ਆਸਕਰ 2025 ਐਵਾਰਡ ਸ਼ੋਅ: ਜਦੋਂ ਮੇਜ਼ਬਾਨ ਕੋਨਨ ਨੇ ਭਾਰਤੀਆਂ ਨੂੰ ਕੀਤਾ ‘ਨਮਸਕਾਰ’
ਨਵੀਂ ਦਿੱਲੀ: ਆਸਕਰ 2025 ਐਵਾਰਡ ਦੌਰਾਨ ਭਾਰਤੀ ਦਰਸ਼ਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਸ਼ੋਅ ਦੇ ਮੇਜ਼ਬਾਨ ਕੋਨਨ ਓ ਬ੍ਰਾਇਨ ਨੇ ਭਾਰਤੀ ਦਰਸ਼ਕਾਂ ਨੂੰ ‘ਨਮਸਕਾਰ’ ਆਖਦਿਆਂ ਹਿੰਦੀ ’ਚ ਸੰਬੋਧਨ ਕੀਤਾ। ਅਮਰੀਕਾ ਦੇ ਲਾਸ ਏਂਜਲਸ ਵਿੱਚ 97ਵੇਂ ਐਵਾਰਡ ਸ਼ੋਅ ਦੌਰਾਨ ਮੇਜ਼ਬਾਨ ਨੇ ਭਾਰਤੀਆਂ ਦਾ ਹਿੰਦੀ ’ਚ ਸਵਾਗਤ ਕੀਤਾ। ਉਸ ਨੇ ਸ਼ੁਰੂ ਵਿੱਚ ਹੀ ਕਿਹਾ, ‘‘ਆਪ ਮੇਂ ਸੇ ਜੋ ਲੋਕ ਭਾਰਤ ਸੇ ਦੇਖ ਰਹੇ ਹੈਂ, ਮੈਂ ਉਨਸੇ ਕਹਿਨਾ ਚਾਹਤਾ ਹੂੰ ਕਿ ਭਾਰਤ ਕੇ ਲੋਗੋ ਨਮਸਕਾਰ। ਵਹਾਂ ਸਵੇਰ ਹੋ ਚੁਕੀ ਹੈ ਤੋਂ ਮੁਝੇ ਉਮੀਦ ਹੈ ਕਿ ਨਾਸ਼ਤੇ ਕੇ ਸਾਥ ਵੋ ਆਸਕਰ ਸਮਾਰੋਹ ਦੇਖ ਰਹੇ ਹੈਂ।’’ ਭਾਰਤ ਵਿੱਚ ਇਸ ਸ਼ੋਅ ਦਾ ਸਿੱਧਾ ਪ੍ਰਸਾਰਨ ‘ਜੀਓ ਹੌਟ ਸਟਾਰ’ ਅਤੇ ਟੀਵੀ ਚੈਨਲ ‘ਸਟਾਰ ਪਲੱਸ’ ਉੱਤੇ ਕੀਤਾ ਗਿਆ। ਸੋਸ਼ਲ ਮੀਡੀਆ ’ਤੇ ਲੋਕਾਂ ਨੇ ਕੋਨਨ ਵੱਲੋਂ ਹਿੰਦੀ ਬੋਲਣ ਦੀ ਕੋਸ਼ਿਸ਼ ਕਰਨ ਦੀ ਸ਼ਲਾਘਾ ਕੀਤੀ ਹੈ। ਇੱਕ ਵਿਅਕਤੀ ਨੇ ਕਿਹਾ ਕਿ ਕੋਨਨ ਵਿਦੇਸ਼ੀ ਭਾਸ਼ਾ ਬੋਲਣ ਲਈ ਬਿਹਤਰੀਨ ਕੋਸ਼ਿਸ਼ ਕਰਨ ਲਈ ਆਸਕਰ ਐਵਾਰਡ ਦਾ ਹੱਕਦਾਰ ਹੈ। ਉਸ ਨੇ ਬਹੁਤ ਚੰਗੀ ਕੋਸ਼ਿਸ਼ ਕੀਤੀ ਹੈ। ਇੱਕ ਹੋਰ ਵਿਅਕਤੀ ਨੇ ਲਿਖਿਆ ਹੈ ਕਿ ਕੋਨਨ ਨੇ ਭਾਰਤੀ ਦਰਸ਼ਕਾਂ ਨਾਲ ਜੁੜਨ ਲਈ ਹਿੰਦੀ ’ਚ ਚੰਗੀ ਗੱਲ ਕੀਤੀ ਹੈ। ਹਾਲਾਂਕਿ ਕੁਝ ਲੋਕ ਇਸ ਤੋਂ ਨਾਰਾਜ਼ ਵੀ ਦਿਖੇ। ਸੋਸ਼ਲ ਮੀਡੀਆ ’ਤੇ ਇੱਕ ਜਣੇ ਨੇ ਕਿਹਾ ਕਿ ਇਹ ਬੇਸ਼ੱਕ ਚੰਗੀ ਕੋਸ਼ਿਸ਼ ਸੀ ਪਰ ਉਸ ਨੇ ਸ਼ੋਅ ਦੀ ਸ਼ੁਰੂਆਤ ਨੂੰ ਪੂਰੀ ਤਰ੍ਹਾਂ ਖ਼ਰਾਬ ਕਰ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤੀ ਲਘੂ ਫਿਲਮ ‘ਅਨੁਜਾ’ ਆਸਕਰ 2025 ਵਿੱਚ ਬਿਹਤਰੀਨ ‘ਲਾਈਵ ਐਕਸ਼ਨ ਸ਼ਾਰਟ’ ਫਿਲਮ ਵਰਗ ਵਿੱਚ ਐਵਾਰਡ ਹਾਸਲ ਨਹੀਂ ਕਰ ਸਕੀ ਹੈ। ਇਹ ਐਵਾਰਡ ਡੱਚ ਭਾਸ਼ਾ ਦੀ ਫਿਲਮ ‘ਆਈ ਐਮ ਨੌਟ ਆ ਰੋਬੋਟ’ ਦੇ ਹਿੱਸੇ ਆਇਆ ਹੈ। ਆਸਕਰ 2025 ਵਿੱਚ ‘ਅਨੁਜਾ’ ਬਿਹਤਰੀਨ ‘ਲਾਈਵ ਐਕਸ਼ਨ ਸ਼ਾਰਟ’ ਫਿਲਮ ਵਰਗ ਵਿੱਚ ਐਵਾਰਡ ਦੀ ਦੌੜ ਵਿੱਚ ਸ਼ਾਮਲ ਸੀ। ਇਹ ਨੌਂ ਸਾਲ ਦੀ ਹੋਣਹਾਰ ਕੁੜੀ ਦੀ ਕਹਾਣੀ ਹੈ। ਉਸ ਨੂੰ ਆਪਣੀ ਪੜ੍ਹਾਈ ਅਤੇ ਫੈਕਟਰੀ ਵਿੱਚ ਕੰਮ ਕਰਨ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਪੈਂਦੀ ਹੈ। ਇਹ ਫ਼ੈਸਲਾ ਉਸ ਦੇ ਅਤੇ ਉਸ ਦੀ ਛੋਟੀ ਭੈਣ ਦੇ ਭਵਿੱਖ ਨੂੰ ਤੈਅ ਕਰਦਾ ਹੈ। -ਪੀਟੀਆਈ