ਹੋਰ ਸੂਬੇ ਕੇਂਦਰ ਤੋਂ ਲਾਭ ਲੈਣ ’ਚ ਮੋਹਰੀ, ਪੰਜਾਬ ਫਾਡੀ: ਗਾਂਧੀ
ਜੈਸਮੀਨ ਭਾਰਦਵਾਜ
ਨਾਭਾ, 1 ਸਤੰਬਰ
ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹ ਕਿ ਮਨਰੇਗਾ ਰਾਹੀਂ ਹੋਰ ਸੂਬੇ ਕੇਂਦਰ ਕੋਲੋਂ ਹਜ਼ਾਰਾਂ ਕਰੋੜ ਰੁਪਏ ਦੇ ਫੰਡ ਲੈ ਕੇ ਪੇਂਡੂ ਅਰਥਚਾਰੇ ਨੂੰ ਉੱਪਰ ਚੁੱਕ ਰਹੇ ਹਨ ਪਰ ਪੰਜਾਬ ਸਰਕਾਰ ਅਤੇ ਅਫਸਰਸ਼ਾਹੀ ਇਸ ਮਾਮਲੇ ’ਚ ਫਾਡੀ ਰਿਹਾ ਹੈ। ਉਹ ਵਿਸ਼ੇਸ਼ ਤੌਰ ’ਤੇ ਨਾਭਾ ਬੀਡੀਪੀਓ ਦਫਤਰ ’ਚ 31 ਜੁਲਾਈ ਤੋਂ ਚੱਲ ਰਹੇ ਮਜ਼ਦੂਰਾਂ ਦੇ ਪੱਕੇ ਧਰਨੇ ’ਚ ਪੁੱਜੇ ਹੋਏ ਸਨ। ਮਹੀਨਿਆਂ ਤੋਂ ਅਰਜ਼ੀਆਂ ਉੱਪਰ ਸੁਣਵਾਈ ਨਾ ਹੋਣ ’ਤੇ ਜ਼ਿੰਮੇਵਾਰ ਅਧਿਕਾਰੀਆਂ ਉੱਪਰ ਐਕਟ ਮੁਤਾਬਕ ਕਾਰਵਾਈ ਦੀ ਮੰਗ ਕਰਦੇ ਮਜ਼ਦੂਰਾਂ ਨਾਲ ਡੇਢ ਘੰਟਾ ਬੈਠ ਕੇ ਡਾ. ਗਾਂਧੀ ਨੇ ਉਨ੍ਹਾਂ ਦੇ ਦੁੱਖੜੇ ਸੁਣੇ। ਲੋਪੇ ਪਿੰਡ ਦੇ ਮਜ਼ਦੂਰਾਂ ਨੇ ਦੱਸਿਆ ਕਿ ਕਾਨੂੰਨ ਲਾਗੂ ਕਰਾਉਣ ਦੀ ਮੰਗ ਕਰਨ ਵਾਲਿਆਂ ਨੂੰ ਬੀਡੀਪੀਓ ਦਫਤਰ ਨੇ ਲਿਖਤੀ ਮੰਗ ਦੇ ਬਾਵਜੂਦ ਸੁਰੱਖਿਆ ਬੂਟ ਅਤੇ ਦਸਤਾਨੇ ਨਹੀਂ ਦਿੱਤੇ ਤਾਂ ਜੋ ਇਹ ਕੰਮ ਛੱਡ ਜਾਣ ਤੇ ਪ੍ਰਸ਼ਾਸਨ ਨੂੰ ਇਹ ਕਹਿਣ ਦਾ ਮੌਕਾ ਮਿਲ ਜਾਏ ਕਿ ਮਜ਼ਦੂਰ ਕੰਮ ਨਹੀਂ ਕਰਦੇ। ਉਨ੍ਹਾਂ ਹਲਾਤਾਂ ’ਚ ਕੰਮ ਕਰਨ ਕਰ ਕੇ ਮਜ਼ਦੂਰਾਂ ਦੇ ਹੱਥ ਪੈਰਾਂ ’ਤੇ ਧੱਫੜ ਤੇ ਜ਼ਖਮ ਹੋ ਗਏ ਹਨ ਤੇ ਬੁਰੀ ਤਰ੍ਹਾਂ ਸੁੱਜ ਗਏ। ਡਾ. ਗਾਂਧੀ ਨੇ ਇਸ ਮੌਕੇ ਮਜ਼ਦੂਰਾਂ ਦਾ ਨਿਰੀਖਣ ਕੀਤਾ ਤੇ ਦਵਾਈਆਂ ਵੀ ਪਟਿਆਲਾ ਤੋਂ ਭੇਜਣ ਦਾ ਵਾਅਦਾ ਕੀਤਾ। ਡਾ. ਗਾਂਧੀ ਨੇ ਕਿਹਾ ਕਿ ਮਜ਼ਦੂਰਾਂ ਦਾ ਦਿਹਾੜੀ ਨਾਲੋਂ ਵੱਧ ਦਵਾਈ ਉੱਪਰ ਖਰਚਾ ਹੋ ਜਾਵੇਗਾ ਤੇ ਪ੍ਰਸ਼ਾਸਨ ਕੋਲੋਂ ਇਸ ਤਰ੍ਹਾਂ ਦੇ ਗੈਰ-ਮਨੁੱਖੀ ਵਤੀਰੇ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਬਣਦੀ ਹੈ। ਡਾ. ਗਾਂਧੀ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਸ ਬਾਬਤ ਚਿੱਠੀ ਵੀ ਲਿਖੀ ਹੈ ਤੇ ਜੇਕਰ ਪੰਜਾਬ ਸਰਕਾਰ ਜਲਦ ਇਹ ਨਿਯਮ ਨਹੀਂ ਬਣਾਉਂਦੀ ਤਾਂ ਉਹ ਸੰਸਦ ਵਿੱਚ ਇਹ ਮਾਮਲਾ ਉਠਾਉਣਗੇ ਤੇ ਪੰਜਾਬ ਦੇ ਮੁੱਖ ਸਕੱਤਰ ਦੀ ਜਵਾਬ ਤਲਬੀ ਕਰਾਉਣਗੇ। ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਨਿਪਟਾਰੇ ਲਈ ਪ੍ਰਸ਼ਾਸਨ ਦੀ ਜਵਾਬਦੇਹੀ ਐਕਟ ਮੁਤਾਬਕ ਲਾਗੂ ਕਰਾਉਣ ਦੀ ਵੀ ਅਪੀਲ ਕੀਤੀ।
ਮਜ਼ਦੂਰਾਂ ਨੂੰ ਸੁਰੱਖਿਆ ਸੰਦ ਮੁਹੱਈਆ ਕਰਾਉਣ ਸਬੰਧੀ ਬੀਡੀਪੀਓ ਨੇ ਜਵਾਬ ਨਹੀਂ ਦਿੱਤਾ
ਮਜ਼ਦੂਰਾਂ ਨੂੰ ਸੁਰੱਖਿਆ ਸੰਦ ਮੁਹੱਈਆ ਕਰਾਉਣ ਸਬੰਧੀ ਨਾਭਾ ਬੀਡੀਪੀਓ ਬਲਜੀਤ ਕੌਰ ਨੇ ਕੋਈ ਜਵਾਬ ਨਾ ਦਿੰਦੇ ਹੋਏ ਏਪੀਓ ਨਾਲ ਗੱਲ ਕਰਨ ਨੂੰ ਕਿਹਾ ਤੇ ਏਪੀਓ ਅਮਰਜੀਤ ਸਿੰਘ ਨੇ ਕਿਹਾ ਉਹ ਜੀਆਰਐੱਸ ਨਾਲ ਗੱਲ ਕਰਨਗੇ ਤੇ ਮੀਡੀਆ ਨੂੰ ਜਵਾਬ ਬੀਡੀਪੀਓ ਸਾਹਿਬ ਹੀ ਦੇ ਸਕਦੇ ਹਨ।