ਉੜੀਸਾ: ਚੱਕਰਵਾਤ ਦਾਨਾ ਨਾਲ 35.95 ਲੱਖ ਲੋਕ ਪ੍ਰਭਾਵਿਤ
ਭੁਬਨੇਸ਼ਵਰ, 27 ਅਕਤੂਬਰ
ਉੜੀਸਾ ਦੇ ਮਾਲ ਤੇ ਆਫ਼ਤ ਪ੍ਰਬੰਧਨ ਮੰਤਰੀ ਸੁਰੇਸ਼ ਪੁਜਾਰੀ ਨੇ ਅੱਜ ਕਿਹਾ ਕਿ ਚੱਕਰਵਾਤ ਦਾਨਾ ਅਤੇ ਉਸ ਤੋਂ ਬਾਅਦ 14 ਜ਼ਿਲ੍ਹਿਆਂ ਵਿੱਚ ਆਏ ਹੜ੍ਹਾਂ ਕਾਰਨ ਉੜੀਸਾ ਵਿੱਚ ਕੁੱਲ 35.95 ਲੱਖ ਲੋਕ ਪ੍ਰਭਾਵਿਤ ਹੋਏ ਹਨ। ਪੁਜਾਰੀ ਨੇ ਦੱਸਿਆ ਕਿ 8,10,896 ਲੋਕਾਂ ਨੂੰ 6210 ਚੱਕਰਵਾਤ ਰਾਹਤ ਕੇਂਦਰਾਂ ਵਿੱਚ ਪਹੁੰਚਾਇਆ ਗਿਆ ਹੈ। ਮੰਤਰੀ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਕੇਂਦਰਪਾੜਾ, ਬਾਲਾਸੋਰ ਅਤੇ ਭਦਰਕ ਸ਼ਾਮਲ ਹਨ। ਹਾਲਾਂਕਿ, ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਮੰਤਰੀ ਨੇ ਕਿਹਾ, ‘‘ਐਤਵਾਰ ਸਵੇਰੇ 10.30 ਵਜੇ ਤੱਕ, ਕੱਢੇ ਗਏ ਲੋਕਾਂ ਨੂੰ 1178 ਚੱਕਰਵਾਤ ਰਾਹਤ ਕੇਂਦਰਾਂ ਵਿੱਚ ਆਸਰਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਭੋਜਨ ਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।’’ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਸਵੇਰੇ ਆਏ ਚੱਕਰਵਾਤ ਦਾਨਾ ਨੇ 14 ਜ਼ਿਲ੍ਹਿਆਂ ਦੇ 108 ਬਲਾਕਾਂ ਅਧੀਨ ਆਉਂਦੀਆਂ 1671 ਗ੍ਰਾਮ ਪੰਚਾਇਤਾਂ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਪੁਜਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ, ਚੱਕਰਵਾਤ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਕਾਰਨ ਲਗਪਗ 5840 ਘਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਨੁਕਸਾਨੇ ਗਏ ਹਨ। -ਪੀਟੀਆਈ
ਉੜੀਸਾ ਦੇ ਭਦਰਕ ਵਿੱਚ ਹੜ੍ਹ ਪ੍ਰਭਾਵਿਤ ਪਿੰਡ ਤੋਂ 24 ਲੋਕਾਂ ਨੂੰ ਬਚਾਇਆ
ਭੁਬਨੇਸ਼ਵਰ: ਉੜੀਸਾ ਆਫ਼ਤ ਰਾਹਤ ਫੋਰਸ ਦੀ ਇਕ ਟੀਮ ਨੇ ਭਦਰਕ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਚੱਕਰਵਾਤ ‘ਦਾਨਾ’ ਕਰ ਕੇ ਪਾਣੀ ਭਰ ਜਾਣ ਕਾਰਨ ਫਸੇ ਘੱਟੋ ਘੱਟ 24 ਵਿਅਕਤੀਆਂ ਨੂੰ ਬਚਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉੜੀਸਾ ਫੌਰੀ ਆਫ਼ਤ ਰਾਹਤ ਫੋਰਸ ਦੇ ਮੁਲਾਜ਼ਮਾਂ ਨੇ ਤਿਹਿੜ ਥਾਣਾ ਖੇਤਰ ਅਧੀਨ ਤਾਲਾ ਗੋਪਬਿੰਧਾ ਪਿੰਡ ਵਿੱਚ ਸ਼ਨਿਚਰਵਾਰ ਰਾਤ ਨੂੰ ਬਚਾਅ ਮੁਹਿੰਮ ਚਲਾਈ ਅਤੇ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਮੋਟਰ ਬੋਟ ਦੀ ਮਦਦ ਨਾਲ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ। -ਪੀਟੀਆਈ