ਓਐੱਸਡੀ ਘੁੰਮਣ ਨੇ ਪੰਚਾਇਤਾਂ ਦੀਆਂ ਮੁਸ਼ਕਲਾਂ ਸੁਣੀਆਂ
ਬੀਰਬਲ ਰਿਸ਼ੀ
ਧੂਰੀ, 11 ਦਸੰਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਕੈਂਪ ਦਫ਼ਤਰ ਪੁੱਜੇ ਓਐੱਸਡੀ ਰਾਜਵੀਰ ਸਿੰਘ ਘੁੰਮਣ ਨੇ ਵਪਾਰੀਆਂ, ਲੋਕਾਂ ਅਤੇ ਪੰਚਾਇਤਾਂ ਨੂੰ ਦਰਪੇਸ਼ ਸਮੱਸਿਆਵਾਂ ਸੁਣੀਆਂ ਅਤੇ ਕਈਆਂ ਨੂੰ ਮੌਕੇ ’ਤੇ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਪਿੰਡ ਬੱਬਨਪੁਰ ਦੇ ਸਾਬਕਾ ਸਰਪੰਚ ਮੇਵਾ ਸਿੰਘ, ਨੌਜਵਾਨ ਆਗੂ ਗੁਰਪ੍ਰੀਤ ਸਿੰਘ ਅਤੇ ਟਰੇਡ ਯੂਨੀਅਨ ਆਗੂ ਸੁਰਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਇੱਕ ਫੈਕਟਰੀ ਕਾਰਨ ਧਰਤੀ ਹੇਠਲਾ ਪਾਣੀ ਬਹੁਤ ਦੂਸ਼ਿਤ ਹੋਣ ਕਾਰਨ ਪਿੰਡ ਵਿੱਚ ਕੈਂਸਰ ਨਾਲ ਦਰਜਨਾਂ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਪਿੰਡ ਵਿੱਚ ਨਹਿਰ ਦੇ ਪਾਣੀ ਨੂੰ ਸਾਫ ਕਰ ਕੇ ਪਿੰਡ ਵਾਸੀਆਂ ਨੂੰ ਪੀਣਯੋਗ ਪਾਣੀ ਦੇਣ ਦੀ ਮੰਗ ਕਰਦਿਆਂ ਪਿੰਡ ਲਾਗਿਓਂ ਨਹਿਰ ਲੰਘਦੀ ਹੋਣ ਦੇ ਬਾਵਜੂਦ ਰਕਬੇ ਨੂੰ ਸਿੰਜਣ ਲਈ ਮੋਘਾ ਲਾਏ ਜਾਣ ਦੀ ਲੋੜ ਹੈ। ਪਿੰਡ ਬੁਗਰਾ ਦੇ ਸਰਪੰਚ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਮਿਲੀ ਪੰਚਾਇਤ ਨੇ ਬੁਗਰਾ-ਪੁੰਨਾਵਾਲ, ਬੁਗਰਾ-ਪੇਧਨੀ, ਬੁਗਰਾ-ਰਾਜੋਮਾਜਰਾ, ਬੁਗਰਾ-ਕਾਂਝਲਾ, ਬੁਗਰਾ-ਬਾਦਸ਼ਾਹਪੁਰ ਦੇ ਕੱਚੇ ਰਸਤਿਆਂ ਨੂੰ ਸੜਕ ਦਾ ਰੂਪ ਦੇਣ, ਫਿਰਨੀ 20 ਫੁੱਟ ਚੌੜੀ ਕਰਨ, ਗੰਦੇ ਪਾਣੀ ਦੀ ਨਿਕਾਸੀ ਤੇ ਅੱਠਵੀਂ ਤੋਂ ਦਸਵੀਂ ਤੱਕ ਇੱਕ ਵੀ ਅਧਿਆਪਕ ਨਾ ਹੋਣ ਸਬੰਧੀ ਤਕਲੀਫ਼ ਦੱਸੀ। ਇਸ ਮੌਕੇ ਓਐੱਸਡੀ ਸ੍ਰੀ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਧੂਰੀ ਹਲਕੇ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਲਈ ਤਰਜੀਹੀ ਕੰਮਾਂ ਦੀਆਂ ਲਿਸਟਾਂ ਮੰਗੀਆਂ ਸਨ।