ਸਾਡਾ ਸਮੂਹ ਨੇਮਾਂ ਦੀ ਪਾਲਣਾ ਲਈ ਵਚਨਬੱਧ: ਅਡਾਨੀ
ਜੈਪੁਰ, 30 ਨਵੰਬਰ
ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਅਮਰੀਕਾ ਵਿੱਚ ਹਾਲ ’ਚ ਲੱਗੇ ਦੋਸ਼ਾਂ ਦੇ ਜਵਾਬ ਵਿੱਚ ਅੱਜ ਕਿਹਾ ਕਿ ਉਨ੍ਹਾਂ ਦਾ ਸਮੂਹ ਨੇਮਾਂ ਦੀ ਪਾਲਣਾ ਲਈ ਵਚਨਬੱਧ ਹੈ ਅਤੇ ਹਰੇਕ ਹਮਲਾ ਉਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ।
ਇੱਥੇ 51ਵੇਂ ਰਤਨ ਤੇ ਗਹਿਣੇ ਪੁਰਸਕਾਰ ਸਮਾਰੋਹ ਨੂੰ ਸੰਬੋਧਨ ਕਰਦਿਆਂ ਗੌਤਮ ਅਡਾਨੀ ਨੇ ਕਿਹਾ, ‘‘ਦੋ ਹਫ਼ਤੇ ਤੋਂ ਘੱਟ ਸਮੇਂ ਪਹਿਲਾਂ, ਸਾਨੂੰ ਅਮਰੀਕਾ ਵੱਲੋਂ ਨੇਮਾਂ ਦੀ ਪਾਲਣਾ ਨਾ ਕੀਤੇ ਜਾਣ ਸਬੰਧੀ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਨੂੰ ਅਜਿਹੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਮੈਂ ਤੁਹਾਨੂੰ ਸਿਰਫ਼ ਐਨਾ ਹੀ ਕਹਿ ਸਕਦਾ ਹਾਂ ਕਿ ਹਰੇਕ ਹਮਲਾ ਸਾਨੂੰ ਮਜ਼ਬੂਤ ਬਣਾਉਂਦਾ ਹੈ।’’
ਉਨ੍ਹਾਂ ਕਿਹਾ, ‘‘ਸੱਚ ਇਹ ਹੈ ਕਿ ਸੌੜੇ ਹਿੱਤਾਂ ਵਾਲੀ ਰਿਪੋਰਟਿੰਗ ਦੇ ਬਾਵਜੂਦ, ਅਡਾਨੀ ਸਮੂਹ ਦੇ ਕਿਸੇ ਵਿਅਕਤੀ ’ਤੇ ਨੇਮਾਂ ਦੀ ਉਲੰਘਣਾ ਜਾਂ ਨਿਆਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਹੇਠ ਕੋਈ ਕਾਰਵਾਈ ਨਹੀਂ ਹੋਈ। ਹਾਂ, ਅੱਜ ਦੀ ਦੁਨੀਆ ਵਿੱਚ ਨਕਾਰਾਤਮਕਤਾ, ਸੱਚ ਨਾਲੋਂ ਵਧੇਰੇ ਤੇਜ਼ੀ ਨਾਲ ਫੈਲਦੀ ਹੈ। ਕਿਉਂਕਿ ਅਸੀਂ ਕਾਨੂੰਨੀ ਤਰੀਕੇ ਨਾਲ ਕੰਮ ਕਰਦੇ ਹਾਂ, ਮੈਂ ਨੇਮਾਂ ਦੀ ਪਾਲਣਾ ਸਬੰਧੀ ਆਪਣੀ ਵਚਨਬੱਧਤਾ ਮੁੜ ਤੋਂ ਦੁਹਰਾਉਣਾ ਚਾਹੁੰਦਾ ਹਾਂ।’’ -ਪੀਟੀਆਈ