ਸਾਡਾ ਮਕਸਦ ਦੇਸ਼ ਭਰ ’ਚ ਪਿਆਰ ਦੀ ਆਵਾਜ਼ ਪਹੁੰਚਾਉਣਾ: ਰਾਹੁਲ
ਨਵੀਂ ਦਿੱਲੀ, 7 ਸਤੰਬਰ
‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ ਦੀ ਦੂਜੀ ਵਰ੍ਹੇਗੰਢ ਮੌਕੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਇਸ ਯਾਤਰਾ ਨੇ ਸਾਬਤ ਕਰ ਦਿੱਤਾ ਕਿ ਭਾਰਤੀ ਸੁਭਾਵਕ ਤੌਰ ’ਤੇ ਪਿਆਰ ਕਰਨ ਵਾਲੇ ਲੋਕ ਹਨ ਅਤੇ ‘ਸਾਡਾ ਮਕਸਦ ਹੈ ਕਿ ਦੇਸ਼ ਦੇ ਹਰ ਕੋਨੇ ’ਚ ਪਿਆਰ ਦੀ ਆਵਾਜ਼ ਸੁਣਾਈ ਦੇਵੇ।’
ਰਾਹੁਲ ਗਾਂਧੀ ਨੇ ਕਿਹਾ, ‘ਭਾਰਤ ਜੋੜੋ ਯਾਤਰਾ ਨੇ ਮੈਨੂੰ ਖਾਮੋਸ਼ੀ ਦੀ ਖੂਬਸੂਰਤੀ ਦੇ ਰੂਬਰੂ ਕਰਵਾਇਆ। ਮੈਂ ਉਤਸ਼ਾਹੀ ਭੀੜ ਤੇ ਨਾਅਰਿਆਂ ਵਿਚਾਲੇ ਆਪਣੇ ਨਾਲ ਮੌਜੂਦ ਵਿਅਕਤੀ ’ਤੇ ਪੂਰੀ ਤਰ੍ਹਾਂ ਧਿਆਨ ਕੇਂਦਰਿਕ ਕਰਨਾ ਤੇ ਉਨ੍ਹਾਂ ਦੀ ਗੱਲ ਸੁਣਨਾ ਸਿੱਖਿਆ।’ ਉਨ੍ਹਾਂ ਕਿਹਾ, ‘ਉਨ੍ਹਾਂ 145 ਦਿਨਾਂ ਵਿੱਚ ਅਤੇ ਉਸ ਤੋਂ ਬਾਅਦ ਦੋ ਸਾਲਾਂ ਵਿੱਚ ਮੈਂ ਵੱਖ ਵੱਖ ਪਿਛੋਕੜ ਦੇ ਹਜ਼ਾਰਾਂ ਭਾਰਤੀਆਂ ਦੀ ਗੱਲ ਸੁਣੀ। ਹਰ ਵਿਅਕਤੀ ਤੋਂ ਗਿਆਨ ਹਾਸਲ ਕੀਤਾ, ਹਰ ਕਿਸੇ ਨੇ ਮੈਨੂੰ ਕੁਝ ਨਵਾਂ ਸਿਖਾਇਆ ਅਤੇ ਸਾਰੇ ਸਾਡੀ ਪਿਆਰੀ ਭਾਰਤ ਮਾਤਾ ਨਾਲ ਜੁੜੇ ਸਨ।’ ਉਨ੍ਹਾਂ ਕਿਹਾ ਕਿ ਇਸ ਯਾਤਰਾ ਨੇ ਸਾਬਤ ਕਰ ਦਿੱਤਾ ਕਿ ਭਾਰਤੀ ਸੁਭਾਵਿਕ ਤੌਰ ’ਤੇ ਪਿਆਰ ਕਰਨ ਵਾਲੇ ਲੋਕ ਹਨ। ਉਨ੍ਹਾਂ ਕਿਹਾ, ‘ਜਦੋਂ ਮੈਂ ਇਹ ਯਾਤਰਾ ਸ਼ੁਰੂ ਕੀਤੀ ਸੀ ਤਾਂ ਕਿਹਾ ਸੀ ਕਿ ਪਿਆਰ ਨਫ਼ਰਤ ’ਤੇ ਜਿੱਤ ਹਾਸਲ ਕਰੇਗਾ ਅਤੇ ਉਮੀਦ ਡਰ ’ਤੇ ਜਿੱਤ ਹਾਸਲ ਕਰੇਗੀ। ਅੱਜ ਸਾਡਾ ਮਕਸਦ ਇੱਕ ਹੀ ਹੈ, ਇਹ ਯਕੀਨੀ ਬਣਾਉਣਾ ਕਿ ਭਾਰਤ ਮਾਤਾ ਦੀ ਆਵਾਜ਼, ਪਿਆਰ ਦੀ ਆਵਾਜ਼ ਸਾਡੇ ਦੇਸ਼ ਦੇ ਹਰ ਕੋਨੇ ’ਚ ਸੁਣਾਈ ਦੇਵੇ।’ ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਐਕਸ ’ਤੇ ਕਿਹਾ, ‘ਭਾਰਤ ਜੋੜੋ ਯਾਤਰਾ ਦੀ ਦੂਜੀ ਵਰ੍ਹੇਗੰਢ ਮੌਕੇ ਮੈਂ ਦੇਸ਼ ਦੇ ਲੋਕਾਂ ਨੂੰ ਸਿਰਫ਼ ਇਹੀ ਅਪੀਲ ਕਰਦਾ ਹਾਂ ਕਿ ਉਹ ਸੰਵਿਧਾਨ ਤੇ ਜਮਹੂਰੀਅਤ ਲਈ ਸੰਘਰਸ਼ ਜਾਰੀ ਰੱਖਣ।’ ਉਨ੍ਹਾਂ ਕਿਹਾ, ‘ਆਰਥਿਕ ਨਾਬਰਾਬਰੀ, ਮਹਿੰਗਾਈ, ਬੇਰੁਜ਼ਗਾਰੀ, ਸਮਾਜਿਕ ਨਾਇਨਸਾਫ਼ੀ, ਸੰਵਿਧਾਨ ਨੂੰ ਤੋੜਨ-ਮਰੋੜਨ ਤੇ ਸੱਤਾ ਦੇ ਕੇਂਦਰੀਕਰਨ ਜਿਹੇ ਅਸਲ ਮੁੱਦਿਆਂ ’ਤੇ ਸਾਡਾ ਸੰਘਰਸ਼ ਜਾਰੀ ਹੈ।’ ਜੈਰਾਮ ਰਮੇਸ਼ ਨੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਪਾਰਟੀ ਲਈ ਬੂਸਟਰ ਖੁਰਾਕ ਸੀ। -ਪੀਟੀਆਈ