ਉੜੀਸਾ: ਰਾਜਨਾਥ ਸਿੰਘ ਤੇ ਭੁਪੇਂਦਰ ਯਾਦਵ ਨਿਗਰਾਨ ਨਿਯੁਕਤ
ਭੁਬਨੇਸ਼ਵਰ, 10 ਜੂਨ
ਭਾਜਪਾ ਨੇ ਉੜੀਸਾ ਵਿਚ ਨਵੇਂ ਮੁੱਖ ਮੰਤਰੀ ਦੀ ਚੋਣ ਨਾਲ ਜੁੜੇ ਅਮਲ ਦੀ ਨਿਗਰਾਨੀ ਲਈ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਤੇ ਭੁਪੇਂਦਰ ਯਾਦਵ ਨੂੰ ਨਿਯੁਕਤ ਕੀਤਾ ਹੈ। ਭਾਜਪਾ ਨੇ 4 ਜੂਨ ਨੂੰ ਐਲਾਨੇ ਚੋਣ ਨਤੀਜਿਆਂ ਵਿਚ 147 ਮੈਂਬਰੀ ਉੜੀਸਾ ਅਸੈਂਬਲੀ ਵਿਚ 78 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਹਾਸਲ ਕੀਤਾ ਸੀ। ਉਂਜ ਪਾਰਟੀ ਨੇ ਅਜੇ ਤੱਕ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਨਹੀਂ ਚੁਣਿਆ। ਭਾਜਪਾ ਦੇ ਉੜੀਸਾ ਇੰਚਾਰਜ ਵਿਜੈ ਪਾਲ ਸਿੰਘ ਤੋਮਰ ਨੇ ਕਿਹਾ ਕਿ ਨਵੇਂ ਚੁਣੇ ਪਾਰਟੀ ਵਿਧਾਇਕਾਂ ਦੀ ਬੈਠਕ ਮੰਗਲਵਾਰ ਨੂੰ ਹੋਵੇਗੀ ਤੇ ਨਵੀਂ ਸਰਕਾਰ 12 ਜੂਨ ਨੂੰ ਹਲਫ਼ ਲਏਗੀ। ਨਵੀਂ ਦਿੱਲੀ ਤੋਂ ਪਰਤੇ ਵਿਧਾਇਕ ਸੁਰੇਸ਼ ਪੁਜਾਰੀ ਨੇ ਕਿਹਾ, ‘‘ਨਵਨਿਯੁਕਤ ਨਿਗਰਾਨ ਰਾਜਨਾਥ ਸਿੰਘ ਤੇ ਭੁਪੇਂਦਰ ਯਾਦਵ ਪਾਰਟੀ ਦੇ ਵਿਧਾਇਕਾਂ ਨਾਲ ਗੱਲਬਾਤ ਕਰਨਗੇ।’’ ਕਾਬਿਲੇਗੌਰ ਹੈ ਕਿ ਪਹਿਲਾਂ ਸੂਬੇ ਨਾਲ ਸਬੰਧਤ ਸੀਨੀਅਰ ਐੱਮਪੀ ਧਰਮੇਂਦਰ ਪ੍ਰਧਾਨ ਨੂੰ ਉੜੀਸਾ ਦਾ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਆਸਾਰ ਸਨ, ਪਰ ਪ੍ਰਧਾਨ ਦੀ ਕੇਂਦਰੀ ਕੈਬਨਿਟ ਵਿਚ ਸ਼ਮੂਲੀਅਤ ਨਾਲ ਮੁੜ ਸਾਰਾ ਧਿਆਨ ਬ੍ਰਜਰਾਜਨਗਰ ਤੋਂ ਵਿਧਾਇਕ ਸੁਰੇਸ਼ ਪੁਜਾਰੀ ਵੱਲ ਹੋ ਗਿਆ ਹੈ। -ਪੀਟੀਆਈ