ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਡਾ ਬਦਲ ਚੱਲਿਆ ਸਿਰਨਾਵਾਂ

08:52 AM Aug 17, 2023 IST

ਲੋਕਨਾਥ ਸ਼ਰਮਾ

ਯਕੀਨਨ ਆਧੁਨਿਕੀਕਰਨ, ਬਿਜਲੀਕਰਨ, ਮਸ਼ੀਨੀਕਰਨ ਤੇ ਮੋਬਾਇਲੀਕਰਨ ਨੇ ਦੁਨੀਆ ਦੀ ਕਾਰਜ ਪ੍ਰਣਾਲੀ, ਰਹਿਣ-ਸਹਿਣ ਤੇ ਕਹਿਣ-ਸੁਣਨ ਦੇ ਤੌਰ ਤਰੀਕਿਆਂ ਵਿੱਚ ਹੈਰਾਨਕੁੰਨ ਤਬਦੀਲੀ ਲੈ ਆਂਦੀ ਹੈ। ਅਜੋਕੇ ਦੌਰ ਨੇ ਪ੍ਰਾਚੀਨ ਦੌਰ ਨੂੰ ਬੇਹੱਦ ਪਿੱਛੇ ਛੱਡ ਦਿੱਤਾ ਹੈ। ਜੀਵਨ ਹਰ ਦ੍ਰਿਸ਼ ਵਿੱਚ ਭਾਵੇਂ ਬੋਲ ਬਾਣੀ ਹੈ, ਭਾਵੇਂ ਖਾਣ-ਪੀਣ ਹੈ, ਭਾਵੇਂ ਪਹਿਰਾਵਾ ਹੈ, ਸਿਆਣਿਆਂ ਦਾ ਮੂੰਹ ਇਹ ਕਹਿ ਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਕਿਹੜੇ ਯੁੱਗ ਦੀ ਗੱਲ ਕਰਦੇ ਹੋ, ਆਪਣੇ ਵੇਲੇ ਦੀਆਂ ਗੱਲਾਂ ਛੱਡੋ ਜ਼ਮਾਨਾ ਬਦਲ ਗਿਆ ਹੈ। ‘ਬਾਬਾ ਰਾਹੀਂ ਲਾਂਭੇ ਹੋ ਜਾਹ, ਜਾਂ ਨਵਿਆਂ ਦੇ ਨਾਲ ਖਲੋ ਜਾਹ...’। ਮੰਨਿਆ, ਸਮੇਂ ਤੇ ਸਥਾਨ ਦੀ ਦੂਰੀ ਵੀ ਲਗਪਗ ਖ਼ਤਮ ਹੋ ਗਈ ਹੈ। ਲੱਖ ਵੀਡੀਓ ਕਾਲਾਂ ਕਰੋ, ਚਿੱਠੀ-ਪੱਤਰ ਤੇ ਨਿੱਜੀ ਮੁਲਾਕਾਤ ਦੀ ਅਹਿਮੀਅਤ ਅੱਜ ਵੀ ਬਰਕਰਾਰ ਹੈ। ਦੋਵਾਂ ਕੰਮਾਂ ਖ਼ਾਤਰ ਸਿਰਨਾਵਾਂ ਚਾਹੀਦਾ ਹੈ ਜਿਸ ਨੂੰ ਅੰਗਰੇਜ਼ੀ ’ਚ ਅਡਰੈੱਸ ਕਹਿੰਦੇ ਨੇ।
ਜੇ ਹੱਸਦੇ, ਨੱਚਦੇ-ਟੱਪਦੇ ਚਿਹਰਿਆਂ ਨੂੰ ਨੇੜੇ ਤੋਂ ਦੇਖਣਾ ਹੋਵੇ ਜਾਂ ਚਿੱਠੀ ਪੱਤਰੀ ਕਰਨੀ ਹੋਵੇ ਤਾਂ ਸਿਰ ਤੇ ਸਿਰਨਾਵੇਂ ਕਾਇਮ ਰਹਿਣੇ ਚਾਹੀਦੇ ਹਨ। ਪਿੰਡਾਂ ਵਿੱਚ ਤਾਂ ਅੱਜ ਵੀ ਸਦੀਆਂ ਪੁਰਾਣੀਆਂ ਅੱਲਾਂ ਜਿਉਂ ਦੀਆਂ ਤਿਉਂ ਚਲੀਆਂ ਆ ਰਹੀਆਂ ਹਨ, ਉੱਚੇ ਘਰ ਵਾਲੇ ਘੋੜਿਆਂ ਵਾਲੇ, ਪੱਕੇ ਘਰ ਵਾਲੇ, ਵਕੀਲਾਂ ਦੇ, ਅਮਲੀਆਂ ਦੇ, ਮਾਸਟਰਾਂ ਦੇ ਆਦਿ ਸਿਰਨਾਵੇਂ ਘਰ ਲਭਾਉਣ ਵਿੱਚ ਦੇਰੀ ਨਹੀਂ ਲੱਗਣ ਦਿੰਦੇ। ਬੇਸ਼ੱਕ ਗਲੀਆਂ, ਮੁਹੱਲਿਆਂ ਦੇ ਨਾਮ ਕਿਸੇ ਵਿਸ਼ੇਸ਼ ਪ੍ਰਾਪਤੀ ਜਾਂ ਸ਼ਹੀਦੀ ਕਰਕੇ ਬਦਲ ਦਿੱਤੇ ਜਾਂਦੇ ਹਨ। ਜੇਕਰ ਕਿਸੇ ਗਲੀ-ਮੁਹੱਲੇ ਦਾ ਨਾਉਂ ਬਿਨਾਂ ਜਨਤਕ ਮੰਗ ਤੋਂ ਅਤੇ ਗ਼ੈਰ-ਵਾਜਬ, ਗ਼ੈਰਜ਼ਰੂਰੀ, ਗ਼ੈਰ-ਕੁਦਰਤੀ ਤੇ ਅਣ-ਇੱਛਤ ਕਾਰਨਾਂ ਦੀ ਹਾਜ਼ਰੀ ਵਿੱਚ ਨਾਮ ’ਚ ਤਬਦੀਲੀ ਆਵੇ ਜਾਂ ਲਿਆਂਦੀ ਜਾਵੇ ਤਾਂ ਸਥਿਤੀ, ਸ਼ਰਮਨਾਕ, ਅਫ਼ਸੋਸਨਾਕ ਤੇ ਹਾਸੋਹੀਣੀ ਸਾਬਿਤ ਹੋਵੇਗੀ।
ਜੇ ਸੜਕ ਦਾ ਹਲਫੀਆ ਬਿਆਨ ਲੈਣਾ ਹੋਵੇ ਤਾਂ ਉਸ ਦਾ ਬਿਆਨ ਇਹ ਹੋਵੇਗਾ ਕਿ ਉਹ ਪੰਜਾਬ ਦੇ ਜਾਣੇ-ਪਛਾਣੇ ਸ਼ਹਿਰ ਖੰਨਾ ਦਾ ਹਿੱਸਾ ਹੈ ਜਿਸ ਦਾ ਅੱਖਰੀ ਅਰਥ ਭਾਵੇਂ ਛੋਟਾ, ਖੰਡ, ਥੋੜ੍ਹਾ, ਟੁਕੜਾ, ਜ਼ਰਾ ਕੁ ਜਾਂ ਨਿੱਕਾ ਜਿਹਾ ਹੈ, ਪਰ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੋਣ ਤੋਂ ਇਲਾਵਾ, ਧਾਰਮਿਕ, ਰਾਜਨੀਤਿਕ, ਵਪਾਰਕ ਅਤੇ ਵਿੱਦਿਅਕ ਖੇਤਰ ਵਿੱਚ ਖੰਨਾ ਸ਼ਹਿਰ ਦਾ ਕੱਦ ਬਹੁਤ ਉੱਚਾ ਹੈ। ਲਲਹੇੜੀ ਰੋਡ ਪੁਲ ਪਾਰ ਕਰ ਕੇ ਨੰਦੀ ਕਾਲੋਨੀ ਦੇ ਨਾਲ ਲੱਗਦੀ ਕਲੋਨੀ ਗੁਰੂ ਤੇਗ ਬਹਾਦਰ ਨਗਰ ਦੇ ਨਾਲ ਜਾਣੀ ਜਾਂਦੀ ਹੈ। ਸਾਰਾ ਏਰੀਆ ਸੀਵਰੇਜ ਦੇ ਪੱਖ ਤੋਂ ਨਾ ਜਿਊਂਦਿਆਂ ਵਿੱਚ ਹੈ ਨਾ ਮਰਿਆਂ ਵਿੱਚ। ਜਦੋਂ ਕਦੇ ਮੀਂਹ ਆ ਜਾਵੇ ਤਾਂ ਹਾਲਾਤ ਬਦ ਤੋਂ ਬਦਤਰ ਹੋ ਜਾਂਦੇ ਹਨ। ਆਂਡੇ ਕਿਤੇ ਹੁੰਦੇ ਹਨ ਅਤੇ ਕੁੜ-ਕੁੜ ਕਿਤੇ ਹੋਰ ਹੁੰਦੀ ਹੈ। ਰਾਹਗੀਰ ਸੀਵਰੇਜ ਸਿਸਟਮ ਦੀ ਦੁਰਦਸ਼ਾ ਦੇਖ ਕੇ ਨੰਦੀ ਕਾਲੋਨੀ ਨੂੰ ਨਦੀ ਕਾਲੋਨੀ, ਨਹਿਰ ਕਾਲੋਨੀ ਤਾਂ ਕਹਿੰਦੇ ਹਨ, ਪਰ ਮੂੰਹ ’ਤੇ ਗੰਦੀ ਕਾਲੋਨੀ ਕਹਿਣ ਤੋਂ ਗੁਰੇਜ ਕਰਦੇ ਹਨ।
ਗੋਦਾਮ ਰੋਡ ਦੇ ਸੱਜੇ-ਖੱਬੇ ਗਲੀਆਂ ਪੱਕੀਆਂ ਕਰਨ ਦੀ ਕਹਾਣੀ ਜੇਕਰ ਨਵੀਂ ਨਹੀਂ ਤਾਂ ਬਹੁਤੀ ਪੁਰਾਣੀ ਵੀ ਨਹੀਂ ਹੈ। ਦੋ ਢਾਈ ਸੌ ਬੰਦਿਆਂ ਦੇ ਕਾਫ਼ਲੇ ਨਾਲ ਗਲੀਆਂ ਪੱਕੀਆਂ ਕਰਨ ਦਾ ਮਹੂਰਤ ਕੀਤਾ ਗਿਆ। ਖੁਸ਼ਕਿਸਮਤੀ ਨੂੰ ਕਲੀ ਦੇ ਵੱਡੇ ਛਿੜਕਾਉ ਨਾਲ ਤੀਰ ਦੇ ਨਿਸ਼ਾਨ ਤਾਂ ਸਾਡੀ ਗਲੀ ’ਤੇ ਵੀ ਲਾਏ ਗਏ ਸਨ, ਪਰ ਅਫ਼ਸੋਸ ਊਠ ਦਾ ਬੁੱਲ੍ਹ ਅਜੇ ਵੀ ਲਟਕ ਰਿਹਾ ਹੈ। ਇੱਕ ਵਾਰ ਨਹੀਂ, ਅਨੇਕਾਂ ਵਾਰ ਪੁੱਛ ਚੁੱਕੇ ਹਾਂ ਕਾਰਨ ਨਾਮਾਲੂਮ ਹੈ। ਟ੍ਰਾਂਸਫਰਮਰ ਵਾਲੀ ਇਹ ਗਲੀ ਮਾਸਟਰਾਂ ਦੀ ਗਲੀ ਅਖਵਾਉਂਦੀ ਹੈ ਕਿਉਂਕਿ 14 ਵਿੱਚੋਂ 7 ਪਰਿਵਾਰ ਸਿੱਖਿਆ ਜਗਤ ਨਾਲ ਸਬੰਧ ਰੱਖਦੇ ਹਨ। ਰਹਿਣ ਵਾਲੇ ਨੈਸ਼ਨਲ ਐਵਾਰਡੀ, ਸਟੇਟ ਐਵਾਰਡੀ ਅਤੇ ਆਮਦਨ ਕਰ ਵਿਭਾਗ ਦੇ ਆਹਲਾ ਅਧਿਕਾਰੀ ਹਨ। ਕਮੇਟੀ ਇੱਕ ਹੈ, ਪ੍ਰਧਾਨ ਤੇ ਬਜਟ ਇੱਕ ਹੈ, ਫਿਰ ਸਾਡੇ ਨਾਲ ਮਤਰੇਈ ਮਾਂ ਵਾਲਾ ਵਿਹਾਰ ਕਿਉਂ? ਸਾਡੇ ਵਾਲੀ ਕਤਾਰ ਵਿੱਚ ਲਗਾਤਾਰ ਵੀਹ-ਪੱਚੀ ਗਲੀਆਂ ਪੱਕੀਆਂ, ਜਵਾਬ ਦਿਓ? ਵਿਚਕਾਰ ਕੇਵਲ ਸਾਡੀ ਗਲੀ ਕੱਚੀ ਕਿਉਂ? ਕਾਣੀ ਮੱਝ ਵਾਂਗ ਝਾਕਦੀ ਹੈ, ਇਹ ਉਦਾਸ ਨਿਵਾਸ ਤੇ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ।
ਮੁਹੱਲੇ ਦੇ ਸੰਗੀ-ਸਾਥੀ ਪੁੱਛਦੇ ਨੇ, ਸ਼ਰਮਾ ਜੀ ਕੀ ਗੱਲ? ਮੈਨੂੰ ਬੜੀ ਸ਼ਰਮਿੰਦਗੀ ਦਾ ਅਹਿਸਾਸ ਹੁੰਦਾ ਹੈ। ਸਵਾਲ ਇੱਕੋ, ਗਲੀ ਦਾ ਨੰਬਰ ਕਦੋਂ ਲੱਗਾ? ਮੈਂ ਕਿਹੜਾ ਸਰਪੰਚ, ਨੰਬਰਦਾਰ ਜਾਂ ਇੰਸਪੈਕਟਰ ਲੱਗਿਆ ਹਾਂ। ਸਿਆਣੇ ਬੰਦੇ ਇਕੱਠੇ ਹੋ ਕੇ ਵਿਚਾਰਾਂ ਕਰਦੇ ਹਨ ਕਿ ਐਦਾਂ ਕਦੇ ਨਹੀਂ ਹੁੰਦਾ, ਇਹ ਤਾਂ ਜਾਣਬੁੱਝ ਕੇ ਕੀਤਾ ਹੈ ਜਾਂ ਇਸ ਗਲੀ ਦੇ ਪੈਸੇ ਕਿਸੇ ਹੋਰ ਗਲੀ ’ਚ ਲਗਾ ਦਿੱਤੇ ਹੋਣਗੇ। ਰੱਬ ਹੀ ਜਾਣੇ, ਇਸ ਬੇਰੁਖ਼ੀ ਤੇ ਲਾਪਰਵਾਹੀ ਦਾ ਕਾਰਨ ਰਾਜਨੀਤੀਕਰਨ ਹੈ, ਨਿੱਜੀਕਰਨ ਹੋ ਜਾਂ ਵੋਟਿੰਗੀਕਰਨ ਹੈ? ਮਾਮਲਾ ਗੜਬੜ ਹੈ, ਸਮਝ ਤੋਂ ਬਾਹਰ ਹੈ।
ਉਸ ਵੇਲੇ ਮੇਰੀ ਹੈਰਾਨੀ-ਪਰੇਸ਼ਾਨੀ ਦੀ ਕੋਈ ਹੱਦ ਨਾ ਰਹੀ। ਮੇਰਾ ਸਿਰ ਚਕਰਾ ਗਿਆ ਤੇ ਦਿਲ ਘਬਰਾ ਗਿਆ, ਜਦੋਂ ਮੇਰਾ ਭਤੀਜਾ ਬਲਰਾਮ ਫੋਨ ’ਤੇ ਬੀ.ਐਮ. ਰਾਕੇਸ਼ ਕੁਮਾਰ ਦੇ ਦੋਸਤ ਨੂੰ ਸਾਡੇ ਘਰ ਦਾ ਪਤਾ ਇਸ ਤਰ੍ਹਾਂ ਸਮਝਾ ਰਿਹਾ ਸੀ ਕਿ ਲਲਹੇੜੀ ਰੋਡ ਤੋਂ ਗੋਦਾਮ ਰੋਡ ਨੂੰ ਮੁੜ ਕੇ ਸੱਜੇ ਪਾਸੇ ਦੇਖਦੇ ਜਾਇਓ। ਬੱਸ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਜਿਹੜੀ ਗਲੀ ਕੱਚੀ ਨਜ਼ਰ ਆਵੇ, ਸਮਝੋ, ਸ਼ਰਮਾ ਜੀ ਦੀ ਗਲੀ ਆ ਗਈ। ਮੈਂ ਸੋਚੀਂ ਪੈ ਗਿਆ ਕਿ ਓਹੀ ਘਰ, ਓਹੀ ਦਰ, ਓਹੀ ਮੁਹੱਲਾ, ਹੁਣ ਅਸੀਂ ਕੌਣ ਹੋ ਗਏ। ਪਰ ਘਰ ਦਾ ਪਤਾ ਸਮਝਾਉਣ ਦੇ ਆਸਾਨ ਤੋਂ ਆਸਾਨ ਢੰਗ ਦੱਸਣ ਕਰਕੇ ਮੈਂ ਦਿਲ ਵਿੱਚ ਬਲਰਾਮ ਦੀ ਦਾਨਸ਼ਮੰਦੀ ਦੀ ਦਾਦ ਦੇਣ ਲੱਗਾ। ਰੱਬ ਕਰੇ, ਸਾਡੀ ਗਲੀ ਵੀ ਛੇਤੀ ਤੋਂ ਛੇਤੀ ਬਣ ਜਾਵੇ। ਕਿਤੇ ਸਾਰੇ ਸ਼ਹਿਰ ਵਾਲੇ ਸਾਡੀ ਅੱਲ ਕੱਚੀ ਗਲੀ ਵਾਲੇ ਹੀ ਨਾ ਪਾ ਲੈਣ ਅਤੇ ਸਾਡਾ ਸਿਰਨਾਵਾਂ ਹੀ ਬਦਲ ਦੇਣ।
ਨਹੀਂ, ਨਹੀਂ, ਬਿਲਕੁਲ ਨਹੀਂ, ਅਸੀਂ ਨਹੀਂ ਬਦਲਣ ਦੇਣਾ ਆਪਣਾ ਪੁਰਾਣਾ ਸਿਰਨਾਵਾਂ। ਉਮੀਦ ਹੈ ਕਿ ਛੇਤੀ ਹੀ ਸਾਡੀ ਕੱਚੀ ਗਲੀ ਪੱਕੀ ਗਲੀ ਬਣ ਜਾਵੇਗੀ, ਆਮੀਨ।
ਸੰਪਰਕ: 94171-76877

Advertisement

Advertisement