For the best experience, open
https://m.punjabitribuneonline.com
on your mobile browser.
Advertisement

ਯੂਸੀਸੀ ਮੁਸਲਮਾਨਾਂ ਸਣੇ ਹੋਰ ਘੱਟ ਗਿਣਤੀਆਂ ਵਿਰੋਧੀ: ਕਾਸਮੀ

07:25 AM Jul 06, 2023 IST
ਯੂਸੀਸੀ ਮੁਸਲਮਾਨਾਂ ਸਣੇ ਹੋਰ ਘੱਟ ਗਿਣਤੀਆਂ ਵਿਰੋਧੀ  ਕਾਸਮੀ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖਲੀਲ ਕਾਸਮੀ। -ਫੋਟੋ: ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 5 ਜੁਲਾਈ
ਜਮੀਅਤ ਉਲ ਉਲਮਾ ਹਿੰਦ ਦੇ ਸੂਬਾਈ ਪ੍ਰਧਾਨ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖਲੀਲ ਕਾਸਮੀ ਨੇ ਕਿਹਾ ਕਿ ਸਮਾਨ ਨਾਗਰਿਕ ਜ਼ਾਬਤਾ ਨੂੰ ਮੁਸਲਿਮ ਭਾਈਚਾਰਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ੳੁਨ੍ਹਾਂ ਕਿਹਾ ਕਿ ਇਹ ਇਸਲਾਮੀ ਸ਼ਰੀਅਤ ’ਤੇ ਵੱਡਾ ਹਮਲਾ ਹੈ। ਜਮੀਅਤ ਉਲ ਉਲਮਾ ਹਿੰਦ ਦੀ ਪੰਜਾਬ ਇਕਾਈ ਦੇ ਮੁੱਖ ਦਫ਼ਤਰ ਮਦਰਸਾ ਜ਼ੀਨਤ ਉਲ ਉਲੂਮ ਮਾਲੇਰਕੋਟਲਾ ਵਿੱਚ ਇਸ ਸਬੰਧੀ ਹੋਈ ਇਸਲਾਮੀ ਵਿਦਵਾਨਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਖਲੀਲ ਕਾਸਮੀ ਨੇ ਕਿਹਾ ਕਿ ਇਕਸਾਰ ਨਾਗਰਿਕ ਜ਼ਾਬਤਾ ਮੁਸਲਮਾਨਾਂ ਸਣੇ ਹੋਰਨਾਂ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਹੈ। ਇਸ ਤੋਂ ਪ੍ਰਭਾਵਿਤ ਹੋਣ ਵਾਲੀਆਂ ਸਾਰੀਆਂ ਧਿਰਾਂ ਨੂੰ ਇਸ ਜ਼ਾਬਤੇ ਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਸਬੰਧੀ ਲਾਅ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 14 ਜੁਲਾਈ ਤੱਕ ਦਿੱਤੀ ਜਾਣ ਵਾਲੀ ਆਪਣੀ ਰਾਇ ਲਾਅ ਕਮਿਸ਼ਨ ਨੂੰ ਜ਼ਾਬਤੇ ਖ਼ਿਲਾਫ਼ ਭੇਜੀ ਜਾਵੇ।
ਮੌਲਾਨਾ ਰਾਸ਼ਿਦ ਕਪੂਰਥਲਾ, ਮੌਲਾਨਾ ਰਫੀ ਰਾਜਪੁਰਾ, ਕਾਰੀ ਯਾਕੂਬ ਮਨਸੂਰਪੁਰੀ ਨਾਭਾ, ਮੌਲਾਨਾ ਅਮੀਰ ਹਮਜ਼ਾ, ਮੌਲਾਨਾ ਮੁਜ਼ਤਬਾ ਯਜ਼ਦਾਨੀ, ਮੁਫ਼ਤੀ ਨਜ਼ੀਰ ਕਾਸਮੀ, ਮੁਫ਼ਤੀ ਗਿਆਸੂਦੀਨ, ਮੁਫ਼ਤੀ ਕਰਮ ਉਦਦੀਨ, ਮੁਫ਼ਤੀ ਮੁਹੰਮਦ ਸਾਕਿਬ ਕਾਸਮੀ ਅਤੇ ਮੁਫ਼ਤੀ ਮੁਹੰਮਦ ਯੂਸਫ ਕਾਸਮੀ ਨੇ ਵੀ ਸਮਾਨ ਨਾਗਰਿਕ ਜ਼ਾਬਤੇ ਦੀ ਨਿਖੇਧੀ ਕੀਤੀ। ਬੈਠਕ ਵਿੱਚ ਮਤਾ ਪਾਸ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ‘ਚ ਹੋਰਨਾਂ ਭਾਈਚਾਰਿਆਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨਾਲ ਹਮਮਸ਼ਵਰਾ ਹੋ ਕੇ ਯੂਸੀਸੀ ਵਿਰੁੱਧ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ। ਬੈਠਕ ਨੇ ਫ਼ੈਸਲਾ ਕੀਤਾ ਕਿ ਅੱਜ ਤੋਂ ਸ਼ਹਿਰ ਦੀਆਂ ਵੱਡੀਆਂ ਮਸਜਿਦਾਂ ਵਿੱਚ ਯੂਸੀਸੀ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

Advertisement

Advertisement
Advertisement
Tags :
Author Image

joginder kumar

View all posts

Advertisement