ਤਰਨ ਤਾਰਨ ਤੋਂ ਚਮਕੌਰ ਸਾਹਿਬ ਲਈ ਨਗਰ ਕੀਰਤਨ ਸਜਾਇਆ
ਪੱਤਰ ਪ੍ਰੇਰਕ
ਤਰਨ ਤਾਰਨ, 18 ਨਵੰਬਰ
ਸਰਬ ਸਾਂਝੀਵਾਲਤਾ ਸੇਵਕ ਸਭਾ ਵੱਲੋਂ ਅੱਜ ਦਰਬਾਰ ਸਾਹਿਬ ਤਰਨ ਤਾਰਨ ਤੋਂ ਨਗਰ ਕੀਰਤਨ ਚਮਕੌਰ ਸਾਹਿਬ ਲਈ ਸਜਾਇਆ ਗਿਆ| ਸਭਾ ਦੇ ਆਗੂ ਅਮਨਦੀਪ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਵਿੱਚ ਇਲਾਕੇ ਭਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਨੂੰ ਰਵਾਨਾ ਕਰਨ ਮੌਕੇ ਪੰਜਾਬ ਪੁਲੀਸ ਦੀ ਟੁਕੜੀ ਨੇ ਸਲਾਮੀ ਦਿੱਤੀ| ਨਗਰ ਕੀਰਤਨ ਵਿੱਚ ਸੰਗਤ ਕਾਰਾਂ, ਬੱਸਾਂ, ਜੀਪਾਂ, ਗੱਡੀਆਂ ਆਦਿ ਵਾਹਨਾਂ ਸਣੇ ਸ਼ਾਮਲ ਹੋਈ। ਨਗਰ ਕੀਰਤਨ ਦਾ ਥਾਂ-ਥਾਂ ’ਤੇ ਸਵਾਗਤ ਕੀਤਾ ਗਿਆ। ਦਰਬਾਰ ਸਾਹਿਬ ਦੇ ਮੈਨੇਜਰ ਭਾਈ ਧਰਵਿੰਦਰ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਸ਼ਹੀਦ ਬਾਬਾ ਜੀਵਨ ਸਿੰਘ ਸਣੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਇਹ ਨਗਰ ਕੀਰਤਨ ਅੱਜ ਦਰਬਾਰ ਸਾਹਿਬ ਤਰਨ ਤਾਰਨ ਤੋਂ ਸ਼ੁਰੂ ਹੋ ਕੇ ਸ੍ਰੀ ਗੋਇੰਦਵਾਲ ਸਾਹਿਬ, ਕਪੂਰਥਲਾ, ਕਰਤਾਰਪੁਰ, ਜਲੰਧਰ, ਲੁਧਿਆਣਾ ਤੋਂ ਹੁੰਦਾ ਹੋਇਆ ਅੱਜ ਰਾਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਵਿਸ਼ਰਾਮ ਕਰ ਕੇ ਐਤਵਾਰ ਨੂੰ ਚਮਕੌਰ ਸਾਹਿਬ ਪੁੱਜ ਕੇ ਤਰਨ ਤਾਰਨ ਲਈ ਵਾਪਸੀ ਕਰੇਗਾ|