ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਪੱਤਰ ਪ੍ਰੇਰਕ
ਦੋਦਾ, 10 ਨਵੰਬਰ
ਪਿੰਡ ਭੁੱਲਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਚਰਨ ਛੋਅ ਪ੍ਰਾਪਤ ਗੁਰਦੁਆਰਾ ਮਾਲਸਰ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ 555ਵੇਂ ਅਵਤਾਰ ਦਿਹਾੜੇ ਨੂੰ ਸਰਮਪਿਤ ‘ਪੰਜ ਪਿਆਰਿਆਂ’ ਦੀ ਅਗਵਾਈ ਨਗਰ ਕੀਰਤਨ ਸਜਾਇਆ ਗਿਆ। ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ ਵਿਚ ‘ਗੁਰੂ ਗ੍ਰੰਥ ਸਾਹਿਬ’ ਨੂੰ ਸੁਸ਼ੋਭਿਤ ਕੀਤਾ ਗਿਆ ਸੀ। ਜਸਮੇਲ ਸਿੰਘ ਸੈਦੋਕੀ ਦੇ ਕਵੀਸ਼ਰੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਵਾਰਾਂ ਗਾ ਕੇ ਅਤੇ ਗੁਰੂ ਜੀ ਦੇ ਉਪਦੇਸ਼ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਤਾਂ ਉਤੇ ਚੱਲਣ ਲਈ ਸੰਗਤ ਨੂੰ ਅਪੀਲ ਕੀਤੀ। ਇਹ ਨਗਰ ਕੀਰਤਨ ਗੁਰੂਘਰ ਤੋਂ ਚੱਲ ਕੇ ਪਿੰਡ ਵਿਚ ਵੱਖ-ਵੱਖ ਪੜਾਅ ਤੈਅ ਕਰਦਾ ਹੋਇਆ ਸ਼ਾਮ ਨੂੰ ਗੁਰੂਘਰ ਵਿੱਚ ਸਮਾਪਤ ਹੋਇਆ। ਸੰਗਤ ਨੇ ਨਗਰ ਕੀਰਤਨ ਦੌਰਾਨ ਗੁਰਬਾਣੀ ਦਾ ਜਾਪ ਕੀਤਾ। ਪਿੰਡ ਵਾਸੀਆਂ ਵੱਲੋਂ ਸੰਗਤ ਲਈ ਥਾਂ ਥਾਂ ਉਤੇ ਚਾਹ, ਮਠਿਆਈ ਦੇ ਲੰਗਰ ਲਾਏ ਗਏ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਅਰਜਨ ਦੇਵ ਨਗਰ ਦੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਵਿੱਚ ਪ੍ਰਭਾਤ ਫੇਰੀ ਕੀਤੀ ਗਈ। ਇਸ ਦੌਰਾਨ ਸ਼ਰਧਾਲੂਆਂ ਨੇ ਵੱਖ-ਵੱਖ ਥਾਵਾਂ ’ਤੇ ਪ੍ਰਭਾਤ ਫੇਰੀ ਦਾ ਸੁਆਗਤ ਕੀਤਾ ਗਿਆ ਅਤੇ ਚਾਹ, ਲੱਡੂ, ਬਾਲੂਸ਼ਾਹੀਆਂ, ਮੱਠੀਆਂ ਅਤੇ ਪਕੌੜਿਆਂ ਦੇ ਲੰਗਰ ਲਾਏ। ਇਸ ਮੌਕੇ ਪ੍ਰਧਾਨ ਸਾਧੂ ਸਿੰਘ ਸ਼ਰਮਾ, ਡਾ. ਗੁਰਦੀਪ ਸਿੰਘ ਅਤੇ ਕਰਮ ਸਿੰਘ ਨੇ ਦੱਸਿਆ ਕਿ 15 ਨਵੰਬਰ ਨੂੰ ਗੁਰਦੁਆਰੇ ਵਿੱਚ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਵੇਗਾ ਅਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।