For the best experience, open
https://m.punjabitribuneonline.com
on your mobile browser.
Advertisement

ਕੇਂਦਰ ਦੇ ਆਰਡੀਨੈਂਸ ਲਈ ਹੋਰ ਸੂਬੇ ਵੀ ਤਿਆਰ ਰਹਿਣ: ਕੇਜਰੀਵਾਲ

06:54 PM Jun 23, 2023 IST
ਕੇਂਦਰ ਦੇ ਆਰਡੀਨੈਂਸ ਲਈ ਹੋਰ ਸੂਬੇ ਵੀ ਤਿਆਰ ਰਹਿਣ  ਕੇਜਰੀਵਾਲ
Advertisement

ਨਵੀਂ ਦਿੱਲੀ, 11 ਜੂਨ

Advertisement

ਕੌਮੀ ਰਾਜਧਾਨੀ ‘ਚ ਸੇਵਾਵਾਂ ‘ਤੇ ਕੰਟਰੋਲ ਲਈ ਕੇਂਦਰ ਵੱਲੋਂ ਆਰਡੀਨੈਂਸ ਲਿਆਉਣ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਤੇ ਸਭ ਤੋਂ ਪਹਿਲਾਂ ‘ਹਮਲਾ’ ਹੋਇਆ ਹੈ ਅਤੇ ਜੇਕਰ ਇਸ ਦਾ ਵਿਰੋਧ ਨਾ ਕੀਤਾ ਗਿਆ ਤਾਂ ਹੋਰ ਸੂਬਿਆਂ ‘ਚ ਵੀ ਅਜਿਹੇ ਆਰਡੀਨੈਂਸ ਲਿਆਂਦੇ ਜਾਣਗੇ। ਰਾਮਲੀਲਾ ਮੈਦਾਨ ‘ਚ ‘ਆਪ’ ਦੀ ‘ਮਹਾ ਰੈਲੀ’ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕੇਂਦਰ ਦਾ ਆਰਡੀਨੈਂਸ ਦਿੱਲੀ ਦੇ ਲੋਕਾਂ ਦੀ ਤੌਹੀਨ ਹੈ। ਉਨ੍ਹਾਂ ਕਿਹਾ,”ਭਾਜਪਾ ਮੈਨੂੰ ਗਾਲ੍ਹਾਂ ਕੱਢ ਸਕਦੀ ਹੈ ਅਤੇ ਮੈਂ ਇਸ ਦਾ ਬੁਰਾ ਨਹੀਂ ਮਨਾਵਾਂਗਾ ਪਰ ਮੈਂ ਦਿੱਲੀ ਦੇ ਲੋਕਾਂ ਦਾ ਅਪਮਾਨ ਸਹਿਣ ਨਹੀਂ ਕਰਾਂਗਾ।” ਤਿੱਖੀ ਗਰਮੀ ਦੇ ਬਾਵਜੂਦ ‘ਮਹਾ ਰੈਲੀ’ ‘ਚ ਹਜ਼ਾਰਾਂ ਲੋਕ ਇਕੱਠੇ ਹੋਏ ਜਿਸ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਦੇ ਸੀਨੀਅਰ ਆਗੂਆਂ ਅਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਵੀ ਹਾਜ਼ਰੀ ਭਰੀ। ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ‘ਤੇ ਸੰਵਿਧਾਨ ‘ਚ ਯਕੀਨ ਨਾ ਰੱਖਣ ਦੇ ਦੋਸ਼ ਲਾਏ। ‘ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਦੇ ਹਨ ਕਿ ਉਹ ਸੁਪਰੀਮ ਕੋਰਟ ਦਾ ਫ਼ੈਸਲਾ ਨਹੀਂ ਮੰਨਦੇ ਹਨ ਤਾਂ ਇਹ ‘ਹਿਟਲਰਸ਼ਾਹੀ’ ਹੈ। ਮੋਦੀ ਜੀ ਦਾ ਕਾਲਾ ਆਰਡੀਨੈਂਸ ਆਖਦਾ ਹੈ ਕਿ ‘ਮੈਂ ਲੋਕਤੰਤਰ ਨੂੰ ਨਹੀਂ ਮੰਨਦਾ ਹਾਂ।’ ਦਿੱਲੀ ‘ਚ ਹੁਣ ਦਮਨਕਾਰੀ ਸ਼ਾਸਨ ਹੋਵੇਗਾ। ਹੁਣ ਦਿੱਲੀ ਦੇ ਲੋਕ ਨਹੀਂ ਸਗੋਂ ਲੈਫ਼ਟੀਨੈਂਟ ਗਵਰਨਰ ਸੁਪਰੀਮ ਹੋਵੇਗਾ।’ ਕੇਂਦਰ ਵੱਲੋਂ ਦਿੱਲੀ ‘ਚ ਗਰੁੱਪ-ਏ ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਲਈ 19 ਮਈ ਨੂੰ ਆਰਡੀਨੈਂਸ ਲਿਆਂਦਾ ਗਿਆ ਸੀ। ਕੇਜਰੀਵਾਲ ਨੇ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਦਿਆਂ ਹਮਾਇਤ ਲਈ ਗ਼ੈਰ-ਭਾਜਪਾ ਪਾਰਟੀਆਂ ਦੇ ਆਗੂਆਂ ਕੋਲ ਪਹੁੰਚ ਕੀਤੀ ਸੀ ਤਾਂ ਜੋ ਸੰਸਦ ‘ਚ ਬਿੱਲ ਲਿਆਉਣ ਦੀ ਕੋਸ਼ਿਸ਼ ਨੂੰ ਮਾਤ ਦਿੱਤੀ ਜਾ ਸਕੇ। ਦਿੱਲੀ ਦੇ ਮੁੱਖ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਕੱਲੇ ਨਹੀਂ ਹਨ ਅਤੇ ਉਨ੍ਹਾਂ ਨੂੰ 140 ਕਰੋੜ ਲੋਕਾਂ ਦੀ ਹਮਾਇਤ ਹਾਸਲ ਹੈ। ਉਨ੍ਹਾਂ ਦਾਅਵਾ ਕੀਤਾ,”ਦਿੱਲੀ ਪਹਿਲਾ ਸੂਬਾ ਹੈ ਜਿਸ ‘ਤੇ ਹਮਲਾ ਹੋਇਆ ਹੈ। ਇਹ ਮੋਦੀ ਜੀ ਦਾ ਪਹਿਲਾ ਹਮਲਾ ਹੈ। ਜੇਕਰ ਲੋਕਾਂ ਦੇ ਹੱਕ ਖੋਹਣ ਵਾਲੇ ਆਰਡੀਨੈਂਸ ਦਾ ਵਿਰੋਧ ਨਾ ਕੀਤਾ ਗਿਆ ਤਾਂ ਅਜਿਹੇ ਆਰਡੀਨੈਂਸ ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ ਵਰਗੇ ਹੋਰ ਸੂਬਿਆਂ ‘ਚ ਵੀ ਲਿਆਂਦੇ ਜਾਣਗੇ।” ‘ਆਪ’ ਆਗੂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਬਾਰੇ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਕੰਮ ਰੋਕਣ ਦੇ ਇਰਾਦੇ ਨਾਲ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ‘ਪਰ ਸਾਡੇ ਕੋਲ 100 ਸਿਸੋਦੀਆ ਅਤੇ 100 ਜੈਨ ਹਨ ਜੋ ਚੰਗਾ ਕੰਮ ਕਰਨਾ ਜਾਰੀ ਰਖਣਗੇ।’ ਉਨ੍ਹਾਂ ਕਿਹਾ ਕਿ ਮੋਦੀ ਕੋਲ ਗੁਜਰਾਤ ਦੇ ਮੁੱਖ ਮੰਤਰੀ ਅਤੇ ਹੁਣ ਪ੍ਰਧਾਨ ਮੰਤਰੀ ਵਜੋਂ 21 ਸਾਲ ਤੱਕ ਸੱਤਾ ਰਹੀ ਹੈ ਜਦਕਿ ਕੇਜਰੀਵਾਲ ਪਿਛਲੇ ਅੱਠ ਸਾਲਾਂ ਤੋਂ ਸੱਤਾ ‘ਚ ਹੈ। ‘ਕਿਸ ਨੇ ਲੋਕਾਂ ਲਈ ਸਭ ਤੋਂ ਜ਼ਿਆਦਾ ਕੰਮ ਕੀਤੇ ਹਨ। ਪੂਰੀ ਸੱਤਾ ‘ਤੇ ਕਾਬਜ਼ ਹੋਣ ਦੇ ਬਾਵਜੂਦ ਉਹ (ਮੋਦੀ) ਮੇਰੇ ਜਿੰਨਾ ਕੰਮ ਨਹੀਂ ਕਰ ਸਕੇ ਹਨ।’ ਦੇਸ਼ ‘ਚ ਬੇਰੁਜ਼ਗਾਰੀ ਅਤੇ ਮਹਿੰਗਾਈ ਵਧਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ,”ਮੈਂ ਸਕੂਲ ਅਤੇ ਹਸਪਤਾਲ ਬਣਾਏ ਪਰ ਮੋਦੀ ਜੀ ਆਖਦੇ ਹਨ ਕਿ ਉਹ ਇੰਜ ਨਹੀਂ ਹੋਣ ਦੇਣਗੇ। ਉਨ੍ਹਾਂ ਦਿੱਲੀ ‘ਚ ਯੋਗ ਦੀਆਂ ਮੁਫ਼ਤ ਕਲਾਸਾਂ ਅਤੇ ਮੁਫ਼ਤ ਮੈਡੀਕਲ ਟੈਸਟ ਬੰਦ ਕਰਵਾ ਦਿੱਤੇ ਹਨ।” ‘ਆਪ’ ਸੁਪਰੀਮੋ ਨੇ ਦੇਸ਼ ਦੀ ਸਿਆਸਤ ‘ਚ 12 ਸਾਲ ਪਹਿਲਾਂ ਰਾਮਲੀਲਾ ਮੈਦਾਨ ਤੋਂ ਸ਼ੁਰੂ ਹੋਏ ਅੰਦੋਲਨ ਨੂੰ ਚੇਤੇ ਕਰਦਿਆਂ ਕਿਹਾ ਕਿ ਇਹ ਪਵਿੱਤਰ ਮੰਚ ਹੈ ਜਦੋਂ ਇਥੋਂ ਭ੍ਰਿਸ਼ਟਾਚਾਰ ਖ਼ਿਲਾਫ਼ ਅੰਦੋਲਨ ਸਫ਼ਲ ਰਿਹਾ ਸੀ। ਇਸੇ ਤਰ੍ਹਾਂ ਹੁਣ ਲੋਕਤੰਤਰ ਅਤੇ ਸੰਵਿਧਾਨ ਬਚਾਉਣ ਲਈ ਅੱਜ ਇਥੋਂ ਸ਼ੁਰੂ ਕੀਤਾ ਗਿਆ ਅੰਦੋਲਨ ਵੀ ਸਫ਼ਲ ਰਹੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਤੇ ਹਮਲਾ ਕਰਦਿਆਂ ਉਸ ਨੂੰ ‘ਭਾਰਤੀ ਜੁਗਾੜ ਪਾਰਟੀ’ ਕਰਾਰ ਦਿੱਤਾ ਜੋ ਸਰਕਾਰਾਂ ਨੂੰ ਡੇਗਣ ਲਈ ਜਾਣੀ ਜਾਂਦੀ ਹੈ। -ਪੀਟੀਆਈ

Advertisement

ਮਹਾ ਰੈਲੀ ਦੌਰਾਨ ਲੋਕਤੰਤਰ ਦੇ ਕਤਲ ਨੂੰ ਸੰਕੇਤਕ ਰੂਪ ‘ਚ ਦਰਸਾਉਂਦਾ ਹੋਇਆ ’ਆਪ’ ਕਾਰਕੁਨ। -ਫੋਟੋ: ਪੀਟੀਆਈ

ਕੇਜਰੀਵਾਲ ਨੇ ਭ੍ਰਿਸ਼ਟਾਚਾਰ ‘ਤੇ ਪਰਦਾ ਪਾਉਣ ਲਈ ਕੀਤੀ ਰੈਲੀ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਰਾਮਲੀਲਾ ਮੈਦਾਨ ‘ਚ ਰੈਲੀ ਕਰਕੇ ਆਪਣੀ ਸਰਕਾਰ ਦੇ ਭ੍ਰਿਸ਼ਟਾਚਾਰ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀਰੇਂਦਰ ਸਚਦੇਵਾ, ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਰਮੇਸ਼ ਬਿਧੂੜੀ ਨੇ ਪਾਰਟੀ ਦਫ਼ਤਰ ‘ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੇਜਰੀਵਾਲ ਨੇ ‘ਆਮ ਆਦਮੀ ਪਾਰਟੀ’ ਨੂੰ ‘ਖਾਸ ਆਦਮੀ ਪਾਰਟੀ’ ਬਣਾ ਦਿੱਤਾ ਹੈ। ਤਿਵਾੜੀ ਨੇ ਕਿਹਾ ਕਿ ਰਾਮਲੀਲਾ ਮੈਦਾਨ ਨੂੰ ਕੇਜਰੀਵਾਲ ਦੀ ਰੈਲੀ ਤੋਂ ਬਾਅਦ ਗੰਗਾ ਜਲ ਨਾਲ ਪਵਿੱਤਰ ਕਰਨ ਦੀ ਲੋੜ ਹੈ। ਉਨ੍ਹਾਂ ਕੇਜਰੀਵਾਲ ਨੂੰ ‘ਸਿਆਸੀ ਸੈਲਾਨੀ’ ਸੰਬੋਧਨ ਕਰਦਿਆਂ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕਰਕੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਦੇ ਦੌਰੇ ਕਰ ਰਹੇ ਹਨ। ਸਚਦੇਵਾ ਨੇ ਕਿਹਾ ਕਿ ਕੇਜਰੀਵਾਲ ਨੇ ਪਾਰਟੀ ‘ਚ ਸੈਂਕੜੇ ਸਿਸੋਦੀਆ ਅਤੇ ਜੈਨ ਹੋਣ ਦਾ ਹਵਾਲਾ ਦੇ ਕੇ ਦਿੱਲੀ ਦੇ ਲੋਕਾਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ‘ਇਸ ਦਾ ਮਤਬਲ ਇਹ ਹੋਇਆ ਕਿ ਪੂਰੀ ‘ਆਪ’ ਹੀ ਭ੍ਰਿਸ਼ਟ ਹੈ।’ ਬਿਧੂੜੀ ਨੇ ਕਿਹਾ ਕਿ ਰੈਲੀ ‘ਚ ਇਕ ਲੱਖ ਲੋਕ ਹੋਣ ਦੇ ਦਾਅਵੇ ਦੀ ਫੂਕ ਟੈਂਟ ਲਗਾਉਣ ਵਾਲੇ ਵਿਅਕਤੀ ਨੇ ਕੱਢ ਦਿੱਤੀ ਹੈ ਜਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਸਿਰਫ਼ 10 ਹਜ਼ਾਰ ਕੁਰਸੀਆਂ ਲਾਉਣ ਦੀ ਰਕਮ ਮਿਲੀ ਹੈ। -ਪੀਟੀਆਈ

ਸਿੱਬਲ ਵੱਲੋਂ ਏਕੇ ਦਾ ਹੋਕਾ

ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਆਪਣੇ ਸੰਬੋਧਨ ਦੌਰਾਨ ਵਿਰੋਧੀ ਧਿਰ ਦੀ ਏਕਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਖ਼ਿਲਾਫ਼ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਰਲ ਕੇ ਲੜਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਡਬਲ ਇੰਜਣ ਸਰਕਾਰਾਂ ਦੀ ਗੱਲ ਕਰਦੀ ਹੈ ਪਰ ਹਕੀਕਤ ‘ਚ ਉਹ ਡਬਲ ਬੈਰਲ ਸਰਕਾਰ ਹੈ ਜਿਸ ਦਾ ਇਕ ਬੈਰਲ ਸੀਬੀਆਈ ਅਤੇ ਦੂਜਾ ਬੈਰਲ ਈਡੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਏਜੰਸੀਆਂ ਦੀ ਸਰਕਾਰ ਵੱਲੋਂ ਦੁਰਵਰਤੋਂ ਕੀਤੀ ਜਾ ਰਹੀ ਹੈ। -ਪੀਟੀਆਈ

Advertisement
Advertisement