For the best experience, open
https://m.punjabitribuneonline.com
on your mobile browser.
Advertisement

ਛਾਂਦਾਰ ਨੈੱਟ ਹਾਊਸ ਵਿੱਚ ਸਜਾਵਟੀ ਬੂਟੇ

08:03 AM Nov 04, 2023 IST
ਛਾਂਦਾਰ ਨੈੱਟ ਹਾਊਸ ਵਿੱਚ ਸਜਾਵਟੀ ਬੂਟੇ
Advertisement

ਤਾਨਿਆ ਠਾਕੁਰ, ਰਣਜੀਤ ਸਿੰਘ, ਪਰਮਿੰਦਰ ਸਿੰਘ

ਸਜਾਵਟੀ ਪੱਤੀਆਂਂ ਜਾਂ ਸਜਾਵਟੀ ਕੱਟ ਪੱਤੀਆਂਂ ਨੂੰ ਅੰਗਰੇਜ਼ੀ ਵਿੱਚ ਕੱਟ ਫੋਲੀਏਜ਼ ਜਾਂ ਫਲੋਰਿਸਟ ਗ੍ਰੀਨ ਜਾਂ ਕੱਟ ਗ੍ਰੀਨਸ ਵੀ ਕਹਿੰਦੇ ਹਨ। ਇਹ ਸਜਾਵਟੀ ਪੱਤੀਆਂ ਟਹਿਣੀਆਂ ਸਣੇ ਜਾਂ ਟਹਿਣੀਆਂ ਤੋਂ ਬਿਨਾਂ ਹੁੰਦੀਆਂ ਹਨ। ਇਨ੍ਹਾਂ ਉੱਪਰ ਸਜਾਵਟੀ ਫਲ ਜਾਂ ਬੀਜ ਫਲੀਆਂ ਵੀ ਹੋ ਸਕਦੀਆਂ ਹਨ। ਇਹ ਪੱਤੀਆਂ ਮੋਟੇ ਤੌਰ ’ਤੇ ਫੁੱਲਾਂ ਦੇ ਵੱਖ ਵੱਖ ਤਰ੍ਹਾਂ ਦੇ ਗੁਲਦਸਤਿਆਂ ਵਿੱਚ 20-30 ਫ਼ੀਸਦੀ ਮਾਤਰਾ ਵਿੱਚ ਵਰਤੀਆਂ ਜਾਂਦੀਆਂ ਹਨ, ਜੋ ਗੁਲਦਸਤੇ ਨੂੰ ਭਰਵੀਂ ਦਿੱਖ ਪ੍ਰਦਾਨ ਕਰਦੀਆਂ ਹਨ। ਫੁੱਲਾਂ ਦੀ ਮੰਡੀ ਵਿੱਚ ਤਰਜ਼ੀਹੀ ਤੌਰ ’ਤੇ ਕਿਸਮਾਂ ਜ਼ਿਆਦਾਤਰ ਸਦਾਬਹਾਰ ਪੌਦਿਆਂ ਦੇ ਹਰੇ ਚਮਕੀਲੇ ਜਾਂ ਚਾਂਦੀ ਰੰਗੇ ਪੱਤਿਆਂ ਵਿੱਚ ਹੁੰਦੀਆਂ ਹਨ ਜਿਹੜੀਆਂ ਕਿ ਜ਼ਿਆਦਾ ਦੇਰ ਤੱਕ ਤਾਜ਼ੀਆਂ ਰਹਿੰਦੀਆਂ ਹਨ। ਫਰਨ, ਐਸਪਾਰਾਗਸ, ਡਰੈਸੀਨਾ, ਰਸਕਸ, ਮੋਰਪੰਖੀ, ਸਫੈਦਾ, ਕੰਘੀ ਪਾਮ (ਖਜ਼ੂਰਨੁਮਾ ਪੌਦਾ) ਅਤੇ ਐਰੀਕਾ (ਸੁਪਾਰੀ) ਪਾਮ ਮੰਡੀ ਵਿੱਚ ਜ਼ਿਆਦਾ ਮੰਗ ਵਿੱਚ ਹਨ, ਜਿਹੜੇ ਕਿ ਫੁੱਲਾਂ ਦੇ ਵੱਖ-ਵੱਖ ਤਰ੍ਹਾਂ ਦੇ ਗੁਲਦਸਤੇ ਬਣਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਰਤੇ ਜਾਂਦੇ ਹਨ। ਖੋਜਾਂ ਤੋਂ ਇਹ ਪਤਾ ਲੱਗਾ ਹੈ ਕਿ ਸਜਾਵਟੀ ਕੱਟ ਪੱਤੀਆਂ ਵੀ ਵਪਾਰਕ ਪੱਖੋਂ ਘੱਟ ਖ਼ਰਚੇ ਵਾਲੇ ਸ਼ੈਡ ਨੈੱਟ ਹਾਊਸ ਵਿੱਚ ਕਾਸ਼ਤ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਦੀ ਖੇਤੀ ਨੂੰ ਖੇਤੀ ਧੰਦੇ ਵਿੱਚ ਪ੍ਰਤੀ ਯੂਨਿਟ ਖੇਤਰ ਵਿੱਚ ਜ਼ਿਆਦਾ ਲਾਭ ਵਾਲੇ ਵਿਕਲਪ ਵਜੋਂ ਦੇਖਿਆ ਜਾਂਦਾ ਹੈ।
ਇਨ੍ਹਾਂ ਫ਼ਸਲਾਂ ਦੇ ਉਗਾਉਣ ਲਈ 50-75 ਫ਼ੀਸਦੀ ਛਾਂ ਵਾਲੀ ਨੈੱਟ ਹਾਊਸ ਦੀ ਜ਼ਰੂਰਤ ਹੁੰਦੀ ਹੈ ਹਵਾ ਵਿੱਚ ਨਮੀ ਦੀ ਮਾਤਰਾ 50 ਫ਼ੀਸਦੀ ਚਾਹੀਦੀ ਹੈ। ਭੁਰਪੁਰੀਆਂ ਜ਼ਮੀਨਾਂ ਵਿੱਚ ਜਿਨ੍ਹਾਂ ਦਾ ਤੇਜ਼ਾਬੀ ਮਾਦਾ 6.0-6.5 ਹੁੰਦਾ ਹੈ, ਇਨ੍ਹਾਂ ਫਸਲਾਂ ਲਈ ਜ਼ਿਆਦਾ ਲਾਹੇਵੰਦ ਹੈ ਪਰ ਪੰਜਾਬ ਖੇਤਰ ਦੀਆਂ ਸਾਰੀਆਂ ਜ਼ਮੀਨਾਂ ਇਨ੍ਹਾਂ ਦੀ ਖੇਤੀ ਲਈ ਢੁੱਕਵੀਆਂ ਹਨ ਅਤੇ 15-20 ਡਿਗਰੀ ਤਾਪਮਾਨ ਅਤਿ ਅਨੁਕੂਲ ਹੈ। ਬਹੁਤ ਹੀ ਘੱਟ ਤਾਪਮਾਨ ਵਿੱਚ ਇਨ੍ਹਾਂ ਨੂੰ ਸਰਦੀ ਦੀ ਜਾਂ ਕੋਰੇ ਦੀ ਮਾਰ ਪੈ ਜਾਂਦੀ ਹੈ।
ਇਨ੍ਹਾਂ ਪੌਦਿਆਂ ਨੂੰ ਆਸਾਨੀ ਨਾਲ ਵਧਾਇਆ ਜਾ ਸਕਦਾ ਹੈ। ਇਨ੍ਹਾਂ ਦਾ ਪੌਦ ਵਾਧਾ ਵੰਡ ਵਿਧੀ ਦੁਆਰਾ ਜਾਂ ਕਲਮਾਂ ਦੁਆਰਾ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਪੌਦ ਵਾਧੇ ਲਈ ਜੁਲਾਈ-ਅਗਸਤ ਅਤੇ ਫਰਵਰੀ-ਮਾਰਚ ਦੇ ਮਹੀਨੇ ਅਤਿ ਢੁਕਵੇਂ ਹਨ। ਇਨ੍ਹਾਂ ਦੀ ਖੇਤੀ ਲਈ ਸਿੰਜਾਈ 3-4 ਦਿਨਾਂ ਤੋਂ ਬਾਅਦ ਤੁਪਕਾ ਵਿਧੀ ਜਾਂ ਰਵਾਇਤੀ ਤਰੀਕੇ ਨਾਲ ਕੀਤੀ ਜਾਂਦੀ ਹੈ ਜਦੋਂ ਪੱਤੇ ਪੂਰੀ ਤਰ੍ਹਾਂ ਵਿਕਸਤਿ ਹੋ ਕੇ ਗੂੜ੍ਹੇ ਹਰੇ ਰੰਗ ਦੇ ਹੋ ਜਾਣ ਤਾਂ ਇਨ੍ਹਾਂ ਦੀ ਵਾਢੀ ਕੀਤੀ ਜਾਂਦੀ ਹੈ। ਵਾਢੀ ਤੋਂ ਬਾਅਦ ਇਨ੍ਹਾਂ ਸਜਾਵਟੀ ਪੱਤੀਆਂਂ ਨੂੰ ਤਾਜ਼ਾ ਰੱਖਣ ਲਈ ਪਾਣੀ ਵਿੱਚ ਪਾਇਆ ਜਾਂਦਾ ਹੈ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪੱਤੇ ਆਪਣਾ ਤਾਜ਼ਾਪਣ ਜਲਦੀ ਗੁਆ ਕੇ ਖ਼ਰਾਬ ਹੋ ਜਾਂਦੇ ਹਨ। ਤਣੇ ਦੇ ਜਾਂ ਪੱਤੇ ਦੇ 5-7 ਸੈਟੀਮੀਟਰ ਦੇ ਮੂਲ ਹਿੱਸੇ ਨੂੰ ਪਾਣੀ ਵਿੱਚ ਡੁਬੋਇਆ ਜਾਣਾ ਚਾਹੀਦਾ ਹੈ। ਵਰਤਣ ਵੇਲੇ ਜਾਂ ਵੇਚਣ ਵੇਲੇ ਪਾਣੀ ਵਿੱਚ ਡੁੱਬੇ ਹਿੱਸੇ ਤੋਂ ਪੱਤਿਆ ਨੂੰ ਹਟਾ ਦਿੱਤਾ ਜਾਂਦਾ ਹੈ। ਜੇ ਪੈਦਾਵਾਰ ਵੱਧ ਹੋਵੇ ਤਾਂ ਇਨ੍ਹਾਂ ਨੂੰ ਫਰਜਿ ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਫਰਜਿ ਵਿੱਚ ਇਨ੍ਹਾਂ ਸਜਾਵਟੀ ਪੱਤਿਆਂ ਨੂੰ 2-4 ਡਿਗਰੀ ਤਾਪਮਾਨ ’ਤੇ 15-30 ਦਿਨਾਂ ਤੱਕ ਆਸਾਨੀ ਨਾਲ ਸਟੋਰ ਕੀਤਾ ਜਾ ਸਕਦਾ ਹੈ। ਮਨਫ਼ੀ ਤਾਪਮਾਨ ’ਤੇ ਸਟੋਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਇਨ੍ਹਾਂ ਪੱਤੀਆਂਂ ਦੀ ਆਮਦ ਦਿੱਲੀ ਰਸਤਿਓਂ ਪੱਛਮੀ ਬੰਗਾਲ ਤੋਂ ਹੁੰਦੀ ਹੈ ਜੋ ਕਿ ਨਿਯਮਤ ਖੇਤੀ ਜਾਂ ਜੰਗਲਾਤ ਦੇ ਸੋਮਿਆਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਪੰਜਾਬ ਖੇਤਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਕੀਤੇ ਖੋਜ ਕਾਰਜਾਂ ਨੇ ਛਾਂਦਾਰ ਨੈੱਟ ਹਾਊਸ ਹੇਠਾਂ ਸਜਾਵਟੀ ਕੱਟ ਪੱਤੀਆਂਂ ਦੀ ਕਾਸ਼ਤ ਲਈ ਰਾਹ ਪੱਧਰਾ ਕੀਤਾ ਹੈ ਜੋ ਕਿ ਕਿਸਾਨਾਂ ਲਈ ਆਰਥਿਕ ਤੌਰ ’ਤੇ ਲਾਭਦਾਇਕ ਹਨ।
ਪੰਜਾਬ ਵਿੱਚ ਮੁੱਖ ਤੌਰ ਉਗਾਏ ਜਾਣ ਵਾਲੇ ਸਜਾਵਟੀ ਪੱਤੀਆਂਂ ਦੀਆਂ ਫ਼ਸਲਾਂ ਹਨ-
ਫਰਨ ਇਹ ਪੌਦੇ ਆਪਣੇ ਖੂਬਸੂਰਤ ਪੱਤੀਆਂਂ ਲਈ ਬਹੁਤ ਪੰਸਦੀਦਾ ਹੈ। ਬੋਸਟਨ ਫਰਨ ਜਾਂ ਘੋੜਾ ਪੱਤਾ ਫੁੱਲ ਗੁਲਦਸਤਿਆਂ ਵਿੱਚ ਆਮ ਤੌਰ ’ਤੇ ਵਰਤਿਆ ਹੈ। ਇਸ ਨੂੰ ਸੁੱਕੇ ਹੋਏ ਫੁੱਲਾਂ ਨਾਲ ਵੀ ਵਰਤਿਆ ਜਾ ਸਕਦਾ। ਇਸ ਨੂੰ ਜੁਲਾਈ, ਅਗਸਤ ਜਾਂ ਫਰਵਰੀ-ਮਾਰਚ ਮਹੀਨੇ, 30X30 ਸੈਂਟੀਮੀਟਰ ਦੇ ਫ਼ਾਸਲੇ ’ਤੇ ਲਾਇਆ ਜਾਂਦਾ ਹੈ। ਇਸ ਦਾ ਪੌਦ ਵਾਧਾ ਵੰਡ ਵਿਧੀ ਨਾਲ ਕੀਤਾ ਜਾਂਦਾ ਹੈ। ਪੀਏਯੂ ਵੱਲੋਂ ਖੇਤ ਦੀ ਤਿਆਰੀ ਦੇ ਸਮੇਂ 10 ਟਨ/ਏਕੜ ਦੇ ਹਿਸਾਬ ਨਾਲ ਰੂੜੀ ਦੀ ਖਾਦ ਅਤੇ 3 ਮਹੀਨਿਆਂ ਦੇ ਅੰਤਰਾਲ ਤੇ 50 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੇ ਹਿਸਾਬ ਨਾਲ ਚਾਰ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਸਾਲ ਭਰ ਵਿੱਚ ਪਾਉਣ ਦੀ ਸਿਫ਼ਾਰਸ਼ ਕੀਤੀ ਹੈ ਜਦੋਂ ਪੱਤੇ ਪੂਰੀ ਤਰ੍ਹਾਂ ਪੱਕ ਕੇ ਗੂੜ੍ਹੇ ਹਰੇ ਰੰਗ ਦੇ ਅਤੇ ਪੂਰੇ ਵਿਕਸਤਿ ਹੋ ਜਾਣ ਤਾਂ ਇਨ੍ਹਾਂ ਦੀ ਵਾਢੀ ਅਤੇ ਪੈਕਿੰਗ ਦੀ ਸਿਫ਼ਾਰਸ਼ ਕੀਤੀ ਹੈ
ਐਸਪਾਰਾਗਾਸ ਨਾਮ ਦੀ ਪ੍ਰਜਾਤੀ ਦੇ ਪੱਤੇ ਵੀ ਫੁੱਲ ਉਦਯੋਗ ਵਿੱਚ ਵਰਤੇ ਜਾਂਦੇ ਹਨ। ਜਿਹੜੇ ਕੇ ਭਾਰ ਦੇ ਅਨੁਸਾਰ ਪੈਕ ਕੀਤੇ ਜਾਂਦੇ ਹਨ। ਇਸ ਦੇ ਪੱਤੇ ਅਤਿ ਖੂਬਸੂਰਤ ਖੰਭਾਂ ਵਾਂਗ ਹੁੰਦੇ ਹਨ। ਲੂੰਬੜੀ ਦੀ ਪੂਛ ਦੇ ਆਕਾਰ ਦੇ ਪੱਤਿਆਂ ਵਾਲੀ ਇਸ ਦੀ ਇੱਕ ਹੋਰ ਪ੍ਰਜਾਤੀ ਵੀ ਫੁੱਲ ਉਦਯੋਗ ਵਿੱਚ ਵਰਤੀ ਜਾਂਦੀ ਹੈ। ਸਪਰੈਂਜਰ ਐਸਪਾਰਾਗਾਸ ਨਾਮੀ ਇਸ ਦੀ ਤੀਜੀ ਪ੍ਰਜਾਤੀ ਵੀ ਫੁੱਲ ਉਦਯੋਗ ਵਿੱਚ ਮਹੱਤਵ ਰੱਖਦੀ ਹੈ। ਪਲੂਮੋਸਾ ਨਾਮੀ ਇਸ ਦੀ ਇਕ ਹੋਰ ਪ੍ਰਜਾਤੀ ਹੈ। ਜਿਸ ਦੇ ਗੂੜ੍ਹੇ ਹਰੇ ਰੰਗ ਦੇ ਖੰਭਨੁੰਮਾ ਪੱਤੇ ਫਰਨ ਨਾਲ ਮੇਲ ਖਾਂਦੇ ਹਨ, ਨੂੰ ਵੀ ਗੁਦਸਤਿਆਂ ਵਿੱਚ ਵਰਤਿਆ ਜਾਂਦਾ ਹੈ। ਇਹ ਪੱਤੀਆਂਂ ਨੂੰ ਸੁਕਾ ਕੇ ਵੀ ਵਰਤਿਆ ਜਾ ਸਕਦਾ ਹੈ। ਗਲਿਸਰੀਨ 20 ਫ਼ੀਸਦੀ ਵਿਧੀ ਵੱਲੋਂ ਇਨ੍ਹਾਂ ਨੂੰ ਸੁਕਾਇਆ ਜਾ ਸਕਦਾ ਹੈ ਅਤੇ ਅਗਲੇ ਛੇ ਮਹੀਨੇ ਤੱਕ ਵਰਤਿਆ ਜਾ ਸਕਦਾ ਹੈ।
ਡਰੈਸੀਨਾ ਰੈਫਲੇਕਸਾ ਨਾਮੀ ਪ੍ਰਜਾਤੀ ਦੇ ਬੂਟੇ ਉਪਰ ਚਤਿਕਬਰੇ ਪੱਤੇ ਵੀ ਕੱਟ ਸਜਾਵਟੀ ਪੱਤੀਆਂਂ ਵਜੋਂ ਵਰਤੇ ਜਾਂਦੇ ਹਨ। ਇਸ ਨੂੰ 35-40 ਸੈਂਟੀਮੀਟਰ ਟਹਿਣੀਆਂ ਸਣੇ ਕੱਟ 10-10 ਦੇ ਬੰਡਲ ਬਣਾ ਕੇ ਵੇਚਿਆ ਜਾਂਦਾ ਹੈ ਅਤੇ ਇਹ 10-15 ਦਿਨਾਂ ਤੱਕ ਤਾਜ਼ਾ ਰਹਿੰਦਾ ਹੈ।
ਰਸਕਸ ਨਾਮੀ ਪੌਦਾ ਜਿਸ ਦੇ ਗੂੜ੍ਹੇ ਹਰੇ ਰੰਗ ਦੇ ਪੱਤੇ ਸਣੇ ਟਹਿਣੀਆਂ ਗੁਲਦਸਤੇ ਆਦਿ ਬਣਾਉਣ ਲਈ ਵਰਤੇ ਜਾਂਦੇ ਹਨ। ਇਹ 20 ਦਿਨਾਂ ਤੱਕ ਤਾਜ਼ਾ ਰਹਿੰਦਾ ਹੈ।
ਡਾਈਨੇਲਾ ਦੇ ਲੰਬੇ ਚਤਿਕਬਰੇ ਪੱਤੇ ਵੀ ਸਜਾਵਟੀ ਕੱਟ ਪੱਤੀਆਂਂ ਵਜੋਂ ਵਰਤੇ ਜਾਂਦੇ ਹਨ ਜੋ ਲੰਬੇ ਅਤੇ ਨਰਮ ਹੁੰਦੇ ਹਨ ਇਹ ਵੀ ਕਾਫ਼ੀ ਲੰਬਾ ਸਮਾਂ ਤਾਜ਼ਾ ਰਹਿੰਦੇ ਹਨ।
ਮੋਰ ਪੰਖੀ ਜਿਸ ਦੇ ਪੱਤੇ ਹਲਕੇ ਹਰੇ ਤੋਂ ਗੂੜ੍ਹੇ ਹਰੇ ਹੁੰਦੇ ਹਨ, ਨੂੰ ਵੀ ਗੁਲਾਬ ਦੇ ਫੁੱਲ ਨਾਲ ਜੋੜ ਕੇ ਕੋਟ ਦੇ ਬਟਨ ਦੀ ਸਜਾਵਟ ਲਈ ਵਰਤਿਆ ਜਾਂਦਾ ਹੈ।
ਅੱਜ ਕੱਲ੍ਹ ਸੈਂਸੀਵੇਰੀਆ ਨਾਮਕ ਪੌਦਾ, ਜਿਸ ਦੇ ਲੰਬੇ ਹਰੇ ਜਾਂ ਚਤਿਕਬਰੇ ਪੱਤੇ ਹੁੰਦੇ ਹਨ, ਨੂੰ ਵੀ ਤਾਜ਼ੇ ਫੁੱਲਾਂ ਦੇ ਗੁਲਦਸਤੇ ਬਣਾਉਣ ਲਈ ਆਮ ਹੀ ਵਰਤਿਆ ਜਾਂਦਾ ਹੈ। ਕੰਘੀ ਪਾਮ ਘਰਾਂ ਵਿੱਚ ਲਗਾਇਆ ਜਾਣ ਆਮ ਸਜਾਵਟੀ ਪੌਦਾ ਹੈ। ਇਸ ਦੇ ਪੱਤੇ ਸਖ਼ਤ ਹੁੰਦੇ ਹਨ, ਇਨ੍ਹਾਂ ਨੂੰ ਤਾਜ਼ਾ ਜਾਂ ਸੁਕਾ ਕੇ ਗੁਲਦਸਤੇ ਦੇ ਭਰਵੇਪਣ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ।

Advertisement

Advertisement
Advertisement
Author Image

joginder kumar

View all posts

Advertisement