ਗੁਰਦੁਆਰਾ ਨਨਕਾਣਾ ਸਾਹਿਬ ’ਚ ਨਗਰ ਕੀਰਤਨ ਸਜਾਇਆ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਨਵੰਬਰ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਸਰਹੱਦ ਪਾਰ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇੱਥੇ ਅੱਜ ਬਾਅਦ ਦੁਪਹਿਰ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਭਾਰਤ ਸਣੇ ਹੋਰ ਮੁਲਕਾਂ ਅਤੇ ਪਾਕਿਸਤਾਨ ਦੀ ਸਿੱਖ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਦੌਰਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਫੁੱਲਾਂ ਦੀ ਸੁੰਦਰ ਸਜਾਵਟ ਅਤੇ ਦੀਪਮਾਲਾ ਕੀਤੀ ਗਈ। ਇੱਥੇ ਅੱਜ ਸਵੇਰੇ ਦੀਵਾਨ ਸਜਾਇਆ ਗਿਆ। ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਦੀ ਸਰਕਾਰ ਵਿੱਚ ਘੱਟ ਗਿਣਤੀਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਜਿੱਥੇ ਸਿੱਖ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਉੱਥੇ ਦੇਸ਼ ਵਿਦੇਸ਼ ਤੋਂ ਆਈ ਸੰਗਤ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਸੰਗਤ ਦੀ ਸਹੂਲਤ ਲਈ ਹੋਰ ਵੀ ਵਧੇਰੇ ਸੁਚਾਰੂ ਪ੍ਰਬੰਧਾਂ ਨੂੰ ਅੰਜਾਮ ਦੇਣਗੇ। ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਗਏ ਜਥੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ ਨੇ ਸੰਬੋਧਨ ਕਰਦਿਆਂ ਸਿੱਖ ਸੰਗਤ ਨੂੰ ਘੱਟ ਵੀਜ਼ੇ ਮਿਲਣ ਦਾ ਮਾਮਲਾ ਵੀ ਉਠਾਇਆ ਅਤੇ ਵੱਧ ਤੋਂ ਵੱਧ ਵੀਜ਼ੇ ਦੇਣ ਦੀ ਅਪੀਲ ਕੀਤੀ। ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ 2244 ਸ਼ਰਧਾਲੂਆਂ ਦੇ ਵੀਜ਼ੇ ਲੱਗਣ ਲਈ ਪਾਸਪੋਰਟ ਭੇਜੇ ਸਨ ਪਰ ਪਾਕਿਸਤਾਨੀ ਸਫਾਰਤਖਾਨੇ ਵੱਲੋਂ ਸਿਰਫ਼ 763 ਵੀਜ਼ੇ ਦਿੱਤੇ ਗਏ। ਇਸ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ। ਪਾਕਿਸਤਾਨੀ ਸਫਾਰਤਖਾਨੇ ਦੇ ਖੁਲਾਸਾ ਕੀਤਾ ਸੀ ਕਿ ਭਾਰਤ ਵਿੱਚ ਤਿੰਨ ਹਜ਼ਾਰ ਸ਼ਰਧਾਲੂਆ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ ਅਤੇ ਭਾਰਤ ਤੋਂ 2551 ਸਿੱਖ ਸ਼ਰਧਾਲੂਆਂ ਦਾ ਜਥਾ ਕੱਲ੍ਹ ਪਾਕਿਸਤਾਨ ਪੁੱਜਿਆ ਸੀ। ਇਸ ਦੌਰਾਨ ਬਾਅਦ ਦੁਪਹਿਰ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਾਲੀ ਬੱਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਗੁਰਦੁਆਰੇ ਤੋਂ ਲੈ ਕੇ ਨਗਰ ਕੀਰਤਨ ਦੇ ਸਮੁੱਚੇ ਰਸਤੇ ਵਿੱਚ ਸਵਾਗਤ ਲਈ ਲਾਲ ਗਲੀਚਾ ਵਿਛਾਇਆ ਗਿਆ ਸੀ।