਦੇ ਸੁਨਹਿਰੀ ਪਲ਼ ਹੰਢਾਉਣੇ ਹੋਣ।
ਪਟਿਆਲਿਉਂ ਚੱਲੇ, ਜ਼ੀਰਕਪੁਰ ਲੰਘ ਕੇ ਪੰਚਕੂਲੇ ਵਾਲੀ ਸੜਕ ’ਤੇ ਪੈਂਦਿਆਂ ਮਹਿਸੂਸ ਹੋਇਆ ਕਿ ਕਿੰਨਾ ਕੁਝ ਬਦਲ ਗਿਆ ਹੈ, ਸਾਡੇ ਆਪਣੇ ਤਨਾਂ-ਮਨਾਂ ਵਾਂਗ ਹੀ। ਨਵੇਂ ਬਣੇ ਪੁਲ਼ਾਂ ਅਤੇ ਸ਼ੋਅ-ਰੂਮਾਂ ਨੇ ਸੜਕ ਦੇ ਆਲ਼ੇ-ਦੁਆਲ਼ੇ ਦੀ ਨੁਹਾਰ ਹੀ ਬਦਲ ਦਿੱਤੀ ਸੀ। ਨਿਰਵਿਘਨ ਦੌੜਦੀ ਕਾਰ ਵਿੱਚ ਬੈਠਿਆਂ ਨੂੰ ਪਤਾ ਹੀ ਨਾ ਲੱਗਿਆ ਕਦੋਂ ਚੰਡੀ ਮੰਦਰ ਅਤੇ ਕਦੋਂ ਪਿੰਜੌਰ ਗਾਰਡਨ ਲੰਘ ਗਏ ਸਾਂ। ਲੱਗਦਾ ਸੀ ਕਿਸੇ ਪੱਛਮੀ ਮੁਲਕ ਵਿੱਚ ਸਫ਼ਰ ਕਰ ਰਹੇ ਸਾਂ, ਪਰ ਨਹੀਂ! ਜਦੋਂ ਟੋਲ਼ ਪਲਾਜ਼ਾ ਆਉਂਦਾ, ਵੱਡਾ ਜਾਮ ਲੱਗ ਜਾਂਦਾ, ਹਾਰਨ ਤੇ ਹਾਰਨ ਮਾਰਦੀਆਂ ਕਾਹਲੀਆਂ ਗੱਡੀਆਂ ਕੀੜੀ ਦੀ ਤੋਰ ਤੁਰਦੀਆਂ ਤਾਂ ਜਾਪਦਾ ਕਿ ਭਾਰਤ ਵਿੱਚ ਹੀ ਹਾਂ। ਸਾਡੀਆਂ ਪਹਿਲੀਆਂ ਫੇਰੀਆਂ ਦੇ ਭਲ਼ੇ ਵਕਤਾਂ ਵਿੱਚ ਤਾਂ ਕੋਈ ਵਿਰਲਾ ਟਾਵਾਂ ਹੀ ਕਸੌਲੀ ਜਾਂਦਾ ਹੁੰਦਾ ਸੀ ਪਰ ਅੱਜ ਤਾਂ ਬੰਪਰ ਨਾਲ ਬੰਪਰ ਜੁੜਿਆ ਪਿਆ ਸੀ। ਡਰ ਸੀ ਕਿ ਕਿਤੇ ਵਾਹਨਾਂ ਦੀ ਭੀੜ ’ਚ ਉਲਝੇ ਧਰਮਪੁਰ ਵਾਲਾ ਮੋੜ ਹੀ ਨਾ ਲੰਘ ਜਾਵੇ ਅਤੇ ਕਸੌਲੀ ਦੀ ਥਾਂ ਸ਼ਿਮਲੇ ਵੱਲ ਹੋ ਤੁਰੀਏ। ਜੀ.ਪੀ.ਐੱਸ. ਰਾਹੀਂ ਰਾਹ ਲੱਭਣਾ ਪਿਆ।
ਕਸੌਲੀ ਵੱਲ ਜਾਂਦੀ ਲਿੰਕ-ਰੋਡ ਤਾਂ ਮੂਲੋਂ ਹੀ ਸੁੰਨ-ਸਰਾਂ ਜਿਹੀ ਹੁੰਦੀ ਸੀ ਪਰ ਹੁਣ ਤਾਂ ਟਰੱਕਾਂ-ਕਾਰਾਂ ਦੀਆਂ ਲੰਮੀਆਂ ਕਤਾਰਾਂ ਸਨ, ਚੱਪੇ ਚੱਪੇ ਉੱਤੇ ਹੋਟਲਾਂ ਦੀ ਤਾਬੜਤੋੜ ਉਸਾਰੀ ਚੱਲ ਰਹੀ ਸੀ। ਭਾਰਤ ਦੇ ਨਵੇਂ ਕਾਰੋਬਾਰੀ ਮੱਧਵਰਗ ਦਾ ਵਧ ਰਿਹਾ ਜੋਸ਼ੀਲਾ ਦਬਦਬਾ ਹੁਣ ਜ਼ਿੰਦਗੀ ਦੇ ਹਰੇਕ ਖੇਤਰ ਦੀ ਤਰ੍ਹਾਂ ਸੈਰ-ਸਪਾਟੇ ਦੀਆਂ ਥਾਵਾਂ ਉੱਤੇ ਵੀ ਪ੍ਰਤੱਖ ਝਲਕਾਰੇ ਮਾਰ ਰਿਹਾ ਨਜ਼ਰ ਆਉਂਦਾ ਸੀ।
ਹਰਿਆਲੀ ਦੇ ਵਸਤਰਾਂ ਵਿੱਚ ਸਜੀਆਂ ਪਹਾੜੀਆਂ ਦੁਆਲੇ ਮੇਲ੍ਹਦੀ ਜਾਂਦੀ ਕਾਰ ਪਰਤ-ਦਰ-ਪਰਤ ਉਤਾਂਹ ਚੜ੍ਹ ਰਹੀ ਸੀ। ਤਿੱਖੀ ਚਮਕਦੀ ਧੁੱਪ ਦੇ ਬਾਵਜੂਦ ਹਵਾ ਵਿੱਚੋਂ ਠੰਢਕ ਦੀ ਲੱਜ਼ਤ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ। ਸ਼ੀਸ਼ੇ ਹੇਠਾਂ ਕਰ ਕੇ ਲੰਮੇ ਡੂੰਘੇ ਸਾਹ ਭਰਨ ਦੀ ਲੋਚਾ ਕਰਵਟਾਂ ਲੈਣ ਲੱਗੀ ਸੀ। ਪਰ ਖੱਬੇ ਹੱਥ ਤਹਿ-ਦਰ-ਤਹਿ ਟਿਕੀਆਂ ਪਹਾੜੀਆਂ ਦੇ ਉੱਤੋਂ ਦੀ ਦੂਰ ਚੋਟੀ ਉੱਤੇ ਖੜ੍ਹਾ ਦਿਸਦਾ ਟਾਵਰ ਇਹ ਚੁਗਲੀ ਕਰਦਾ ਜਾਪਿਆ ਕਿ ਹੁਣ ਸਾਡੀ ਅੱਲ੍ਹੜ ਜਿਹੀ ਕਸੌਲੀ ਵੀ ਉਹ ਨਹੀਂ ਰਹੀ, ਉਸ ਨੇ ਵੀ ਇੱਕੀਵੀਂ ਸਦੀ ਵਿੱਚ ਪੈਰ ਰੱਖ ਲਿਆ ਹੈ। ਰਤਾ ਕੁ ਅੱਗੇ ਗਏ ਤਾਂ ਧੂੰਏਂ-ਮਿੱਟੀ ਦੀ ਹਮਕ ਨੇ ਨਵੀਂ ਕਸੌਲੀ ਦੀ ਦਿੱਖ ਚਿੱਟੇ ਦਿਨ ਵਾਂਗ ਸਪੱਸ਼ਟ ਕਰ ਦਿੱਤੀ। ਜਿੱਥੋਂ ਲੰਘ ਰਹੇ ਸਾਂ ਇਹ ਤਾਂ ਦਸ-ਵੀਹ ਦੁਕਾਨਾਂ ਵਾਲਾ ਇੱਕ ਸਾਦਾ ਜਿਹਾ ਪਹਾੜੀ ਪਿੰਡ ਹੁੰਦਾ ਸੀ ਪਰ ਹੁਣ ਤਾਂ ਭੀੜ-ਭੜੱਕੇ ਵਾਲਾ ਕਸਬਾ ਬਣ ਗਿਆ ਜਾਪਦਾ ਸੀ। ਕਸਬੇ ਦਾ ਕੂੜਾ ਪਹਾੜੀ ਦੀ ਵੱਖੀ ਤੋਂ ਰਿੜ੍ਹਦਾ-ਘਸਰਦਾ ਇਉਂ ਮੋਟੀ ਚਮਕੀਲੀ ਪਰਤ ਬਣ ਗਿਆ ਸੀ ਜਿਵੇਂ ਹਰਿਆਲੀ ਦੀ ਕੰਧ ਉੱਤੇ ਪੌਲੀਥੀਨ ਦਾ ਪਲੱਸਤਰ ਕੀਤਾ ਹੋਵੇ। ਮੋੜ-ਘੋੜ ਵਾਲੇ ਭੀੜੇ ਬਾਜ਼ਾਰ ਨੇ ਕਾਰਾਂ-ਟਰੱਕਾਂ ਦੇ ਕਾਫ਼ਲੇ ਨੂੰ ਬੰਨ੍ਹ ਮਾਰ ਦਿੱਤਾ ਸੀ। ਉੱਪਰ ਚੜ੍ਹਨ ਲਈ ਜ਼ੋਰ ਮਾਰਦੀਆਂ ਗੱਡੀਆਂ ਦਾ ਧੂੰਆਂ ਨੱਕ ’ਚ ਜਲੂਣ ਛੇੜਨ ਲੱਗ ਪਿਆ ਸੀ। ਜੂੰਅ-ਤੋਰ ਰੀਂਘਦੀਆਂ ਗੱਡੀਆਂ ਨੇ ਮਸਾਂ ਹੀ ਇਹ ਗੰਧਲਿਆ ਭਵਸਾਗਰ ਪਾਰ ਕੀਤਾ। ਵਾਹਵਾ ਅੱਗੇ ਜਾ ਕੇ ਕਸੌਲੀ ਦੀ ਸੰਦਲੀ ਠੰਢਕ ਫਿਰ ਨਸੀਬ ਹੋਈ ਤਾਂ ਸਾਹ ’ਚ ਸਾਹ ਆਇਆ।
ਕਸੌਲੀ ’ਚ ਦਾਖ਼ਲੇ ਦੀ 130 ਰੁਪਏ ਦੀ ਪਰਚੀ ਕਟਾਈ। ਵਰਕਰ ਨੇ ਦੋ ਘੰਟੇ ਕਾਰ ਪਾਰਕਿੰਗ ਲਈ ਸਾਹਮਣੇ ਬਣੀ ਦੋ-ਤਿੰਨ ਮੰਜ਼ਿਲੀ ਪਾਰਕਿੰਗ ਵੱਲ ਇਸ਼ਾਰਾ ਕੀਤਾ, ਜੋ ਪਹਿਲਾਂ ਹੀ ਕਾਰਾਂ ਨਾਲ ਆਫਰੀ ਖੜ੍ਹੀ ਸੀ। ਸੋਚਿਆ ਅਜੇ ਤਾਂ ਆਫ਼-ਸੀਜ਼ਨ ਹੈ, ਜੂਨ-ਜੁਲਾਈ ਦੇ ਭਰ-ਸੀਜ਼ਨ ਵਿੱਚ ਤਾਂ ਪਤਾ ਨਹੀਂ ਕੀ ਹਾਲ ਹੁੰਦਾ ਹੋਵੇਗਾ। ਖ਼ੈਰ, ਅਸੀਂ ਤਾਂ ਅੱਗੇ ਹੋਟਲ ਵਿੱਚ ਜਾਣਾ ਕਹਿ ਕੇ ਕਾਰ ਸਣੇਂ ਲੰਘ ਗਏ ਅਤੇ ਲੋਅਰ ਮਾਲ ਤੇ ਹਿਮਾਚਲ ਸਰਕਾਰ ਦੇ ਹੋਟਲ ਕਾਮਨ ਰੋਜ਼ ਵਿੱਚ ਜਾ ਪਹੁੰਚੇ। ਪਹਿਲੀ ਨਜ਼ਰੇ ਜਾਪਿਆ ਕੁਝ ਵੀ ਨਹੀਂ ਬਦਲਿਆ, ਓਹੀ ਸਰਕਾਰੀ ਤੌਰ-ਤਰੀਕਾ, ਢਿੱਲ-ਮਢਿੱਲਾ, ਸਾਦ-ਮੁਰਾਦਾ। ਰਿਸੈਪਸ਼ਨ ’ਤੇ ਕੋਈ ਨਹੀਂ ਸੀ ਬੈਠਾ। ਕਿਚਨ-ਏਰੀਏ ਵਿੱਚੋਂ ਰਿਸੈਪਸ਼ਨਿਸ਼ਟ ਨੂੰ ਲੱਭਿਆ ਤਾਂ ਉਸ ਨੇ ਦੂਰੋਂ ਹੀ ਹੱਥ ਖੜ੍ਹਾ ਕਰਕੇ ਨਾਂਹ ਦਾ ਡਮਰੂ ਵਜਾ ਦਿੱਤਾ ਕਿ ‘ਫੁੱਲ’ ਹੈ। ਸ਼ਾਇਦ ਖੁਸ਼ਵੰਤ ਸਿੰਘ ਲਿਟ ਫੈਸਟ ਕਰਕੇ ਸਾਡੇ ਜਿਹੇ ਹੇਰਵਾ-ਮਾਰੇ ਸੈਲਾਨੀਆਂ ਨੇ ਪਹਿਲਾਂ ਹੀ ਹੋਟਲ ਭਰ ਛੱਡਿਆ ਸੀ। ਵੈਸੇ ਵੀ ਹੁਣ ਆਨ-ਲਾਈਨ ਬੁਕਿੰਗ ਦੇ ਜ਼ਮਾਨੇ ਵਿੱਚ ਸਾਡੀਆਂ ਪੁਰਾਣੀਆਂ ਆਦਤਾਂ ਦੀ ਕੀ ਵੁੱਕਤ ਸੀ?
‘‘ਆਪ ਜੈਸੇ ਟੂਰਿਸਟੋਂ ਕੇ ਲੀਏ ਨਿਊ ਕਾਮਨ ਰੋਜ਼ ਖੁੱਲ੍ਹ ਗਿਆ ਹੈ ਸਰ।’’ ਰਿਸੈਪਸ਼ਨਿਸ਼ਟ ਨੇ ‘ਆਪ ਜੈਸੇ’ ’ਤੇ ਜ਼ੋਰ ਦੇ ਕੇ ਪਤਾ ਨਹੀਂ ਮਜ਼ਾਕ ’ਚ ਕਿਹਾ, ਪਤਾ ਨਹੀਂ ਸਾਡੀ ਦਿੱਖ ਹੀ ਉਸ ਨੂੰ ‘ਕੁਲੀਨ’ ਦਾ ਭੁਲੇਖਾ ਪਾ ਗਈ ਸੀ। ਉਸ ਨੂੰ ਕੀ ਪਤਾ ਕਿ ਅਸੀਂ ਗਾਗਲਜ਼ ਨਾਲ ਬਾਹਰੋਂ ਸਜੇ-ਫੱਬੇ ਪਰ ਅੰਦਰੋਂ ਉਹੀ ਸਰਫ਼ੇ-ਹੱਥੇ ਮੱਧਵਰਗੀ ਲੋਕ ਸਾਂ। ਫਿਰ ਉਸ ਮੂਹਰੇ ਹੌਲ਼ਾ ਪੈਣੋਂ ਡਰਦੇ ਅਸੀਂ ਨਾਂਹ ਨਾਂਹ ਕਰਦੇ ਵੀ ਫੂਕ ਛਕ ਹੀ ਗਏ। ਖੁੱਲ੍ਹੀ-ਡੁੱਲ੍ਹੀ ਪਾਰਕਿੰਗ ਅਤੇ ਹਰੇ-ਭਰੇ ਚੌਗਿਰਦੇ ਵਾਲੇ ਆਲੀਸ਼ਾਨ ਹੋਟਲ ਨਿਊ ਕਾਮਨ ਰੋਜ਼ ਦਾ ਕਮਰਾ ਨੌਂ ਹਜ਼ਾਰ ਦੇ ਕਰੀਬ ਮਿਲਣਾ ਸੀ ਅਤੇ ਖਾਣੇ-ਦਾਣੇ ਦਾ ਪੰਜ-ਚਾਰ ਹਜ਼ਾਰ ਵੱਖਰਾ ਲੱਗਣਾ ਸੀ ਪਰ ਰੱਬ ਦਾ ਨਾਂ ਲੈ ਕੇ ਇਹ ਸੂਲ਼ੀ ਵਾਲੀ ਛਾਲ ਵੀ ਮਾਰ ਹੀ ਦਿੱਤੀ। ‘ਚਲ਼ੋ ਹੋਰ ਕਮਾਉਂਦੇ ਕਾਹਦੇ ਵਾਸਤੇ ਆਂ’, ‘ਅੰਤ ਨੂੰ ਕਿਹੜਾ ਗੁਥਲੀ ਨਾਲ ਲੈ ਜਾਣੀ ਐਂ’, ‘ਬੱਚਤਾਂ ਨਾਲ ਕੀ ਜਵਾਲੇ ਨੇ ਸ਼ਾਹ ਹੋ ਜਾਣੈਂ’ ਵਰਗੀਆਂ ਸਮਝੌਤੀਆਂ ਨਾਲ ਥਿੜਕੇ ਦਿਲ਼ ਨੂੰ ਧਰਵਾਸਾ ਦੇ ਲਿਆ ਪਰ ਅੰਦਰੋਂ ਉਹੀ ਘਰ ਫੂਕ ਤਮਾਸ਼ਾ ਵੇਖਣ ਵਰਗੀ ਸੋਚ ਅੱਡੀ ’ਚ ਸੂਲ ਵਾਂਗ ਕਸਕਦੀ ਰਹੀ।
ਰੈਣ-ਬਸੇਰੇ ਦੇ ਮਸਲੇ ਤੋਂ ਫ਼ਾਰਗ ਹੋ ਕੇ ਫੈਸਟੀਵਲ ਲਈ ਅੱਪਰ ਮਾਲ ’ਤੇ ਕਸੌਲੀ ਕਲੱਬ ਪਹੁੰਚੇ। ਪਹਿਲੀ ਝਲਕ ਨਾਲ ਹੀ ਸੈਂਕੜੇ ਪੁਰਾਣੀਆਂ ਯਾਦਾਂ ਅੰਦਰ ਲਿਸ਼ਕੀਆਂ। ਭਲ਼ੇ ਵੇਲ਼ਿਆਂ ਵਿੱਚ ਸ਼ਾਮ ਨੂੰ ਜਦੋਂ ਇੱਥੋਂ ਲੰਘਦੇ ਹੁੰਦੇ ਸਾਂ ਤਾਂ ਹਰ ਵਾਰੀ ਅੰਦਰ ਸੌ ਸੌ ਹਸਰਤਾਂ ਜਾਗਦੀਆਂ ਸਨ। ਖੱਬੇ ਹੱਥ ਲਾਅਨ ਟੈਨਿਸ ਦੇ ਕੋਰਟਾਂ ਵਿੱਚ ਫ਼ੌਜੀ ਅਫ਼ਸਰ ਚਿੱਟੀਆਂ ਕਿੱਟਾਂ ਵਿੱਚ ਸਜੇ ਖੇਡ ਰਹੇ ਹੁੰਦੇ ਤਾਂ ਵੇਖ ਕੇ ਅੰਦਰ ਧੂਹ ਪੈਂਦੀ, ‘ਕਿਤੇ ਅਸੀਂ ਵੀ ਇਉਂ ਮਸਤੀ ਮਾਰਾਂਗੇ?’ ਉਨ੍ਹਾਂ ਦੇ ਲਾਏ ਸ਼ਾਟਸ ਦੀ ਪਟੱਕ ਪਟੱਕ ਅਤੇ ਜਿੱਤੇ ਪੁਆਇੰਟ ਨਾਲ ਛਣਕਿਆ ਮਦਮਸਤ ਹਾਸਾ ਸ਼ਾਮ ਦੀ ਪਹਾੜੀ ਖ਼ਾਮੋਸ਼ੀ ਨੂੰ ਤੋੜਦਾ ਦੂਰ ਤੱਕ ਸੁਣਦਾ ਰਹਿੰਦਾ, ਅੰਦਰ ਖੋਹ ਜਿਹੀ ਪਾਉਂਦਾ ਰਹਿੰਦਾ। ਜੇ ਵਾਹਵਾ ਮੂੰਹ-ਹਨੇਰਾ ਜਿਹਾ ਹੁੰਦਾ ਤਾਂ ਕਲੱਬ ਦੀ ਖਾਣ-ਪੀਣ ਵਾਲੀ ਇਮਾਰਤ ਵਿੱਚ ਜਗਦੀਆਂ ਨਿੰਮ੍ਹੀਆਂ ਰੌਸ਼ਨੀਆਂ ਨਾਲ ਇਲੀਟ ਅਤੇ ਤਲਿਸਮੀ ਜਿਹਾ ਬਣਿਆ ਮਾਹੌਲ ਤੁਣਕੇ ਮਾਰਦਾ। ਅੰਦਰ ਜੰਮੀਆਂ ਫਿਲ-ਫ਼ਰੇਬ ਮਹਿਫ਼ਲਾਂ ਦੀ ਕਲਪਨਾ ਕਰਕੇ ਰੰਗੀਨ ਸੁਪਨੇ ਜਾਗਦੇ, ਉਨ੍ਹਾਂ ਵੱਡੇ ਲੋਕਾਂ ’ਚ ਸ਼ਾਮਲ ਹੋਣ ਦੀ ਸੱਧਰਾਈ ਰੀਝ ਅੰਗੜਾਈਆਂ ਭਰਦੀ, ਪਰ ਅੰਤ ਬੇਬਸੀ ਜਿਹੀ ਵਿੱਚ ਸੁੱਕਾ ਥੁੱਕ ਅੰਦਰ ਲੰਘਾਉਂਦੇ ਉਸ ਜੰਨਤੀ ਮਾਹੌਲ ਕੋਲੋਂ ਚੁੱਪ-ਚੁਪਾਤੇ ਲੰਘ ਜਾਂਦੇ। ‘ਕਦੇ ਅਸੀਂ ਵੀ ਇਸ ਮਾਹੌਲ ਦਾ ਅੰਗ ਬਣਾਂਗੇ’, ਇਹ ਸੁਪਨੇ ਸਜਾਉਂਦੇ।
ਅੱਜ ਉਹੀ ਕਸੌਲੀ ਕਲੱਬ ਸਾਨੂੰ ਆਪਣੇ ਕਲਾਵੇ ’ਚ ਲੈਣ ਲਈ ਜਿਵੇਂ ਦੋਵੇਂ ਬਾਹਾਂ ਖੋਲ੍ਹੀ ਜੀ ਆਇਆਂ ਨੂੰ ਆਖ ਰਿਹਾ ਸੀ। ਪ੍ਰਤੀ ਵਿਅਕਤੀ, ਪ੍ਰਤੀ ਦਿਨ ਹਜ਼ਾਰ ਰੁਪਏ ਦੀ ਰਜਿਸਟ੍ਰੇਸ਼ਨ ਫੀਸ ਇਉਂ ਹੱਸ ਕੇ ਫੜਾ ਦਿੱਤੀ ਜਿਵੇਂ ਮਹਿੰਗਾ ਸੌਦਾ ਕੌਡੀਆਂ ਦੇ ਭਾਅ ਮਿਲ ਗਿਆ ਹੋਵੇ। ਇਉਂ ਅਚਾਨਕ ਚਾਹਤਾਂ ਦੀ ਹਵੇਲੀ ਦਾ ਦੁਆਰ ਖੁੱਲ੍ਹ ਜਾਵੇ ਤਾਂ ਮੁੱਲ ਕੌਣ ਪੁੱਛਦਾ ਹੈ? ਅੰਦਰ ਸੋਹਣੇ ਸਜੇ ਪੰਡਾਲ ਵਿੱਚ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸੀ। ਪਹਿਲੀ ਨਜ਼ਰੇ ਵੇਖਿਆਂ ਹੀ ਸਮਾਗਮ ਦਾ ਸੁਹਜ-ਸਲੀਕਾ ਮੋਹ ਲੈਣ ਵਾਲਾ ਸੀ। ਬੁਲਾਰਿਆਂ, ਸਰੋਤਿਆਂ ਅਤੇ ਪ੍ਰਬੰਧਕਾਂ ਦੀ ਹਰੇਕ ਅਦਾ ਨੂੰ ‘ਇਲੀਟ ਟੱਚ’ ਨੇ ਇੱਕ ਵੱਖਰੇ ਜਿਹੇ ਰੰਗ ਵਿੱਚ ਰੰਗਿਆ ਹੋਇਆ ਸੀ। ਕੁਝ ਸਮਾਂ ਤਾਂ ਆਪਣਾ ਆਪਾ ਸਿੱਧੜ ਜਿਹਾ ਮਹਿਸੂਸ ਹੁੰਦਾ ਰਿਹਾ ਪਰ ਫਿਰ ਹੌਲੀ ਹੌਲੀ ਮਨ ਨੇ ਹੌਸਲਾ ਫੜ ਲਿਆ। ਤੁਲਨਾ ਕਰ ਕੇ ਵੇਖਿਆ ਕਿ ਜੇ ਇਨ੍ਹਾਂ ਲੋਕਾਂ ਕੋਲ ਅੰਗਰੇਜ਼ੀ ਲਹਿਜ਼ੇ ਵਾਲੀ ਸਨੌਬਰੀ (ਵਿਖਾਵਾ) ਸੀ ਤਾਂ ਆਪਣੇ ਕੋਲ ਵੀ ਤੀਹ-ਪੈਂਤੀ ਵਰ੍ਹਿਆਂ ਦੀ ਕਮਾਈ ਸਾਹਿਤਕ-ਸੂਝ ਦਾ ਖ਼ਜ਼ਾਨਾ ਸੀ, ਫਿਰ ਅਹਿਸਾਸ-ਏ-ਕਮਤਰੀ ਕਾਹਦੇ ਲਈ?
ਸੁਖਵਿੰਦਰ ਭਾਵੇਂ ਅਜਿਹੇ ਫੈਸਟੀਵਲ ਵਿੱਚ ਪਹਿਲੀ ਵਾਰ ਸ਼ਾਮਿਲ ਹੋਈ ਸੀ ਪਰ ਉਹ ਵੀ ਪੂਰੇ ਮਾਹੌਲ ਨੂੰ ਬੜੇ ਚਾਅ ਅਤੇ ਮਾਣ ਨਾਲ ਮਾਣ ਰਹੀ ਸੀ। ਸਾਹਿਤਕ ਗੱਲਬਾਤ ਤੋਂ ਇਲਾਵਾ ਇੱਥੇ ਹੋਰ ਵੀ ਤਾਂ ਬਥੇਰਾ ਕੁਝ ਸੀ ਵੇਖਣ-ਮਾਣਨ ਵਾਲਾ। ਅੱਧ ਅਕਤੂਬਰ ਦਾ ਸੁਹਾਵਾਂ ਮੌਸਮ, ਹਰੇ-ਭਰੇ ਪਹਾੜਾਂ ਦੀ ਮਨਮੋਹਕ ਸੁੰਦਰਤਾ, ਲਜ਼ੀਜ਼ ਖਾਣੇ-ਦਾਣੇ, ਸ਼ਾਨਦਾਰ ਕਲਾਕਾਰਾਂ, ਅਦੀਬਾਂ, ਅਫ਼ਸਰਸ਼ਾਹ ਮੋਹਤਬਰਾਂ ਦੀ ਸੋਹਬਤ ਅਤੇ ਨਿਰੰਤਰ ਹੋ ਰਹੀ ਸੱਜਰੇ ਵਿਚਾਰਾਂ ਦੀ ਬਾਰਸ਼, ਫਿਰ ਅਜਿਹੇ ਮਾਹੌਲ ਵਿੱਚ ਕਿਸ ਦਾ ਮਨ ਉਕਤਾਉਂਦਾ ਹੈ ਭਲ਼ਾ? ਸਾਡੇ ਲਈ ਤਾਂ ਇਹ ਕਿਸੇ ਸੁਪਨੇ ਦੇ ਸੱਚ ਹੋਣ ਵਰਗੀ ਗੱਲ ਸੀ। ਤਿੰਨ ਦਿਨਾਂ ਦੇ ਉਤਸਵ ਦੌਰਾਨ ਸ਼ਾਇਦ ਉਹ ਸਭ ਹਸਰਤਾਂ ਪੂਰੀਆਂ ਹੋ ਗਈਆਂ ਜਿਹੜੀਆਂ ਚਿਰੋਕੀਆਂ ਅਵਚੇਤਨ ਦੀ ਕਬਰ ਵਿੱਚ ਦੱਬੀਆਂ ਪਈਆਂ ਸਨ।
ਪਰ ਸੁਖਵਿੰਦਰ ਦੀ ਇੱਕ ਮੂੰਹ-ਜ਼ੋਰ ਹਸਰਤ ਅਜੇ ਅਧੂਰੀ ਸੀ ਜਿਸ ਨੂੰ ਪੂਰਾ ਕੀਤੇ ਬਿਨਾਂ ਕਸੌਲੀ ਦੀ ਯਾਤਰਾ ਬੇਮਾਅਨੀ ਰਹਿਣੀ ਸੀ। ਉਹ ਕਸੌਲੀ ਦੀਆਂ ਉਨ੍ਹਾਂ ਥਾਵਾਂ ਦੀ ‘ਪਰਿਕਰਮਾ’ ਕਰਨਾ ਲੋਚਦੀ ਸੀ ਜਿਹੜੀਆਂ ਉਸ ਦੇ ਮਨ-ਮੰਦਰ ਵਿੱਚ ਜਵਾਨੀ-ਪਹਿਰੇ ਦੀਆਂ ਸਿਮਰਤੀਆਂ ਬਣ ਕੇ ਉੱਕਰੀਆਂ ਹੋਈਆਂ ਸਨ। ਇੱਕ ਦਿਨ ਉਨ੍ਹਾਂ ਯਾਦਾਂ ਦੇ ਲੇਖੇ ਲਾਉਣਾ ਵੀ ਬਣਦਾ ਸੀ। ਕਸੌਲੀ ਦੀ ਇਕਲੌਤੀ ਮਾਰਕਿਟ ’ਚੋਂ ਹੇਠਾਂ ਵੱਲ ਉਤਰਦੇ ਅਸੀਂ ਉਹ ਇੱਕ ਇੱਕ ਚੀਜ਼ ਨਿਹਾਰਦੇ ਗਏ ਜਿਹੜੀ ਕਦੇ ਸਾਡੇ ਮਨ-ਮਸਤਕ ਦੇ ਕੈਮਰੇ ਨੇ ਕੈਦ ਕਰਕੇ ਹੁਣ ਤੱਕ ਖ਼ਜ਼ਾਨੇ ਵਾਂਗ ਸਾਂਭ ਰੱਖੀ ਸੀ। ਯਾਦਾਂ ਦਾ ਇਤਿਹਾਸ ਹੀ ਤਾਂ ਬੰਦੇ ਨੂੰ ਬੰਦਾ ਅਖਵਾਉਣ ਦਾ ਹੱਕਦਾਰ ਬਣਾਉਂਦਾ ਹੈ।
ਪਰੌਂਠੇ ਖਾਣ ਦੀ ਹੁਣ ਉਮਰ ਨਹੀਂ ਸੀ, ਇਸ ਲਈ ਆਨੰਦ ਢਾਬੇ ਤੋਂ ਸਿਰਫ਼ ਚਾਹ ਪੀ ਕੇ ਉਹੀ ‘ਫੀਲਿੰਗ’ ਲੈਣੀ ਚਾਹੀ। ਪਰ ਨਹੀਂ, ਉਹ ਤਾਂ ਸਭ ਕੁਝ ਬਦਲ ਗਿਆ ਸੀ, ਪਲਾਸਟਕ-ਨੁਮਾ ਕਾਗਜ਼ ਦੇ ਕੱਪ ਵਿੱਚ ਮਸ਼ੀਨੀ ਚਾਹ ਮਿਲੀ। ਆਮ ਜਿਹੀਆਂ ਦਿਸਦੀਆਂ ਦੁਕਾਨਾਂ ਨੇ ਹੁਣ ਕੁਝ ਕੁਝ ਇੱਕੀਵੀਂ ਸਦੀ ਦੀ ਸ਼ੋਅ-ਰੂਮਾਂ ਵਾਲੀ ਫੈਸ਼ਨਦਾਰ ਪੁਸ਼ਾਕ ਪਾ ਲਈ ਸੀ। ਲੱਕੜ ਦੇ ਸ਼ੋਅ-ਪੀਸਾਂ, ਖੂੰਡੀਆਂ, ਜਿਊਲਰੀ ਬੌਕਸਾਂ ਆਦਿ ਦੇ ਨਾਲ ਨਾਲ ਨਵੀਂ ਪੀੜ੍ਹੀ ਨੂੰ ਮੋਹਣ ਵਾਲਾ ਸਾਜ਼ੋ-ਸਾਮਾਨ ਹੇਅਰ ਬੈਂਡ, ਕੀ-ਰਿੰਗ, ਜਿਊਲਰੀ ਆਦਿ ਦੀ ਭਰਮਾਰ ਹੋ ਗਈ ਸੀ। ਪਰੌਂਠਿਆਂ, ਸਮੋਸਿਆਂ, ਬਰੈੱਡ-ਪਕੌੜਿਆਂ ਦੇ ਨਾਲ ਨਾਲ ਬਰਗਰ, ਪੀਜ਼ੇ, ਮਕਰੌਨੀ ਆਦਿ ਦੇ ਕੈਫ਼ੇ ਖੁੱਲ੍ਹ ਗਏ ਸਨ।
ਮਾਰਕਿਟ ਲੰਘ ਕੇ ਹੇਠਾਂ ਉਤਰਾਈ ਤੇ ਅਸੀਂ ਜਿਸ ਮਿੰਨੀ ਹੋਟਲ ਬਨਾਮ ਗੈਸਟ ਹਾਊਸ ਵਿੱਚ ਠਹਿਰਦੇ ਰਹੇ ਸਾਂ, ਉਹ ਹੁਣ ਬਹੁ-ਮੰਜ਼ਿਲਾ ਸ਼ਾਨਦਾਰ ਹੋਟਲ ਬਣ ਗਿਆ ਸੀ। ਨੇੜੇ ਹੀ ਦਿਸਦਾ ਪੋਸਟ ਆਫ਼ਿਸ ਤਾਂ ਉੱਥੇ ਹੀ ਸੀ, ਪਰ ਵਿਚਾਰਾ ਉਦਾਸਿਆ ਜਿਹਾ ਬੀਤੇ ਵਕਤਾਂ ਦੀ ਕਹਾਣੀ ਬਣ ਗਿਆ ਜਾਪਦਾ ਸੀ। ਨੇੜਲੇ ਮੰਦਿਰ ਵਿੱਚ ਰੌਣਕ ਸਗੋਂ ਪਹਿਲਾਂ ਨਾਲੋਂ ਵੀ ਵਧ ਗਈ ਲੱਗਦੀ ਸੀ। ਆਪਣੀ ਉਸ ਜਾਣੀ-ਪਛਾਣੀ ਸੜਕ-ਨੁਮਾ ਪਗਡੰਡੀ ਉੱਤੇ ਅੱਗੇ ਤੁਰਦੇ ਗਏ ਤਾਂ ਇੱਕ ਨਵੀਂ ਥਾਂ ਨਜ਼ਰੀਂ ਪਈ। ਪਹਾੜੀ ਦੀ ਕਿਨਾਰੀ ਉੱਤੇ ਕੁਝ ਥਾਂ ਪੱਧਰੀ ਕਰ ਕੇ, ਰੇਲਿੰਗ ਲਾ ਕੇ ਸੈਲਾਨੀਆਂ ਲਈ ਇੱਕ ਛੋਟਾ ਜਿਹਾ ‘ਸਾਈਟ-ਸੀਨ-ਸਪੌਟ’ ਬਣਾ ਦਿੱਤਾ ਗਿਆ ਸੀ, ਜਿੱਥੋਂ ਖੜ੍ਹ ਕੇ ਚੰਡੀਗੜ੍ਹ ਦਾ ਦ੍ਰਿਸ਼ ਨਜ਼ਰ ਆਉਂਦਾ ਸੀ। ਸੈਲਾਨੀ ਆਪਣੇ ਮੋਬਾਈਲ-ਕੈਮਰਿਆਂ ਨਾਲ ਧੜਾਧੜ ਫੋਟੋਆਂ ਖਿੱਚ ਰਹੇ ਸਨ, ਜਿਵੇਂ ਕਸੌਲੀ ਦਾ ਹਰੇਕ ਨਿੱਕਾ-ਮੋਟਾ ਵੇਰਵਾ ਆਪਣੇ ਨਾਲ ਹੂੰਝ ਕੇ ਘਰ ਲੈ ਜਾਣਾ ਹੋਵੇ।
ਬਹੁਤ ਕੁਝ ਅਜੇ ਉਵੇਂ ਵੀ ਸੀ ਜਿਵੇਂ ਕਰੀਬ ਤਿੰਨ ਦਹਾਕੇ ਪਹਿਲਾਂ ਹੁੰਦਾ ਸੀ, ਜਿਵੇਂ ਤੇਜ਼ ਹਵਾ ਵਿੱਚ ਰੁੱਖਾਂ ਦੀ ਉਹੀ ਪੁਰਸਕੂਨ ਸਾਂ ਸਾਂ, ਛੱਤਾਂ, ਰੁੱਖਾਂ ਉੱਤੇ ਅਠਖੇਲੀਆਂ ਕਰਦੀ ਬਾਂਦਰ-ਸੈਨਾ, ਹੇਠਾਂ ਘਾਟੀ ਵੱਲ ਨੂੰ ਡੰਡੀਓ-ਡੰਡੀ ਸਕੂਲ ਜਾਂਦੇ ਟਾਵੇਂ ਟਾਵੇਂ ਗਰੀਬੜੇ ਜਿਹੇ ਬੱਚੇ, ਫ਼ਿਕਰਾਂ ਦੀ ਪੰਡ ਚੁੱਕੀ ਧੀਮੀ ਚਾਲ ਤੁਰਦੀਆਂ ਜਾਂਦੀਆਂ ਪਹਾੜਨਾਂ ਆਦਿ।
ਪੁਰਾਣੀਆਂ ਥਾਵਾਂ ਤੇ ਲੋਕ ਵੇਖ ਕੇ ਮਨ ਵਿੱਚ ਖ਼ੁਸ਼ੀ ਅਤੇ ਉਦਾਸੀ ਦੇ ਰਲ਼ੇ-ਮਿਲ਼ੇ ਅਹਿਸਾਸਾਂ ਦੀ ਇੱਕ ਘੜਮੱਸ ਜਿਹੀ ਮੱਚ ਗਈ। ਵਾਪਸ ਆਪਣੇ ਨਵੇਂ ‘ਇਲੀਟ’ ਟਿਕਾਣੇ ਵੱਲ ਮੁੜਦਿਆਂ ਵਾਰ ਵਾਰ ਇਹ ਖ਼ਿਆਲ ਆਉਂਦਾ ਰਿਹਾ ਕਿ ਜਿੰਨਾ ਅਸੀਂ ਬਦਲ ਗਏ ਸਾਂ, ਹੁਣ ਕਸੌਲੀ ਪਤਾ ਨਹੀਂ ਪਹਿਲਾਂ ਵਾਂਗ ਸਾਡੇ ਲਈ ਮਲਿਕਾ-ਏ-ਹੁਸਨ ਰਹੇ ਕਿ ਨਾ ਰਹੇ।

Advertisement

Advertisement
Author Image

Advertisement