ਰਾਜੌਰੀ ਗਾਰਡਨ ਵਿੱਚ ਨਗਰ ਕੀਰਤਨ ਸਜਾਇਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਦਸੰਬਰ
ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਨਗਰ ਕੀਰਤਨ ਕੱਢਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਕੱਢੇ ਗਏ ਨਗਰ ਕੀਰਤਨ ਦਾ ਸੰਗਤ ਵੱਲੋਂ ਥਾਂ ਥਾਂ ਨਿੱਘਾ ਸਵਾਗਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਖੰਨਾ ਸਮੇਤ ਸਮੁੱਚੀ ਕਮੇਟੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਨਗਰ ਕੀਰਤਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।
ਹਰਮਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਵਿਖੇ ਲਗਾਤਾਰ ਇੱਕ ਹਫ਼ਤੇ ਤੋਂ ਕੀਰਤਨ ਸਮਾਗਮ ਕਰਵਾਏ ਜਾ ਰਹੇ ਸਨ। ਇਸ ਵਿਚ ਪ੍ਰਸਿੱਧ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਗਿਆ|
ਗੁਰੂ ਨਾਨਕ ਪਬਲਿਕ ਸਕੂਲ ਦੇ ਬੱਚਿਆਂ ਨੂੰ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਜਿਸ ਕਾਰਨ ਬੱਚੇ ਸ਼ਬਦ ਕੀਰਤਨ ਗਾਇਨ ਕਰਨ ਦੇ ਨਾਲ-ਨਾਲ ਗਤਕਾ ਖੇਡਦੇ ਵੀ ਨਜ਼ਰ ਆਏ। ਸਿੱਖ ਯੂਥ ਫਾਊਂਡੇਸ਼ਨ ਦੀ ਸਮੁੱਚੀ ਟੀਮ ਨਗਰ ਕੀਰਤਨ ਵਿੱਚ ਸਫ਼ਾਈ ਮੁਹਿੰਮ ਚਲਾਉਣ ਦੇ ਨਾਲ-ਨਾਲ ਖਿੱਲਰੇ ਕੂੜੇ ਨੂੰ ਇਕੱਠਾ ਕਰਕੇ ਗਲੀਆਂ ਦੀ ਸਫ਼ਾਈ ਕਰਦੀ ਨਜ਼ਰ ਆਈ। ਪੰਜ ਪਿਆਰਿਆਂ ਵਜੋਂ ਸਜੇ ਸਕੂਲੀ ਬੱਚੇ ਖਿੱਚ ਦਾ ਕੇਂਦਰ ਰਹੇ। ਹਰਬੰਸ ਸਿੰਘ ਭਾਟੀਆ, ਪ੍ਰੀਤ ਪ੍ਰਤਾਪ ਸਿੰਘ, ਹਰਜੀਤ ਸਿੰਘ ਰਾਜਾ ਬਖਸ਼ੀ, ਸੁੰਦਰ ਸਿੰਘ ਨਾਰੰਗ, ਦਲੀਪ ਸਿੰਘ ਸੇਠੀ, ਅਜੀਤ ਸਿੰਘ ਮੋਂਗਾ, ਪਰਵਿੰਦਰ ਕੌਰ ਚੰਢੋਕ, ਹਰਨੇਕ ਸਿੰਘ ਸਮੇਤ ਸਥਾਨਕ ਕਾਰੋਬਾਰੀ ਸਿੱਖ ਅਤੇ ਸੰਗਤਾਂ ਨੇ ਹਾਜ਼ਰੀ ਭਰੀ। ਥਾਂ ਥਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):
ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੇ 350ਵੇਂ ਸਾਲਾ ਲਾਸਾਨੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਚ ਕਰਵਾਇਆ ਗਿਆ। ਇਸ ਵਿਚ ਸਿੱਖ ਪੰਥ ਦੇ ਵਿਦਵਾਨ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਇਸ ਤੋਂ ਪਹਿਲਾਂ ਗਿਆਨੀ ਸ਼ੁਬੇਗ ਸਿੰਘ ਨੇ ਸ੍ਰੀ ਰਹਿਰਾਸ ਜੀ ਦੇ ਭੋਗ ਪਾਏ। ਗੁਰਦੁਆਰਾ ਦੇ ਹਜ਼ੂਰੀ ਰਾਗੀ ਭਾਈ ਪਵਨ ਦੀਪ ਸਿੰਘ ਤੇ ਭਾਈ ਗੁਰਜੋਤ ਸਿੰਘ ਜੀ ਦੇ ਜਥੇ ਨੇ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਗੁਰਮਤਿ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਆਪਣੀ ਸ਼ਰਧਾ ਅਰਪਨ ਕੀਤੀ। ਗਿਆਨੀ ਅਮਰੀਕ ਸਿੰਘ ਜੀ ਨੇ ਬੜੇ ਹੀ ਭਾਵੁਕ ਹੁੰਦੇ ਹੋਏ ਗੁਰੂ ਜੀ ਨਾਲ ਸ਼ਹੀਦ ਹੋਏ ਭਾਈ ਮਤੀਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਬਾਰੇ ਚਾਨਣਾ ਪਾਇਆ। ਇਸ ਉਪਰੰਤ ਸ੍ਰੀ ਕੀਰਤਨ ਸੋਹਿਲਾ ਦਾ ਪਾਠ ਕੀਤਾ ਗਿਆ ਤੇ ਗਿਆਨੀ ਸ਼ੁਬੇਗ ਸਿੰਘ ਜੀ ਨੇ ਸਮਾਗਮ ਤੋਂ ਬਾਅਦ ਸਰਬਤ ਦੇ ਭਲੇ ਲਈ ਅਰਦਾਸ ਕੀਤੀ।