ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਡੇ ਬੇਰ...

06:15 AM Jul 25, 2024 IST

ਡਾ. ਅਪਮਿੰਦਰ ਪਾਲ ਸਿੰਘ ਬਰਾੜ

Advertisement

ਪੰਤਾਲ਼ੀ ਕੁ ਸਾਲ ਹੋ ਗਏ ਹੋਣੇ ਇਸ ਗੱਲ ਨੂੰ; ਪੰਜਵੀਂ ਜਾਂ ਛੇਵੀਂ ’ਚ ਹੋਵਾਂਗਾ ਸ਼ਾਇਦ। ਬਰਾਨੀ ਰੇਤਲੀਆਂ ਪੈਲ਼ੀਆਂ ’ਚ ਰੁੱਤ ਦੇ ਹਿਸਾਬ ਨਾਲ ਕਿਤੇ-ਕਿਤੇ ਗੁਆਰਾ, ਛੋਲੇ, ਛੋਟੇ-ਛੋਟੇ ਸਿੱਟਿਆਂ ਵਾਲ਼ੀ ਵਿਰਲੀ-ਵਿਰਲੀ ਕਣਕ ਜਾਂ ਬਾਜਰਾ ਅਤੇ ਨਿੱਕੇ-ਨਿੱਕੇ ਟੀਂਡਿਆਂ ਵਾਲ਼ੀ ਕਪਾਹ ਪਾਣੀ ਖੁਣੋਂ ਉਦਾਸ ਖੜ੍ਹੇ ਹੁੰਦੇ। ਕਿਤੇ-ਕਿਤੇ ਖੜ੍ਹੀਆਂ ਕਿੱਕਰਾਂ, ਟਾਹਲੀਆਂ, ਕਰੀਰ ਅਤੇ ਬੇਰੀਆਂ ਗਰਮੀਆਂ ਵਿੱਚ ਖੇਤੀਂ ਕੰਮ ਕਰਦੇ ਕਾਮਿਆਂ ਨੂੰ ਧੁੱਪ ਤੋਂ ਪਲ ਛਿਣ ਦਮ ਲੈਣ ਲਈ ਅਹਿਲ ਖੜ੍ਹੇ ਦਿਸਦੇ। ਠੰਢ ਬੀਤਦੇ-ਬੀਤਦੇ ਬੇਰੀਆਂ ਬੇਰਾਂ ਨਾਲ ਲੱਦੀਆਂ ਜਾਂਦੀਆਂ ਤੇ ਅਸੀਂ ਸੋਟੀਆਂ ਚਲਾਉਂਦੇ ਵੱਧ ਤੋਂ ਵੱਧ ਬੇਰ ਜ਼ਮੀਨ ’ਤੇ ਡੇਗਣ ਦੀ ਕੋਸ਼ਿਸ਼ ਕਰਦੇ।
ਅਗਲੇ ਦਿਨ ਸਵੇਰ ਵੇਲੇ ਖੇਤ ਜਾਣਾ ਤਾਂ ਜ਼ਮੀਨ ਸੂਹੇ ਬੇਰਾਂ ਨਾਲ਼ ਭਰੀ ਹੁੰਦੀ। ਕਦੇ ਬੇਰੀ ’ਤੇ ਲੱਗੇ ਬੇਰਾਂ ਵੱਲ ਦੇਖਣਾ ਤੇ ਕਦੇ ਜ਼ਮੀਨ ’ਤੇ ਪਏ ਬੇਰਾਂ ਵੱਲ। ਬੇਰਾਂ ਦੀ ਝੋਲ਼ੀ ਭਰ ਕੇ ਜਦੋਂ ਘਰ ਮੁੜਨਾ ਤਾਂ ਮਾਣ ਨਾਲ਼ ਦਾਦੀ ਜਿਹਨੂੰ ਮੈਂ ਮਾਂ ਕਹਿੰਦਾ ਸੀ, ਨੂੰ ਬੇਰ ਦਿਖਾਉਂਦਾ ਹੋਇਆ ਕਹਿੰਦਾ, “ਮਾਂ ਆਹ ਦੇਖ, ਆਪਣੇ ਖੂਹਾਂ ਵਾਲ਼ੇ ਖੇਤ ਦੀ ਬੇਰੀ ਦੇ ਬੇਰ, ਬੇਰੀ ਥੱਲਿਓਂ ਚੁਗ ਕੇ ਲਿਆਇਆਂ।” ਉਹਨੇ ਆਪਣੇ ਕੰਮ ਵਿੱਚ ਰੁੱਝੀ ਹੋਈ ਨੇ ਇਕ ਵਾਰ ਮੁੜ ਕੇ ਮੇਰੀ ਝੋਲ਼ੀ ਵੱਲ ਦੇਖਣਾ ਤੇ ਕਹਿਣਾ, “ਖਾ ਲੈ ਮੇਰਾ ਪੁੱਤ।”
ਘਰ ਦੀਆਂ ਮੱਝਾਂ ਤੇ ਕੱਟੇ-ਕੱਟੀਆਂ ਨੂੰ ਸੁਬ੍ਹਾ-ਸਵੇਰੇ ਛੱਪੜ ’ਤੇ ਪਾਣੀ ਪਿਲਾਉਣ ਲਿਜਾਣ ਦੀ ਜਿ਼ੰਮੇਵਾਰੀ ਮੇਰੀ ਹੁੰਦੀ। ਉਨ੍ਹੀਂ ਦਿਨੀਂ ਪਾਣੀ ਦੀ ਥੁੜ੍ਹ ਹੁੰਦੀ ਸੀ। ਪਿੰਡ ਦੀ ਫਿਰਨੀ ’ਤੇ ਹੱਥ ਨਾਲ ਗੇੜਨ ਵਾਲ਼ੇ ਇਕ ਦੋ ਨਲ਼ਕੇ ਸਨ ਜਿੱਥੋਂ ਪਿੰਡ ਦੀਆਂ ਜ਼ਨਾਨੀਆਂ ਤੌੜਿਆਂ ਨਾਲ ਘਰ ਵਰਤਣ ਵਾਲ਼ਾ ਪਾਣੀ ਭਰ ਕੇ ਲਿਆਉਂਦੀਆਂ। ਕੱਪੜੇ ਉਹ ਪਿੰਡ ਨੇੜੇ ਵਗਦੀ ਕੱਸੀ ਜਾਂ ਛੱਪੜ ’ਤੇ ਧੋ ਲੈਂਦੀਆਂ। ਪਸ਼ੂਆਂ ਦੇ ਪਾਣੀ ਪੀਣ ਅਤੇ ਗਰਮੀਆਂ ‘ਚ ਨਹਾਉਣ ਦਾ ਸਾਧਨ ਸਿਰਫ ਪਿੰਡ ਦੇ ਛੱਪੜ ਹੀ ਹੁੰਦੇ ਸਨ।
ਇਕ ਵਾਰ ਇਸੇ ਤਰ੍ਹਾਂ ਮੁੜਦੇ-ਮੁੜਦੇ ਜਦੋਂ ਕਣਕਾਂ ਹਰੀਆਂ ਤੋਂ ਸੁਨਿਹਰੀ ਹੋ ਰਹੀਆਂ ਸਨ, ਬੇਰਾਂ ਦੀ ਝੋਲ਼ੀ ਭਰੀ ਘਰ ਮੁੜਦਾ ਸੋਚ ਰਿਹਾ ਸੀ ਕਿ ਬੇਰ ਆਪੇ ਜ਼ਮੀਨ ’ਤੇ ਕਿਵੇਂ ਡਿੱਗ ਪੈਂਦੇ। ਉਸ ਦਿਨ ਮੁੜਦੇ-ਮੁੜਦੇ ਮੈਨੂੰ ਕੁਝ ਜ਼ਿਆਦਾ ਹੀ ਸਮਾਂ ਲੱਗ ਗਿਆ ਅਤੇ ਸੂਰਜ ਕਾਫੀ ਉਪਰ ਚੜ੍ਹ ਆਇਆ ਸੀ ਪਰ ਮੇਰੀਆਂ ਸੋਚਾਂ ਵਿੱਚੋਂ ਇਹ ਗੱਲ ਨਹੀਂ ਜਾ ਰਹੀ ਸੀ ਕਿ ਬੇਰ ਜ਼ਮੀਨ ’ਤੇ ਆਪੇ ਕਿਵੇਂ ਡਿੱਗ ਪੈਂਦੇ। ਘਰੇ ਵੜਦਿਆਂ ਹੀ ਮਾਂ ਟੁੱਟ ਕੇ ਪੈ ਗਈ, “ਜਾਏ ਖਾਣਿਆਂ, ਕਿੱਥੇ ਧੱਕੇ ਖਾਣ ਗਿਆ ਸੀ, ਮੱਝਾਂ ਤਿਹਾਈਆਂ ਸੰਗਲ ਤੜਾਈ ਜਾਂਦੀਐਂ... ਲੈ ਕੇ ਜਾ ਹੁਣੇ ਆਵਦੀਆਂ ਮਾਵਾਂ ਨੂੰ।” ਉਹਨੂੰ ਦੁੱਧ ਨਾਲ਼ ਟੱਬਰ ਪਾਲ਼ਦੀਆਂ ਤਿਹਾਈਆਂ ਮੱਝਾਂ ਸਦਕਾ ਆਏ ਗੁੱਸੇ ਕਾਰਨ ਮੈਂ ਛੇਤੀ-ਛੇਤੀ ਸੰਗਲ ਲਾਹ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਬਣੇ ਛੱਪੜ ’ਚ ਜਾ ਵਾੜਿਆ ਅਤੇ ਕੁੜਤਾ ਉਤਾਰ ਕੇ ਉੱਥੇ ਪਹਿਲਾਂ ਹੀ ਤਾਰੀਆਂ ਲਾਉਂਦੇ ਹਾਣੀਆਂ ਨਾਲ਼ ਛੱਪੜ ਵਿੱਚ ਜਾ ਰਲ਼ਿਆ। ਬੇਰ ਭੁੰਝੇ ਡਿੱਗਣ ਵਾਲੀ ਸੋਚ ਚੇਤਿਆਂ ’ਚੋਂ ਕਿਤੇ ਲੋਪ ਹੋ ਗਈ। ਕਈ ਸਾਲਾਂ ਬਾਅਦ ਵੱਡੀਆਂ ਜਮਾਤਾਂ ਵਿੱਚ ਪਹੁੰਚ ਕੇ ਜਦੋਂ ਨਿਊਟਨ ਅਤੇ ਸੇਬ ਡਿੱਗਣ ਦੀ ਘਟਨਾ ਬਾਰੇ ਪੜ੍ਹਿਆ ਤਾਂ ਜਾ ਕੇ ਸੇਬ ਦੀ ਅਮੀਰੀ ਅਤੇ ਬੇਰ ਦੀ ਗਰੀਬੀ ਦਾ ਅਹਿਸਾਸ ਹੋਇਆ...!
ਸੰਪਰਕ: 75085-02300

Advertisement
Advertisement