ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਐੱਨ ਪੀ ਧਵਨ
ਪਠਾਨਕੋਟ, 11 ਨਵੰਬਰ
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸਿੰਘ ਸਭਾ ਮੁਹੱਲਾ ਸਰਾਈਂ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸੁਰਜੀਤ ਸਿੰਘ ਛੰਨਾ, ਸਰਵ ਧਿਆਨ ਸਿੰਘ ਬੇਦੀ, ਚਰਨਜੀਤ ਸਿੰਘ ਬੇਦੀ, ਗੁਰਦੀਪ ਸਿੰਘ ਮੀਰਪੁਰੀ, ਸੁਖਚੈਨ ਸਿੰਘ, ਮਨਿੰਦਰ ਸਿੰਘ ਬੌਬੀ, ਹਰਦੀਪ ਸਿੰਘ ਲਮੀਨੀ, ਐਡਵੋਕੇਟ ਕੁਲਦੀਪ ਸਿੰਘ ਗੁੰਨਾ, ਗੁਰਦੇਵ ਸਿੰਘ, ਅਜਮੇਰ ਸਿੰਘ, ਹਰਜੀਤ ਸਿੰਘ, ਅਮਨਦੀਪ ਸਿੰਘ ਸਾਹਨੀ, ਤਜਿੰਦਰ ਸਿੰਘ ਅਤੇ ਰੋਜ਼ੀ ਹਾਜ਼ਰ ਸਨ। ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਮੁਹੱਲਾ ਸਰਾਈਂ ਤੋਂ ਸ਼ੁਰੂ ਹੋ ਕੇ ਇੰਦਰਾ ਕਲੋਨੀ, ਰੇਲਵੇ ਰੋਡ, ਵਾਲਮੀਕਿ ਚੌਕ, ਲਾਈਟਾਂ ਵਾਲਾ ਚੌਕ, ਡਲਹੌਜ਼ੀ ਰੋਡ, ਮਿਸ਼ਨ ਰੋਡ, ਡਾਕਖਾਨਾ ਚੌਕ ਅਤੇ ਗਾਂਧੀ ਚੌਕ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੜ ਗੁਰਦੁਆਰੇ ਵਿੱਚ ਪੁੱਜ ਕੇ ਸਮਾਪਤ ਹੋਇਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਨੂੰ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਵਿੱਚ ਬਿਰਾਜਮਾਨ ਕੀਤਾ ਗਿਆ ਸੀ। ਮਾਰਸ਼ਲ ਆਰਟ ਗਤਕਾ ਪਾਰਟੀ ਗਤਕੇ ਦੇ ਜੌਹਰ ਦਿਖਾ ਰਹੀ ਸੀ। ਰਸਤੇ ਵਿੱਚ ਜਗ੍ਹਾ-ਜਗ੍ਹਾ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਨ੍ਹਾਂ ਪਿੱਛੇ ਸੰਗਤਾਂ ਦਾ ਜਥਾ ਗੁਰਬਾਣੀ ਕੀਰਤਨ ਕਰਦਾ ਚੱਲ ਰਿਹਾ ਸੀ।
ਭਗਤ ਨਾਮਦੇਵ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ
ਘੁਮਾਣ: ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦਾ ਜਨਮ ਦਿਹਾੜਾ ਸੰਗਤਾਂ ਵੱਲੋਂ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ ਵੱਲੋਂ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਜੋ ਵੱਖ-ਵੱਖ ਪਿੰਡਾਂ ’ਚ ਗਿਆ ਜਿਸ ਦੌਰਾਨ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ। ਕਮੇਟੀ ਪ੍ਰਧਾਨ ਤਰਸੇਮ ਸਿੰਘ ਬਾਵਾ ਅਤੇ ਸੈਕਟਰੀ ਹਰਜਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਇਹ ਨਗਰ ਕੀਰਤਨ ਸ਼ਾਮ ਸਮੇਂ ਸ੍ਰੀ ਨਾਮਦੇਵ ਦਰਬਾਰ ’ਚ ਪਹੁੰਚਿਆ। ਇਸ ਮੌਕੇ ਸੰਗਤਾਂ ਅਤੇ ਸਭਾ ਸੁਸਾਇਟੀਆਂ ਵੱਲੋਂ ਕਈ ਕਿਸਮ ਦੇ ਲੰਗਰ ਲਾਏ ਗਏ। ਇਸ ਮੌਕੇ ਸਰਬਜੀਤ ਸਿੰਘ ਬਾਵਾ, ਬੇਅੰਤ ਸਿੰਘ ਬਾਵਾ, ਕੰਵਲਜੀਤ ਸਿੰਘ ਬਾਵਾ ਸਮੇਤ ਹੋਰ ਮੋਹਤਬਰਾਂ ਤੋਂ ਇਲਾਵਾ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਹਾਜ਼ਰ ਸਨ। -ਪੱਤਰ ਪ੍ਰੇਰਕ