ਸ਼ਹੀਦੀ ਦਿਹਾੜੇ ਨੂੰ ਸਮਰਪਿਤ ਐੱਨਐੱਸਐੱਸ ਕੈਂਪ ਲਾਇਆ
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 3 ਜਨਵਰੀ
ਇੱਥੇ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਵਿਖੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦੀ ਅਗਵਾਈ ਹੇਠ ਵੱਡੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਸੱਤ ਰੋਜ਼ਾ ਐੱਨਐੱਨਐੱਸ ਕੈਂਪ ਲਗਾਇਆ ਗਿਆ। ਐੱਨਐੱਸਐੱਸ ਪ੍ਰੋਗਰਾਮ ਅਫਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਸਕੂਲ ਦੀਆਂ 50 ਵਿਦਿਆਰਥਣਾਂ ਨੇ ਭਾਗ ਲਿਆ। ਕੈਂਪ ਦੌਰਾਨ ਵਿਦਿਆਰਥਣਾਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਨੂੰ ਸਟੇਜ ਚਲਾਉਣ, ਗਰੁੱਪ ਦੀ ਅਗਵਾਈ ਕਰਨ, ਅਨੁਸ਼ਾਸਨ ਨੂੰ ਲਾਗੂ ਕਰਨ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਸਬੰਧੀ ਡਿਊਟੀਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥਣਾਂ ਵੱਲੋਂ ਵੱਖੋ-ਵੱਖਰੇ ਗੁਰੂ-ਘਰਾਂ ਵਿੱਚ ਲੰਗਰਾਂ ਦੀ ਸੇਵਾ, ਵਾਹਨਾਂ ’ਤੇ ਰਿਫਲੈਕਟਰ ਲਗਾਉਣ ਦੀ ਸੇਵਾ, ਵੋਟਰ ਜਾਗਰੂਕਤਾ ਰੈਲੀ, ਸ਼ਹੀਦੀ ਜੋੜ ਮੇਲ ਉਪਰੰਤ ਬਾਜ਼ਾਰ ਦੀ ਸਫ਼ਾਈ, ਦਾਸਤਾਨ-ਏ-ਸ਼ਹਾਦਤ ਦਾ ਵਿੱਦਿਅਕ ਟੂਰ ਆਦਿ ਟੀਚੇ ਸਫਲਤਾ ਪੂਰਬਕ ਸੰਪੰਨ ਕੀਤੇ ਗਏ। ਸਕੂਲ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਵੱਲੋਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਨੀਰ ਕੌਰ ਮਾਂਗਟ, ਰਣਵੀਰ ਕੌਰ, ਸੁਖਵਿੰਦਰਪਾਲ ਸਿੰਘ, ਅਵਤਾਰ ਸਿੰਘ, ਸਤਵਿੰਦਰ ਸਿੰਘ, ਹਰਜੀਤ ਸਿੰਘ ਅਤੇ ਸਰਬਜੀਤ ਕੌਰ ਕੌਰ ਆਦਿ ਹਾਜ਼ਰ ਸਨ।