ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 13 ਨਵੰਬਰ
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸੈਕਟਰ-19 ਦੇ ਗੁਰਦੁਆਰਾ ਗੁਰੂ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਸੈਕਟਰ-19 ਦੀ ਮਾਰਕੀਟ, ਸੈਕਟਰ-27, ਸੈਕਟਰ-28 ਦੀ ਮਾਰਕੀਟ, ਸੈਕਟਰ-30, 20, 21, 22, 23 ਅਤੇ ਸੈਕਟਰ-16 ਦੀਆਂ ਮਾਰਕੀਟਾਂ ਵਿੱਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ-15 ਵਿੱਚ ਸੰਪੂਰਨ ਹੋਇਆ। ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ। ਨਗਰ ਕੀਰਤਨ ਵਿੱਚ ਸ਼ਾਮਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-19 ਦੇ ਗੁਰਬਖਸ਼ ਸਿੰਘ ਨੇ ਦੱਸਿਆ ਕਿ ਗੁਰ ਪਰਬ ਸਬੰਧੀ ਮੁੱਖ ਸਮਾਗਮ 15 ਨਵੰਬਰ ਨੂੰ ਸੈਕਟਰ-19 ਸਥਿਤ ਗੁਰਦੁਆਰੇ ਵਿੱਚ ਹੋਵੇਗਾ। ਦੁਪਹਿਰ ਸਮੇਂ ਸੰਗਤ ਲਈ ਲੰਗਰ ਹੋਵੇਗਾ। ਨਗਰ ਕੀਰਤਨ ਦਾ ਸੰਚਾਲਨ ਪ੍ਰਧਾਨ ਗੁਰਬਖਸ਼ ਸਿੰਘ, ਸਾਬਕਾ ਪ੍ਰਧਾਨ ਤੇਜਿੰਦਰਪਾਲ ਸਿੰਘ ਅਤੇ ਸਭਾ ਦੇ ਹੋਰ ਅਧਿਕਾਰੀਆਂ ਨੇ ਕੀਤਾ।
ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ
ਐੱਸਏਐੱਸ ਨਗਰ (ਮੁਹਾਲੀ) (ਪੱਤਰ ਪ੍ਰੇਰਕ):
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਹੋਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਉਨ੍ਹਾਂ ਦੇ ਪਿੱਛੇ ਸ਼ੀਸ਼ੇ ਦੀ ਆਲੀਸ਼ਾਨ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਬਿਰਾਜਮਾਨ ਸਨ। ਪਾਲਕੀ ਸਾਹਿਬ ਦੇ ਪਿੱਛੇ ਰਾਗੀ ਸਿੰਘਾਂ ਅਤੇ ਸੰਗਤ ਵੱਲੋਂ ਕੀਰਤਨ ਦਾ ਗਾਇਨ ਕੀਤਾ ਜਾ ਰਿਹਾ ਸੀ। ਨਗਰ ਕੀਰਤਨ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਸਣੇ ਇਲਾਕੇ ਦੀ ਸੰਗਤ ਨੇ ਸ਼ਮੂਲੀਅਤ ਕੀਤੀ। ਫੌਜੀ ਬੈਂਡ, ਸਕੂਲੀ ਬੱਚਿਆਂ ਦੇ ਬੈਂਡ ਅਤੇ ਹੋਰ ਕਈ ਤਰ੍ਹਾਂ ਦੇ ਬੈਂਡ ਵਾਲਿਆਂ ਨੇ ਹਾਜ਼ਰੀ ਭਰੀ। ਨਗਰ ਕੀਰਤਨ ਦੇ ਪੂਰੇ ਰਸਤੇ ਨੂੰ ਸਵਾਗਤੀ ਗੇਟਾਂ ਨਾਲ ਸਜਾਇਆ ਗਿਆ ਸੀ। ਨਗਰ ਕੀਰਤਨ ਦਾ ਥਾਂ-ਥਾਂ ’ਤੇ ਸਵਾਗਤ ਕੀਤਾ ਗਿਆ। ਸੰਗਤ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕਰ ਕੇ ਸਨਮਾਨਿਆ ਗਿਆ। ਥਾਂ-ਥਾਂ ’ਤੇ ਚਾਹ, ਬ੍ਰੈੱਡ ਪਕੌੜੇ, ਮਠਿਆਈਆਂ ਅਤੇ ਸੁੱਕੇ ਮੇਵਿਆਂ ਦਾ ਪ੍ਰਸਾਦਿ ਅਤੁੱਟ ਵਰਤਿਆ।