ਅਲੋਪ ਹੋ ਰਿਹਾ ਓਟੀਆ
ਬਹਾਦਰ ਸਿੰਘ ਗੋਸਲ
ਭਾਵੇਂ ਸ਼ਬਦ ਓਟੀਆ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਲਈ ਨਵਾਂ ਲੱਗਦਾ ਹੋਵੇ, ਪਰ ਇਹ ਸ਼ਬਦ ਪੰਜਾਬੀ ਪੇਂਡੂ ਸੱਭਿਆਚਾਰ ਅਤੇ ਸਮਾਜਿਕ ਵਿਰਸੇ ਵਿਚ ਬਹੁਤ ਮਹੱਤਵ ਰੱਖਦਾ ਰਿਹਾ ਹੈ। ਓਟੀਆ ਪੰਜਾਬੀ ਦੇ ਸ਼ਬਦ ‘ਓਟ’ ਤੋਂ ਹੀ ਲਿਆ ਗਿਆ ਹੈ, ਜਿਸਦਾ ਅਰਥ ਹੁੰਦਾ ਹੈ ਆਸਰਾ, ਬਚਾਓ ਜਾਂ ਰੱਖਿਆ ਕਰਨਾ। ਬਹੁਤ ਸਾਲ ਪਹਿਲਾਂ ਇਹ ਓਟੀਆ ਪੰਜਾਬੀ ਸੱਭਿਆਚਾਰ ਦਾ ਇਕ ਖ਼ਾਸ ਅੰਗ ਰਿਹਾ ਹੈ ਜੋ ਹਰ ਘਰ ਦੀ ਲੋੜ ਹੁੰਦਾ ਸੀ।
ਜਦੋਂ ਪੰਜਾਬ ਦੇ ਪੇਂਡੂ ਖੇਤਰ ਵਿਚ ਇੰਨਾ ਵਿਕਾਸ ਨਹੀਂ ਹੋਇਆ ਸੀ, ਤਾਂ ਉਦੋਂ ਪਿੰਡਾਂ ਵਿਚ ਸਭ ਮਕਾਨ ਕੱਚੇ ਹੁੰਦੇ ਸਨ। ਇਨ੍ਹਾਂ ਕੱਚੇ ਮਕਾਨਾਂ ਵਿਚ ਸਹੂਲਤ ਮੁਤਾਬਿਕ ਚੁੱਲ੍ਹੇ ਵਿਹੜੇ ਵਿਚ ਅਲੱਗ ਥਾਂ ’ਤੇ ਬਣਾਏ ਜਾਂਦੇ ਸਨ ਤਾਂ ਕਿ ਪਰਿਵਾਰ ਧੂੰਏਂ ਤੋਂ ਬਚਿਆ ਰਹੇ ਅਤੇ ਘਰ ਦੇ ਅੰਦਰ ਅੱਗ ਆਦਿ ਲੱਗਣ ਦੇ ਡਰ ਤੋਂ ਇਹ ਚੁੱਲ੍ਹਾ ਬਾਹਰ ਵਿਹੜੇ ਵਿਚ ਬਹੁਤ ਸਲੀਕੇ ਨਾਲ ਪਰਿਵਾਰਕ ਲੋੜ ਅਨੁਸਾਰ ਬਣਾਇਆ ਜਾਂਦਾ ਸੀ। ਉਨ੍ਹਾਂ ਦਨਿਾਂ ਵਿਚ ਪਰਿਵਾਰ ਵੀ ਸਾਂਝੇ ਹੁੰਦੇ ਸਨ ਜਿਸ ਕਾਰਨ ਪਰਿਵਾਰ ਦੇ ਮੈਂਬਰ ਵੀ ਜ਼ਿਆਦਾ ਹੁੰਦੇ ਸਨ। ਜਦੋਂ ਦੇਸ਼ ਵਿਚ ਵਿਕਾਸ ਹੋਣਾ ਸ਼ੁਰੂ ਹੋਇਆ ਤਾਂ ਪਿੰਡਾਂ ਵਿਚ ਵੀ ਕੱਚੇ ਕੋਠਿਆਂ ਦੀ ਥਾਂ ਪੱਕੀਆਂ ਇੱਟਾਂ ਤੋਂ ਮਕਾਨ ਬਣਨ ਲੱਗੇ, ਪਰ ਪਿੰਡਾਂ ਵਿਚ ਥਾਂ ਖੁੱਲ੍ਹੀ ਹੋਣ ਕਾਰਨ ਵਿਹੜਾ ਖੁੱਲ੍ਹਾ ਅਤੇ ਚੁੱਲ੍ਹਾ ਚੌਂਕਾ ਖੁੱਲ੍ਹੇ ਵਿਚ ਹੀ ਬਣਾਇਆ ਜਾਂਦਾ ਸੀ। ਖੁੱਲ੍ਹੇ ਵਿਚ ਬਣਾਏ ਇਸ ਚੁੱਲ੍ਹੇ ਦੁਆਲੇ ਓਟੀਆ ਬਣਾਉਣਾ ਜ਼ਰੂਰੀ ਹੁੰਦਾ ਸੀ ਤਾਂ ਕਿ ਖਾਣਾ ਬਣਾਉਣ ਵੇਲੇ ਘਰ ਵਿਚ ਆਉਣ-ਜਾਣ ਵਾਲਿਆਂ ਤੋਂ ਪਰਦਾ ਬਣਿਆ ਰਹੇ।
ਇਸਨੂੰ ਬਣਾਉਣ ਲਈ ਚੁੱਲ੍ਹੇ ਚੌਕੇ ਦੇ ਆਲੇ ਦੁਆਲੇ ਦੋ ਜਾਂ ਤਿੰਨ ਪਾਸੇ ਮਿੱਟੀ ਦੀਆਂ ਹੀ ਤਿੰਨ-ਚਾਰ ਫੁੱਟ ਉੱਚੀਆਂ ਦੀਵਾਰਾਂ ਬਣਾਈਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਓਟੀਆ ਕਿਹਾ ਜਾਂਦਾ ਸੀ। ਇਹ ਓਟੀਆ ਚੁੱਲ੍ਹੇ ਨੂੰ ਤੇਜ਼ ਹਵਾ ਤੇ ਮਿੱਟੀ ਘੱਟੇ ਤੋਂ ਬਚਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਦਨਿਾਂ ਵਿਚ ਹਨੇਰੀਆਂ ਵੀ ਆਮ ਹੀ ਆਉਂਦੀਆਂ ਸਨ, ਇਸ ਲਈ ਚੁੱਲ੍ਹੇ ਨੂੰ ਰੇਤ ਤੋਂ ਬਚਾਉਣ ਲਈ ਇਹ ਓਟੀਆ ਬਹੁਤ ਸਹਾਈ ਹੁੰਦਾ ਸੀ। ਤੇਜ਼ ਹਵਾ ਤੋਂ ਅੱਗ ਦਾ ਬਚਾਅ ਹੋ ਜਾਂਦਾ ਸੀ ਅਤੇ ਚੁੱਲ੍ਹੇ ਦੀ ਅੱਗ ਉੱਡ ਕੇ ਬਾਹਰ ਵੀ ਨਹੀਂ ਸੀ ਜਾਂਦੀ।
ਇਸ ਓਟੀਏ ਦੀਆਂ ਦੀਵਾਰਾਂ ਵਿਚ ਔਰਤਾਂ ਛੋਟੀਆਂ-ਛੋਟੀਆਂ ਮੋਰੀਆਂ ਰੱਖ ਲੈਂਦੀਆਂ ਸਨ ਜਿਨ੍ਹਾਂ ਰਾਹੀਂ ਉਹ ਚੌਂਕੇ ’ਤੇ ਕੰਮ ਕਰਦੇ ਸਮੇਂ ਬਾਹਰੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਜਾਂ ਕੁੱਤੇ-ਬਿੱਲੇ ਨੂੰ ਦੇਖ ਸਕਦੀਆਂ ਸਨ। ਇਸ ਤਰ੍ਹਾਂ ਔਰਤਾਂ ਰੋਟੀ ਟੁੱਕ ਦਾ ਕੰਮ ਕਰਨ ਦੇ ਨਾਲ ਚੁੱਲ੍ਹੇ ’ਤੇ ਬੈਠੀਆਂ ਹੀ ਘਰ ਦੀ ਨਿਗਰਾਨੀ ਵੀ ਕਰ ਲੈਂਦੀਆਂ ਸਨ। ਇਸ ਤਰ੍ਹਾਂ ਇਹ ਓਟੀਆ ਉਨ੍ਹਾਂ ਲਈ ਇਕੋ ਸਮੇਂ ਦੋ-ਦੋ ਕੰਮ ਕਰਨ ਵਿਚ ਸਹਾਈ ਹੁੰਦਾ ਸੀ, ਪਰ ਸਭ ਤੋਂ ਵੱਧ ਕੰਮ ਜੋ ਉਹ ਓਟੀਆ ਕਰਦਾ ਸੀ ਉਹ ਹੁੰਦਾ ਸੀ ਸਮਾਜਿਕ ਪਰਦੇ ਦਾ। ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈ ਕਿ ਪਰਿਵਾਰ ਸਾਂਝੇ ਸਨ ਅਤੇ ਘਰ ਵਿਚ ਕਈ ਮਰਦ ਮੈਂਬਰ ਵੀ ਹੁੰਦੇ ਸਨ ਅਤੇ ਉਨ੍ਹਾਂ ਦਨਿਾਂ ਵਿਚ ਘੁੰਡ ਕੱਢਣ ਦਾ ਰਿਵਾਜ ਵੀ ਪ੍ਰਚੱਲਿਤ ਸੀ, ਅਜਿਹੇ ਵਿਚ ਔਰਤਾਂ ਨੂੰ ਓਟੀਆ ਬਹੁਤ ਸਹਾਈ ਹੁੰਦਾ ਸੀ। ਚੁੱਲ੍ਹੇ ਚੌਂਕੇ ’ਤੇ ਕੰਮ ਕਰਦੀਆਂ ਨਵੀਆਂ ਵਹੁਟੀਆਂ ਨੂੰ ਕੰਮ ਕਰਦੇ ਸਮੇਂ ਘੁੰਡ ਕੱਢਣ ਦੀ ਲੋੜ ਮਹਿਸੂਸ ਨਹੀਂ ਸੀ ਹੁੰਦੀ ਕਿਉਂਕਿ ਘੁੰਡ ਦੇ ਪਰਦੇ ਵਾਲਾ ਕੰਮ ਇਹ ਓਟੀਆ ਕਰ ਦਿੰਦਾ ਸੀ। ਘਰ ਦੇ ਵੱਡੇ ਮਰਦਾਂ ਜਾਂ ਬਜ਼ੁਰਗਾਂ ਤੋਂ ਇਹ ਓਟੀਆ ਇਕ ਸਮਾਜਿਕ ਪਰਦੇ ਦਾ ਕੰਮ ਕਰਦਾ ਸੀ। ਘਰ ਦੇ ਮਰਦ ਜਿਵੇਂ ਮਰਜ਼ੀ ਵਿਹੜੇ ਵਿਚ ਕੰਮ ਕਰਦੇ ਫਿਰਦੇ ਰਹਿੰਦੇ, ਪਰ ਚੁੱਲ੍ਹੇ ਚੌਂਕੇ ’ਤੇ ਕੰਮ ਕਰਦੀਆਂ ਔਰਤਾਂ ਲਈ ਇਹ ਓਟੀਆ ਚੰਗਾ ਸਹਾਰਾ ਬਣਦਾ। ਇੱਥੋਂ ਤਕ ਕੇ ਗਰਮੀ ਦੇ ਦਨਿਾਂ ਵਿਚ ਜਦੋਂ ਔਰਤਾਂ ਚੁੱਲ੍ਹੇ ’ਤੇ ਰੋਟੀ ਪਕਾਉਣ ਦਾ ਕੰਮ ਕਰਦੀਆਂ ਤਾਂ ਉਨ੍ਹਾਂ ਨੂੰ ਗਰਮੀ ਵਿਚ ਘੁੰਡ ਕੱਢਣਾ ਜਾਂ ਫੁਲਕਾਰੀ ਨਾਲ ਸਿਰ ਢੱਕਣਾ ਮੁਸ਼ਕਿਲ ਲੱਗਦਾ ਤਾਂ ਉਹ ਇਸ ਓਟੀਏ ਦਾ ਸਹਾਰਾ ਲੈਂਦੀਆਂ।
ਜਿਵੇਂ ਜਿਵੇਂ ਦੇਸ਼ ਵਿਚ ਸਮਾਜਿਕ, ਆਰਥਿਕ ਅਤੇ ਵਿਦਿਅਕ ਉੱਨਤੀ ਹੁੰਦੀ ਚਲੀ ਗਈ ਤਾਂ ਕੱਚੇ ਘਰਾਂ ਦੀ ਥਾਂ ਪੱਕੇ ਮਕਾਨ ਅਤੇ ਬਾਹਰ ਵਿਹੜੇ ਵਿਚ ਬਣੇ ਚੁੱਲ੍ਹਿਆਂ ਦੀ ਥਾਂ ਪੱਕੀਆਂ ਰਸੋਈਆਂ ਨੇ ਲੈ ਲਈ। ਵਿਹੜੇ ਵਿਚ ਚੁੱਲ੍ਹੇ ਬਣਾਉਣ ਦੀ ਪ੍ਰਥਾ ਹੀ ਖ਼ਤਮ ਹੋ ਗਈ ਅਤੇ ਉਨ੍ਹਾਂ ਦੇ ਨਾਲ ਹੀ ਅਲੋਪ ਹੋ ਗਏ ਸਾਡੇ ਵਿਹੜੇ ਵਿਚ ਬਣੇ ਓਟੀਏ। ਵਿਦਿਅਕ ਅਤੇ ਸਮਾਜਿਕ ਕ੍ਰਾਂਤੀ ਦੇ ਨਾਲ ਔਰਤਾਂ ਵੱਲੋਂ ਘੁੰਡ ਕੱਢਣਾ ਜਾਂ ਵੱਡੇ ਮਰਦਾਂ ਤੋਂ ਪਰਦਾ ਕਰਨਾ ਵੀ ਖ਼ਤਮ ਹੋ ਗਿਆ ਜਿਸ ਦਾ ਉਸ ਓਟੀਏ ਵੱਲੋਂ ਮੁੱਖ ਕੰਮ ਕੀਤਾ ਜਾਂਦਾ ਸੀ। ਅੱਜਕੱਲ੍ਹ ਤਾਂ ਨਵੇਂ ਢੰਗ ਦੀਆਂ ਰਸੋਈਆਂ ਅਤੇ ਗੈਸ ਚੁੱਲ੍ਹਿਆਂ ਨੇ ਸਾਡਾ ਸਮਾਜਿਕ ਜੀਵਨ ਹੀ ਬਦਲ ਕੇ ਰੱਖ ਦਿੱਤਾ ਹੈ। ਪਰ ਦੂਰ ਦੁਰਾਡੇ ਪੇਂਡੂ ਖੇਤਰਾਂ ਦੇ ਘਰਾਂ ਵਿਚ ਓਟੀਏ ਨੇ ਅੱਜ ਵੀ ਆਪਣੀ ਵਿਰਾਸਤ ਸਾਂਭੀ ਹੋਈ ਹੈ।
ਸੰਪਰਕ : 98764-52223