For the best experience, open
https://m.punjabitribuneonline.com
on your mobile browser.
Advertisement

ਬਹੁਪੱਖੀ ਕਲਾਵਾਂ ਨਾਲ ਓਤਪੋਤ ਫ਼ਿਦਾ ਬਟਾਲਵੀ

06:15 AM Aug 17, 2023 IST
ਬਹੁਪੱਖੀ ਕਲਾਵਾਂ ਨਾਲ ਓਤਪੋਤ ਫ਼ਿਦਾ ਬਟਾਲਵੀ
Advertisement

ਅਜੀਤ ਕਮਲ

ਬਿਰਹਾ ਦੇ ਸੁਲਤਾਨ ਸ਼ਿਵ ਬਟਾਲਵੀ ਦੀ ਕਰਮਭੂਮੀ ਰਿਹਾ ਸ਼ਹਿਰ ਬਟਾਲਾ ਇੱਕ ਹੋਰ ਨਾਮਵਰ ਸ਼ਾਇਰ ਦੀ ਬਦੌਲਤ ਸਾਹਿਤਕ ਖੇਤਰ ਤੇ ਫਿਲਮੀ ਦੁਨੀਆਂ ਵਿਚ ਬੜੇ ਫ਼ਖ਼ਰ ਨਾਲ ਜਾਣਿਆ ਜਾਂਦਾ ਹੈ; ਇਸ ਅਜ਼ੀਮ ਹਸਤੀ ਦਾ ਨਾਂ ਹੈ ਕੇ. ਸ਼ਰਨਜੀਤ ਸਿੰਘ ਉਰਫ਼ ਫ਼ਿਦਾ ਬਟਾਲਵੀ। ਕੇ. ਸ਼ਰਨਜੀਤ ਸਿੰਘ ਨਾਮਵਰ ਪੱਤਰਕਾਰ ਸੀ ਅਤੇ ਪੰਜਾਬੀ, ਹਿੰਦੀ ਤੇ ਊਰਦੂ ਦਾ ਮਾਰੂਫ਼ ਸ਼ਾਇਰ ਤੇ ਸੁਲਝਿਆ ਹੋਇਆ ਫਿਲਮ ਲੇਖਕ ਤੇ ਨਿਰਦੇਸ਼ਕ ਸੀ।
ਫ਼ਿਦਾ ਬਟਾਲਵੀ ਦਾ ਜਨਮ 17 ਅਗਸਤ 1946 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਤੋਂ ਬਾਰਾਂ ਕੁ ਮੀਲ ਦੂਰ ਛੋਟੇ ਜਿਹੇ ਪਿੰਡ ਡੁਲਟ ਦੇ ਵਸਨੀਕ ਜਗਤ ਸਿੰਘ ਅਤੇ ਗਿਆਨ ਕੌਰ ਦੇ ਘਰ ਹੋਇਆ। ਡੀਏਵੀ ਸਕੂਲ ਅਤੇ ਗੁਰੂ ਨਾਨਕ ਸਕੂਲ ਬਟਾਲਾ ਤੋਂ ਮੁੱਢਲੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਉਸ ਨੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਤੋਂ ਉਚੇਰੀ ਵਿੱਦਿਆ ਹਾਸਲ ਕੀਤੀ ਤੇ ਫਿਰ ਪੱਤਰਕਾਰੀ ਦੀ ਵਿੱਦਿਆ ਗ੍ਰਹਿਣ ਕਰਨ ਪਿੱਛੋਂ ਪਹਿਲਾਂ ‘ਅਜੀਤ’ ਅਤੇ ਫਿਰ 1978 ਵਿਚ ‘ਪੰਜਾਬੀ ਟ੍ਰਿਬਿਊਨ ‘ ਲਈ ਬਤੌਰ ਪੱਤਰਕਾਰ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਜੋ ਆਖ਼ਰੀ ਸਵਾਸਾਂ ਤੱਕ ਨਿਭਾਈ। ਉਸ ਨੇ ਆਪਣਾ ਪੱਤਰਕਾਰੀ ਦਾ ਸਮੁੱਚਾ ਕਾਰਜਕਾਲ ਬੜੀ ਮਿਹਨਤ, ਲਗਨ, ਇਮਾਨਦਾਰੀ ਅਤੇ ਨਿਰਪੱਖਤਾ ਸਹਿਤ ਨਿਭਾਇਆ ਜਿਸ ਕਰ ਕੇ ਪੱਤਰਕਾਰ ਭਾਈਚਾਰੇ ਵਿਚ ਉਸ ਦਾ ਵੱਡਾ ਸਤਿਕਾਰ ਸੀ ਤੇ ਉਹ ਕਈ ਸਾਲ ਤੱਕ ਪ੍ਰੈੱਸ ਕਲੱਬ ਬਟਾਲਾ ਦਾ ਚੇਅਰਮੈਨ ਰਹਿਣ ਦਾ ਮਾਣ ਹਾਸਿਲ ਕਰ ਚੁੱਕਾ ਸੀ। ਉਹ ਇਲਾਕੇ ਦੀਆਂ ਅਨੇਕਾਂ ਸਮਾਜ ਸੇਵੀ ਤੇ ਸਾਹਿਤਕ ਜਥੇਬੰਦੀਆਂ ਦਾ ਸਰਗਰਮ ਮੈਂਬਰ ਸੀ। ਕਈ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਨੇ ਉਸ ਨੂੰ ਸਨਮਾਨਿਤ ਕੀਤਾ।
ਪੱਤਰਕਾਰੀ ਕਰਦਿਆਂ ਫ਼ਿਦਾ ਬਟਾਲਵੀ ਨੂੰ ਮੁੰਬਈ ਜਾਣ ਦਾ ਮੌਕਾ ਮਿਲਿਆ ਤੇ ਇਹੋ ਮੌਕਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਮੋੜ ਹੋ ਨਿੱਬੜਿਆ। ਮੁੰਬਈ ਵਿਚਰਦਿਆਂ ਉਸ ਨੂੰ ਨਾਮਵਰ ਗੀਤਕਾਰਾਂ ਸਾਹਿਰ ਲੁਧਿਆਣਵੀ, ਸ਼ਕੀਲ ਬਦਾਯੂੰਨੀ, ਹਸਰਤ ਜੈਪੁਰੀ ਤੋਂ ਇਲਾਵਾ ਵੱਡੇ ਤੇ ਨਾਮਵਰ ਗਾਇਕਾਂ ਤੇ ਸੰਗੀਤਕਾਰਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਇਸ ਪਿੱਛੋਂ ਉਸ ਨੇ ਵੀ ਫਿਲਮੀ ਦੁਨੀਆ ਲਈ ਕੁਝ ਕਰਨ ਦਾ ਮਨ ਬਣਾ ਲਿਆ। ਬਟਾਲਾ ਪਰਤ ਕੇ ਉਸ ਨੇ ਬਟਾਲਾ ਦੇ ਉਸਤਾਦ ਬਰਕਤ ਰਾਮ ਯੁਮਨ, ਮੇਲਾ ਰਾਮ ਤਾਇਰ ਤੇ ਹੋਰ ਸ਼ਾਇਰਾਂ ਤੋਂ ਸ਼ਾਇਰੀ ਦੇ ਗੁਰ ਸਿੱਖੇ ਤੇ ਫਿਰ ਗੀਤਾਂ ਤੇ ਗ਼ਜ਼ਲਾਂ ਦੀ ਰਚਨਾ ਸ਼ੁਰੂ ਕਰ ਦਿੱਤੀ। ਛੇਤੀ ਹੀ ਉਸ ਦੀਆਂ ਰਚਨਾਵਾਂ ਨੂੰ ਨਾਮਵਰ ਗਾਇਕਾਂ ਦੀ ਆਵਾਜ਼ ਹਾਸਲ ਹੋ ਗਈ ਤੇ ਉਹ ਸ਼ੁਹਰਤ ਦੀਆਂ ਬੁਲੰਦੀਆਂ ਛੂਹਣ ਲੱਗ ਪਿਆ। ਸ਼ਾਇਰੀ ਦੇ ਨਾਲ ਨਾਲ ਫਿਲਮੀ ਹਸਤੀਆਂ ਦੇ ਪ੍ਰਭਾਵ ਹੇਠ ਉਸ ਨੇ ਕਹਾਣੀ, ਪਟਕਥਾ ਤੇ ਸੰਵਾਦ ਲਿਖਣੇ ਸ਼ੁਰੂ ਕਰ ਦਿੱਤੇ ਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਦੀਆਂ ਲਿਖੀਆਂ ਫਿਲਮਾਂ ਵਿਚ ‘ਤੁਮ ਬਿਨ ਜਾਊਂ ਕਹਾਂ’, ‘ਚਲੋ ਬੁਲਾਵਾ ਆਇਆ ਹੈ’, ‘ਨਸ਼ੇ ਬਣੇ ਨਾਸੂਰ’, ਹਿੱਟ ਲਿਸਟ’, ‘ਤੁਮ ਹੀ ਤੋ ਥੀ’ ਆਦਿ ਸ਼ਾਮਿਲ ਹਨ। ਪੰਜਾਬ ਪੁਲੀਸ ਦੇ ਉੱਚ ਅਧਿਕਾਰੀ ਡਾ. ਜਤਿੰਦਰ ਜੈਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਨ੍ਹਾਂ ਨਸ਼ਿਆਂ ’ਤੇ ਆਧਾਰਿਤ ਦੋ ਟੈਲੀਫਿਲਮਾਂ ਦਾ ਲੇਖਨ ਤੇ ਨਿਰਦੇਸ਼ਨ ਕੀਤਾ।
ਫ਼ਿਦਾ ਬਟਾਲਵੀ ਨੇ ਆਪਣੇ ਸਮੁੱਚੇ ਕਰੀਅਰ ਦੌਰਾਨ ਸ਼ਾਇਰੀ ਦੀਆਂ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ਦੇ ਨਾਂ ਹਨ: ‘ਸਾਚੈ ਸੰਗ ਪ੍ਰੀਤ’, ‘ਗੁਰ ਬਿਨ ਘੋਰ ਅੰਧਾਰ’, ‘ਸ਼ਬ-ਏ-ਫ਼ਿਰਾਕ’, ‘ਰੁਖ਼ਸਤ’, ‘ਇਸ਼ਕ-ਇਬਾਦਤ’, ‘ਜਿ਼ੰਦਗੀ ਕਾ ਸਫ਼ਰ’, ‘ਆਈਨਾ’। ਉਸ ਦੇ ਪੰਜਾਹ ਤੋਂ ਵੱਧ ਗੀਤ ਰਿਕਾਰਡ ਹੋਏ ਜਿਨ੍ਹਾਂ ਵਿਚੋਂ ਕਈ ਗੀਤਾਂ ਨੂੰ ਭਾਰਤ ਅਤੇ ਪਾਕਿਸਤਾਨ ਦੇ ਨਾਮਵਰ ਗਾਇਕਾਂ ਪਰਵੇਜ਼ ਮਹਿੰਦੀ, ਉਸਤਾਦ ਤਾਰੀ ਖ਼ਾਨ, ਰਾਹਤ ਫ਼ਤਿਹ ਅਲੀ ਖ਼ਾਨ, ਆਸ਼ਾ ਭੌਂਸਲੇ, ਪੰਕਜ ਉਧਾਸ, ਮਨਹਰ ਉਧਾਸ, ਸੁਰੇਸ਼ ਵਾਡੇਕਰ, ਸ਼੍ਰੇਆ ਘੋਸ਼ਾਲ, ਅਲਕਾ ਯਾਗਨਿਕ, ਦਿਲਰਾਜ ਕੌਰ, ਮੁਹੰਮਦ ਅਜ਼ੀਜ਼, ਵਿਨੋਦ ਸਹਿਗਲ, ਵਡਾਲੀ ਬ੍ਰਦਰਜ਼ ਅਤੇ ਲਖਵਿੰਦਰ ਵਡਾਲੀ ਤੋਂ ਇਲਾਵਾ ਹੋਰ ਕਈ ਗਾਇਕਾਂ ਨੇ ਵੀ ਆਪਣੀਆਂ ਸੁਰੀਲੀਆਂ ਆਵਾਜ਼ਾਂ ਦਿੱਤੀਆਂ। ਛੇ ਟੀਵੀ ਲੜੀਵਾਰਾਂ-‘ਜ਼ਮੀਰ ਦੀ ਆਵਾਜ਼’, ‘ਕਾਲੀ ਰੌਸ਼ਨੀ’, ‘ਇੱਕ ਨੂਰ ਤੁਰਿਆ’, ‘ਪ੍ਰੇਰਨਾ’, ‘ਪਾਰੋ ਦੀ ਵਾਪਸੀ’, ‘ਪਹਿਚਾਣ’ ਆਦਿ ਦੀ ਕਹਾਣੀ, ਪਟਕਥਾ ਤੇ ਸੰਵਾਦ ਲਿਖਣ ਵਾਲੇ ਇਸ ਹਰਫ਼ਨਮੌਲਾ ਸਾਹਿਤਕਾਰ ਦੇ ਗੀਤਾਂ ਨਾਲ ਸਜੀਆਂ ਦਰਜਨ ਤੋਂ ਵੱਧ ਐਲਬਮਾਂ ਵੀ ਰਿਲੀਜ਼ ਹੋਈਆਂ। ਆਪਣੀ ਉਮਰ ਦੇ ਪਿਛਲੇ ਵਰ੍ਹਿਆਂ ਵਿਚ ਫ਼ਿਦਾ ਬਟਾਲਵੀ ਨੇ ਸੂਫ਼ੀ ਸ਼ਾਇਰੀ ਵੱਲ ਧਿਆਨ ਦਿੱਤਾ ਤੇ ਪਦਮਸ੍ਰੀ ਪੂਰਨ ਚੰਦ ਪਿਆਰੇ ਲਾਲ ਵਡਾਲੀ ਤੇ ਵਡਾਲੀ ਪਰਿਵਾਰ ਦੇ ਚਸ਼ਮੋ-ਚਿਰਾਗ਼ ਲਖਵਿੰਦਰ ਵਡਾਲੀ ਵੱਲੋਂ ਉਨ੍ਹਾਂ ਦਾ ਰਚਿਆ ਕਲਾਮ ਨਿਰੰਤਰ ਗਾਇਆ ਤੇ ਰਿਕਾਰਡ ਕਰਵਾਇਆ ਗਿਆ। ‘ਇਸ਼ਕੇ ਦਾ ਜਾਮ’, ‘ਕਮਲੀ’, ‘ਜੈਸੇ ਮੇਰੀ ਈਦ ਹੋ ਗਈ’, ‘ਜਬ ਦੇਖਾ ਮੈਨੇ ਯਾਰ ਕਾ ਨਜ਼ਾਰਾ’ ਜਿਹੇ ਹਿੱਟ ਗੀਤ ਰਚਣ ਵਾਲੇ ਫ਼ਿਦਾ ਬਟਾਲਵੀ ਦਾ ਆਖ਼ਰੀ ਰਿਕਾਰਡ ਕੀਤਾ ਗੀਤ ਲਖਵਿੰਦਰ ਵਡਾਲੀ ਦੀ ਹੀ ਆਵਾਜ਼ ਵਿਚ ਸੀ ਜੋ ਫ਼ਿਦਾ ਬਟਾਲਵੀ ਦੇ ਦੇਹਾਂਤ ਤੋਂ ਚਾਰ ਮਹੀਨੇ ਬਾਅਦ ਟੀ ਸੀਰੀਜ਼ ਨੇ ਰਿਲੀਜ਼ ਕੀਤਾ ਸੀ। ‘ਨਜ਼ਾਰਾ’ ਟਾਈਟਲ ਵਾਲੇ ਇਸ ਗੀਤ ਨੂੰ ਬਾਰਾਂ ਮਿਲੀਅਨ ਤੋਂ ਵੀ ਵੱਧ ਸੰਗੀਤ ਪ੍ਰੇਮੀਆਂ ਨੇ ਸੁਣਿਆ ਅਤੇ ਪਸੰਦ ਕੀਤਾ।
ਫ਼ਿਦਾ ਬਟਾਲਵੀ ਬਹੁਪੱਖੀ ਸ਼ਖ਼ਸੀਅਤ ਸੀ। ਅਕਤੂਬਰ 2020 ਵਿਚ ਬ੍ਰੇਨ ਟਿਊਮਰ ਜਿਹੇ ਨਾਮੁਰਾਦ ਰੋਗ ਦਾ ਸ਼ਿਕਾਰ ਹੋਣ ਪਿੱਛੋਂ 18 ਜਨਵਰੀ 2021 ਨੂੰ ਉਸ ਦਾ ਦੇਹਾਂਤ ਹੋ ਗਿਆ। ਉਸ ਦੇ ਦੇਹਾਂਤ ’ਤੇ ਪਦਮਸ੍ਰੀ ਪੂਰਨ ਚੰਦ ਵਡਾਲੀ ਨੇ ਕਿਹਾ ਸੀ: “ਫ਼ਿਦਾ ਦੇ ਤੁਰ ਜਾਣ ਨਾਲ ਪਾਏਦਾਰ ਪੰਜਾਬੀ ਤੇ
ਸੂਫ਼ੀ ਗੀਤਕਾਰੀ ਵਿਚ ਜੋ ਘਾਟਾ ਪਿਆ ਹੈ, ਉਹ ਕਦੇ ਪੂਰਿਆ ਨਹੀਂ ਜਾ ਸਕੇਗਾ।”
ਸੰਪਰਕ: 94173-76895

Advertisement

Advertisement
Advertisement
Author Image

joginder kumar

View all posts

Advertisement