ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 5 ਜੂਨ
ਛੇਵੇਂ ਗੁਰੂੁ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਕੁਰੂਕਸ਼ੇਤਰ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤ ਸਜਾਇਆ ਗਿਆ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ। ਸੰਗਤ ਲਈ ਰਾਹ ਵਿੱਚ ਥਾਂ-ਥਾਂ ਠੰਢੇ-ਮਿੱਠੇ ਜਲ ਦੀ ਛਬੀਲ, ਚਾਹ-ਪਾਣੀ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਸ਼ਬਦੀ ਜਥਿਆਂ ਤੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹੰਤ ਬਾਬਾ ਕਰਮਜੀਤ ਸਿੰਘ, ਬਾਬਾ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਦੇ ਪ੍ਰਮੁੱਖ ਬਾਬਾ ਬਲਬੀਰ ਸਿੰਘ 96 ਕਰੋੜੀ, ਸੰਤ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਬੀਬੀ ਰਵਿੰਦਰ ਕੌਰ ਅਜਰਾਣਾ, ਕੰਵਲਜੀਤ ਸਿੰਘ ਅਜਰਾਣਾ ਸਮੇਤ ਸੰਗਤ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ। ਮਹੰਤ ਕਰਮਜੀਤ ਸਿੰਘ ਸੇਵਾਪੰਥੀ ਨੇ ਸੰਗਤ ਨੂੰ ਗੁਰੂ ਦੇ ਲੜ ਲੱਗਣ ਦੀ ਅਪੀਲ ਕੀਤੀ।
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਸਮਾਗਮ ਹੋਏ ਤੇ ਮੁੱਖ ਸਮਾਗਮ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਹੋਇਆ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਥੇ ਦੁਨੀਆਵੀ ਤੌਰ ‘ਤੇ ਸਰਕਾਰਾਂ ਨੇ ਕਮਜ਼ੋਰ ਕੀਤਾ ਤੇ ਸਮਾਜਿਕ ਤੌਰ ‘ਤੇ ਸਾਡੇ ਆਪਣਿਆਂ ਨੇ ਵੀ ਕਮਜ਼ੋਰ ਕੀਤਾ।